Share on Facebook

Main News Page

ਭਾਈ ਰਾਜੋਆਣਾ ਦੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਣ ਭਾਵਨਾ ਤੋਂ ਇੱਥੇ ਸੇਵਾ ਕਰ ਰਹੇ ਸੇਵਾਦਾਰ ਵੀ ਪ੍ਰੇਰਣਾ ਲੈਣ: ਭਾਈ ਸ਼ਿਵਤੇਗ ਸਿੰਘ

* ਕਾਸ਼! ਅਕਾਲ ਤਖ਼ਤ ਨੂੰ ਸਮ੍ਰਪਣ ਹੋਣ ਦਾ ਪ੍ਰਚਾਰ ਅਤੇ ਦਾਅਵਾ ਕਰਨ ਵਾਲੇ ਖ਼ੁਦ ਵੀ ਅਕਾਲ ਤਖ਼ਤ ਨੂੰ ਅਕਾਲ ਤਖ਼ਤ ਨੂੰ ਸਮ੍ਰਪਿਤ ਹੋ ਜਾਣ

ਬਠਿੰਡਾ, 3 ਅਪ੍ਰੈਲ (ਕਿਰਪਾਲ ਸਿੰਘ): ਭਾਈ ਰਾਜੋਆਣਾ ਦੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਣ ਭਾਵਨਾ ਤੋਂ ਇੱਥੇ ਸੇਵਾ ਕਰ ਰਹੇ ਸੇਵਾਦਾਰ ਵੀ ਪ੍ਰੇਰਣਾ ਲੈਣ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਤੋਂ ਚੱਲ ਰਹੀ ਲੜੀਵਾਰ ਕਥਾ ਦੌਰਾਨ ਹੈੱਡ ਪ੍ਰਚਾਰਕ ਭਾਈ ਸ਼ਿਵਤੇਗ ਸਿੰਘ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਤਰੀਕ ਅਤੇ ਸਮਾ ਨਿਸਚਤ ਹੋ ਗਿਆ ਸੀ ਪਰ ਇਸ ਦੇ ਬਾਵਯੂਦ ਉਹ ਮੌਤ ਦੇ ਡਰ ਤੋਂ ਬੇਖੌਫ਼ ਤੇ ਅਡੋਲ ਰਹਿੰਦੇ ਹੋਏ ਆਪਣੀ ਵਸੀਹਤ ਵਿੱਚ ਲਿਖ ਰਹੇ ਹਨ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮ੍ਰਪਤ ਹਨ ਤੇ ਉਨ੍ਹਾਂ ਦੀ ਮੌਤ ਪਿੱਛੋਂ ਉਨ੍ਹਾਂ ਦਾ ਸਰੀਰ ਵੀ ਅਕਾਲ ਤਖ਼ਤ ਸਾਹਿਬ ਨੂੰ ਸਮ੍ਰਪਤ ਹੋਵੇਗਾ।

ਉਨ੍ਹਾਂ ਦੀਆਂ ਅੱਖਾਂ ਦਰਬਾਰ ਸਾਹਿਬ ਵਿੱਚ ਕੀਰਤਨ ਦੀ ਸੇਵਾ ਨਿਭਾ ਰਹੇ ਰਾਗੀ ਸਿੰਘ, ਗ੍ਰੰਥੀ ਜਾਂ ਕਿਸੇ ਹੋਰ ਸੇਵਾਦਾਰ ਨੂੰ ਦਿੱਤੀਆਂ ਜਾਣ ਤਾ ਕਿ ਮਰਨ ਉਪ੍ਰੰਤ ਵੀ ਉਸ ਦੀਆਂ ਅੱਖਾਂ ਗੁਰੂ ਗ੍ਰੰਥ ਸਾਹਿਬ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣ। ਸਰੀਰ ਦੇ ਹੋਰ ਅੰਗ ਜਿਸ ਦੇ ਵੀ ਕੰਮ ਆ ਸਕਣ ਉਸ ਨੂੰ ਦਿੱਤੇ ਜਾਣ। ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਿ ਭਾਈ ਰਾਜੋਆਣਾ 17 ਸਾਲ ਜੇਲ੍ਹ ਵਿੱਚ ਰਹਿ ਕੇ ਵੀ ਗੁਰਬਾਣੀ ਤੋਂ ਪ੍ਰੇਰਣਾ ਲੈ ਰਹੇ ਹਨ ਇਸ ਲਈ ਉਹ ਸਾਹਮਣੇ ਖੜ੍ਹੀ ਮੌਤ ਨੂੰ ਵੀ ਮਖੌਲਾਂ ਕਰਦੇ ਹਨ। ਕਿਉਂਕਿ ਇਹ ਪ੍ਰੇਰਣਾ ਉਨ੍ਹਾਂ ਨੂੰ ਗੁਰਬਾਣੀ ਤੋਂ ਮਿਲੀ ਹੈ:

ਙਣਿ ਘਾਲੇ ਸਭ ਦਿਵਸ ਸਾਸ, ਨਹ ਬਢਨ ਘਟਨ ਤਿਲੁ ਸਾਰ ॥ ਜੀਵਨ ਲੋਰਹਿ ਭਰਮ ਮੋਹ, ਨਾਨਕ ਤੇਊ ਗਵਾਰ ॥1॥ {ਗਉੜੀ ਬਾਵਨ ਅਖਰੀ ਮ: 5, ਗੁਰੂ ਗ੍ਰੰਥ ਸਾਹਿਬ - ਪੰਨਾ 254} ਭਾਵ ਅਕਾਲ ਪੁਰਖ਼ (ਜੀਵ ਦੀ ਉਮਰ ਦੇ) ਸਾਰੇ ਦਿਨ ਤੇ ਸੁਆਸ ਗਿਣ ਕੇ ਹੀ (ਜੀਵ ਨੂੰ ਜਗਤ ਵਿਚ) ਭੇਜਦਾ ਹੈ, (ਉਸ ਗਿਣਤੀ ਨਾਲੋਂ) ਇਕ ਤਿਲ ਜਿਤਨਾ ਭੀ ਵਾਧਾ ਘਾਟਾ ਨਹੀਂ ਹੋ ਸਕਦਾ। ਹੇ ਨਾਨਕ! ਉਹ ਬੰਦੇ ਮੂਰਖ ਹਨ ਜੋ ਮੋਹ ਦੀ ਭਟਕਣਾ ਵਿਚ ਪੈ ਕੇ (ਪ੍ਰਭੂ ਵਲੋਂ ਮਿਲੀ ਉਮਰ ਨਾਲੋਂ ਵਧੀਕ) ਜੀਊਣਾ ਲੋੜਦੇ ਹਨ ॥1॥

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਪਰ ਹੈਰਾਨੀ ਹੈ ਕਿ ਗੁਰਬਾਣੀ ਤੋਂ ਇਹ ਸੂਝ ਭਾਈ ਰਾਜੋਆਣਾ ਨੂੰ ਤਾਂ 17 ਸਾਲ ਜੇਲ੍ਹ ਵਿੱਚ ਰਹਿਣ ਅਤੇ ਸਾਹਮਣੇ ਮੌਤ ਖੜ੍ਹੀ ਵੇਖ ਕੇ ਵੀ ਹੋ ਰਹੀ ਹੈ। ਇਸੇ ਲਈ ਸਿੱਖ ਕੌਮ ਦੀ ਅਣਖ, ਅਜਾਦੀ ਅਤੇ ਇਨਸਾਫ਼ ਦੀ ਕੀਮਤ ’ਤੇ ਆਪਣੀ ਜਾਨ ਬਚਾਉਣ ਲਈ ਕਿਸੇ ਵੀ ਸਰਕਾਰ ਜਾਂ ਅਦਾਲਤ ਅੱਗੇ ਝੁਕਣ, ਮੁਆਫ਼ੀ ਜਾਂ ਰਹਿਮ ਦੀਆਂ ਅਪੀਲਾਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪਰ ਜਿਹੜੇ ਤਖ਼ਤਾਂ ਨੂੰ ਉਹ ਆਪਣੀ ਸਮਰਪਣ ਭਾਵਨਾਂ ਵਿਖਾ ਰਿਹਾ ਹੈ ਉਥੋਂ ਦੇ ਸੇਵਾਦਾਰਾਂ, ਗੁਰਬਾਣੀ ਦੇ ਪ੍ਰਚਾਰਕਾਂ ਅਤੇ ਹੋਰ ਲੋਕ ਜਿਹੜੇ ਅਕਾਲ ਤਖ਼ਤ ਨੂੰ ਸਮਰਪਣ ਹੋਣ ਦੀਆਂ ਗੱਲਾਂ ਕਰਦੇ ਹਨ ਉਨ੍ਹਾਂ ਨੂੰ ਅੱਜ ਤੱਕ ਉਥੇ ਸੇਵਾ ਨਿਭਾਉਂਦਿਆਂ ਵੀ ਇਹ ਸੂਝ ਨਹੀਂ ਆਈ। ਉਹ ਇੱਥੋਂ ਹੁਕਮਨਾਮੇ ਜਾਰੀ ਕਰਨ ਸਮੇਂ ਵੇਖਦੇ ਹਨ ਕਿ ਜੇ ਉਨ੍ਹਾਂ ਗੁਰਬਾਣੀ ਤੋਂ ਸੇਧ ਲੈਂਦੇ ਹੋਏ ਕੋਈ ਫੈਸਲਾ ਕਰ ਦਿੱਤਾ ਤਾਂ ਉਸ ਦਾ ਇਹ ਨੁਕਸਾਨ ਨਾ ਹੋ ਜਾਏ! ਕੋਈ ਸ਼ਕਤੀਸਾਲੀ ਵਿਅਕਤੀ ਨਰਾਜ਼ ਨਾ ਜਾਵੇ!

ਉਨ੍ਹਾਂ ਕਿਹਾ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਵਾਉਣ ਲਈ ਅਕਾਲ ਤਖ਼ਤ ਤੋਂ ਹੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਆਦੇਸ਼ ਦਿੱਤਾ ਗਿਆ; ਕੇਂਦਰ ਸਰਕਾਰ ਤੱਕ ਸਿੱਖਾਂ ਦੀਆਂ ਭਾਵਨਾਵਾਂ ਪਹੁੰਚਾਉਣ ਲਈ 28 ਮਾਰਚ ਨੂੰ ਪੰਜਾਬ ਬੰਦ ਦਾ ਸੱਦਾ ਅਕਾਲ ਤਖ਼ਤ ਤੋਂ ਹੀ ਦਿੱਤਾ ਗਿਆ। ਪਰ ਜਿਹੜੇ ਪੰਥਕ ਆਗੂਆਂ ਨੇ ਅਕਾਲ ਤਖ਼ਤ ਦੇ ਆਦੇਸ਼ ’ਤੇ ਅਮਲ ਕਰਦਿਆਂ ਸ਼ਾਂਤਮਈ ਢੰਗ ਨਾਲ ਪੰਜਾਬ ਬੰਦ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਇਆ, ਉਨ੍ਹਾਂ ਨੂੰ ਅਕਾਲ ਤਖ਼ਤ ਨੂੰ ਸਮ੍ਰਪਿਤ ਹੋਣ ਦਾ ਦਾਅਵਾ ਕਰਨ ਵਾਲਿਆਂ ਦੀ ਸਰਕਾਰ ਨੇ ਹੀ ਫੜ੍ਹ ਕੇ ਜੇਲ੍ਹਾਂ ਵਿੱਚ ਤੁੰਨ ਦਿੱਤਾ ਹੈ। ਇੱਥੋਂ ਤੱਕ ਕਿ ਬਾਬਾ ਬਲਜੀਤ ਸਿੰਘ ਜੀ ਦਾਦੂਵਾਲੇ ਜਿਹੜੇ ਗੁਰਬਾਣੀ ਦਾ ਪ੍ਰਚਾਰ ਕਰਦੇ ਹੋਏ ਸ਼ਬਦ ਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦਿੰਦੇ ਹਨ ਤੇ ਡੇਰਾਵਾਦ ਦਾ ਵਿਰੋਧ ਕਰਦੇ ਹੋਏ ਹਰ ਪੰਥਕ ਲਹਿਰ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ, ਹਜਾਰਾਂ ਪ੍ਰਾਣੀਆਂ ਨੂੰ ਖੰਡੇਬਾਟੇ ਦੀ ਪਾਹੁਲ ਛਕਾਈ ਹੈ, ਉਨ੍ਹਾਂ ਨੂੰ ਵੀ ਜੇਲ੍ਹ ਵਿੱਚ ਸੁੱਟ ਦਿੱਤਾ ਹੈ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਜੇ ਕਰ ਸਵੱਛ ਜਲ ਦੇ ਸੋਮਿਆਂ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਰੱਖਿਆ ਜਾਵੇ ਤਾਂ ਲੋਕਾਂ ਨੂੰ ਆਪਣੀ ਪਿਆਸ ਬੁਝਾਉਣ ਲਈ ਛਪੜਾਂ ਤੋਂ ਹੀ ਪਾਣੀ ਪੀਣਾ ਪਏਗਾ। ਪਰ ਜਦ ਗੁਰਬਾਣੀ ਤੋਂ ਦੂਰ ਰੱਖੇ ਲੋਕ ਦੇਹਧਾਰੀ ਗੁਰੂਆਂ ਦੇ ਡੇਰਿਆਂ ’ਤੇ ਜਾਂਦੇ ਹਨ ਤਾਂ ਸਾਡੇ ਇਹੀ ਆਗੂ ਇਤਰਾਜ ਕਰਦੇ ਹਨ ਕਿ ਲੋਕ ਗੁਰੂ ਗ੍ਰੰਥ ਸਾਹਿਬ ਰੂਪੀ ਅੰਮ੍ਰਿਤਮਈ ਸਰੋਵਰ ਨੂੰ ਛੱਡ ਕੇ ਡੇਰੇਦਾਰਾਂ ਦੇ ਛੱਪੜਾਂ ਤੋਂ ਪਾਣੀ ਪੀਂਦੇ ਹਨ। ਉਨ੍ਹਾਂ ਕਿਹਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਦਾ ਪ੍ਰਚਾਰ ਕਰ ਰਹੇ ਪਰਚਾਰਕਾਂ ਅਤੇ ਪੰਥਕ ਆਗੂਆਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਉਨ੍ਹਾਂ ਨੂੰ ਆਮ ਲੋਕਾਂ ਤੋਂ ਦੂਰ ਰੱਖਿਆ ਜਾਵੇਗਾ ਤਾਂ ਡੇਰਾਵਾਦ ਵਧੇਗਾ ਹੀ।

ਭਾਈ ਸ਼ਿਵਤੇਗ ਸਿੰਘ ਨੇ ਕਿਹਾ ਕਾਸ਼! ਅਕਾਲ ਤਖ਼ਤ ਨੂੰ ਸਮ੍ਰਪਣ ਹੋਣ ਦਾ ਪ੍ਰਚਾਰ ਅਤੇ ਦਾਅਵਾ ਕਰਨ ਵਾਲੇ ਖ਼ੁਦ ਵੀ ਅਕਾਲ ਤਖ਼ਤ ਨੂੰ ਅਕਾਲ ਤਖ਼ਤ ਨੂੰ ਸਮ੍ਰਪਿਤ ਹੋ ਜਾਣ। ਉਥੋਂ ਹੁਕਮਨਾਮੇ ਤੇ ਆਦੇਸ਼ ਜਾਰੀ ਕਰਨ ਅਤੇ ਲਾਗੂ ਕਰਨ ਸਮੇਂ ਭਾਈ ਰਾਜੋਆਣਾ ਵਾਂਗ ਗੁਰਬਾਣੀ ਤੋਂ ਹੀ ਸੇਧ ਲੈਣ ਨਾ ਕਿ ਇਹ ਵੇਖਣ ਕਿ ਇਸ ਨਾਲ ਕਿਹੜਾ ਮਨੁਖ ਜਾਂ ਧੜਾ ਨਰਾਜ ਹੋਵੇਗਾ ਤੇ ਕਿਹੜਾ ਖੁਸ਼ ਹੋਵੇਗਾ; ਕਦੀ ਇਸ ਨੂੰ ਲਾਗੂ ਕਰਨ ਨਾਲ ਸਾਡੇ ਅਹੁਦਿਆਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ!


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top