Share on Facebook

Main News Page

ਸਿੱਖੀ ਦੇ ਰਖਵਾਲੇ

ਗੁਰੂ ਅਰਜਨ ਸਾਹਿਬ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੇਲੇ, ਗੁਰਬਾਣੀ ਨੂੰ ਦੂਜੀਆਂ ਰਚਨਾਵਾਂ ਤੋਂ ਨਖੇੜਨ ਲਈ, ਤਿੰਨ ਕੰਮ ਕੀਤੇ ਸਨ।

  1. ਗੁਰਬਾਣੀ ਦੀ ਵੱਖਰੀ ਵਿਆਕਰਣ ਬਨਾਉਣਾ।

  2. ਪੰਜਾਬੀ ਵਿਚ ਪੂਰਨ-ਵਿਸ਼ਰਾਮ ਦੀ ਲਗਦੀ ਇਕ ਡੰਡੀ ਦੀ ਥਾਂ, ਗੁਰਬਾਣੀ ਵਿੱਚ ਪੂਰਨ ਵਿਸ਼ਰਾਮ ਦੀਆਂ ਦੋ ਡੰਡੀਆਂ ਲਗਾਉਣੀਆਂ।

  3. ਗੁਰਬਾਣੀ ਸ਼ਬਦਾਂ ਦੇ ਅੰਕ-ਜੋੜ ਇਸ ਢੰਗ ਨਾਲ ਲਿਖਣੇ, ਜਿਸ ਨਾਲ ਗੁਰਬਾਣੀ ਵਿਚ ਕੱਚੀਆਂ-ਪਿਲੀਆਂ ਰਚਨਾਵਾਂ ਨਾ ਸ਼ਾਮਲ ਕੀਤੀਆਂ ਜਾ ਸਕਣ।

ਗੁਰਬਾਣੀ ਦੀ ਵਿਆਕਰਣ ਨੇ ਗੁਰਬਾਣੀ ਵਿਚ ਪਾਏ ਜਾਂਦੇ ਭੁਲੇਖਿਆਂ ਨੂੰ ਦੂਰ ਕਰਨ ਵਿਚ, ਬਹੁਤ ਸਾਰਥਿਕ ਭੂਮਕਾ ਨਿਭਾਈ ਹੈ। ਪ੍ਰੋ. ਸਾਹਿਬ ਸਿੰਘ ਜੀ ਦੇ ਵਿਆਕਰਣ ਆਧਾਰਿਤ “ਗੁਰੂ ਗ੍ਰੰਥ ਸਾਹਿਬ ਦਰਪਣ” ਨੇ ਗੁਰਬਾਣੀ ਨਾਲ ਜੋੜੀਆਂ ਜਾਂਦੀਆਂ ਚਮਤਕਾਰੀ ਸਾਖੀਆਂ ਦੀ ਅਸਲੀਅਤ ਉਘਾੜਨ ਵਿਚ ਬਹੁਤ ਮਦਦ ਕੀਤੀ ਹੈ। ਕਿੰਨਾ ਚੰਗਾ ਹੁੰਦਾ ਜੇ ਸਿੱਖਾਂ ਨੇ ਸੁਚੇਤ ਹੋ ਕੇ ਗੁਰਮੁਖੀ ਲਿਪੀ ਦੀ ਵਿਆਕਰਣ, ਗੁਰਬਾਣੀ ਵਿਆਕਰਣ ਅਨੁਸਾਰੀ ਹੀ ਵਿਉਂਤੀ ਹੁੰਦੀ, ਪਰ ਇਸ ਪੱਖ ਤੇ ਉਦਾਸੀਆਂ ਅਤੇ ਨਿਰਮਲਿਆਂ ਦਾ ਕਬਜ਼ਾ ਹੋਣ ਕਾਰਨ, ਇਸ ਪੱਖ ਨੂੰ ਅਣਗੌਲਿਆਂ ਕਰ ਕੇ, ਗੁਰਮੁਖੀ ਲਿਪੀ ਦੀ ਵਿਆਕਰਣ ਵੀ ਦੇਵਨਾਗਰੀ ਅਨੁਸਾਰ ਕਰ ਦਿੱਤੀ ਗਈ। ਜਿਸ ਕਾਰਨ ਅੱਜ ਦਾ ਗਿਆਨੀ ਵੀ, ਗੁਰਬਾਣੀ ਸਮਝਣ ਤੋਂ ਅਸਮਰੱਥ ਹੈ।

ਗੁਰਬਾਣੀ ਵਿਚ ਵਰਤੇ ਜਾਣ ਵਾਲੇ ਵਿਸ਼ਰਾਮ ਦੀਆਂ ਦੋ ਡੰਡੀਆਂ ਦਾ ਤਾਂ ਬਹੁਤ ਪਹਿਲਾਂ ਹੀ ਗਲਤ ਉਪਯੋਗ ਹੋਣ ਲਗ ਪਿਆ ਸੀ, ਅਣਗਹਿਲੀ ਕਾਰਨ ਹਰ ਕਾਵਿ ਗ੍ਰੰਥ ਵਿਚ (ਜਿਸ ਦਾ ਥੋੜਾ ਜਿਹਾ ਸਬੰਧ ਵੀ ਧਰਮ ਨਾਲ ਸੀ) ਵਿਸ਼ਰਾਮ ਦੀ ਇਕ ਡੰਡੀ ਦੀ ਥਾਂ, ਦੋ ਡੰਡੀਆਂ ਦੀ ਵਰਤੋਂ ਹੋਣ ਲਗ ਪਈ ਸੀ। ਹੁਣ ਤਾਂ ਇਕ ਸੱਜਣ “ਕਮਲਦੀਪ ਸਿੰਘ ਕੰਵਲ” ਨੇ ਆਪਣੀ ਕਵਿਤਾ “ਕੰਤੈ ਮੈਂ ਰੰਗੀ ਰੀ” ਵਿਚ ਦੋ ਡੰਡੀਆਂ ਦੀ ਵਰਤੋਂ ਹੀ ਨਹੀਂ ਕੀਤੀ, ਬਲਕਿ ਬੇਲੋੜੇ ਹੀ ਉਸ ਦੇ ਅੰਕ ਵੀ ਇਸ ਢੰਗ ਨਾਲ ਦਿੱਤੇ ਹਨ, ਜਿਸ ਨੂੰ ਸਰਸਰੀ ਨਿਗਾਹ ਨਾਲ ਵੇਖਿਆਂ ਇਹ ਜਾਪਦਾ ਹੈ, ਜਿਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਕੋਈ ਪੰਚ-ਪਦਾ ਹੋਵੇ।

ਕੰਤੈ ਮੈਂ ਰੰਗੀ ਰੀ

ਮਨੂਆ ਕੰਤੈ ਮੈਂ ਰੰਗੀ ਰੀ,  ਤਿਸੁ ਬਾਝਿ ਹੋਰ ਨ ਚਾਵ੍ਹਾਂ ||
ਸ਼ਹੁ ਮਜੀਠੇ ਇਉਂ ਰੰਗੀ, ਵਿਣ ਤਿਲ ਭੀ ਨ ਰਹਾਵਾਂ ||੧||

ਆਸ ਧਰਾਂ ਸਿੱਕ ਡਾਢੜੀ,  ਇਉਂ ਰੱਤੜੀ ਸੇਜੈ ਜਾਵਾਂ ||
ਭਾਉ ਭਗਤਿ ਰਚਿ ਰਹਾਂ,  ਆਪੇ ਦਾ ਕੱਪੜਿ ਲਾਹਵਾਂ ||੨||

ਲਾਹਵਾਂ ਵੇਸ ਸਿਗਾਰ ਨੋ, ਕੁਦਰਤਿ ਰੂਪ ਹੋ ਜਾਵਾਂ ||
ਮੇਰਾ ਮੁ ਰਹੈ ਨ ਕਿਣੁ ਭੀ, ਭਰਮ ਛਾਡਿ ਇਵ ਜਾਵਾਂ ||੩||

ਦਰਸ਼ਨ ਨੋ ਬਹਿਬਲੀ, ਬਿਰਹੋਂ ਕੀ ਰਾਗਣਿ ਗਾਵਾਂ ||
ਪ੍ਰੀਤ ਅੰਦਰੈ ਵਰਤਦੀ, ਮੈਂ ਪਿਹੁ ਪਿਹੁ ਕੁਰਲਾਵਾਂ ||੪||

ਪ੍ਰੀਤਮ ਆਣਿ ਮੋਹੈ ਮਿਲੇ, ਤਨ ਮਨ ਅਰਪਿ ਧਰਾਵਾਂ ||
ਜੋਤਿ ਕੰਵਲ ਹੋਇ ਰਹਾਂ, ਇਵ ਜੋਤਿ ਹਿਐ ਟਿਕਾਵਾਂ ||੫||

ਪ੍ਰੋਫੈਸਰ ਕਵਲਦੀਪ ਸਿੰਘ ਕੰਵਲ

ਦੁੱਖ ਦੀ ਗੱਲ ਤਾਂ ਇਹ ਹੈ ਕਿ ਆਪਣੇ ਆਪ ਨੂੰ ਸਿੱਖੀ ਦੀਆਂ ਰਖਵਾਲੀਆਂ “ਵੈਬਸਾਈਟਾਂ” ਦੇ ਸੰਪਾਦਕਾਂ ਨੇ (ਜੋ ਨਿੱਕੀ ਤੋਂ ਨਿਕੀ ਗੱਲ ਦੀ ਵੀ ਖੱਲ ਲਾਹੁਣ ਤੋਂ ਗੁਰੇਜ਼ ਨਹੀਂ ਕਰਦੇ) ਵੀ ਉਸ ਕਵਿਤਾ ਨੂੰ (ਬਿਨਾ ਕਿਸੇ ਉਜ਼ਰ ਦੇ) ਓਸੇ ਤਰ੍ਹਾਂ ਹੀ ਛਾਪ ਕੇ ਆਮ ਸਿੱਖਾਂ ਨੂੰ ਪਤਾ ਨਹੀਂ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ?

ਕੀ ਉਨ੍ਹਾਂ ਨੂੰ ਇਸ ਢੰਗ ਵਿਚ ਕਿਤੇ ਵੀ, ਗੁਰਬਾਣੀ ਦੀ ਬੇ-ਅਦਬੀ ਦਾ ਅਹਿਸਾਸ ਨਹੀਂ ਹੋਇਆ?

ਗੁਰਬਾਣੀ ਦੀ ਅੰਕ-ਵਿਧੀ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਘੁਸ-ਪੈਠ ਤੋਂ ਬਚਾਉਣ ਦਾ ਬਹੁਤ ਸਹੀ ਕੰਮ ਕੀਤਾ ਹੈ, ਜੇ ਸਿੱਖ ਇਸ ਮਾਮਲੇ ਵਿਚ ਵੀ ਸੁਚੇਤ ਨਾ ਰਹੇ ਤਾਂ ਅੱਗੇ ਕੀ ਹੋਵੇਗਾ? ਇਹ ਤਾਂ ਸਮਾ ਹੀ ਦੱਸੇਗਾ।

ਅੱਜ ਦੀ ਘੜੀ ਸਿੱਖਾਂ ਦਾ ਉਹ ਲੀਡਰ ਹੀ ਚੰਗਾ ਗਿਣਿਆ ਜਾਵੇਗਾ, ਜਿਸ ਦੀ ਪੈਣੀ ਨਿਗਾਹ ਤੋਂ, ਗੁਰਮਤਿ ਦੀ ਅਵੱਗਿਆ ਕਰਦੀ, ਕੋਈ ਨਿੱਕੀ ਤੋਂ ਨਿੱਕੀ ਗੱਲ ਵੀ ਬਚ ਨਾ ਸਕੇ।

ਅਮਰਜੀਤ ਸਿੰਘ ਚੰਦੀ
ਫੋਨ: 91 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top