Share on Facebook

Main News Page

ਕੀਰਤਨ ਦਰਬਾਰ ਦੌਰਾਨ ਸ: ਸਰਨਾ ਨਾਲ ਕੀਤੀ ਧੱਕਾ-ਮੁਕੀ ਤੇ ਪੱਗ ਉਤਾਰਨ ਦੀ ਵਧੀਕੀ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਵਿਸ਼ੇਸ਼ ਨੋਟਿਸ ਲੈਣਾ ਚਾਹੀਦਾ ਹੈ: ਗਿਆਨੀ ਜਾਚਕ

ਬਠਿੰਡਾ, 10 ਅਪ੍ਰੈਲ (ਕਿਰਪਾਲ ਸਿੰਘ): ਈਮੇਲ ਰਾਹੀਂ ਭੇਜੇ ਇੱਕ ਪ੍ਰੈੱਸ ਨੋਟ ਵਿੱਚ ਗਿਆਨੀ ਜਗਤਾਰ ਸਿੰਘ ਜਾਚਕ, ਸਾਬਕਾ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੂੰ ਕਿਹਾ ਹੈ ਕਿ ਉਹ 7 ਅਪ੍ਰੈਲ ਦੀ ਰਾਤ ਨੂੰ ਦਿੱਲੀ ਦੇ ਰੋਹਿਨੀ ਇਲਾਕੇ ਵਿਖੇ ਹੋਏ ਕੀਰਤਨ ਦਰਬਾਰ ਵਿੱਚ ਹਰਵਿੰਦਰ ਸਿੰਘ ਨਾਂ ਦੇ ਇੱਕ ਸਿੱਖ ਨੌਜਵਾਨ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਨਾਲ ਕੀਤੀ ਧੱਕਾ-ਮੁਕੀ ਤੇ ਪੱਗ ਉਤਾਰਨ ਦੀ ਵਧੀਕੀ ਦਾ ਵਿਸ਼ੇਸ਼ ਨੋਟਿਸ ਲੈਣਾ ਚਾਹੀਦਾ ਹੈ। ਕਿਉਂਕਿ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕੀਰਤਨ ਸੁਣ ਰਹੇ ਕਿਸੇ ਵਿਅਕਤੀ ਨਾਲ ਅਜਿਹਾ ਦੁਰਵਿਹਾਰ ਕਰਨਾ ਗੁਰੂ ਦਰਬਾਰ ਦੀ ਮਰਯਾਦਾ ਦਾ ਉਲੰਘਣ ਹੈ। ਉਨ੍ਹਾਂ ਕਿਹਾ ਨਿਰਭਉ ਨਿਰਵੈਰ ਗੁਰੂ ਦੇ ਦਰਬਾਰ ਵਿੱਚ ਹਰੇਕ ਮਨੁੱਖ ਹਰ ਕਿਸਮ ਦਾ ਦੁਨਿਆਵੀ ਡਰ ਤੇ ਵੈਰ ਵਿਰੋਧ ਦੀਆਂ ਭਾਵਨਾਵਾਂ ਛੱਡ ਕੇ ਬੈਠਦਾ ਹੈ। ਉਸ ਨੂੰ ਇਹ ਖ਼ਿਆਲ ਵੀ ਨਹੀਂ ਹੁੰਦਾ ਕਿ ਮੇਰੇ ਉਪਰ ਕੋਈ ਹਮਲਾ ਕਰ ਸਕਦਾ ਹੈ ਜਾਂ ਕੋਈ ਮੈਂਨੂੰ ਇਥੇ ਖ਼ਤਰਾ ਹੈ। ਕਿਉਂਕਿ, ਜੇ ਬੰਦੇ ਨੂੰ ਐਸਾ ਡਰ ਹੋਵੇ ਤਾਂ ਉਸ ਦੀ ਸ਼ਬਦ ਵਿੱਚ ਸੁਰਤ ਲੱਗ ਸਕਣੀ ਅਸੰਭਵ ਹੈ।

ਗਿਆਨੀ ਜਾਚਕ ਨੇ ਕਿਹਾ ਜੇ ਜਥੇਦਾਰ ਜੀ ਨੇ ਅਜਿਹੀ ਹੁਲੜਬਾਜ਼ੀ ਨੂੰ ਨਕੇਲ ਨਾ ਪਾਈ ਤਾਂ ਆਉਣ ਵਾਲੇ ਸਮੇਂ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਵੀ ਅਜਿਹੀ ਦੁਰਘਟਨਾ ਘਟ ਸਕਦੀ ਹੈ। ਕਿਸੇ ਵੀ ਧਾਰਮਿਕ ਜਾਂ ਰਾਜਨੀਤਕ ਆਗੂ ਨਾਲ ਐਸਾ ਦੁਰਵਿਹਾਰ ਹੋ ਸਕਦਾ ਹੈ। ਚਾਹੀਦਾ ਤਾਂ ਇਹ ਸੀ ਕਿ ਸਾਰੇ ਧਾਰਮਿਕ ਤੇ ਰਾਜਨੀਤਕ ਆਗੂ ਧੜੇਬੰਦੀ ਤੋਂ ਉੱਚੇ ਉੱਠ ਕੇ ਇਸ ਦੁਰਘਟਨਾ ਦੀ ਨਿਖੇਧੀ ਕਰਦੇ, ਕਿਉਂਕਿ, ਅਜਿਹੀਆਂ ਸ਼ਰਮਨਾਕ ਕਾਰਵਾਈਆਂ ਕੌਮ ਦਾ ਸਿਰ ਨੀਵਾਂ ਕਰਦੀਆਂ ਹਨ। ਪਰ, ਅਫਸੋਸ ਕਿ ਸਿੱਖ ਮਰਯਾਦਾ ਦੇ ਪਹਿਰੇਦਾਰ ਬਣੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਸ ਪੱਖੋਂ ਚੁੱਪ ਧਾਰੀ ਹੋਈ ਹੈ, ਅਤੇ ਐਸੀ ਚੁੱਪ ਉਨ੍ਹਾਂ ਦੇ ਕਿਰਦਾਰ ਨੂੰ ਸ਼ੱਕੀ ਬਣਾਉਂਦੀ ਹੈ।

ਗਿਆਨੀ ਜਾਚਕ ਜੀ ਨੇ ਕਿਹਾ ਮੈਂ ਆਸ ਰਖਦਾ ਹਾਂ ਕਿ ਜਥੇਦਾਰ ਜੀ ਇਸ ਪੱਖੋਂ ਚੁੱਪ ਤੋੜਣਗੇ ਅਤੇ ਸਾਜਿਸ਼ਕਾਰਾਂ ਨੂੰ ਨੰਗਿਆਂ ਕਰਕੇ ਉਨ੍ਹਾਂ ਵਿਰੁਧ ਜਥੇਬੰਦਕ ਤੇ ਕਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦੇਣਗੇ। ਉਨ੍ਹਾਂ ਕਿਹਾ ਸਾਨੂੰ ਭੁਲਣਾ ਨਹੀਂ ਚਾਹੀਦਾ ਕਿ ਹਰਵਿੰਦਰ ਸਿੰਘ, ਭਾੜੇ ਤੇ ਵਰਤਿਆ ਜਾਣ ਵਾਲਾ ਓਹੀ ਸਖਸ਼ ਹੈ, ਜਿਸ ਨੇ ਪਹਿਲਾਂ ਹਿੰਦੂਤਵੀ ਸ਼ਕਤੀਆਂ ਦਾ ਹੱਥ-ਠੋਕਾ ਬਣ ਕੇ ਸ੍ਰੀ ਸ਼ਰਦ ਪਵਾਰ ਦੇ ਥੱਪੜ ਮਾਰੀ ਸੀ ਤੇ ਸਿੱਖ ਕੌਮ ਨੂੰ ਨਿਮੋਸ਼ੀ ਦਿਵਾਈ ਸੀ। ਹੋ ਸਕਦਾ ਹੈ ਕਿ ਹੁਣ ਵੀ ਉਹੀ ਸ਼ਕਤੀਆਂ ਜਾਂ ਉਨ੍ਹਾਂ ਦੇ ਭਾਈਵਾਲ ਹੀ ਸਰਨਾ ਨਾਲ ਕੀਤੇ ਕਾਰੇ ਦੇ ਪਿਛੋਕੜ ਵਿੱਚ ਬੈਠੇ ਹੋਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top