Share on Facebook

Main News Page

ਸ਼ਰਧਾਲੂਆਂ ਕੋਲੋਂ ਜ਼ਜ਼ੀਆ ਵਸੂਲਣ ਵਾਲਾ ਸ਼੍ਰੋਮਣੀ ਕਮੇਟੀ ਦਾ ਅਧਿਕਾਰੀ ਮੁਅੱਤਲ

ਜਸਬੀਰ ਸਿੰਘ ਪੱਟੀ 093560 24684: ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਵਿੱਚ ਕੀਰਤਨ ਦੀਆਂ ਹਾਜਰੀਆਂ ਭਰਨ ਵਾਲੇ ਰਾਗੀ ਜੱਥਿਆਂ ਤੋਂ ਜ਼ਜ਼ੀਆ ਵਸੂਲਣ ਤੋਂ ਬਾਅਦ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਦੇ ਇੱਕ ਜਥੇਦਾਰ ਤਰਸੇਮ ਸਿੰਘ ਨੇ ਆਪਣੀ ਨਾਦਰਸ਼ਾਹੀ ਦਾ ਸਿੱਕਾ ਚਲਾਉਦਿਆਂ ਰਾਗੀਆਂ ਦੇ ਪਿੱਛੇ ਬੈਠ ਕੇ ਕੀਰਤਨ ਸੁਨਣ ਵਾਲੇ ਸ਼ਰਧਾਲੂਆ ਕੋਲੋ ਕੀਰਤਨ ਸੁਨਣ ਦਾ ਜ਼ਜੀਆ ਵਸੂਲਣਾ ਕਰ ਦਿੱਤਾ। ਜਿਸ ਦੀ ਜਾਣਕਾਰੀ ਸ੍ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਮਿਲਣ ਤੇ ਜ਼ਜ਼ੀਆ ਵਸੂਲਣ ਵਾਲੇ ਜਥੇਦਾਰ ਨੂੰ ਮੁਅੱਤਲ ਕਰਕੇ, ਉਸ ਦਾ ਹੈਡਕੁਆਟਰ ਹਰਿਆਣਾ ਦੇ ਕਸਬਾ ਜੀਂਦ ਬਣਾ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਤੋਂ ਇੱਕ ਸ਼ਰਧਾਲੂ ਅਕਸਰ ਹੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਹੈ ਅਤੇ ਉਸ ਕੋਲੋ ਜਥੇਦਾਰ ਪਰਕਰਮਾ ਸ੍ਰੀ ਤਰਸੇਮ ਸਿੰਘ ਨੇ ਦਸ ਹਜਾਰ ਰੁਪਏ ਦੀ ਮੰਗ ਕੀਤੀ। ਸ਼ਰਧਾਲੂ ਨੇ ਇਹ ਰਾਸ਼ੀ ਜਥੇਦਾਰ ਨੂੰ ਹੱਥ ਬੰਨ ਕੇ ਅਦਾ ਕਰ ਦਿੱਤੀ, ਪਰ ਥੋੜੇ ਹੀ ਦਿਨਾਂ ਬਾਅਦ ਜਥੇਦਾਰ ਨੇ ਇਸ ਨੂੰ ਸੋਨੇ ਮੁਰਗੀ ਸਮਝਦਿਆਂ ਉਸ ਕੋਲੋਂ ਇੱਕ ਨਵੇਂ ਮੋਬਾਇਲ ਦੀ ਵੀ ਮੰਗ ਰੱਖ ਦਿੱਤੀ ਅਤੇ ਕਸੀਸ ਵੱਟ ਕੇ ਸ਼ਰਧਾਲੂ ਨੇ ਜਥੇਦਾਰ ਨੂੰ ਗੁਰੂ ਘਰ ਦੇ ਪਹਿਰੇਦਾਰ ਮੰਨਦਿਆਂ ਉਸ ਦੀ ਮੋਬਾਇਲ ਦੀ ਮੰਗ ਵੀ ਪੂਰੀ ਕਰ ਦਿੱਤੀ। ਅਗਲੀ ਮੰਗ ਰੱਖਣ ਤੋਂ ਪਹਿਲਾਂ ਜਥੇਦਾਰ ਜੀ ਨੇ ਸ਼ਿਸ਼ਟਾਚਾਰ ਵਜੋਂ ਉਸ ਦੀ ਆਉਣ ਤੇ ਟਹਿਲ ਸੇਵਾ ਭਾਵ ਪਰਕਰਮਾ ਵਿੱਚ ਕਮਰੇ ਵਿੱਚ ਬਿਠਾ ਕੇ ਚਾਹ ਪਾਣੀ ਵੀ ਪਿਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਸ਼ਰਧਾਲੂ ਉਸ ਦੀ ਪੂਰੀ ਰੇਂਜ ਵਿੱਚ ਆ ਗਿਆ ਤਾਂ ਜਥੇਦਾਰ ਨੇ ਉਸ ਕੋਲੋ ਇੱਕ ਆਟੋਮੈਟਿਕ ਵਾਸ਼ਿੰਗ ਮਸ਼ੀਨ ਦੀ ਵੀ ਮੰਗ ਰੱਖ ਦਿੱਤੀ।

ਮਾਨਯੋਗ ਸ਼ਰਧਾਲੂ ਨੇ ਇਹ ਮੰਗ ਪੂਰੀ ਕਰਨ ਤੋਂ ਜਦੋਂ ਇਨਕਾਰ ਕਰ ਦਿੱਤਾ ਤਾਂ ਫਿਰ ਸ਼ਰਧਾਲੂ ਲਈ "ਚਹੁ ਵਰਨਾ ਦੇ ਸਾਂਝਾ" ਦਾ ਸੰਕਲਪ ਵੀ ਖਤਮ ਹੋ ਗਿਆ ਤੇ ਉਸ ਦਾ ਰਾਗੀਆਂ ਦੇ ਪਿੱਛੇ ਕੀਰਤਨ ਸੁਨਣਾ ਵੀ ਬੰਦ ਕਰ ਦਿੱਤਾ ਗਿਆ। ਇਥੋਂ ਤੱਕ ਕਿ ਲਾਚੀ ਬੇਰੀ ਦੇ ਰਸਤੇ ਉਸ ਦਾ ਅੰਦਰ ਜਾਣਾ ਵੀ ਬੰਦ ਕਰ ਦਿੱਤਾ ਗਿਆ, ਜਦ ਕਿ ਬਾਕੀ ਸ਼ਰਧਾਲੂ ਆਮ ਵਾਂਗ ਜਾਂਦੇ ਰਹੇ। ਇੱਕ ਦਿਨ ਜਦੋਂ ਇਹ ਸ਼ਰਧਾਲੂ ਰਾਗੀਆਂ ਦੇ ਪਿੱਛੇ ਬੈਠ ਕੇ ਕੀਰਤਨ ਸਰਵਣ ਕਰਨ ਲਈ ਬੈਠਣ ਵਿੱਚ ਸਫਲ ਹੋ ਗਿਆ, ਤਾਂ ਜਥੇਦਾਰ ਜੀ ਨੇ ਘਰੋਂ ਟੀ.ਵੀ ਤੇ ਜਦੋਂ ਉਸ ਨੂੰ ਤਾਂ ਜਥੇਦਾਰ ਅੱਗ ਬਬੂਲਾ ਹੋ ਗਿਆ ਤੇ ਉਸ ਨੇ ਆਪਣੇ ਨਾਦਰਸ਼ਾਹੀ ਹੁਕਮ ਤੁਰੰਤ ਮੌਕੇ ਤੇ ਮੌਜੂਦ ਸੇਵਾਦਾਰ ਨੂੰ ਮੋਬਾਇਲ ਫੋਨ ਰਾਹੀਂ ਹੀ ਛੱਡੇ ਤਾਂ ਸੇਵਾਦਾਰਾਂ ਉਸ ਸ਼ਰਧਾਲੂ ਨੂੰ ਜ਼ਲੀਲ ਕਰਕੇ ਸੱਚਖੰਡ ਵਿੱਚੋਂ ਜਬਰੀ ਬਾਹਰ ਕੱਢ ਦਿੱਤਾ।

ਬਾਹਰ ਆ ਕੇ ਜਦੋਂ ਇਸ ਅਮੀਰ ਸ਼ਰਧਾਲੂ ਨੇ ਆਪਣੀ ਹੱਡਬੀਤੀ ਸੰਗਤਾਂ ਨੂੰ ਸੁਣਾਈ ਤਾਂ ਸੰਗਤਾਂ ਵਿੱਚ ਵੀ ਭਾਰੀ ਰੋਸ ਪਾਇਆ ਜਾਣ ਲੱਗਾ। ਧੁਖਦੀ ਧੁਖਦੀ ਜਦੋਂ ਇਹ ਖਬਰ ਸ੍ਰੋਮਣੀ ਕਮੇਟੀ ਦੇ ਗਲਿਆਰਿਆ ਤੱਕ ਪੁੱਜੀ ਤਾਂ ਨਾਦਰਸ਼ਾਹੀ ਹੁਕਮ ਚਲਾਉਣ ਵਾਲੇ ਜਥੇਦਾਰ ਦੇ ਖਿਲਾਫ ਦਫਤਰ ਵਾਲੇ ਇਸ ਕਰਕੇ ਕੋਈ ਕਾਰਵਾਈ ਨਾ ਸਕੇ, ਕਿਉਂਕਿ ਸ੍ਰੀ ਦਰਬਾਰ ਸਾਹਿਬ ਦੇ ਇੱਕ ਸੀਨੀਅਰ ਅਧਿਕਾਰੀ ਦਾ ਇਸ ਨੂੰ ਅਸ਼ੀਰਵਾਦ ਪ੍ਰਾਪਤ ਸੀ ਅਤੇ ਉਸ ਅਧਿਕਾਰੀ ਨੂੰ ਅੱਗੇ ਮਾਝੇ ਦੇ ਜਰਨੈਲ ਮੰਨੇ ਜਾਂਦੇ ਸ੍ਰੀ ਬਿਕਰਮ ਸਿੰਘ ਮਜੀਠੀਆ ਦਾ ਅਸ਼ੀਰਵਾਦ ਹਾਸਲ ਸੀ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਜਦੋਂ ਨਾਦਰਸ਼ਾਹੀ ਹੁਕਮ ਛੱਡਣ ਵਾਲੇ ਜਥੇਦਾਰ ਦੇ ਖਿਲਾਫ ਦਫਤਰ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸੰਗਤਾਂ ਵਿੱਚ ਇਸ ਦਾ ਰੋਸ ਵੱਧਦਾ ਗਿਆ ਅਤੇ ਜਥੇਦਾਰ ਆਪਣੀ ਕੀਤੀ ਕਰਤੂਤ ਨੂੰ ਭੁੱਲਦਾ ਗਿਆ। ਬੀਤੇ ਦਿਨੀ ਜਦੋਂ ਸੰਗਤਾਂ ਨੇ ਕੁਝ ਚੋਣਵੇ ਪੱਤਰਕਾਰਾਂ ਦੀ ਹਾਜਰੀ ਵਿੱਚ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੇ ਨੋਟਿਸ ਵਾਪਰੀ ਇਸ ਘਟਨਾ ਦਾ ਬਿਉਰਾ ਲਿਆਦਾ ਤਾਂ ਪਹਿਲਾਂ ਤਾਂ ਸ੍ਰੀ ਮੱਕੜ ਨੇ ਇਹ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ ਕਿ, "ਚਲੋ ਹੋ ਸਕਦਾ ਹੈ ਕਿ ਜਥੇਦਾਰ ਨੂੰ ਪੈਸਿਆ ਦੀ ਖਾਸ ਲੋੜ ਹੋਵੇ।"

ਪਰ ਜਦੋਂ ਸੰਗਤਾਂ ਨੇ ਜੋਰ ਦੇ ਕੇ ਕਿਹਾ ਤਾਂ ਉਹਨਾਂ ਨੇ ਆਪਣੇ ਨਿੱਜੀ ਸਹਾਇਕ ਮਨਜੀਤ ਸਿੰਘ ਨੂੰ ਆਦੇਸ਼ ਜਾਰੀ ਕੀਤੇ ਕਿ ਇਸ ਭ੍ਰਿਸ਼ਟ ਜਥੇਦਾਰ ਨੂੰ ਤੁਰੰਤ ਮੁਅੱਤਲ ਕਰਕੇ ਉਸ ਦਾ ਹੈਡਕੁਆਟਰ ਅੰਮ੍ਰਿਤਸਰ ਤੋਂ ਬਾਹਰ ਕਿਸੇ ਗੁਰੂਦੁਆਰੇ ਵਿੱਚ ਬਣਾ ਦਿੱਤਾ ਜਾਵੇ। ਨਿੱਜੀ ਸਹਾਇਕ ਮਨਜੀਤ ਸਿੰਘ ਜੋ ਕਿ ਪਹਿਲਾਂ ਹੀ ਅਜਿਹੇ ਹੁਕਮਾਂ ਦੀ ਬੇਸ਼ਬਰੀ ਨਾਲ ਉਡੀਕ ਕਰ ਰਿਹਾ ਸੀ, ਨੂੰ ਇਹ ਸੁਣ ਕੇ ਲਾਲੀਆਂ ਚੜ੍ਹ ਗਈਆਂ ਤੇ ਉਹਨਾਂ ਨੇ ਬਾਕੀ ਸਾਰੇ ਕੰਮ ਛੱਡ ਕੇ ਜਥੇਦਾਰ ਦੀ ਫਾਈਲ ਕੱਢਵਾਈ ਤੇ ਲਾਲ ਅੱਖਰਾਂ ਨਾਲ ਰੀਪੋਰਟ ਕਰਕੇ ਮੁਅੱਤਲ ਕਰ ਦੇ ਆਰਡਰ ਬਣਾ ਕੇ ਉਸ ਦਾ ਹੈਡਕੁਆਟਰ ਸੁਲਤਾਨਪੁਰ ਲੋਧੀ ਬਣਾ ਦਿੱਤਾ। ਜਦੋਂ ਇਹ ਫਾਈਲ ਦਸਤਖਤਾਂ ਵਾਸਤੇ ਸਕੱਤਰ ਸ੍ਰੀ ਦਿਲਮੇਘ ਸਿੰਘ ਕੋਲ ਪੁੱਜੀ ਤਾਂ ਉਹਨਾਂ ਨੇ ਜਿਥੇ ਮੁਅੱਤਲ ਬਾਰੇ ਆਪਣੀ ਸਖਤ ਟਿੱਪਣੀ ਕਰਦਿਆਂ ਕਈ ਪ੍ਰਕਾਰ ਦੇ ਹੋਰ ਅਲੰਕਾਰ ਲਗਾ ਦਿੱਤੇ ਉਥੇ ਉਸ ਦਾ ਹੈਡਕੁਆਟਰ ਸੁਲਤਾਨਪੁਰ ਲੋਧੀ ਦੀ ਬਜਾਏ ਪੰਜਾਬ ਤੋਂ ਬਾਹਰ ਹਰਿਆਣਾ ਦੇ ਕਸਬਾ ਜੀਂਦ ਦੇ ਗੁਰੂਦੁਆਰੇ ਵਿੱਚ ਬਣਾ ਦਿੱਤਾ ਜਿਥੋਂ ਮਹੀਨੇ ਵਿੱਚ ਦੋ ਚਾਰ ਵਾਰ ਆਉਣ ਲੱਗਿਆਂ ਅੱਧੀ ਤਨਖਾਹ ਕਿਰਾਏ ਵਿੱਚ ਹੀ ਖਰਚ ਹੋ ਜਾਂਦੀ ਹੈ।

ਸ਼ਰੋਮਣੀ ਕਮੇਟੀ ਪ੍ਰਧਾਨ ਸ੍ਰੀ ਮੱਕੜ ਨੇ ਤਰਸੇਮ ਸਿੰਘ ਨੂੰ ਮੁਅੱਤਲ ਕਰਨ ਦੇ ਆਦੇਸ਼ਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਿਸੇ ਵੀ ਅਜਿਹੇ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਹੜਾ ਪ੍ਰਬੰਧ ਵਿੱਚ ਰੁਕਾਵਟ ਬਣਦਾ ਹੋਵੇਗਾ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਫੈਲਾਉਣ ਵਾਲੇ ਮੁਲਾਜਮ ਜਾਂ ਅਧਿਕਾਰੀ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕੁਝ ਅਕਾਲੀ ਆਪਣੀ ਸੱਤਾ ਧੌਂਸ ਦੇ ਕੇ ਉਹਨਾਂ ਕੋਲੋ ਕੰਮ ਕਰਾਉਣ ਦੀ ਕੋਸ਼ਿਸ਼ ਜਰੂਰ ਕਰਦੇ ਹਨ ਪਰ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ੍ਰੋਮਣੀ ਅਕਾਲੀ ਦਲ ਦੇ ਪਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਕਿਸੇ ਵੀ ਪ੍ਰਕਾਰ ਦੀ ਦਖਲਅੰਦਾਜੀ ਨਹੀਂ ਕੀਤੀ। ਸਗੋਂ ਸੁਖਬੀਰ ਸਿੰਘ ਬਾਦਲ ਦੇ ਤਾਂ ਸਪੱਸ਼ਟ ਤੌਰ ਤੇ ਕਿਹਾ ਕਿ ਉਹਨਾਂ ਦਾ ਕੋਈ ਰਿਸ਼ਤੇਦਾਰ ਜਾਂ ਫਿਰ ਕੋਈ ਅਕਾਲੀ ਉਹਨਾਂ ਦਾ ਨਾਮ ਲੈ ਕੇ ਕਿਸੇ ਕਿਸਮ ਦੀ ਪ੍ਰਬੰਧ ਵਿੱਚ ਦਖਲਅੰਦਾਜੀ ਕਰਦਾ ਹੈ ਉਸ ਨੂੰ ਅੱਖੋਂ ਪਰੋਖੇ ਕਰਕੇ ਉਹਨਾਂ ਦੇ ਨੋਟਿਸ ਵਿੱਚ ਜਰੂਰ ਲਿਆਦਾ ਜਾਵੇ। ਉਹਨਾਂ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਬਹੁਤ ਸਾਰੇ ਅਜਿਹੇ ਮੁਲਾਜ਼ਮ ਬਰਖਾਸਤ ਕੀਤੇ ਜਾ ਚੁੱਕੇ ਹਨ। ਜਿਹੜੇ ਕਈ ਪ੍ਰਕਾਰ ਦੀਆ ਕੁਰਹਿੱਤਾਂ ਕਰਨ ਲਈ ਦੋਸ਼ੀ ਪਾਏ ਗਏ ਸਨ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਕਈ ਹੋਰ ਵੀ ਤਬਦੀਲੀਆਂ ਜਲਦੀ ਹੀ ਕੀਤੀਆਂ ਜਾਣਗੀਆਂ।

ਪੀੜਤ ਸ਼ਰਧਾਲੂ ਇੱਕ ਅਮੀਰ ਪਾਰਟੀ ਹੈ ਅਤੇ ਗੁਰੂ ਘਰ ਦਾ ਅਨਿਨ ਭਗਤ ਹੈ। ਪਿਛਲੇ ਕਈ ਸਾਲਾਂ ਤੋਂ ਉਹ ਲਾਗਤਾਰ ਸ੍ਰੀ ਦਰਬਾਰ ਸਾਹਿਬ ਆ ਰਿਹਾ ਹੈ ਅਤੇ ਕੁਝ ਸਾਲ ਪਹਿਲਾਂ ਵੀ ਉਸ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਸ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਖਿਆਲ ਰੱਖਣ ਲਈ ਫੋਨ ਕੀਤਾ ਸੀ। ਇਸ ਸ਼ਰਧਾਲੂ ਨੂੰ ਆਮ ਤੌਰ ਕਈ ਸੇਵਾਦਾਰ ਅਡਵਾਨੀ ਕਹਿ ਕੇ ਵੀ ਪੁਕਾਰਦੇ ਹਨ। ਗੁਰੂ ਘਰ ਦਾ ਉਹ ਇੰਨਾ ਕੁ ਭਗਤ ਹੈ ਕਿ ਪਿਛਲੇ ਸਾਲ ਉਸਨੇ ਸ੍ਰੀ ਦਰਬਾਰ ਸਾਹਿਬ ਦੀਆ ਪ੍ਰਕਰਮਾ ਵਿੱਚ ਲੱਗੀਆਂ ਛਬੀਲਾਂ ਤੇ ਸੰਗਤਾਂ ਨੂੰ ਠੰਡਾ ਪਾਣੀ ਪਿਲਾਉਣ ਲਈ ਵਾਟਰ ਕੂਲਰ ਵੀ ਲਗਵਾ ਕੇ ਦਿੱਤੇ ਸਨ, ਪਰ ਜਥੇਦਾਰ ਪ੍ਰਕਰਮਾ ਸ੍ਰੀ ਤਰਸੇਮ ਸਿੰਘ ਨੇ ਇਸ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਦਾ ਆਂਡਾ ਖਾਣ ਦੀ ਬਜਾਏ ਜਦੋਂ ਮੁਰਗੀ ਖਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਦੇਣੀਆਂ ਦੀਆਂ ਲੈਣੀਆਂ ਪੈ ਗਈਆਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top