Share on Facebook

Main News Page

ਅਕਾਲ ਤਖ਼ਤ ਵਲੋਂ ਭਾਈ ਜਸਪਾਲ ਸਿੰਘ ਨੂੰ ਕੌਮੀ ਸ਼ਹੀਦ ਦਾ ਰੁਤਬਾ ਦੇਣਾ ਸ਼ਲਾਘਾਯੋਗ: ਗਿਆਨੀ ਅਲਵਰ

* ਭਾਈ ਜਸਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲਿਆਂ ਨੂੰ ਜੱਫੀਆਂ ਪਾਉਣ ਵਾਲੀ ਭਜ-ਭਜ ਮੰਡਲੀ ਨੂੰ ਪਛਾਨਣ ਦੀ ਲੋੜ
* ਇਹ ਭਜ-ਭਜ ਮੰਡਲੀ ਚਾਹੁੰਦੀ ਹੈ ਕਿ ਸਿੱਖਾਂ ਦੇ ਜਖ਼ਮ ਉਚੇੜ ਕੇ ਉਨ੍ਹਾਂ ਦੇ ਰੋਹ ਨੂੰ ਉਤੇਜਿਤ ਕਰਕੇ ਅਜੇਹਾ ਮਾਹੌਲ ਤਿਆਰ ਕੀਤਾ ਜਾਵੇ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਲਈ ਮੈਦਾਨ ਤਿਆਰ ਹੋ ਸਕੇ
* ਹਰਿ ਭਜ-ਭਜ ਮੰਡਲੀ ਵਾਲਿਆਂ ਦਾ ਇਹ ਕੈਸਾ ਇਨਸਾਫ ਹੈ ਕਿ ਜੇ ਕਰ ਕੋਈ ਹੋਰ ਆਪਣੇ ਗੁਰੂ ਤੋਂ ਸੇਧ ਲੈ ਕੇ ਉਹੀ ਕੰਮ ਕਰਦਾ ਹੈ ਜਿਸ ਤੋਂ ਕਈ ਗੁਣਾ ਵੱਧ ਉਨ੍ਹਾਂ ਦੇ ਸਤਿਕਾਰਯੋਗ ਭਗਵਾਨਾਂ ਨੇ ਕੀਤਾ ਹੈ, ਤਾਂ ਉਹ ਇਨ੍ਹਾਂ ਨੂੰ ਅਤਿਵਾਦੀ, ਮੌਤ ਦੇ ਵਣਜਾਰੇ ਦੇਸ਼ ਦੀ ਸ਼ਾਂਤੀ ਨੂੰ ਖਤਰਾ ਦਿੱਸਣ ਲੱਗ ਪੈਂਦੇ ਹਨ

ਬਠਿੰਡਾ, 8 ਅਪ੍ਰੈਲ (ਕਿਰਪਾਲ ਸਿੰਘ): ਅਕਾਲ ਤਖ਼ਤ ਵਲੋਂ ਭਾਈ ਜਸਪਾਲ ਸਿੰਘ ਨੂੰ ਕੌਮੀ ਸ਼ਹੀਦ ਦਾ ਰੁਤਬਾ ਦੇਣਾ ਸ਼ਲਾਘਾਯੋਗ ਫੈਸਲਾ ਹੈ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਪ੍ਰਸਿੱਧ ਕਥਾਵਾਚਕ ਗਿਆਨੀ ਹਰਿੰਦਰ ਸਿੰਘ ਅਲਵਰ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਅਕਾਲ ਤਖ਼ਤ ਦੀ ਰਹਿਨੁਮਾਈ ਹੇਠ ਸਿੱਖ ਜਥੇਬੰਦੀਆਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ 28 ਮਾਰਚ ਨੂੰ ਕੀਤੇ ਸਫਲ ਪੰਜਾਬ ਬੰਦ ਦੌਰਾਨ ਪੰਜਾਬ ਸਰਕਾਰ ਦੀ ਭਾਈਵਾਲ ਭਜ-ਭਜ ਮੰਡਲੀ ਵੱਲੋਂ ਸਿੱਖਾਂ ਦੇ ਜ਼ਜ਼ਬਾਤਾਂ ਨੂੰ ਉਤੇਜਿਤ ਕਰਨ ਲਈ ਕਈ ਇਤਰਾਜਯੋਗ ਕਾਰਵਾਈਆਂ ਕੀਤੀਆਂ ਗਈਆਂ। ਅਤੇ ਅਗਲੇ ਦਿਨ ਮਹੌਲ ਨੂੰ ਹੋਰ ਵਿਗਾੜਨ ਲਈ ਗੁਰਦਾਸਪੁਰ ਬੰਦ ਦਾ ਸੱਦਾ ਦਿੱਤਾ ਗਿਆ। ਜਿਸ ਦੌਰਾਨ ਸਾਡੀ ਫ਼ਖ਼ਰ-ਏ-ਕੌਮ ਦੀ ਪੁਲਿਸ ਨੇ ਬਿਨਾ ਕਿਸੇ ਖਾਸ ਕਾਰਣ ਅਤੇ ਅਗਾਊਂ ਨੋਟਿਸ ਦੇ 18 ਸਾਲ ਦੇ ਸਿੱਖ ਨੌਜਵਾਨ ਭਾਈ ਜਸਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਗਿਆਨੀ ਅਲਵਰ ਨੇ ਕਿਹਾ ਭਾਈ ਜਸਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲਿਆਂ ਨੂੰ ਜੱਫੀਆਂ ਪਾ ਕੇ ਖੁਸ਼ੀਆਂ ਮਨਾਉਣ ਵਾਲੀ ਭਜ-ਭਜ ਮੰਡਲੀ ਨੂੰ ਪਛਾਨਣ ਦੀ ਲੋੜ ਹੈ ਕਿਉਂਕਿ ਇਹ ਮੰਡਲੀ ਚਾਹੁੰਦੀ ਹੈ ਕਿ ਸਿੱਖਾਂ ਦੇ ਜਖ਼ਮ ਉਚੇੜ ਕੇ ਉਨ੍ਹਾਂ ਦੇ ਰੋਹ ਨੂੰ ਉਤੇਜਿਤ ਕਰਕੇ ਅਜੇਹਾ ਮਾਹੌਲ ਤਿਆਰ ਕੀਤਾ ਜਾਵੇ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਲਈ ਮੈਦਾਨ ਤਿਆਰ ਹੋ ਸਕੇ।

ਗਿਆਨੀ ਅਲਵਰ ਨੇ ਕਿਹਾ ਕਿ ਜਿਹੜੇ ਲੋਕ ਕਹਿੰਦੇ ਹਨ ਕਿ ਗੁਰਦੁਆਰਿਆਂ ਵਿੱਚ ਸ਼ਬਦ ਦੀ ਸਿੱਧੀ ਸਿੱਧੀ ਕਥਾ ਹੋਣੀ ਚਾਹੀਦੀ ਹੈ ਇਹ ਸਿਆਸੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਉਹ ਗੁਰੂ ਨਾਨਕ ਸਾਹਿਬ ਨੂੰ ਕੀ ਕਹਿਣਗੇ, ਜਿਨ੍ਹਾਂ ਨੇ ਬਾਬਰ ਨੂੰ ਕੁੱਤਾ ਕਹਿ ਕੇ ਲਾਹਨਤਾਂ ਪਾਈਆਂ ਸਨ। ‘ਸਕਤਾ ਸੀਹੁ ਮਾਰੇ ਪੈ ਵਗੈ, ਖਸਮੈ ਸਾ ਪੁਰਸਾਈ ॥ ਰਤਨ ਵਿਗਾੜਿ ਵਿਗੋਏ ਕੁਤੀ, ਮੁਇਆ ਸਾਰ ਨ ਕਾਈ ॥’ (ਆਸਾ ਮ: 1, ਗੁਰੂ ਗ੍ਰੰਥ ਸਾਹਿਬ - ਪੰਨਾ 360) ਦਾ ਹਵਾਲ ਦਿੰਦੇ ਹੋਏ ਗਿਆਨੀ ਅਲਵਰ ਨੇ ਕਿਹਾ ਕਿ ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਨ ਕਰਦੇ ਹਨ: ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰ ਨਿਹੱਥਿਆਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ (ਤਾਹੀਏਂ, ਹੇ ਕਰਤਾਰ! ਮੈਂ ਤੇਰੇ ਅੱਗੇ ਪੁਕਾਰ ਕਰਦਾ ਹਾਂ)। (ਜਿਵੇਂ ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਪਾੜ ਖਾਂਦੇ ਹਨ। ਇਸੇ ਤਰ੍ਹਾਂ ਮਨੁੱਖ ਨੂੰ ਪਾੜ ਖਾਣ ਵਾਲੇ ਇਹਨਾਂ ਮਨੁੱਖ-ਰੂਪ ਮੁਗ਼ਲ) ਕੁੱਤਿਆਂ ਨੇ (ਤੇਰੇ ਬਣਾਏ) ਰਤਨਾਂ ਵਰਗੇ ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ। ਗਿਆਨੀ ਹਰਿੰਦਰ ਸਿੰਘ ਅਲਵਰ ਨੇ ਕਿਹਾ ਕਿ ਇਸੇ ਤਰ੍ਹਾਂ ਜੇ ਕੋਈ ਕੁੱਤਾ ਰਤਨਾਂ ਵਰਗੇ ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਰਿਹਾ ਹੋਵੇ ਤੇ ਮਰੇ ਪਿਆਂ ਦੀ ਕੋਈ ਸਾਰ ਹੀ ਨਾ ਲਵੇ ਤਾਂ ਕਿਸੇ ਭਾਈ ਦਿਲਾਵਰ ਸਿੰਘ ਭਾਈ ਬਲਵੰਤ ਸਿੰਘ ਰਾਜੋਆਣੇ ਵਰਗੇ ਨੂੰ ਉਹ ਕੁੱਤਾ ਖਤਮ ਕਰਕੇ ਹੀਰਿਆਂ ਵਰਗੇ ਮਨੁੱਖ ਬਚਾਉਣੇ ਹੀ ਪੈਂਦੇ ਹਨ। ਅਤੇ ਮਨੁੱਖਤਾ ਨੂੰ ਬਚਾਉਣ ਵਾਲੇ ਇਸ ਭਾਈ ਰਾਜੋਆਣਾ ਨੂੰ ਬਚਾਉਣਾ ਸਾਡਾ ਕੌਮੀ ਫਰਜ਼ ਹੈ। ਇਹ ਕੌਮੀ ਫਰਜ਼ ਨਿਭਾਉਂਦੇ ਹੋਏ ਭਾਈ ਜਸਪਾਲ ਸਿੰਘ ਨੇ ਸ਼ਹੀਦੀ ਪਾਈ ਹੈ ਤਾਂ ਉਸ ਨੂੰ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੌਮੀ ਸ਼ਹੀਦ ਐਲਾਨੇ ਜਾਣਾ ਬਿਲਕੁਲ ਸਹੀ ਤੇ ਸ਼ਲਾਘਾਯੋਗ ਫੈਸਲਾ ਹੈ।

ਗਿਆਨੀ ਅਲਵਰ ਨੇ ਕਿਹਾ ਜਿਸ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਭਾਈ ਜਸਪਾਲ ਸਿੰਘ ਨੂੰ ਕੌਮੀ ਸ਼ਹੀਦ ਐਲਾਨਿਆ ਹੈ ਉਸੇ ਹੀ ਜਥੇਦਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਸ ਵਿਅਕਤੀ ਨੂੰ ‘ਪੰਥ ਰਤਨ ਫ਼ਖ਼ਰ-ਏ-ਕੌਮ’ ਦਾ ਰੁਤਬਾ ਦਿੱਤਾ ਹੈ, ਉਸ ਦੀ ਪੁਲਿਸ ਨੇ ਹੀ ਭਾਈ ਜਸਪਾਲ ਸਿੰਘ ਜੀ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਹੈ। ਇਸ ਲਈ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਆਪਣੇ ‘ਪੰਥ ਰਤਨ ਫ਼ਖ਼ਰ-ਏ-ਕੌਮ’ ਜੀ ਨੂੰ ਇਹ ਤਾਂ ਪੁੱਛ ਲੈਣ ਕਿ ਹਰਿ ਭਜ-ਭਜ ਮੰਡਲੀ ਨੂੰ ਖੁਸ਼ ਕਰਨ ਲਈ ਭਾਈ ਜਸਪਾਲ ਸਿੰਘ ਦੇ ਗੋਲੀ ਮਾਰਨ ਵਾਲੇ ਪੁਲਿਸੀਆਂ ਨੂੰ ਹੁਕਮ ਦੇਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਯੋਗ ਸਜਾ ਦੇਣ ਤਾ ਕਿ 1978 ਤੋਂ 1995 ਤੱਕ ਸਿੱਖਾਂ ਦੇ ਖ਼ੂਨ ਦੀ ਖੇਡੀ ਗਈ ਹੋਲੀ ਵਾਲੇ ਹਾਲਾਤ ਮੁੜ ਪੈਦਾ ਨਾ ਕਰ ਸਕਣ।

ਗਿਆਨੀ ਅਲਵਰ ਨੇ ਕਿਹਾ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਇੱਕ ਬੇਅੰਤ ਸਿੰਘ ਤਾਂ ਕਸੂਰਵਾਰ ਸੀ ਪਰ ਜਿਹੜੇ ਉਸ ਨਾਲ ਹੋਰ ਬੇਕਸੂਰ ਲੋਕ ਮਾਰੇ ਗਏ ਉਨ੍ਹਾਂ ਦਾ ਕੀ ਕਸੂਰ ਸੀ? ਉਨ੍ਹਾਂ ਕਿਹਾ ਇਹ ਸਵਾਲ ਪੁੱਛਣ ਵਾਲੇ ਦੱਸਣ ਕਿ ਰਾਵਣ ਨੇ ਤਾਂ ਕਿਸੇ ਬੇਕਸੂਰ ਦਾ ਕਤਲ ਨਹੀਂ ਸੀ ਕੀਤਾ, ਸਿਰਫ ਸੀਤਾ ਨੂੰ ਹੀ ਚੁੱਕਿਆ ਸੀ। ਪਰ ਉਸ ਸੀਤਾ ਨੂੰ ਛੁਡਾਉਣ ਲਈ ਸ਼੍ਰੀ ਰਾਮ ਚੰਦਰ ਜੀ ਜਿਸ ਨੂੰ ਇਸ ਦੇਸ਼ ਵਿੱਚ ਭਗਵਾਨ ਕਰਕੇ ਪੂਜਿਆ ਜਾਂਦਾ ਹੈ, ਉਹ ਇਕੱਲੇ ਰਾਵਣ ਨੂੰ ਮਾਰ ਕੇ ਹੀ ਸੀਤਾ ਨੂੰ ਵਾਪਸ ਕਿਉਂ ਨਾ ਲੈ ਆਏ? ਉਸ ਨੇ ਕਿਉਂ ਸਾਰੇ ਲੰਕਾ ਵਾਸੀਆਂ, ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ, ਨੂੰ ਮਾਰਿਆ? ਕਿਉਂ ਰਾਵਣ ਦੇ ਸਾਰੇ ਹੀ ਪ੍ਰਵਾਰ, ਜਿਸ ਦਾ ਜ਼ਿਕਰ ਗੁਰਬਾਣੀ ਵਿੱਚ ਆਉਂਦਾ ਹੈ: ‘ਇਕੁ ਲਖੁ ਪੂਤ ਸਵਾ ਲਖੁ ਨਾਤੀ ॥ ਤਿਹ ਰਾਵਨ ਘਰ ਦੀਆ ਨ ਬਾਤੀ ॥2॥’ (ਆਸਾ ਭਗਤ ਕਬੀਰ ਜੀਉ, ਗੁਰੂ ਗ੍ਰੰਥ ਸਾਹਿਬ - ਪੰਨਾ 481) ਨੂੰ ਮਾਰਿਆ ਤੇ ਲੰਕਾ ਨੂੰ ਅੱਗ ਲਾ ਕੇ ਸਾੜਿਆ?

ਗਿਆਨੀ ਅਲਵਰ ਜੀ ਨੇ ਅੱਗੇ ਕਿਹਾ ਕਿ ਮਹਾਂ ਭਾਰਤ ਗ੍ਰੰਥ ਦੇ ਗੀਤਾ ਅਧਿਆਏ ਵਿੱਚ ਲਿਖਿਆ ਹੈ ਕਿ ਯੁਧਿਸਟਰ ਤਾਂ ਕਹਿ ਰਿਹਾ ਸੀ ਕਿ ਮੇਰੇ ਸਾਹਮਣੇ ਮੇਰੇ ਹੀ ਚਾਚੇ ਤਾਏ ਦੇ ਪੁੱਤ ਭਰਾ ਖੜ੍ਹੇ ਹਨ ਸਾਨੂੰ ਵਿਦਿਆ ਪੜ੍ਹਾਉਣ ਵਾਲੇ ਗੁਰੂ ਵੀ ਖੜ੍ਹੇ ਹਨ ਇਸ ਲਈ ਇਨ੍ਹਾਂ ਨੂੰ ਮੈਂ ਨਹੀਂ ਮਾਰ ਸਕਦਾ ਪਰ ਸ਼੍ਰੀ ਕ੍ਰਿਸ਼ਨ ਜੀ ਜਿਸ ਨੂੰ ਇਸ ਦੇਸ਼ ਵਿੱਚ ਭਗਵਾਨ ਕਰਕੇ ਪੂਜਿਆ ਜਾਂਦਾ ਹੈ, ਉਸ ਨੇ ਯੁਧਿਸਟਰ ਨੂੰ ਉਪਦੇਸ਼ ਦਿੱਤਾ ਕਿ ਤੂੰ ਪਾਪ ਪੁੰਨ ਨਾ ਵੇਖ, ਇਨ੍ਹਾਂ ਨੂੰ ਮਾਰ ਦੇਹ ਅਤੇ ਪਾਪ ਪੁੰਨ ਦੇ ਫਲ ਦਾ ਨਿਬੇੜਾ ਮੇਰੇ ’ਤੇ ਛੱਡ ਦੇਹ। ਗਿਆਨੀ ਅਲਵਰ ਨੇ ਕਿਹਾ ਕਿ ਰਮਾਇਣ ਤੇ ਗੀਤਾ ਦਾ ਪਾਠ ਕਰਨ ਵਾਲੇ; ਉਨ੍ਹਾਂ ਦੀਆਂ ਭੇਟਾਵਾਂ ਗਾਉਣ ਵਾਲੇ ਹਰਿ ਭਜ-ਭਜ ਮੰਡਲੀ ਵਾਲਿਆਂ ਦਾ ਇਹ ਕੇਹਾ ਇਨਸਾਫ ਹੈ ਕਿ ਜੇ ਕਰ ਕੋਈ ਹੋਰ ਆਪਣੇ ਗੁਰੂ ਤੋਂ ਸੇਧ ਲੈ ਕੇ ਉਹੀ ਕੰਮ ਕਰਦਾ ਹੈ, ਜਿਸ ਤੋਂ ਕਈ ਗੁਣਾ ਵੱਧ ਉਨ੍ਹਾਂ ਦੇ ਸਤਿਕਾਰਯੋਗ ਭਗਵਾਨਾਂ ਨੇ ਕੀਤਾ ਹੈ, ਤਾਂ ਉਹ ਇਨ੍ਹਾਂ ਨੂੰ ਅਤਿਵਾਦੀ, ਮੌਤ ਦੇ ਵਣਜਾਰੇ ਦੇਸ਼ ਦੀ ਸ਼ਾਂਤੀ ਨੂੰ ਖਤਰਾ ਕਿਉਂ ਦਿੱਸਣ ਲੱਗ ਪੈਂਦੇ ਹਨ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top