Share on Facebook

Main News Page

ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ ਬਾਦਲ ਸਰਕਾਰ ਸਿੱਖ ਆਗੂਆਂ ਤੇ ਨੌਜਵਾਨਾਂ ਦੀ ਨਹੀਂ ਕਰਦੀ ਤਾਂ ਉਸ ’ਤੇ ਜੋਰ ਪਾਉਣ ਲਈ ਜਥੇਦਾਰ ਸਾਹਿਬ ਵੈਸਾਖੀ ’ਤੇ ਆਪਣੇ ਅਸਤੀਫ਼ੇ ਦਾ ਐਲਾਨ ਕਰਨ: ਗਿਆਨੀ ਜਾਚਕ

* ਭਾਈ ਮਨੀ ਸਿੰਘ ਜੀ ਨੇ ਐਸੇ ਕੌਮੀ ਇਕੱਠ ਲਈ ਆਪਣੀ ਜਾਨ ਦੀ ਬਾਜ਼ੀ ਵੀ ਲਗਾ ਦਿੱਤੀ ਸੀ, ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਸੀ। ਪਰ, ਅਜੋਕੇ ਧਾਰਮਿਕ ਆਗੂ ਸਿੱਖ ਜਥੇਬੰਦੀਆਂ ਵੱਲੋਂ ਬੇਨਤੀਆਂ ਕਰਨ ਦੇ ਬਾਵਜੂਦ ਵੀ ਚੁੱਪ ਧਾਰੀ ਬੈਠੇ

ਬਠਿੰਡਾ, 11 ਅਪ੍ਰੈਲ (ਕਿਰਪਾਲ ਸਿੰਘ): 8 ਮੈਂਬਰੀ ਸਿੱਖ ਸੰਘਰਸ਼ ਮੋਰਚਾ ਦੇ ਮੈਂਬਰ ਗਿਆਨੀ ਜਗਤਾਰ ਸਿੰਘ ਜਾਚਕ ਨੇ ਈਮੇਲ ਰਾਹੀਂ ਭੇਜੇ ਇੱਕ ਪ੍ਰੈੱਸ ਨੋਟ ਵਿੱਚ ਕਿਹਾ ਕਿ ਗੁਰੂ ਕਾਲ ਤੋਂ ਹੀ ਵੈਸਾਖੀ ਤੇ ਦੀਵਾਲੀ ਦੇ ਦਿਹਾੜੇ ਸਾਰੇ ਸਿੱਖ ਇੱਕਤਰ ਹੋ ਕੇ ਸਵੈ-ਪੜਚੋਲ ਦੇ ਨਾਲ ਨਾਲ ਕੌਮੀ ਭਵਿਖ ਦੀ ਰਣਨੀਤੀ ਵੀ ਤਹਿ ਕਰਦੇ ਆ ਰਹੇ ਹਨ। ਕਿਉਂਕਿ, ਸਿੱਖ ਕੌਮ ਲਈ ਇਹ ਦਿਹਾੜੇ ਮਨੋਰੰਜਨ ਦੇ ਤਿਉਹਾਰ ਨਹੀਂ, ਸਵੈ-ਪਵਚੋਲ ਦੇ ਦਿਨ ਮੰਨੇ ਜਾਂਦੇ ਹਨ। ਸਿੱਖ ਜਥੇਬੰਦੀਆਂ ਧੜੇਬੰਦੀ ਦੀ ਸੰਕੀਰਨ ਸੋਚ ਨੂੰ ਭੁੱਲ ਕੇ ਪੰਥਕ ਭਲੇ ਲਈ ਸਿਰਜੋੜ ਕੇ ਬੈਠਦੇ ਆ ਰਹੇ ਹਨ। ਭਾਵੇਂ ਕਿ ਹੁਣ ਇਹ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਅਸਲ ਵਿੱਚ ਇਹੀ ਕਾਰਨ ਹੈ ਕਿ ਜਹਾਂਗੀਰ ਤੇ ਔਰੰਗਜ਼ੇਬ ਤੋਂ ਲੈ ਕੇ ਹੁਣ ਤੱਕ ਦਿੱਲੀ ਦਰਬਾਰ ਤੇ ਪੰਥ ਵਿਰੋਧੀ ਸ਼ਕਤੀਆਂ ਮਿਲ ਕੇ ਐਸੇ ਪੰਥਕ ਇਕੱਠ ਰੋਕਣ ਲਈ ਅਤੇ ਇੱਕਠੇ ਹੋਏ ਸਿੱਖਾਂ ਨੂੰ ਮਾਰਨ ਲਈ ਯਤਨਸ਼ੀਲ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਪ੍ਰਕਾਸ਼ ਸਿੰਘ ਸਿੰਘ ਬਾਦਲ ਦੇ ਹਕੂਮਤ ਵੇਲੇ 1978 ਦੀ ਵੈਸਾਖੀ ਦਾ ਦਿਨ, ਕਿਸੇ ਪੰਥ ਦਰਦੀ ਨੂੰ ਭੁੱਲ ਨਹੀਂ ਸਕਦਾ, ਜਦੋਂ ਸ੍ਰੀ ਅੰਮ੍ਰਿਤਸਰ ਦੀ ਧਰਤੀ ’ਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਲਦਿਆਂ 16 ਸਿੰਘ ਗੋਲੀਆਂ ਨਾਲ ਭੁੰਨ ਸੁੱਟੇ ਤੇ ਹਾਕਮਾਂ ਨੇ ਕਾਤਲ (ਨਿਰੰਕਾਰੀ ਮੁਖੀ) ਸੁਰਖਿਅਤ ਦਿੱਲੀ ਪਹੁੰਚਾਇਆ ਸੀ।

ਗਿਆਨੀ ਜਾਚਕ ਨੇ ਕਿਹਾ ਦੁੱਖ ਦੀ ਗੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੁਤਾਬਿਕ 28 ਮਾਰਚ ਨੂੰ ‘ਭਾਈ ਰਾਜੋਆਣਾ ਬਚਾਓ’ ਲਹਿਰ ਦੇ ਅਧੀਨ ਸ਼ਾਂਤਮਈ ਢੰਗ ਨਾਲ ਪੰਜਾਬ ਮੁੰਕਮਲ ਬੰਦ ਕੀਤਾ। ਸਿੱਟੇ ਵਜੋਂ ਭਾਈ ਰਾਜੋਆਣਾ ਦੀ ਫਾਂਸੀ ’ਤੇ ਆਰਜ਼ੀ ਰੋਕ ਲੱਗੀ ਅਤੇ ਅੱਠ ਮੈਂਬਰੀ ‘ਸਿੱਖ ਸਘੰਰਸ਼ ਮੋਰਚਾ’ ਕਮੇਟੀ ਵੱਲੋਂ’ 29, 30 ਤੇ 31 ਦੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ। ਪਰ, ਇਸ ਦੇ ਬਾਵਜੂਦ ਵੀ ਪੰਥਕ ਕਹਾਉਣ ਵਾਲੀ ਪੰਜਾਬ ਸਰਕਾਰ ਨੇ ਕੌਮੀ ਸਿੱਖ ਆਗੂਆਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ। ਸ਼ਿਵ ਸੈਨਾ ਦੇ ਹੁਲੜਬਾਜ਼ਾਂ ਨੂੰ ਖੁੱਲ੍ਹਾ ਛੱਡ ਦਿੱਤਾ। ਹੁਣ ਜਦੋਂ ਬਾਬਾ ਦਾਦੂਵਾਲ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਗੋਸ਼ਾ ਤੇ ਜਥੇਦਾਰ ਜਸਵਿੰਦਰ ਸਿੰਘ ਬੱਲੀਏਵਾਲ ਨੇ ਅਦਾਲਤ ਨੂੰ ਅਰਜ਼ੀ ਦਿੱਤੀ ਕਿ 13 ਮਾਰਚ ਨੂੰ ਵੈਸਾਖੀ ਦਾ ਪੁਰਬ ਹੈ ਅਤੇ ਸਿੱਖ ਹੋਣ ਨਾਤੇ ਅਸੀਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਨੀਆਂ ਹਨ, ਤਾਂ ਸਰਕਾਰੀ ਹੁਕਮ ਅਧੀਨ ਜ਼ਮਾਨਤਾਂ ’ਤੇ ਵੀ ਰਿਹਾਅ ਕਰਨ ਤੋਂ ਨਾਂਹ ਕਰ ਦਿੱਤੀ ਗਈ ਹੈ। ਆਖਿਆ ਜਾ ਰਿਹਾ ਹੈ ਕਿ ਵੈਸਾਖੀ ਤੋਂ ਪਿਛੋਂ ਹੀ ਛੱਡਿਆ ਜਾਏਗਾ। ਗਿਆਨੀ ਜਾਚਕ ਜੀ ਨੇ ਪੁੱਛਿਆ ਕੀ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਨਹੀਂ? ਕੀ ਇਹ ਸਰਕਾਰ ਦੀ ਔਰੰਗਜ਼ੇਬੀ ਨੀਤੀ ਨਹੀਂ? ਕੀ ਐਸੇ ਹਾਕਮ ਪੰਥ ਦੇ ਨਾਮ ਹੇਠ ਵੋਟਾਂ ਬਟੋਰਨ ਦੇ ਹੱਕਦਾਰ ਹਨ?

ਗਿਆਨੀ ਜਾਚਕ ਨੇ ਕਿਹਾ ਹੈਰਾਨੀ ਦੀ ਗੱਲ ਹੈ ਕਿ ਅਠਾਰਵੀਂ ਸਦੀ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਐਸੇ ਕੌਮੀ ਇਕੱਠ ਲਈ ਆਪਣੀ ਜਾਨ ਦੀ ਬਾਜ਼ੀ ਵੀ ਲਗਾ ਦਿੱਤੀ ਸੀ। ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਸੀ। ਪਰ, ਅਜੋਕੇ ਧਾਰਮਿਕ ਆਗੂ ਸਿੱਖ ਜਥੇਬੰਦੀਆਂ ਵੱਲੋਂ ਬੇਨਤੀਆਂ ਕਰਨ ਦੇ ਬਾਵਜੂਦ ਵੀ ਚੁੱਪ ਧਾਰੀ ਬੈਠੇ ਆਪਣੀ ਮਜ਼ਬੂਰੀ ਜ਼ਾਹਰ ਕਰ ਰਹੇ ਹਨ । ਕਿਉਂਕਿ, ਉਹ ਬਾਦਲ ਦਲ ਦੇ ਪ੍ਰਬੰਧ ਹੇਠ ਨੌਕਰੀ ਕਰ ਰਹੇ ਹਨ। ਸਿੱਖ ਕੌਮ ਨੂੰ ਇਸ ਪੱਖੋਂ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਪਰ, ਜੇ ਉਹ ਹਕੀਕਤ ਵਿੱਚ ਦਿੱਲੋਂ ਚਹੁੰਦੇ ਹਨ ਕਿ ਬਿਨ੍ਹਾਂ ਵਜ੍ਹਾ ਪੰਜਾਬ ਦੀਆਂ ਜੇਲ੍ਹਾਂ ਵਿੱਚ ਡੱਕੇ ਗੁਰੂ ਦੇ ਸਿੱਖਾਂ ਨੂੰ ਵੈਸਾਖੀ ਪੁਰਬ ਲਈ ਰਿਹਾਅ ਕੀਤਾ ਜਾਵੇ, ਤਾਂ ਉਹ (ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤੇ ਮੁੱਖ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਐਲਾਨ ਕਰਨ ਕਿ ਜੇ 12 ਅਪ੍ਰੈਲ ਸ਼ਾਮ ਤੱਕ ਸਿੱਖ ਆਗੂਆਂ ਨੂੰ ਰਿਹਾ ਨਾ ਕੀਤਾ ਤਾਂ ਉਹ ਵੈਸਾਖੀ ਦੇ ਦਿਹਾੜੇ ਆਪਣੀਆਂ ਸੇਵਾਵਾਂ ਤੋਂ ਅਸਤੀਫ਼ੇ ਦੇ ਦੇਣਗੇ।

ਗਿਆਨੀ ਜਾਣਕ ਜੀ ਨੇ ਪੂਰਨ ਉਮੀਦ ਜ਼ਾਹਰ ਕੀਤੀ ਕਿ ਜੇਕਰ ਉਹ ਐਸਾ ਹੰਭਲਾ ਮਾਰਨ ਤਾਂ ਸਿੱਖ ਹਿਰਦਿਆਂ ਅੰਦਰ ਇਨ੍ਹਾਂ ਮਹਾਨ ਪਦਵੀਆਂ ਦਾ ਹੋਰ ਸਤਿਕਾਰ ਵੀ ਵਧੇਗਾ ਅਤੇ ਸਫਲਤਾ ਵੀ ਉਨ੍ਹਾਂ ਦੀ ਝੋਲੀ ਪਵੇਗੀ। ਅਰਦਾਸ ਹੈ ਕਿ ਅਕਾਲ ਪੁਰਖ ਮੇਰੇ ਇਨ੍ਹਾਂ ਵੀਰਾਂ ਨੂੰ ਬਲ ਬਖਸ਼ੇ, ਤਾਂ ਕਿ ਸੰਸਾਰ ਵਿੱਚ ਖ਼ਾਲਸਾ ਜੀ ਕੇ ਬੋਲ-ਬਾਲੇ ਹੋ ਸਕਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top