Share on Facebook

Main News Page

ਭਾਈ ਰਾਜੋਆਣਾ ਦੀ ਮੌਤ ਦੀ ਸਜਾ ’ਤੇ ਆਰਜੀ ਰੋਕ ਲਗਾ ਕੇ ਹੀ ਸੰਘਰਸ਼ ਰੁਕਣਾ ਨਹੀਂ ਚਾਹੀਦਾ: ਗਿਆਨੀ ਸ਼ਿਵਤੇਗ ਸਿੰਘ

* ਜਿਸ ਤਰ੍ਹਾਂ ਭਾਈ ਰਾਜੋਆਣਾ ਦੀ ਮੌਤ ਦੀ ਸਜਾ ਰੱਦ ਕਰਵਾਉਣ ਲਈ ਕੌਮ ਨੇ ਇੱਕਮੁਠਤਾ ਵਿਖਾਈ ਹੈ ਇਸ ਨੂੰ ਭਾਈ ਰਾਜੋਆਣਾ ਸਮੇਤ ਸਾਰੇ ਪੰਥਕ ਆਗੂ ਰਿਹਾਅ ਕਰਵਾਉਣ ਤੱਕ ਜਾਰੀ ਰੱਖਣ ਦੀ ਲੋੜ

ਬਠਿੰਡਾ, 9 ਅਪ੍ਰੈਲ (ਕਿਰਪਾਲ ਸਿੰਘ): ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਦੇ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਇਸ ਪੱਤਰਕਾਰ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਰਜੀ ਪ੍ਰਾਪਤੀ ਨੂੰ ਹੀ ਬਹੁਤ ਵੱਡੀ ਪ੍ਰਾਪਤੀ ਮੰਨ ਕੇ ਸ਼ੁਰੂ ਕੀਤੇ ਸੰਘਰਸ਼ ਵਿੱਚ ਖੜੋਤ ਲਿਆ ਕਿ ਜਸ਼ਨ ਮਨਾਉਣ ਲੱਗ ਪੈਂਦੇ ਹਾਂ ਜਿਸ ਨਾਲ ਆਰਜੀ ਪ੍ਰਪਤੀ ਦਾ ਸਮੇਂ ਦੇ ਨਾਲ ਨਾਲ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ। ਗਿਆਨੀ ਸ਼ਿਵਤੇਗ ਸਿੰਘ ਨੇ ਕਿਹਾ ਭਾਈ ਰਾਜੋਆਣਾ ਦੀ ਮੌਤ ਦੀ ਸਜਾ ’ਤੇ ਆਰਜੀ ਰੋਕ ਲਗਾ ਕੇ ਹੀ ਸੰਘਰਸ਼ ਰੁਕਣਾ ਨਹੀਂ ਚਾਹੀਦਾ ਸਗੋਂ ਜਿਸ ਤਰ੍ਹਾਂ ਭਾਈ ਰਾਜੋਆਣਾ ਦੀ ਮੌਤ ਦੀ ਸਜਾ ਰੱਦ ਕਰਵਾਉਣ ਲਈ ਕੌਮ ਨੇ ਇੱਕਮੁਠਤਾ ਵਿਖਾਈ ਹੈ ਇਸ ਨੂੰ ਭਾਈ ਰਾਜੋਆਣਾ ਸਮੇਤ ਸਾਰੇ ਪੰਥਕ ਆਗੂ ਰਿਹਾਅ ਕਰਵਾਉਣ ਤੱਕ ਜਾਰੀ ਰੱਖਣ ਦੀ ਲੋੜ ਹੈ।

ਉਨ੍ਹਾਂ ਕਿਹਾ ਵੇਖਿਆ ਜਾਵੇ ਤਾਂ ਸਾਡੀ ਏਕਤਾ ਸਦਕਾ ਬੇਸ਼ਕ ਭਾਈ ਰਾਜੋਆਣਾ ਦੀ ਸ਼ਹੀਦੀ ’ਤੇ ਆਰਜੀ ਰੋਕ ਲਗਵਾਉਣਾ ਸਾਡੀ ਵੱਡੀ ਪ੍ਰਾਪਤੀ ਹੈ ਪਰ ਇਸ ਪ੍ਰਾਪਤੀ ਦੀ ਸਾਨੂੰ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਦੇ ਕੇ ਵੱਡੀ ਕੀਮਤ ਚੁਕਾਉਣੀ ਪਈ ਹੈ ਤੇ ਸੰਘਰਸ਼ ਵਿੱਚ ਉਘਾ ਯੋਗਦਾਨ ਪਾਉਣ ਵਾਲੇ ਸਾਰੇ ਪ੍ਰਮੁੱਖ ਆਗੂਆਂ ਨੂੰ ਬਿਨਾਂ ਵਜ੍ਹਾ ਜੇਲ੍ਹਾਂ ਵਿੱਚ ਸੁੱਟ ਕੇ ਸਾਡੀ ਆਪਣੀ ਹੀ ਪੰਥਕ ਸਰਕਾਰ ਅਹਿਸਾਸ ਕਰਵਾ ਰਹੀ ਹੈ ਕਿ ਸਰਕਾਰ ਬੇਸ਼ਕ ਕਿਸੇ ਵੀ ਪਾਰਟੀ ਦੀ ਹੋਵੇ ਸਿੱਖ ਇਸ ਦੇਸ਼ ਵਿੱਚ ਗੁਲਾਮ ਹਨ ਤੇ ਉਨ੍ਹਾਂ ਨੂੰ ਇਨਸਾਫ਼ ਦੀ ਮੰਗ ਕਰਨ ਦਾ ਕੋਈ ਹੱਕ ਨਹੀਂ ਹੈ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਪੰਜਾਬ ਤੇ ਹਰਿਆਣ ਹਾਈ ਕੋਰਟ, ਜਿਥੋਂ ਅਸੀਂ ਇਨਸਾਫ਼ ਦੀ ਆਸ ਲਾਹ ਰੱਖੀ ਹੈ ਨੇ ਤਾਂ ਪੰਜਾਬ ਸਰਕਾਰ ਵੱਲੋਂ ਨਜ਼ਾਇਜ਼ ਤੌਰ ’ਤੇ ਜੇਲ੍ਹ ਵਿੱਚ ਸੁੱਟੇ ਗਏ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੂੰ ਸਾਥੀਆਂ ਸਮੇਤ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ ਪਰ ਸਾਡੀ ਆਪਣੀ ਸਰਕਾਰ ਬਾਬਾ ਬਲਜੀਤ ਸਿੰਘ ਦਾਦੂਵਾਲੇ ਜਿਹੜੇ ਧਰਮ ਪ੍ਰਚਾਰ ਵਿੱਚ ਵੱਡਾ ਹਿੱਸਾ ਪਾ ਕੇ ਸਿੱਖਾਂ ਨੂੰ ਡੇਰਾਵਾਦ ਨਾਲੋਂ ਤੋੜ ਕੇ ਸ਼ਬਦ ਗੁਰੂ ਦੇ ਲੜ ਲਾ ਰਹੇ ਹਨ, ਸਮੇਤ ਹੋਰ ਪੰਥਕ ਆਗੂ ਭਾਈ ਦਲਜੀਤ ਸਿੰਘ ਬਿੱਟੂ, ਹਰਪਾਲ ਸਿੰਘ ਚੀਮਾ, ਕੁਲਬੀਰ ਸਿੰਘ ਬੜਾ ਪਿੰਡ, ਗੁਰਿੰਦਰਪਾਲ ਸਿੰਘ ਧਨੌਲਾ, ਜਸਵਿੰਦਰ ਸਿੰਘ ਬਲੀਏਵਾਲ, ਗੁਰਦੀਪ ਸਿੰਘ ਗੋਸ਼ਾ ਆਦਿ ਜੇਲ੍ਹਾਂ ਵਿੱਚ ਸੁੱਟੇ ਹੋਏ ਹਨ ਜਿਨ੍ਹਾਂ ਨੂੰ ਸਰਕਾਰ ਛੱਡਣ ਦਾ ਨਾਂ ਨਹੀਂ ਲੈ ਰਹੀ।

ਉਨ੍ਹਾਂ ਕਿਹਾ ਸ: ਸਿਮਰਨਜੀਤ ਸਿੰਘ ਮਾਨ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲ ਜਾਣ ਦਾ ਭਾਵ ਹੈ ਕਿ ਇਨ੍ਹਾਂ ਹੀ ਧਾਰਾਵਾਂ ਅਧੀਨ ਫੜੇ ਗਏ ਬਾਕੀ ਆਗੂ ਸਰਕਾਰ ਨੇ ਨਜ਼ਾਇਜ਼ ਤੌਰ ’ਤੇ ਜੇਲ੍ਹਾਂ ਵਿੱਚ ਸੁੱਟੇ ਹੋਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਦਿਨੀ ਪੰਥਕ ਸੇਵਾ ਲਹਿਰ ਦੀ ਅਗਵਾਈ ਹੇਠ ਇੱਕ ਵਫਦ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉਕਤ ਆਗੂਆਂ ਦੀ ਰਿਹਾਈ ਲਈ ਦਿੱਤੇ ਗਏ ਯਾਦ ਪੱਤਰ ਦੇ ਬਾਵਯੂਦ ਜਥੇਦਾਰ ਚੁੱਪ ਹਨ। ਉਨ੍ਹਾਂ ਦੀ ਰਹੱਸਮਈ ਚੁੱਪ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ ਕਿ ਜੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੋਂ ਹੀ ਸਿੱਖਾਂ ਨੂੰ ਇਨਸਾਫ਼ ਨਹੀਂ ਦਿਵਾ ਸਕਦੇ ਤਾਂ ਕੇਂਦਰ ਸਰਕਾਰ ਤੋਂ ਕਿਸੇ ਇਨਸਾਫ਼ ਦੀ ਉਮੀਦ ਰੱਖੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top