Share on Facebook

Main News Page

ਕੀ ਸਿੱਖ ਕਦੇ ਇੱਕ ਗੁਰੂ ਗ੍ਰੰਥ ਸਾਹਿਬ, ਇੱਕ ਪੰਥ ਅਤੇ ਇੱਕ ਮਰਯਾਦਾ ਦੀ ਸਰਬੁਚਤਾ ਦੀ ਗੱਲ ਵੀ ਕਰਨਗੇ?

ਅੱਜ ਸਿੱਖ ਸਿਧਾਂਤਾਂ ਉੱਤੇ ਸਿੱਖ ਸੋਚ ਵਿਰੋਧੀਆਂ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਨਾਂ ਸਮਝਣ ਵਾਲੇ ਡੇਰੇਦਾਰ ਅਤੇ ਭੇਖੀ ਸਿੱਖਾਂ ਵੱਲੋਂ ਜੋਰਦਾਰ ਹਮਲੇ ਹੋ ਰਹੇ ਹਨ। ਇਨ੍ਹਾਂ ਹਮਲਿਆਂ ਵਿੱਚ ਹੈਂਕੜ, ਬੇਇਨਸਾਫੀ, ਬਹੁਗਿਣਤੀ ਦਾ ਰੋਹਬ, ਚੌਧਰੀ ਰਾਜਨੀਤੀ, ਬੇਈਮਾਨੀ ਅਤੇ ਅਗਿਆਨਤਾ ਭਾਰੂ ਹੈ। ਇਨ੍ਹਾਂ ਹਮਲਿਆਂ ਨੇ ਸਭ ਤੋਂ ਜਿਆਦਾ ਨੁਕਸਾਨ ਸਿੱਖ ਲਿਟ੍ਰੇਚਰ ਦਾ ਕੀਤਾ ਹੈ ਜਿਸ ਵਿੱਚ ਬੇਹੱਦ ਰਲੇ ਕੀਤੇ ਗਏ ਹਨ। ਸੰਪ੍ਰਦਾਵਾਂ ਅਤੇ ਡੇਰੇ ਪੈਦਾ ਕਰਕੇ ਸਿੱਖ ਜਥੇਬੰਦੀਆਂ ਵਿੱਚ ਬ੍ਰਾਹਮਣਵਾਦ ਦਾ ਮਿਲਗੋਭਾਪਨ ਪੈਦਾ ਕੀਤਾ ਗਿਆ ਹੈ। ਸਿੱਖੀ ਸਰੂਪ ਧਾਰ ਕੇ ਸਿੱਖ ਸਿਧਾਂਤਾਂ ਦਾ ਘਾਣ ਕਰਦੇ ਹੋਏ, ਇੱਕ ਅਕਾਲ ਪੁਰਖ ਦੇ ਸਿਧਾਂਤ ਨਾਲੋਂ ਤੋੜਿਆ ਜਾ ਰਿਹਾ ਹੈ। ਇੱਕ ਸੱਚ ਸਿਧਾਂਤ ਨੂੰ ਮੰਨਣ ਵਾਲੀ ਕੌਮ ਨੂੰ ਅਨੇਕਤਾ ਦੇ ਕਰਮਕਾਂਡਾਂ, ਵਹਿਮਾਂ-ਭਰਮਾਂ, ਵੱਖ-ਵੱਖ ਭੇਖਾਂ ਵਿੱਚ ਵੰਡ ਦਿੱਤਾ ਅਤੇ ਹੋਰ ਅੱਗੇ ਵੰਡਿਆ ਜਾ ਰਿਹਾ ਹੈ। ਨਾਨਕ ਨਿਰੰਕਾਰੀ ਦੇ "ਨਿਰਮਲ ਪੰਥ" ਜਿਸ ਨੂੰ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ "ਖਾਲਸਾ ਪੰਥ" ਦਾ ਨਾਂ ਦਿੱਤਾ, ਨੂੰ ਵਹਿਮਾਂ-ਭਰਮਾਂ ਦੀ ਸੋਚ ਦਾ "ਮਿਲਗੋਭਾ ਪੰਥ" ਬਣਾਇਆ ਜਾ ਰਿਹਾ ਹੈ।

ਸਿੱਖਾਂ ਦਾ ਇੱਕ ਅਕਾਲ ਪੁਰਖ, ਇੱਕ ਸ਼ਬਦ ਗੁਰੂ, ਇੱਕ ਅਕਾਲ ਤਖਤ, ਇੱਕ ਰਹਿਤ ਮਰਯਾਦਾ, ਇੱਕ ਨਿਸ਼ਾਨ, ਇੱਕ ਵਿਧਾਨ, ਇੱਕ ਗੁਰੂ ਗ੍ਰੰਥ ਅਤੇ ਇੱਕ ਖਾਲਸਾ ਪੰਥ ਦਾ ਸਰਵਪੱਖੀ ਸਿਧਾਂਤ ਹੈ। ਸਿੱਖ ਇੱਕ ਅਕਾਲ ਦਾ ਪੁਜਾਰੀ ਹੈ ਨਾਂ ਕਿ ਕਿਸੇ ਇੱਕ ਸ਼ਖਸ਼ੀਅਤ ਦਾ "ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਿਦਾਰ ਖਾਲਸੇ ਕਾ" ਪਰ ਅਜੋਕਾ ਸਿੱਖ ਸਮਾਜ ਇੱਕ ਨਹੀਂ ਰਿਹਾ ਸਗੋਂ ਉਹ ਬਹੁਤੇ ਡੇਰਿਆਂ ਅਤੇ ਸੰਪ੍ਰਦਾਵਾਂ ਵਿੱਚ ਵੰਡਿਆ ਜਾ ਚੁੱਕਾ ਹੈ। ਗੁਰੂ ਨੇ ਖਾਲਸਾ ਪੰਥ ਸਾਜਿਆ ਸੀ ਨਾਂ ਕਿ ਡੇਰੇ ਅਤੇ ਸੰਪ੍ਰਦਾਵਾਂ? ਗੁਰੂ ਨੇ ਸਿੱਖਾਂ ਨੂੰ ਇੱਕ ਗੁਰਬਾਣੀ ਦੇ ਸਿਧਾਂਤ ਵਾਲੀ ਮਰਯਾਦਾ ਦਿੱਤੀ ਸੀ ਨਾਂ ਕਿ ਵੱਖ-ਵੱਖ ਚੋਲਾਧਾਰੀ ਡੇਰੇਦਾਰ ਸੰਤਾਂ ਵਾਲੀ। ਗੁਰੂ ਨੇ ਇੱਕ ਅਕਾਲ ਤਖਤ ਦਿੱਤਾ ਸੀ ਨਾਂ ਕੇ ਅਨੇਕਾਂ ਤਖਤ। ਗੁਰੂ ਨੇ ਇੱਕ ਸਿਧਾਂਤਕ ਬਾਣੀ (ਗੁਰੂ ਗ੍ਰੰਥ ਸਾਹਿਬ) ਦੇ ਲੜ ਲਾਇਆ ਸੀ ਨਾਂ ਕਿ ਕਿਸੇ ਹੋਰ ਗ੍ਰੰਥ ਦੇ। ਜਿਨ੍ਹਾਂ ਚਿਰ ਸਿੱਖ ਕੌਮ ਇਸ ਇੱਕ ਦੇ ਸਿਧਾਂਤ ਤੇ ਪਹਿਰਾ ਦਿੰਦੀ ਰਹੀ ਸਦਾ ਹੀ ਚੜ੍ਹਦੀਆਂ ਕਲਾਂ ਵਿੱਚ ਰਹੀ। ਯਾਦ ਰੱਖੋ! ਸਿੱਖਾਂ ਨੇ ਜੋ ਵੀ ਸਿਧਾਂਤ ਜਾਂ ਰਹਿਤ ਮਰਯਾਦਾ ਘੜਨੀਆਂ ਹਨ ਉਹ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਹੀ ਘੜਨੀਆਂ ਹਨ ਨਾਂ ਕਿ ਕਿਸੇ ਹੋਰ ਗ੍ਰੰਥ, ਸੰਤ ਜਾਂ ਜਥੇਦਾਰ ਦੇ ਆਪੂੰ ਬਣਾਏ ਸਿਧਾਤਾਂ ਦੇ।

ਅੱਜ ਅਕਾਲ ਤਖਤ ਨੂੰ ਸਮਰਪਤ ਦਾ ਨਾਅਰਾ ਲਾਉਣ ਵਾਲੇ ਹੁਕਮ ਤਾਂ ਆਪੋ ਆਪਣੇ ਸੰਤ, ਡੇਰੇ ਜਾਂ ਜਥੇਬੰਦੀ ਦਾ ਮੰਨਦੇ ਹਨ। ਇਹ ਕੈਸਾ ਦੋਗਲਾਪਨ ਹੈ? ਸਿੱਖ ਰਹਿਤ ਮਰਯਾਦਾ ਜੋ ਅਕਾਲ ਤਖਤ ਤੋਂ ਪ੍ਰਵਾਣਿਤ ਹੈ ਉਹ ਤਾਂ ਗੁਰਦੁਆਰਿਆਂ ਵਿੱਚ ਲਾਗੂ ਨਹੀਂ ਕਰਦੇ ਓਥੇ ਤਾਂ ਦਮਦਮੀ ਟਕਸਾਲ ਅਤੇ ਡੇਰਿਆਂ ਦੀ ਮਰਯਾਦਾ "ਰਾਮ ਕਥਾ ਜੁਗ ਜੁਗ ਅਟੱਲ" ਲਾਗੂ ਕਰੀ ਬੈਠੇ ਹਨ। ਨਾਅਰੇ ਖਾਲਿਸਤਾਨ ਦੇ ਵਿਧਾਨ ਬ੍ਰਾਹਮਣਵਾਦ ਦਾ, ਇਹ ਕਿਧਰ ਦਾ ਅਕਾਲ ਤਖਤ ਨੂੰ ਸਮਰਪਤਪੁਨਾ ਹੈ? ਜੇ ਸਾਡਾ ਸੁਪ੍ਰੀਮ ਕੋਰਟ ਅਕਾਲ ਤਖਤ ਹੈ ਫਿਰ ਉਸ ਦਾ ਜੋ ਵਿਧਾਨ ਇੱਕ ਗੁਰੂ ਗ੍ਰੰਥ ਸਾਹਿਬ ਅਤੇ ਮਰਯਾਦਾ ਉਹ ਹਰ ਗੁਰਦੁਆਰੇ ਲਾਗੂ ਕਿਉਂ ਨਹੀਂ? ਕੀ ਪ੍ਰਬੰਧਕ ਜਨ ਅਤੇ ਗ੍ਰੰਥੀ ਇਸ ਗੱਲੋਂ ਅਣਜਾਣ ਹਨ? ਕੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਕੇਵਲ ਮੱਥੇ ਟੇਕਣ, ਭਾੜੇ ਦੇ ਪਾਠ ਕਰਾਉਣ, ਮਹਿੰਗੇ ਮਹਿੰਗੇ ਰੁਮਾਲੇ ਭੇਂਟ ਕਰਨ ਅਤੇ ਧੂਫਾਂ ਧੁਖਾਉਣ ਲਈ ਹੀ ਹਨ? ਦਿਹਾੜੀ ਵਿੱਚ ਕਈ ਕਈ ਵਾਰ "ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ" ਕਹਿਣ ਵਾਲੇ, ਅਰਦਾਸਾਂ ਕਰਨ ਵਾਲੇ ਕਦੇ "ਇੱਕ ਗੁਰੂ ਗ੍ਰੰਥ ਸਾਹਿਬ" ਨੂੰ ਪੂਰਨ ਤੌਰ ਤੇ ਮੰਣਗੇ ਵੀ ਜਾਂ ਭਾਂਤ ਸੁਭਾਂਤੇ ਸੰਤ ਬਾਬੇ ਅਤੇ ਗ੍ਰੰਥਾਂ ਦੇ ਮੱਗਰ ਹੀ ਲੱਗੇ ਫਿਰਨਗੇ? ਕੀ ਗੁਰੂ ਸਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਸਾਨੂੰ ਭਾੜੇ ਦੇ ਲੋਕ ਦੇਖਾਵੇ ਵਾਲੇ ਪਾਠ ਕਰਦੇ ਕਰਾਉਂਦੇ ਰਹਿਣ ਲਈ ਦਿੱਤੇ ਸੀ ਜਾਂ ਆਪ ਪੜ੍ਹ,ਵਿਚਾਰ ਸਮਝ ਕੇ ਉਸ ਅਨੁਸਾਰ ਚੱਲਣ ਪ੍ਰਚਾਰਨ ਲਈ?

ਦੇਖੋ! ਈਸਾਈ ਅਤੇ ਮੁਸਲਮ ਬਾਈਬਲ ਅਤੇ ਕੁਰਾਨ ਦੇ ਭਾੜੇ ਦੇ ਭਾਂਤ ਸੁਭਾਂਤੇ ਪਾਠ ਨਹੀਂ ਕਰਦੇ ਕਰਾਉਂਦੇ ਸਗੋਂ ਆਪ ਪੜ੍ਹਦੇ ਵਿਚਾਰਦੇ ਅਤੇ ਧਾਰਦੇ ਹਨ। ਸੋ ਦਾਸ ਦੀ ਸਮੁੱਚੇ ਪੰਥ ਅਤੇ ਪੰਥਕ ਜਥੇਬੰਦੀਆਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਅਪੀਲ ਹੈ ਕਿ ਅਜੋਕੇ ਨਾਜ਼ਕ ਸਮੇਂ ਆਪੋ ਆਪਣਾਂ ਵੱਖਰੇਵਾਂ ਛੱਡ ਕੇ ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ ਅਤੇ ਇੱਕ ਵਿਧਾਂਨ ਦੇ ਸਿਧਾਂਤ ਨੂੰ ਅਪਣਾਅ ਲਈਏ, ਇਹ ਹੀ ਗੁਰੂ ਦਾ ਹੁਕਮ ਹੈ। ਏਕੇ ਵਿੱਚ ਬਰਕਤ ਹੁੰਦੀ ਹੈ, ਵੱਖਰੇਪਨ ਵਿੱਚ ਖਜਲ ਖੁਆਰੀਆਂ ਅਤੇ ਨਿਰਾਸ਼ਤਾ। ਆਓ ਨਿਰਾਸ਼ਤਾ ਦੇ ਦੌਰ ਚੋਂ ਨਿਕਲ ਕੇ ਇੱਕ ਗੁਰੂ ਗ੍ਰੰਥ ਅਤੇ ਪੰਥ ਦੀ ਆਸਤਾ ਵਾਲੇ ਦੌਰ ਵਿੱਚ ਸ਼ਾਮਲ ਹੋਈਏ। ਗੁਰੂ ਗ੍ਰੰਥ ਸਾਹਿਬ ਦੇ ਸੁਨਹਿਰੀ ਸਿਧਾਂਤਾਂ ਦੇ ਨਾਅਰੇ ਲਾਈਏ ਨਾਂ ਕਿ ਕਿਸੇ ਬਿਲਡਿੰਗ, ਜਥੇਦਾਰ, ਸੰਤ-ਬਾਬੇ ਜਾਂ ਡੇਰੇਦਾਰ ਦੇ। ਜੇ ਸਿੱਖ ਦਾ ਪਾਰ ਉਤਾਰਾ ਗੁਰੂ ਗ੍ਰੰਥ ਸਾਹਿਬ ਕਰ ਸਕਦਾ ਹੈ ਫਿਰ ਕਿਸੇ ਹੋਰ ਗ੍ਰੰਥ ਮੱਗਰ ਲੱਗਣ ਦੀ ਕੀ ਲੋੜ ਹੈ ਜੋ ਅਸ਼ਲੀਲਤਾ ਨਾਲ ਭਰਿਆ ਪਿਆ ਹੈ? ਜੇ ਅਸੀਂ ਲਗਦੇ ਹਾਂ ਤਾਂ ਇਸ ਦਾ ਮਤਲਵ ਹੈ ਕਿ ਗੁਰੂ ਗ੍ਰੰਥ ਸਾਹਿਬ ਤੇ ਸਾਡਾ 100% ਵਿਸ਼ਵਾਸ਼ ਨਹੀਂ।

ਦੇਖੋ ਭਾਈ ਬਲਵੰਤ ਸਿੰਘ ਰਾਜੋਆਣੇ ਨੇ ਇੱਕ ਅਕਾਲ ਪੁਰਖ, ਇੱਕ ਗੁਰੂ ਗ੍ਰੰਥ ਸਾਹਿਬ ਅਤੇ ਇੱਕ ਅਕਾਲ ਤਖਤ ਪ੍ਰਤੀ ਦ੍ਰਿੜਤਾ ਦਿਖਾਈ ਹੈ ਤਾਂ ਸਾਰੀ ਕੌਮ ਵਿੱਚ ਚੜ੍ਹਦੀ ਕਲਾ ਆਈ ਹੈ। ਜੇ ਸਾਰਾ ਪੰਥ ਹੀ ਇਹ ਪ੍ਰਣ ਕਰ ਲਵੇ ਕਿ ਅੱਜ ਤੋਂ ਬਾਅਦ ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹਨਾ, ਵਿਚਾਰਨਾ, ਧਾਰਨਾ ਅਤੇ ਸੱਚੀ ਬਾਣੀ ਦਾ ਹੀ ਪ੍ਰਚਾਰ ਕਰਨਾ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਖਾਲਸੇ ਦਾ ਰਾਜ ਹਰ ਪਾਸੇ ਹੋਵੇਗਾ। ਸੋ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬਉਚ ਮੰਨ ਕੇ ਉਸ ਦੇ ਸਿਧਾਂਤ ਜੀਵਣ ਵਿੱਚ ਲਾਗੂ ਕਰਨੇ ਚਾਹੀਦੇ ਹਨ ਨਾਂ ਕਿ ਕਿਸੇ ਵਿਸ਼ੇਸ਼ ਵਿਅਕਤੀ ਜਾਂ ਡੇਰੇ ਸੰਪ੍ਰਦਾਵਾਂ ਦੇ। ਗੁਰਦੁਆਰਿਆਂ ਵਿੱਚ ਅਕਾਲ ਤਖਤ ਤੋਂ ਪੰਥ ਪ੍ਰਵਾਣਤ ਇੱਕ ਹੀ ਸਿੱਖ ਮਰਯਾਦਾ ਲਾਗੂ ਕਰਕੇ, ਭਾੜੇ ਦੇ ਕੀਰਤਨ ਪਾਠਾਂ ਤੇ ਡੈਕੋਰੇਸ਼ਨਾਂ ਦੀ ਥਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚਾਰ ਦੀਆਂ ਲੜੀਆਂ ਚਲਾਉਣੀਆਂ ਚਾਹੀਦੀਆਂ ਹਨ ਤਾਂ ਕਿ ਸਾਡੀ ਬਹਾਦਰ ਸਿੱਖ ਕੌਮ ਵਿੱਚ ਏਕਤਾ ਇਕਫਾਕ, ਦ੍ਰਿੜਤਾ ਅਤੇ ਚੜ੍ਹਦੀ ਕਲਾ ਆ ਸੱਕੇ। ਜਦੋਂ ਵੀ ਸਿੱਖ ਕੌਮ ਇੱਕ ਅਕਾਲ ਪੁਰਖ, ਇੱਕ ਗੁਰੂ ਗ੍ਰੰਥ ਸਾਹਿਬ ਜੀ ਅਤੇ ਇੱਕ ਪੰਥ ਦੇ ਝੰਡੇ ਥੱਲੇ ਆ ਜਵੇਗੀ ਦੁਸ਼ਮਣ ਆਪੇ ਹੀ ਪਲਾਇਣ ਹੋ ਜਾਣਗੇ। ਸਾਨੂੰ ਧਰਮ ਦੇ ਨਾਂ ਤੇ ਚਲਾ ਦਿੱਤੇ ਗਏ ਬ੍ਰਾਹਮਣੀ ਕਰਮਕਾਂਡਾਂ ਅਤੇ ਸੰਪ੍ਰਦਾਈ ਮਰਯਾਦਾਵਾਂ ਨੂੰ ਗੁਰੂ ਘਰਾਂ ਚੋਂ ਕੱਢਣਾ ਪਵੇਗਾ ਵਰਨਾ ਅਸੀਂ ਮਿਲਗੋਬੇ ਹੋ ਕੇ ਆਪਸ ਵਿੱਚ ਹੀ ਲੜਦੇ ਰਹਾਂਗੇ ਅਤੇ ਸਿੱਖੀ ਭੇਖ ਧਾਰ ਚੁੱਕਾ ਡੇਰੇਦਾਰ ਅਤੇ ਪੁਜਾਰੀ ਵਕਤੀ ਸਰਕਾਰਾਂ ਨਾਲ ਮਿਲ ਕੇ ਸਾਨੂੰ ਇਕੱਲੇ ਇਕੱਲੇ ਨੂੰ ਫਾਹੇ ਟੰਗਦਾ ਹੀ ਰਹੇਗਾ।

ਸਿੱਖ ਸਰਦਾਰੋ! ਕਰੋ ਹਿਮਤ ਸਭ ਤੋਂ ਪਹਿਲਾਂ ਗੁਰਦੁਆਰਿਆਂ ਚੋਂ ਸੰਪ੍ਰਦਾਈ ਮਰਯਾਦਾ ਬਾਹਰ ਕੱਢੋ, ਅਕਾਲ ਤਖਤ ਤੋਂ ਪੰਥ ਪ੍ਰਵਾਣਿਤ ਮਰਯਾਦਾ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਸੋਧ ਕੇ ਲਾਗੂ ਕਰੋ ਅਤੇ "ਇਕਾ ਬਾਣੀ ਇੱਕ ਗੁਰ" ਦੇ ਸਿਧਾਤ ਤੇ ਪਹਿਰਾ ਦੇਂਦੇ ਹੋਏ ਸਮੁੱਚੀ ਮਾਨਵਤਾ ਦੇ ਸੱਚੇ ਸੁੱਚੇ ਸਰਬਉੱਚ, ਸਰਬਕਾਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਅਖੌਤੀ ਗ੍ਰੰਥ ਜਾਂ ਪੋਥੀ ਦਾ ਪ੍ਰਕਾਸ਼ ਨਾਂ ਕਰੋ ਇਸ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਘਟਦੀ ਅਤੇ ਵੱਖਰੇਵੇਂ ਪੈਦਾ ਹੁੰਦੇ ਹਨ।

ਅਵਤਾਰ ਸਿੰਘ ਮਿਸ਼ਨਰੀ (5104325827)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top