Share on Facebook

Main News Page

ਅਦਾਲਤਾਂ ਦਾ ਸਿੱਖਾਂ ਲਈ ਇੱਕੋ ਕਾਨੂੰਨ ਹੈ: ‘ਸਜ਼ਾ ਦੇਣਾ’: ਗਿਆਨੀ ਅਲਵਰ

* ਜੇ ਕਹਿ ਹੀ ਦਿੱਤਾ ਹੈ ਕਿ ਭਾਈ ਜਸਪਾਲ ਸਿੰਘ, ਦੁਸ਼ਟ ਦੀ ਗੋਲੀ ਨਾਲ ਸ਼ਹੀਦ ਹੋਇਆ ਹੈ, ਤਾਂ ਗੋਲੀ ਮਾਰਨ ਵਾਲੇ ਉਸ ਦੁਸ਼ਟ ਦੀ ਪਛਾਣ ਵੀ ਦੱਸ ਦਿੱਤੀ ਜਾਵੇ
* ਜੇ ਕਰ ਦੁਨੀਆਂ ਦੇ ਲੋਕ ਗੁਰੂ ਤੇਗ ਬਹਾਦਰ ਜੀ ਵਾਂਗ ਦੂਸਰਿਆਂ ਦੇ ਮਨੁੱਖੀ ਅਧਿਕਾਰਾਂ ਅਤੇ ਧਾਰਮਕ ਅਜਾਦੀ ਲਈ ਅਵਾਜ ਉਠਾਉਣ ਲੱਗ ਪੈਣ ਤਾਂ ਕਿਧਰੇ ਵੀ ਫਿਰਕੂ ਫਸਾਦ ਅਤੇ ਅਤਿਵਾਦ ਪੈਦਾ ਨਹੀਂ ਹੋ ਸਕਦਾ

ਬਠਿੰਡਾ, 10 ਅਪ੍ਰੈਲ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ, ਦੌਰਾਨ ਪ੍ਰਸਿੱਧ ਕਥਾਵਾਚਕ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੰਬੋਧਿਤ ਹੁੰਦੇ ਹੋਏ ਅੱਜ ਸਵੇਰੇ ਕਿਹਾ ਕਿ ਮੈਂ ਤਿੰਨ ਵਾਰ ਅਤੀ ਸਤਿਕਾਰਯੋਗ, ਅਤੀ ਸਤਿਕਾਰਯੋਗ, ਅਤੀ ਸਤਿਕਾਰਯੋਗ ਕਹਿ ਕੇ ਬੇਨਤੀ ਕਰ ਰਿਹਾ ਹਾਂ ਕਿ ਜੇ ਤੁਸੀਂ ਭੋਗ ਸਮਾਗਮ ’ਤੇ ਇਹ ਸੱਚ ਬੋਲ ਹੀ ਦਿੱਤਾ ਹੈ ਕਿ ਭਾਈ ਜਸਪਾਲ ਸਿੰਘ ਕਿਸੇ ਦੁਸ਼ਟ ਦੀ ਗੋਲੀ ਨਾਲ ਸ਼ਹੀਦ ਹੋਇਆ ਹੈ ਤਾਂ ਕਿਰਪਾ ਕਰਕੇ ਗੋਲੀ ਮਾਰਨ ਵਾਲੇ ਤੇ ਉਸ ਨੂੰ ਗੋਲੀ ਮਾਰਨ ਦਾ ਹੁਕਮ ਦੇਣ ਵਾਲੇ ਦੁਸ਼ਟ ਦੀ ਪਛਾਣ ਵੀ ਦੱਸ ਦਿੱਤੀ ਜਾਵੇ।

ਉਨ੍ਹਾਂ ਕਿਹਾ ਅਕਾਲ ਤਖ਼ਤ ਦੀ ਰਹਿਨੁਮਾਈ ਹੇਠ ਸਿੱਖ ਜਥੇਬੰਦੀਆਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ 28 ਮਾਰਚ ਨੂੰ ਕੀਤੇ ਸਫਲ ਪੰਜਾਬ ਬੰਦ ਦੌਰਾਨ ਪੰਜਾਬ ਸਰਕਾਰ ਦੀ ਭਾਈਵਾਲ ਭਜ-ਭਜ ਮੰਡਲੀ ਵੱਲੋਂ ਸਿੱਖਾਂ ਦੇ ਜ਼ਜ਼ਬਾਤਾਂ ਨੂੰ ਉਤੇਜਿਤ ਕਰਨ ਲਈ ਕਈ ਇਤਰਾਜਯੋਗ ਕਾਰਵਾਈਆਂ ਕੀਤੀਆਂ ਗਈਆਂ। ਸਾਡੇ ਆਪਣੇ ਹੀ ਘਰ ਪੰਜਾਬ ਵਿੱਚ ਸਿੱਖਾਂ ਦੀ ਦਸਤਾਰ ਨੂੰ ਲਾਹ ਕੇ ਪੈਰਾਂ ਹੇਠ ਰੋਲਿਆ ਗਿਆ ਤੇ ਅੱਗ ਲਾਈ ਗਈ। ਕੀਤੀ ਗਈ ਇਸ ਹੁਲੜਬਾਜ਼ੀ ਨੂੰ ਅੱਜ ਵੀ ਯੂ ਟਿਊਬ ’ਤੇ ਵੇਖਿਆ ਜਾ ਸਕਦਾ ਹੈ, ਪਰ ਕਿਸੇ ਵੱਲ ਗੋਲੀ ਨਾ ਚੱਲੀ। ਅਗਲੇ ਦਿਨ ਮਹੌਲ ਨੂੰ ਹੋਰ ਵਿਗਾੜਨ ਲਈ ਉਸ ਭਜ-ਭਜ ਮੰਡਲੀ ਵੱਲੋਂ ਗੁਰਦਾਸਪੁਰ ਬੰਦ ਦਾ ਸੱਦਾ ਦਿੱਤਾ ਗਿਆ ਤਾਂ ਸਿੱਖ ਆਪਣੀ ਦਸਤਾਰ ਦੀ ਵਾਪਸੀ ਅਤੇ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਸੜਕ ’ਤੇ ਬੈਠੇ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ। ਉਸ ਸਮੇਂ ਸਾਡੇ ਫ਼ਖ਼ਰ-ਏ-ਕੌਮ ਦੀ ਪੁਲਿਸ ਨੇ ਬਿਨਾ ਕਿਸੇ ਖਾਸ ਕਾਰਣ ਅਤੇ ਅਗਾਊਂ ਨੋਟਿਸ ਦੇ 18 ਸਾਲ ਦੇ ਸਿੱਖ ਨੌਜਵਾਨ ਭਾਈ ਜਸਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਗਿਆਨੀ ਅਲਵਰ ਨੇ ਕਿਹਾ, ਕਿਹਾ ਜਾਂਦਾ ਹੈ ਕਿ ਕੇਂਦਰ ਦੀ ਸਰਕਾਰ ਸਿੱਖਾਂ ਦੀ ਦੁਸ਼ਮਨ ਜਮਾਤ ਦੀ ਸਰਕਾਰ ਹੈ ਇਸ ਲਈ ਸਾਨੂੰ ਇਨਸਾਫ਼ ਨਹੀਂ ਮਿਲਦਾ ਪਰ ਜਿਸ ਪਾਰਟੀ ਨੂੰ ਪੰਜਾਬ ਸਰਕਾਰ ਵਿੱਚ ਆਪਣੀ ਭਾਈਵਾਲ ਬਣਾਇਆ ਹੈ ਉਹ ਤਾਂ ਸਿੱਖੀ ਦੀ ਦੁਸ਼ਮਣ ਹੈ। ਕੀ ਜਥੇਦਾਰ ਸਾਹਿਬ ਸਾਨੂੰ ਸਿੱਖੀ ਦੇ ਇਨ੍ਹਾਂ ਦੁਸ਼ਮਣਾਂ ਦੀ ਪਛਾਣ ਵੀ ਕਰਵਉਣਗੇ?

ਗਿਆਨੀ ਅਲਵਰ ਨੇ ਕਿਹਾ ਜਿਸ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਸ ਵਿਅਕਤੀ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦਾ ਰੁਤਬਾ ਦਿੱਤਾ ਹੈ, ਉਸ ਦੀ ਸਰਕਾਰ ਦੀ ਹੀ ਪੁਲਿਸ ਨੇ ਗੋਲੀਆਂ ਮਾਰ ਕੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕੀਤਾ ਹੈ, ਜਿਸ ਨੂੰ ਜਥੇਦਾਰ ਸਾਹਿਬ ਨੇ ਕੌਮੀ ਸ਼ਹੀਦ ਐਲਾਨਿਆ ਹੈ। ਇਸ ਲਈ ਅਤੀ ਸਤਿਕਾਰਯੋਗ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਆਪਣੇ ‘ਪੰਥ ਰਤਨ ਫ਼ਖ਼ਰ-ਏ-ਕੌਮ’ ਜੀ ਨੂੰ ਇਹ ਤਾਂ ਪੁੱਛ ਲੈਣ ਕਿ ਹਰਿ ਭਜ-ਭਜ ਮੰਡਲੀ ਨੂੰ ਖੁਸ਼ ਕਰਨ ਲਈ ਭਾਈ ਜਸਪਾਲ ਸਿੰਘ ਦੇ ਗੋਲੀ ਮਾਰਨ ਵਾਲੇ ਪੁਲਿਸੀਆਂ ਨੂੰ ਹੁਕਮ ਦੇਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਯੋਗ ਸਜਾ ਦੇਣ।

ਗਿਆਨੀ ਅਲਵਰ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦੁਨੀਆਂ ਦੇ ਇੱਕੋ ਇੱਕ ਮਹਾਨ ਸ਼ਹੀਦ ਹੋਏ ਹਨ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਉਸ ਧਰਮ ਅਤੇ ਉਸ ਦੇ ਧਾਰਮਿਕ ਚਿੰਨ੍ਹਾਂ, ਜਿਨ੍ਹਾਂ ਵਿੱਚ ਉਨ੍ਹਾਂ ਦਾ ਆਪਣਾ ਕੋਈ ਵਿਸ਼ਵਾਸ਼ ਹੀ ਨਹੀਂ, ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ। ਪਰ ਅੱਜ ਉਸੇ ਧਰਮ ਦੇ ਲੋਕ ਜਿਨ੍ਹਾਂ ਲਈ ਸਿੱਖਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ ਸੀ, ਉਨ੍ਹਾਂ ਨੇ ਸਿੱਖ ਧਰਮ ’ਤੇ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਹਾਅ ਦਾ ਨਾਹਰਾ ਤਾਂ ਕੀ ਮਾਰਨਾ ਸੀ ਸਗੋਂ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਸਿੱਖਾਂ ’ਤੇ ਜੁਲਮ ਕਰਨ ’ਤੇ ਤੁਲੇ ਹੋਏ ਹਨ। ਗਿਆਨੀ ਅਲਵਰ ਨੇ ਕਿਹਾ ਕਿ ਇਸ ਦੇਸ਼ ਵਿੱਚ ਉਨ੍ਹਾਂ ਨੂੰ ਇੱਕੋ ਇੱਕ ਮਿਸਾਲ ਸੁਣਨ ਨੂੰ ਮਿਲੀ ਹੈ ਕਿ ਉੜੀਸਾ ਵਿੱਚ ਜਿਸ ਸਮੇਂ ਇੱਕ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਅਗਜ਼ਾਮੀਨੇਸ਼ਨ ਹਾਲ ਵਿੱਚ ਸਿਰਫ ਇਸ ਕਰਕੇ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਕਿ ਉਸ ਦੇ ਕ੍ਰਿਪਾਨ ਪਹਿਨੀ ਹੋਈ ਹੈ ਤਾਂ ਉਸ ਦੇ ਤਿੰਨ ਗੈਰ ਸਿੱਖ ਦੋਸਤ ਵਿਦਿਆਰਥੀਆਂ ਨੇ ਸਖਤ ਇਤਰਾਜ ਜਤਾਇਆ ਕਿ ਇਹ ਅੰਮ੍ਰਿਤਧਾਰੀ ਸਿੱਖ ਹੈ ਜਿਸ ਦਾ ਕ੍ਰਿਪਾਨ ਪਹਿਨਣ ਦਾ ਸੰਵਿਧਾਨਕ ਹੱਕ ਹੈ। ਉਨ੍ਹਾਂ ਵਿਦਿਆਰਥੀਆਂ ਨੇ ਕਿਹਾ ਕਿ ਜੇ ਇਸ ਦੇ ਸੰਵਿਧਾਨਕ ਹੱਕਾਂ ’ਤੇ ਛਾਪਾ ਮਾਰਦੇ ਹੋਏ ਇਮਤਿਹਾਨ ਦੇਣ ਤੋਂ ਰੋਕਿਆ ਗਿਆ ਤਾਂ ਰੋਸ ਵਜੋਂ ਅਸੀਂ ਤਿੰਨੇ ਵੀ ਇਮਤਿਹਾਨ ਵਿੱਚ ਨਹੀਂ ਬੈਠਾਂਗੇ। ਇਨ੍ਹਾਂ ਤਿੰਨ ਗੈਰ ਸਿੱਖ ਵਿਦਿਆਰਥੀਆਂ ਨੇ ਗੁਰੂ ਤੇਗ ਬਹਾਦਰ ਜੀ ਤੋਂ ਹੀ ਪ੍ਰੇਰਣਾ ਲਈ ਜਾਪਦੀ ਹੈ। ਗਿਆਨੀ ਅਲਵਰ ਨੇ ਕਿਹਾ ਸੱਚ ਦਾ ਸਿਮਰਨ ਕਰਨ ਵਾਲੇ ਨੂੰ ਹਮੇਸ਼ਾਂ ਸੱਚ ਦਾ ਸਾਥ ਦੇਣਾ ਚਾਹੀਦਾ ਹੈ। ਜਿਹੜਾ ਵੀ ਸੱਚਾ ਹੈ ਬੇਸ਼ੱਕ ਉਹ ਕਿਸੇ ਗੈਰ ਧਰਮ ਨਾਲ ਸਬੰਧਤ ਹੀ ਕਿਉਂ ਨਾ ਹੋਵੇ ਉਸ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਜਿਹੜਾ ਝੂਠਾ ਹੈ ਉਹ ਬੇਸ਼ੱਕ ਆਪਣਾ ਹੀ ਕਿਉਂ ਨਾ ਹੋਵੇ, ਉਸ ਦਾ ਵਿਰੋਧ ਕਰਨਾ ਚਾਹੀਦਾ ਹੈ।

ਗਿਆਨੀ ਅਲਵਰ ਨੇ ਕਿਹਾ ਕਿ ਸਿੱਖ ਧਰਮ ਦੀ ਮੂਲ ਸਿਖਿਆ ਹੈ ਸੱਚ ਦਾ ਸਿਮਰਣ ਕਰਨਾ। ਸੱਚ ਦਾ ਸਿਮਰਣ ਕਰਨ ਦਾ ਭਾਵ ਹੈ ਸੱਚੇ ਨਾਲ ਜੁੜਨਾ। ਇਸ ਲਈ ਜਿਹੜਾ ਸੱਚਾ ਹੈ ਹੀ ਨਹੀਂ ਉਸ ਨਾਲ ਸਾਡਾ ਕੋਈ ਸਬੰਧ ਹੀ ਕੋਈ ਨਹੀਂ ਰਹਿੰਦਾ ਅਤੇ ਜਿਹੜਾ ਸੱਚਾ ਹੈ ਉਹ ਹੀ ਸਾਡਾ ਹੈ। ਪਰ ਅਫ਼ਸੋਸ ਇਹ ਹੈ ਕਿ ਅੱਜ ਸਾਥ ਸੱਚ ਦਾ ਨਹੀਂ ਬਲਕਿ ਵੋਟਾਂ ਦਾ ਦਿੱਤਾ ਜਾ ਰਿਹਾ ਹੈ। ਜਿਸ ਪਾਸ ਵੋਟਾਂ ਦੀ ਗਿਣਤੀ ਬਹੁਤੀ, ਉਸ ਨੂੰ ਹੀ ਸੱਚਾ ਅਤੇ ਜਿਸ ਪਾਸ ਵੋਟਾਂ ਦੀ ਗਿਣਤੀ ਘੱਟ, ਉਸ ਨੂੰ ਝੂਠਾ ਐਲਾਨ ਦਿੱਤਾ ਜਾਂਦਾ ਹੈ। ਇਹੋ ਕਾਰਣ ਹੈ ਕਿ ਇਸ ਦੇਸ਼ ਵਿੱਚ ਕਦੀ ਵੀ ਘੱਟ ਗਿਣਤੀਆਂ ਨੂੰ ਇਨਸਾਫ਼ ਨਹੀਂ ਮਿਲ ਸਕਦਾ। ਗਿਆਨੀ ਅਲਵਰ ਨੇ ਕਿਹਾ ਸਾਡੇ ਦੇਸ਼ ਦੀਆਂ ਅਦਾਲਤਾਂ ਨੂੰ ‘ਨਿਆਂਲਯ’ ਇਨਸਾਫ਼ ਦਾ ਘਰ ਨਹੀਂ ਬਲਕਿ ‘ਫੈਸਲਾਲਯਾ’ ਫੈਸਲਾ ਸੁਣਾਉਣ ਦੇ ਦਫ਼ਤਰ ਕਹਿਣਾ ਜਿਆਦਾ ਢੁਕਵਾਂ ਹੋਵੇਗਾ ਕਿਉਂਕਿ ਇੱਥੋਂ ਇਨਸਾਫ ਨਹੀਂ ਬਲਕਿ ਫੈਸਲੇ ਸੁਣਾਏ ਜਾਂਦੇ ਹਨ। ਇਨ੍ਹਾਂ ਅਦਾਲਤਾਂ ਦਾ ਘੱਟ ਗਿਣਤੀ ਸਿੱਖਾਂ ਲਈ ਇੱਕੋ ਕਾਨੂੰਨ ਹੈ: ‘ਸਜਾ ਦੇਣਾ’।

ਗਿਆਨੀ ਅਲਵਰ ਨੇ ਮੰਗ ਕੀਤੀ ਕਿ ਜਿਥੇ ਦੁਨੀਆਂ ਵਿੱਚ ਅਨੇਕਾਂ ਹੋਰ ਦਿਨ, ਜਿਵੇਂ ਕਿ ਵੈਲਨਡਾਈਨ ਡੇ, ਵਾਤਾਵਰਣ ਡੇ, ਮਦਰਜ਼ ਡੇ, ਵੋਮੈਨ ਡੇ, ਹੈਲਥ ਡੇ ਆਦਿ, ਮਨਾਏ ਜਾਂਦੇ ਹਨ ਉਸੇ ਤਰ੍ਹਾਂ ਸੰਸਾਰ ਪੱਧਰ ’ਤੇ ਮਨੁੱਖੀ ਅਧਿਕਾਰ ਡੇ ਵੀ ਮਨਾਇਆ ਜਾਣਾ ਚਾਹੀਦਾ ਹੈ ਅਤੇ ਇਸ ਲਈ ਸਭ ਤੋਂ ਵੱਧ ਢੁਕਵਾਂ ਦਿਨ ਹੋਵੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ। ਉਨ੍ਹਾਂ ਕਿਹਾ ਜੇ ਕਰ ਦੁਨੀਆਂ ਦੇ ਲੋਕ ਗੁਰੂ ਤੇਗ ਬਹਾਦਰ ਜੀ ਵਾਂਗ ਦੂਸਰਿਆਂ ਦੇ ਮਨੁੱਖੀ ਅਧਿਕਾਰਾਂ ਅਤੇ ਧਾਰਮਕ ਅਜਾਦੀ ਲਈ ਅਵਾਜ ਉਠਾਉਣ ਲੱਗ ਪੈਣ ਤਾਂ ਕਿਧਰੇ ਵੀ ਫਿਰਕੂ ਫਸਾਦ ਅਤੇ ਅਤਿਵਾਦ ਪੈਦਾ ਨਹੀਂ ਹੋ ਸਕਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top