Share on Facebook

Main News Page

ਗੁਰਦਾਸਪੁਰ ਵਿਚ ਸ਼ਹੀਦ ਹੋਏ ਸ. ਜਸਪਾਲ ਸਿੰਘ ਨੂੰ ਸਪੇਨ ਦੀਆਂ ਸੰਗਤਾਂ ਵੱਲੋਂ ਸ਼ਰਧਾਂਜਲੀਆਂ ਭੇਂਟ ਤੇ ਬਾਦਲ ਦੀ ਨਿੰਦਾ

ਬਾਰਸੀਲੋਨਾ (ਸਪੇਨ) – ਗੁਰਦੁਆਰਾ ਗੁਰਦਰਸ਼ਨ ਸਾਹਿਬ, ਰਮਲਾ ਸੈਂਟਰ, ਬਾਰਸੀਲੋਨਾ ਵਿਖੇ ਸੰਗਤਾਂ ਦੇ ਇਕ ਭਰਪੂਰ ਇਕੱਠ ਵਿਚ ਗੁਰਦਾਸਪੁਰ ਵਿਚ ਪੰਜਾਬ ਪੁਲਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸ. ਜਸਪਾਲ ਸਿੰਘ ਦੀ ਯਾਦ ਵਿਚ ਭੋਗ ਪਾਇਆ ਗਿਆ ਅਤੇ ਇਸ ਮੌਕੇ ਤੇ ਇਸ ਅਮਰ ਸ਼ਹੀਦ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਉਸ ਦੇ ਨਾਲ ਜ਼ਖ਼ਮੀ ਹੋਏ ਭਾਈ ਰਣਜੀਤ ਸਿੰਘ ਦੀ ਸਿਹਤਯਾਬੀ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ।

ਇਸ ਇਕੱਠ ਵਿਚ ਸ ਸਿਮਰਨਜੀਤ ਸਿੰਘ ਮਾਨ, ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ ਅਤੇ ਹੋਰ ਗ੍ਰਿਫ਼ਤਾਰ ਆਗੂਆਂ ਦੀ ਗ੍ਰਿਫ਼ਤਾਰੀ ਦੀ ਵੀ ਘੋਰ ਨਿੰਦਾ ਕੀਤੀ ਗਈ ਅਤੇ ਬਾਦਲ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਨ੍ਹਾ ਨੂੰ ਤੁਰੰਤ ਰਿਹਾ ਕਰੇ। ਹਾਜ਼ਰ ਸੰਗਤ ਨੇ ਮੰਗ ਕੀਤੀ ਕਿ ਸਰਬਤ ਖਾਲਸਾ ਇਕੱਠ ਬੁਲਾ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖ਼ਤ ਸਾਹਿਬ ਦਾ ਮੁਖ ਸੇਵਾਦਾਰ ਬਣਾਇਆ ਜਾਵੇ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਕੁਲਦੀਪ ਸਿੰਘ ਪੱਡਾ, ਲਖਵਿੰਦਰ ਸਿੰਘ, ਪਰਮਜੀਤ ਸਿੰਘ ਖਾਲਸਾ, ਗੁਲਜ਼ਾਰ ਸਿੰਘ, ਨਿਰਮਲ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਸੰਘਾ, ਜਸਵੰਤ ਸਿੰਘ, ਬਿਕਰਮਜੀਤ ਸਿੰਘ, ਅਮਰਿੰਦਰ ਸਿੰਘ ਵੀ ਹਾਜ਼ਰ ਸਨ।

ਇਸ ਤੋਂ ਇਲਾਵਾ ਸਾਂਤਾ ਕਲੋਮਾ ਵਿਚ ਗੁਰਮਤਿ ਟਕਸਾਲ ਦੇ ਇਕ ਇਕੱਠ ਵਿਚ ਵੀ ਭਾਈ ਜਸਪਾਲ ਸਿੰਘ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਟਕਸਾਲ ਦੇ ਕਨਵੀਨਰ ਸ ਕੁਲਵਿੰਦਰ ਸਿੰਘ ਜਾਡਲਾ ਨੇ ਕੌਮ ਦੇ ਇਸ ਅਮਰ ਸ਼ਹੀਦ ਨੂੰ ਅਕੀਦਤ ਦੇ ਫੁੱਲ ਭੇਟ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਦੇ ਨਿਜ਼ਾਮ ਦੀ ਘੋਰ ਨਿੰਦਾ ਕੀਤੀ ਤੇ ਕਿਹਾ ਕਿ ਇਕ ਪਾਸੇ ਤਾਂ ਬਾਦਲ ਰਾਜੋਆਣਾ ਵਾਸਤੇ ਉਪਰੋਂ ਉਪਰੋਂ ਤਾਂ ਹਮਦਰਦੀ ਜ਼ਾਹਰ ਕਰਦਾ ਹੈ ਪਰ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ ਅਤੇ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿਚ ਸੁੱਟਿਆ ਹੈ। ਉਨ੍ਹਾਂ ਨੇ ਇਸ ਹਰਕਤ ਨੂੰ ਬਾਦਲ ਦਾ ਦੋਗਲਾਪਣ ਤੇ ਦੰਭ ਕਿਹਾ ਤੇ ਮੰਗ ਕੀਤੀ ਕਿ ਗ੍ਰਿਫ਼ਤਾਰ ਸਿੱਖ ਆਗੂਆਂ ਨੂੰ ਇਕ ਦਮ ਰਿਹਾ ਕਰੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top