Share on Facebook

Main News Page

ਅਜ਼ਾਦੀ ਤੋਂ ਬਾਅਦ ਭਾਰਤ ਅੰਦਰ ਸਿੱਖਾਂ ਨਾਲ ਹੋਈਆਂ ਜ਼ਿਆਦਤੀਆਂ ਦੀ ਲਿਸਟ ਲੰਬੀ

ਨਵੀਂ ਦਿੱਲੀ, 4 ਅਪ੍ਰੈਲ (ਸੁਖਰਾਜ ਸਿੰਘ) : ਅਜ਼ਾਦੀ ਤੋਂ ਬਾਅਦ ਭਾਰਤ ਅੰਦਰ ਸਿੱਖਾਂ ਨਾਲ ਹੋਈਆਂ ਜ਼ਿਆਦਤੀਆਂ ਦੀ ਲਿਸਟ ਲੰਬੀ ਹੈ ਅੱਜ ਤੱਕ ਬੇਇਨਸਾਫ਼ੀਆਂ ਦਾ ਦੋਰ ਜਾਰੀ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ.ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅਜ਼ਾਦ ਭਾਰਤ ਅੰਦਰ ਸਿੱਖਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਉਣ ਲਈ ਹਰ ਜਿਆਦਤੀ ਤੋਂ ਬਾਅਦ ਗੁਨਾਹਗਾਰ ਵੀ ਸਿੱਖਾਂ ਨੂੰ ਸਾਬਤ ਕਰਨ ਲਈ ਪੂਰਾ ਜੋਰ ਲਗਾਇਆ ਜਾਂਦਾ ਹੈ। ਸ. ਕਰਨੈਲ ਸਿੰਘ ਪੀਰ ਮੁਹੰਮਦ ਜੋ ਕਿ ਕਾਂਗਰਸੀ ਨੇਤਾਂ ਸੱਜਣ ਕੁਮਾਰ ਦੇ ਕੇਸ ਵਿਚ ਮੁਖ ਗਵਾਹ ਬੀਬੀ ਜਗ਼ਦੀਸ਼ ਕੌਰ ਨਾਲ ਨਵੀਂ ਦਿੱਲੀ ਪਹੁੰਚੇ ਹੋਏ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਿਆ ਕਿ ਬੀਬੀ ਜਗਦੀਸ਼ ਕੌਰ ਦੇ ਪਤੀ ਸ.ਕੇਹਰ ਸਿੰਘ, ਪੁੱਤਰ ਗੁਰਪ੍ਰੀਤ ਸਿੰਘ, ਤਿੰਨ ਭਰਾਂ ਸ.ਨਰਿੰਦਰ ਸਿੰਘ, ਰਘਵਿੰਦਰ ਸਿੰਘ, ਕੁਲਦੀਪ ਸਿੰਘ ਨੂੰ ਸੱਜਣ ਕੁਮਾਰ ਦੀ ਅਗਵਾਈ ਵਾਲੇ ਕਾਤਲ ਗਰੋਹ ਨੇ ਇਕ ਨਵੰਬਰ ਨੂੰ ਜਿੰਦਾ ਸਾੜ ਦਿਤਾ ਸੀ।

ਇਸ ਮੌਕੇ ਇਕ ਹੋਰ ਗਵਾਹ ਸ.ਜਗਮੋਹਣ ਸਿੰਘ ਅੰਮ੍ਰਿਤਸਰ ਜਿਸ ਨੂੰ ਮਰਿਆ ਕਰਾਰ ਦੇ ਕੇ ਦਿੱਲੀ ਪੁਲਿਸ ਨੇ ਸ਼ਮਸ਼ਾਨ ਘਾਟ ਭੇਜ ਦਿਤਾ ਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਸਿਆ ਕਿ ਉਹ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਲਾਜਮ ਸਨ ਅਤੇ ਬੰਗਲਾ ਸਾਹਿਬ ਅਜਾਇਬ ਘਰ ’ਚ ਡਿਊਟੀ ਕਰਦੇ ਸਨ। ਉਨ੍ਹਾਂ ਦਸਿਆ ਕਿ ਇਕ ਨਵੰਬਰ ਨੂੰ ਮੰਗਲ ਸਿੰਘ, ਬ੍ਰਿਜ ਮੋਹਣ, ਭਗਤ ਸਿੰਘ, ਰਾਧੇ ਸ਼ਿਆਮ, ਮਹਿੰਦਰ ਕਚੌਰੀ ਵਾਲਾ, ਓਮ ਪ੍ਰਕਾਸ਼ ਡੀਪੂ ਵਾਲਾ ਦੀ ਅਗਵਾਈ ਵਿਚ ਸ਼ਾਸਤਰੀ ਨਗਰ ਸਰਾਏ ਰੁਹੇਲ ਵਿਖੇ ਬੜੀ ਬੇਰਹਿਮੀ ਨਾਲ ਮਾਰਨ ਦਾ ਯਤਨ ਕੀਤਾ ਗਿਆ। ਉਨ੍ਹਾਂ ਦੇ ਭਰਾ ਨੇ ਸ਼ਮਸ਼ਾਨ ਘਾਟ ’ਚੋਂ ਉਸ ਦੀ ਲਾਸ਼ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਤੇ ਉਹ ਅੱਜ ਜਿੰਦਾ ਹਨ। ਇਸ ਕੇਸ ’ਚ ਉਪਰੋਕਤ ਦੋਸ਼ੀਆਂ ਨੂੰ ਜੱਜ ਤੀਸ ਹਜ਼ਾਰੀ ਨਵੀਂ ਦਿੱਲੀ ਨੇ 29 ਅਗਸਤ 2009 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਹਾਈ ਕੋਰਟ ਨੇ ਦੋਸ਼ੀਆਂ ਨੂੰ ਬਰੀ ਕਰ ਦਿਤਾ। ਉਨ੍ਹਾਂ ਸਰਕਾਰ ਨੂੰ ਉਲਾਬਾ ਦਿੰਦੇ ਹੋਏ ਕਿਹਾ ਕਿ ਫਾਂਸੀਆਂ ਸਿਰਫ਼ ਸਿੱਖਾਂ ਲਈ ਹੀ ਹਨ ਜਾ ਫ਼ਿਰ ਕਦੇ ਕਿਸੇ ਅਪਰਾਧੀ ਨੂੰ ਵੀ ਸਜ਼ਾ ਮਿਲੇਗੀ। ਇਸ ਸਮੇਂ ਉਨ੍ਹਾਂ ਨਾਲ ਸ.ਗੁਰਦੀਪ ਸਿੰਘ ਗੋਲਡੀ, ਜਗਮੋਹਨ ਸਿੰਘ, ਨਰਿੰਦਰ ਸਿੰਘ, ਅਵਤਾਰ ਸਿੰਘ, ਬਲਿਹਾਰ ਸਿੰਘ ਆਦਿ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top