Share on Facebook

Main News Page

ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਟੀ ਵਿਚ ਹੋਈਆਂ ਨਿਯੁਕਤੀਆਂ ਨੂੰ ਚੁਨੌਤੀ

ਚੰਡੀਗੜ੍ਹ, 2 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਡਾਕਟਰ ਗੁਰਨੇਕ ਸਿੰਘ ਦੇ ਕਾਰਜਕਾਲ ਦੌਰਾਨ ਹੋਈਆਂ ਨਿਯੁਕਤੀਆਂ ਨੂੰ ਸੋਮਵਾਰ ਨੂੰ ਇਕ ਜਨਹਿਤ ਪਟੀਸ਼ਨ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਨੌਤੀ ਦਿਤੀ ਗਈ ਹੈ। ਇਨ੍ਹਾਂ ਨਿਯੁਕਤੀਆਂ ਨੂੰ ਗ਼ਲਤ ਕਰਾਰ ਦੇਂਦੀ ਪਟੀਸ਼ਨ ’ਤੇ ਹਾਈ ਕੋਰਟ ਨੇ ਯੂਨੀਵਰਸਟੀ ਦੇ ਚਾਂਸਲਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਮੇਤ ਤਿੰਨ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬੀ ਕੀਤੀ ਹੈ।

ਮਨਜੀਤ ਸਿੰਘ ਕੰਬੋਜ ਨਾਂ ਦੇ ਵਿਅਕਤੀ ਵਲੋਂ ਦਾਖ਼ਲ ਕੀਤੀ ਗਈ ਇਸ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਯੂਨੀਵਰਸਟੀ ਦੇ ਵਾਈਸ ਚਾਂਸਲਰ ਡਾਕਟਰ ਜਸਬੀਰ ਸਿੰਘ ਆਹਲੂਵਾਲੀਆ ਨੂੰ ਗੋਲੀ ਲੱਗਣ ਕਾਰਨ ਉਹ ਜ਼ੇਰੇ ਇਲਾਜ ਸਨ ਤੇ ਕਿਉਂਕਿ ਇਸ ਯੂਨੀਵਰਸਟੀ ਨੂੰ ਸੌ ਫ਼ੀ ਸਦੀ ਫ਼ੰਡ ਸ਼੍ਰੋਮਣੀ ਕਮੇਟੀ ਵਲੋਂ ਦਿਤੇ ਜਾਂਦੇ ਹਨ ਜਿਸ ਕਾਰਨ ਜਥੇਦਾਰ ਮੱਕੜ ਇਸ ਯੂਨੀਵਰਸਟੀ ਦੇ ਚਾਂਸਲਰ ਹਨ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਡਾ. ਆਹਲੂਵਾਲੀਆ ਦੇ ਇਲਾਜ ਦੌਰਾਨ ਜਥੇਦਾਰ ਮੱਕੜ ਨੇ ਡਾਕਟਰ ਗੁਰਨੇਕ ਸਿੰਘ ਨੂੰ ਯੂਨੀਵਰਸਟੀ ਦਾ ਐਕਟਿੰਗ ਵਾਈਸ ਚਾਂਸਲਰ ਨਿਯੁਕਤ ਕੀਤਾ ਸੀ ਅਤੇ ਡਾਕਟਰ ਗੁਰਨੇਕ ਸਿੰਘ ਲਗਭਗ ਛੇ ਮਹੀਨੇ ਤਕ ਐਕਟਿੰਗ ਵਾਈਸ ਚਾਂਸਲਰ ਰਹੇ ਹਨ। ਇਸ ਦੌਰਾਨ 9 ਅਗੱਸਤ, 2011 ਤੋਂ ਲੈ ਕੇ 6 ਫ਼ਰਵਰੀ, 2012 ਤਕ ਸਟਾਫ਼ ਵਿਚ ਵਾਧਾ ਕਰ ਲਿਆ ਗਿਆ ਸੀ।

ਡਾਕਟਰ ਆਹਲੂਵਾਲੀਆ ਨੂੰ ਜਦੋਂ ਗੋਲੀ ਲੱਗੀ ਸੀ, ਉਦੋਂ ਸਟਾਫ਼ ਮੈਂਬਰਾਂ ਦੀ ਗਿਣਤੀ 44 ਸੀ ਅਤੇ ਡਾਕਟਰ ਗੁਰਨੇਕ ਸਿੰਘ ਦੇ ਕਾਰਜਕਾਲ ਦੌਰਾਨ ਕੀਤੀ ਗਈ ਭਰਤੀ ਤੋਂ ਬਾਅਦ ਹੁਣ ਸਟਾਫ਼ ਦੀ ਗਿਣਤੀ 150 ਹੋ ਗਈ ਹੈ। ਡਾਕਟਰ ਗੁਰਨੇਕ ਸਿੰਘ ਦੇ ਕਾਰਜਕਾਲ ਵਿਚ ਕੀਤੀ ਗਈ ਭਰਤੀ ’ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਪਟੀਸ਼ਨਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਗ਼ਲਤ ਤਰੀਕੇ ਨਾਲ ਭਰਤੀ ਕੀਤੀ ਹੈ। ਨਾ ਤਾਂ ਕੋਈ ਅਰਜ਼ੀ ਮੰਗੀ ਅਤੇ ਨਾ ਹੀ ਕੋਈ ਇਸ਼ਤਿਹਾਰ ਜਾਰੀ ਕੀਤਾ ਤੇ ਇਹੀ ਨਹੀਂ, ਇਨ੍ਹਾਂ ਨਿਯੁਕਤੀਆਂ ਲਈ ਕੋਈ ਮਨਜ਼ੂਰੀ ਵੀ ਨਹੀਂ ਲਈ ਗਈ। ਪਟੀਸ਼ਨ ਵਿਚ ਇਹ ਦੋਸ਼ ਵੀ ਲਗਾਇਆ ਗਿਆ ਹੈ ਕਿ ਜਥੇਦਾਰ ਮੱਕੜ ਅਤੇ ਡਾ. ਗੁਰਨੇਕ ਸਿੰਘ ਆਦਿ ਨੇ ਅਪਣੇ ਰਿਸ਼ਤੇਦਾਰਾਂ ਤੇ ਹੋਰ ਨੇੜਲਿਆਂ ਨੂੰ ਇਸ ਕਾਰਜਕਾਲ ਦੌਰਾਨ ਨੌਕਰੀਆਂ ਦਿਤੀਆਂ।

ਪਟੀਸ਼ਨਰ ਨੇ ਅਜਿਹੇ ਭਰਤੀ ਸਟਾਫ਼ ਦੇ ਕੁੱਝ ਨਾਂ ਵੀ ਹਾਈ ਕੋਰਟ ਸਾਹਮਣੇ ਪੇਸ਼ ਕੀਤੇ ਹਨ ਜਿਨ੍ਹਾਂ ਵਿਚ ਉਚੇਚੇ ਤੌਰ ’ਤੇ ਜਥੇਦਾਰ ਮੱਕੜ ਦੇ ਦੋਹਤਰੇ ਅਮਨਪ੍ਰੀਤ ਸਿੰਘ ਨੂੰ ਇਸੇ ਯੂਨੀਵਰਸਟੀ ਵਿਚ 6500 ਰੁਪਏ ਮਹੀਨਾਵਾਰ ਤਨਖ਼ਾਹ ’ਤੇ ਬਤੌਰ ਲੈਬ ਸੁਪਰਵਾਈਜ਼ਰ ਕੰਮ ਕਰਦਿਆਂ ਹੋਇਆਂ, ਉਸ ਨੂੰ 35 ਹਜ਼ਾਰ ਰੁਪਏ ਮਹੀਨਾਵਾਰ ਵਾਲੀ ਡਿਪਟੀ ਡਾਇਰੈਕਟਰ ਯੂਥ ਵੈਲਫ਼ੇਅਰ ਦੀ ਨੌਕਰੀ ’ਤੇ ਕੀਤੀ ਗਈ ਨਿਯੁਕਤ ਦਾ ਹਵਾਲਾ ਦਿਤਾ ਗਿਆ ਹੈ। ਇਸ ਤੋਂ ਇਲਾਵਾ ਡਾਕਟਰ ਗੁਰਨੇਕ ਸਿੰਘ ਵਲੋਂ ਯੂਨੀਵਰਸਿਟੀ ਦੇ ਕੰਟਰੋਲਰ ਐਚ.ਐਸ.ਵਰਮਾ ਤੋਂ ਉਨ੍ਹਾਂ ਦਾ ਕੰਮਕਾਜ ਵਾਪਸ ਲੈਣ ਨੂੰ ਵੀ ਗ਼ਲਤ ਕਾਰਵਾਈ ਕਰਾਰ ਦਿਤਾ ਗਿਆ ਹੈ। ਪਟੀਸ਼ਨਰ ਨੇ ਭਰਤੀ ਸਬੰਧੀ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਦਾ ਹਵਾਲਾ ਵੀ ਅਪਣੀ ਪਟੀਸ਼ਨ ਨਾਲ ਦਿਤਾ ਹੈ। ਹਾਈ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਡਵੀਜ਼ਨ ਬੈਂਚ ਨੇ ਪਟੀਸ਼ਨ ’ਤੇ ਜਥੇਦਾਰ ਮੱਕੜ, ਡਾਕਟਰ ਗੁਰਨੇਕ ਸਿੰਘ, ਪ੍ਰਧਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਆਦਿ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬੀ ਕੀਤੀ ਹੈ। ਵਿਰੋਧੀ ਧਿਰਾਂ ਨੂੰ 31 ਮਈ ਦਾ ਨੋਟਿਸ ਜਾਰੀ ਕੀਤਾ ਗਿਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top