Share on Facebook

Main News Page

ਗੁਰਮਤਿ ਸਿਧਾਂਤ ਦੇ ਅਸਲ ਵਿਰੋਧੀ

ਸੰਨ 1984 ਤੋਂ ਬਾਦ ਦਿਨ-ਬ-ਦਿਨ ਸਿਖ ਧਰਮ ਬੜੀ ਹੀ ਤੇਜੀ ਨਾਲ ਪਤਨ ਵੱਲ ਵੱਧ ਰਿਹਾ ਹੈ, ਇਸ ਪਤਨ ਨੂੰ ਰੋਕਣ ਲਈ ਕਈ ਅਖਬਾਰਾਂ, ਰਸਾਲੇ ਅਤੇ ਵੈਬਸਾਈਟਾਂ ਹੋਂਦ ਵਿੱਚ ਆਈਆਂ, ਜਿਨ੍ਹਾਂ ਵਿੱਚੋਂ ਬਹੁਤਾਤ ਸਿੱਖੀ ਦੇ ਹੀ ਮੂਲ ਸਿਧਾਂਤਾਂ ਅਤੇ ਸੋਮਿਆਂ ਨੂੰ ਨਸ਼ਟ ਕਰਨ ਲਈ ਗੁਰਮਤਿ ਸਿਧਾਂਤ ਵਿਰੋਧੀਆਂ ਨੂੰ ਮਹੱਤਵਪੂਰਨ ਸਮਗਰੀ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਗੀਆਂ। ਇਸੇ ਦੌਰਾਨ ਇੱਕ ਦੋ ਸਮਿਆਂ ’ਤੇ ਸੁਧਾਰ ਲਹਿਰਾਂ ਖੜੀਆਂ ਹੋਣ ਦੇ ਆਸਾਰ ਵੀ ਬਣੇ, ਪਰ ਉਨ੍ਹਾਂ ਆਸਾਰਾਂ ਨੂੰ ਖਤਮ ਕਰਨ ਲਈ ਉਪਰੋਕਤ ਵਿੱਚੋਂ, ਕਿਸੇ ਨਾ ਕਿਸੇ ਨੇ ਉਚੇਚਾ ਰੋਲ ਨਿਭਾਇਆ। ਭੱਵਿਖ ਵਿੱਚ ਵਾਪਰਣ ਵਾਲੀਆਂ ਸਮਸਿਆਵਾਂ ਤੋਂ ਬਚਣ ਲਈ ਸਾਨੂੰ ਭੂਤ ਅਤੇ ਵਰਤਮਾਨ ਸਮੇਂ ਨੂੰ ਧਿਆਨ ਵਿੱਚ ਰਖਣਾ ਬੜਾ ਹੀ ਜਰੂਰੀ ਹੈ, ਆਉ ਵਿਚਾਰੀਏ:-

ਭਾਰਤੀ ਸਮਾਜ ਵਿੱਚ ਫੈਲੀਆਂ ਬੁਰਾਈਆਂ ਅਤੇ ਧਾਰਮਿਕ ਲੋਕਾਂ ਵਲੋਂ ਭੋਲੇ-ਭਾਲੇ ਲੋਕਾਂ ਦੀ ਲੁੱਟ ਘਸੁੱਟ ਨੂੰ ਰੋਕਣ ਲਈ ਅਤੇ ਅਸਲ ਧਰਮ ਨੂੰ ਸਮਝਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਬੜੀਆਂ ਹੀ ਮੁਸ਼ਕਿਲਾਂ ਝੱਲੀਆਂ, ਹਜਾਰਾਂ ਮੀਲਾਂ ਦਾ ਪੈਦਲ ਸਫਰ ਕੀਤਾ, ਅਤੇ ਲੋਕਾਂ ਨੂੰ ਸਮਝਾਇਆ ਕਿ ਕਿਹੜੇ ਕੰਮਾਂ ਨਾਲ ਮਨੁੱਖ ਰੱਬ ਤੋਂ ਦੂਰ ਹੁੰਦਾ ਹੈ, ਅਤੇ ਕਿਹੜੇ ਕੰਮਾਂ ਨਾਲ ਰੱਬ ਦੇ ਨੇੜੇ ਹੋ ਸਕਦਾ ਹੈ। ਮਨੱਖ ਦੀ ਬੋਲੀ ਕਿਹੋ ਜਹੀ ਹੋਵੇ ਜਿਸ ਰਾਹੀਂ ਸਮਾਜਿਕ ਵਿਹਾਰਾਂ ਦੇ ਨਾਲ-ਨਾਲ ਅਧਿਆਤਮਕਤਾ ਦੇ ਗੁਣ ਵੀ ਧਾਰਣ ਕੀਤੇ ਜਾ ਸਕਣ। ਜਿਵੇਂ ਜਿਵੇਂ ਅਜੇਹੇ ਬਚਨਾਂ ਨਾਲ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ ਜਾਗ੍ਰਤ ਕੀਤਾ, ਉਵੇਂ ਹੀ ਧਾਰਮਿਕ ਮੁਖੀਆਂ ਨੇ ਉਨ੍ਹਾਂ ਦੀ ਖੁੱਲ ਕੇ ਮੁਖਾਲਫਤ ਆਰੰਭ ਦਿੱਤੀ ਅਤੇ ਉਨ੍ਹਾਂ ਨੂੰ ਭੂਤਨਾ, ਬੇਤਾਲਾ, ਕੁਰਾਹੀਆ ਜਾਂ ਹੋਰ ਬਹੁੱਤ ਕੁੱਝ ਬੁਰਾ ਭਲਾ ਵੀ ਕਹਿਣਾ ਆਰੰਭ ਦਿੱਤਾ। ਇਸ ਸਭ ਦੇ ਬਾਵਜੂਦ ਸਮਾਜ ਵਿੱਚ ਧਰਮ ਸਬੰਧੀ ਪਾਏ ਗਏ ਭੁਲੇਖਿਆਂ ਨੂੰ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾਵਾਂ ਦੀ ਦੇਣ ਭਾਰਤੀ ਸਮਾਜ ਨੂੰ ਦਿਤੀ। ਲੋਕ ਧਰਮਸ਼ਾਲਾਵਾਂ ਵਿੱਚ ਬੈਠਕੇ ਇੱਕ ਅਕਾਲ ਪੁਰਖ ਦੇ ਗੁਣ ਸੁਣਦੇ, ਵਿਚਾਰਦੇ ਅਤੇ ਵਿਵਹਾਰਕ ਜਿੰਦਗੀ ਵਿੱਚ ਉਨ੍ਹਾਂ ਅਮਲਾਂ ਨੂੰ ਜੀਉਦੇ ਹੋਏ ਇੱਕ ਉਚੇ ਸੁੱਚੇ ਆਦਰਸ਼ਕ ਮਨੁੱਖ ਦੇ ਪਾਂਧੀ ਬਸਣਦੇ ਗਏ।ਇਨ੍ਹਾਂ ਧਰਮਸ਼ਾਲਾਵਾਂ ਨੂੰ ਹੀ ਬਾਅਦ ਵਿੱਚ ਗੁਰਦੁਆਰੇ ਕਿਹਾ ਜਾਣ ਲਗ ਪਿਆ, ਇਨ੍ਹਾਂ ਗੁਰਦੁਆਰਿਆਂ ਵਿੱਚ ਹੀ ਅਗਲੇ 9 ਗੁਰੂਆਂ ਨੇ ਉੱਚੇ ਇਖਲਾਕ ਅਤੇ ਆਦਰਸ਼ਕ ਜੀਵਨ ਜੀਣ ਦੀ ਐਸੀ ਜਾਚ ਸਿਖਾਈ ਕਿ ਭਾਰਤੀ ਸਮਾਜ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਜਦੋਂ ਸਿੱਖਾਂ ਨੇ ਆਪਣੇ ਧਰਮ, ਆਦਰਸ਼ ਅਤੇ ਸੱਚ ਲਈ ਆਪਣੇ ਆਪ ਨੂੰ ਆਰਿਆਂ ਨਾਲ ਤਾਂ ਚਿਰਵਾ ਲਿਆ, ਦੇਗਾਂ ਵਿੱਚ ਤਾਂ ਉਬਾਲ ਲਿਆ, ਚਰਖੜੀਆਂ ਉੱਤੇ ਚੜ੍ਹਵਾ ਲਿਆ, ਖੋਪੜੀਆਂ ਉਤਰਵਾ ਲਈਆਂ, ਪੁਠੀਆਂ ਖਲਾਂ ਉਤਰਵਾ ਲਈਆਂ ਅਤੇ ਭਾਰਤੀ ਸਮਾਜ ਲਈ ਇੱਕ ਉੱਚੇ ਸੁੱਚੇ ਅਤੇ ਪਵਿਤ੍ਰ ਜੀਵਨ ਦੇ ਚਾਨਣ ਮੁਨਾਰੇ ਬਣੇ।

ਅਜੋਕੇ ਹਾਲਾਤ ਵਿੱਚ ਇਸ ਤਰ੍ਹਾਂ ਲਗਦਾ ਹੈ ਜਿਵੇਂ ਗੁਰਮਤਿ ਵਿਰੋਧੀਆਂ ਨੇ ਇਸ ਰਮਜ ਨੂੰ ਸਮਝ ਲਿਆ ਹੈ ਕਿ, ਜਿਸ ਗੁਰਬਾਣੀ ਸਿਧਾਂਤ ਨੂੰ ਪੜ੍ਹ ਸੁਣ ਅਤੇ ਵਿਚਾਰ ਕੇ ਆਪਣਾ ਜੀਵਨ ਉੱਚਾ, ਸੁੱਚਾ ਅਤੇ ਪਵਿਤ੍ਰ ਬਣਾਉਂਦਾ ਹੈ, ਜੇ ਕਿਤੇ ਇਨ੍ਹਾਂ ਗੁਰਦੁਆਰਿਆਂ ਵਿੱਚੋਂ ਗੁਰਬਾਣੀ ਨੂੰ ਵਿਚਾਰਨਾ ਬੰਦ ਕਰਵਾ ਕੇ ਉੱਥੇ ਕੇਵਲ ਬਾਣੀ ਪੜ੍ਹਣ, ਮੱਥੇ ਟੇਕ ਕੇ ਮੰਨਤਾਂ ਪੂਰੀਆਂ ਹੋਣ ਦੀ ਥਾਂ ਵਿੱਚ ਤਬਦੀਲ ਕਰ ਦਿਤਾ ਜਾਵੇ ਤਾਂ ਇੱਥੇ ਚੰਗੇ ਅਤੇ ਉੱਚੇ ਆਦਰਸ਼ ਵਾਲੇ ਜੀਵਨ ਬਣਨੇ ਬੰਦ ਹੋ ਜਾਣਗੇ। ਕਿਉਂਕਿ, ਸਿੱਖ, ਗੁਰਦੁਆਰਿਆਂ ਵਿੱਚੋ ਗੁਰਮਤਿ ਸਿੱਖ ਕੇ ਵਿਵਹਾਰਕ ਜਿੰਦਗੀ ਵਿੱਚ, ਗੁਰਮਤਿ ਨੂੰ ਅਮਲੀ ਜੀਵਨ ਵਿੱਚ ਅਪਨਾਉਂਦਾ ਸੀ। ਪਰ ਜਦੋਂ ਦਾ ਸਿੱਖ ਗੁਰਦੁਆਰਿਆਂ ਵਿੱਚ ਕੇਵਲ ਮੱਥੇ ਟੇਕਣ, ਮੰਨਤਾਂ ਮੰਗਣ ਅਤੇ ਗੁਰਬਾਣੀ ਨੂੰ ਕੇਵਲ ਮੰਤਰਾਂ ਵਾਗਂ ਪੜ੍ਹਣ-ਸੁਣਣ ਤੱਕ ਸੀਮਤ ਹੋ ਗਿਆ ਹੈ ਉਦੋਂ ਤੋਂ ਹੀ ਇੱਸਦੀ ਜਿੰਦਗੀ ਵਿੱਚ ਜਬਰਦੱਸਤ ਗਿਰਾਵਟ ਆ ਗਈ ਹੈ। ਇਸ ਗਿਰਾਵਟ ਤੋਂ ਬਚਣ ਲਈ ਹੀ ‘ਸਿਖ ਰਹਿਤ ਮਰਿਆਦਾ’ ਹੋਂਦ ਵਿੱਚ ਆਈ, ਜਿਸਦਾ ਆਪਣਾ ਇੱਕ ਇਤਿਹਾਸ ਹੈ ਅਤੇ ਇਸ ਮਰਿਆਦਾ ਦੇ ਹੋਂਦ ਵਿੱਚ ਆਉਣ ਪਿੱਛੇ ਵੀ ਇਹੋ ਕਾਰਨ ਸਨ। ਕਿਉਂਕਿ ਵੀਹਵੀਂ ਸਦੀ ਦੀ ਸ਼ੁਰੂਆਤ ਤੱਕ ਜ਼ਿਆਦਾਤਰ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਹੇਠ ਆ ਚੁਕੇ ਸਨ ਅਤੇ ਹਰ ਗੁਰਦੁਆਰੇ ਨੇ ਆਪਣੀ ਵੱਖਰੀ ਮਰਿਆਦਾ ਬਣਾ ਲਈ ਸੀ।

ਦੂਜੇ ਪਾਸੇ ਸਿੱਖਾਂ ਵਿੱਚ ਸੰਤ ਨਾਂ ਹੇਠ ਕਈ ਡੇਰੇ ਪਨਪਣੇ ਸ਼ੁਰੂ ਹੋ ਗਏ ਸਨ ਅਤੇ ਕਈ ਸੰਪਰਦਾਵਾਂ ਵੀ ਬਣ ਚੁਕੀਆਂ ਸਨ।ਹਰ ਇੱਕ ਦੀ ਆਪਣੀ ਅਲੱਗ ਮਰਿਆਦਾ ਸੀ ਅਤੇ ਇਨ੍ਹਾਂ ਵਿੱਚ ਜ਼ਿਆਦਾਤਰ ਬ੍ਰਾਹਮਣੀ ਕਰਮਕਾਂਡਾਂ ਦਾ ਬੋਲਬਾਲਾ ਸੀ। ਬਾਅਦ ਵਿੱਚ ਸ਼ੁਰੂ ਹੋਈ ਸਿੰਘ ਸਭਾ ਲਹਿਰ, 1920 ਤੱਕ ਗੁਰਦੁਆਰਾ ਸੁਧਾਰ ਲਹਿਰ ਦਾ ਰੂਪ ਧਾਰਨ ਕਰ ਗਈ। ਜਿਸ ਨੇ ਜ਼ਿਆਦਾਤਰ ਗੁਰਦੁਆਰੇ ਮਹੰਤਾਂ ਦੀ ਪਕੜ ਤੋਂ ਆਜ਼ਾਦ ਕਰਵਾਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਅਧੀਨ ਗੁਰਦੁਆਰਿਆਂ ਦੇ ਸੁਧਾਰ ਲਈ ਯਤਨ ਸ਼ੂਰੂ ਕਰਕੇ ਉਨ੍ਹਾਂ ਵਿੱਚ ਗੁਰਮਤਿ ਸਿਧਾਂਤਾਂ ਦੇ ਆਧਾਰ ’ਤੇ ਮਰਿਆਦਾ ਬਣਾਈ। ਪਰ 1940 ਤੋਂ ਬਾਅਦ ਸ਼੍ਰੋਮਣੀ ਕਮੇਟੀ, ਚੌਧਰਾਂ ਅਤੇ ਧੜੇਬਾਜੀਆਂ ਦਾ ਸ਼ਿਕਾਰ ਹੋਣ ਲਗ ਪਈ। ਫੈਸਲੇ, ਸਿਧਾਂਤ ਦੀ ਥਾਂ ਨਿਜੀ ਗਰਜ਼ਾਂ ਅਧੀਨ ਲਏ ਜਾਣ ਲੱਗ ਪਏ।ਜਿਸ ਕਾਰਣ ‘ਸਿਖ ਰਹਿਤ ਮਰਿਆਦਾ’ ਕਦੀ ਵੀ ਪੂਰੀ ਤਰ੍ਹਾਂ ਕੌਮ ਉੱਤੇ ਲਾਗੂ ਨਹੀਂ ਹੋ ਸਕੀ। ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਦੇ ਅਧੀਨ ਚਲਦੇ ਗੁਰਦੁਆਰਿਆਂ ਵਿੱਚ ਵੀ ਇਸ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ। ਕੁੱਝ ਡੇਰੇ ਅਤੇ ਸੰਪਰਦਾਵਾਂ ਨੇ 1992 ਵਿੱਚ ਆਪਣੀ ਵੱਖਰੀ ਮਰਿਆਦਾ ਹੀ ਬਣਾ ਲਈ। ਜਿਸ ਅਧੀਨ ਇੱਕ ਵਾਰ ਫਿਰ ਇਨ੍ਹਾਂ ਗੁਰਦੁਆਰਿਆਂ ਨੂੰ ਡੇਰਿਆਂ ਵਿੱਚ ਤਬਦੀਲ ਕਰਨ ਦੀਆਂ ਭਰਪੂਰ ਕੋਸ਼ਿਸਾਂ ਸ਼ੁਰੂ ਹੋ ਚੁਕੀਆਂ ਹਨ।

ਇਨ੍ਹਾਂ ਕੋਸ਼ਿਸਾਂ ਵਿੱਚ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਸਿੰਘ ਸਭਾ ਗੁਰਦੁਆਰਿਆਂ ਦਾ ਪ੍ਰਬੰਧ ਸੰਪ੍ਰਦਾਈ ਸੋਚ ਵਾਲੇ ਲੋਕਾਂ ਹੱਥ ਸੋਂਪਣਾ ਸੀ, ਤਾਂ ਕਿ ਗੁਰਦੁਆਰਿਆਂ ਅੰਦਰ ਗੁਰਮਤਿ ਦੀ ਥਾਂ ਸੰਪ੍ਰਦਾਇਕ ਵਿਚਾਰਧਾਰਾ ਨੂੰ ਪ੍ਰਚੰਡ ਕੀਤਾ ਜਾ ਸਕੇ, ਇਸੇ ਮਨੋਰੱਥ ਨੂੰ ਪੂਰਾ ਕਰਣ ਲਈ ਸੰਤ ਸਮਾਜ ਨਾਲ ਗਠਜੋੜ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਇਲੈਕਸ਼ਨ ਰਾਹੀਂ ਭਾਈਵਾਲ ਬਣਾ ਲਿਆ ਗਿਆ ਹੈ। ਤਾਂ ਕਿ ਇਨ੍ਹਾਂ ਡੇਰੇਦਾਰਾਂ ਨੂੰ ਗੁਰੂ ਸਾਹਿਬ ਦੇ ਬਰਾਬਰ ਸਥਾਪਿਤ ਕੀਤਾ ਜਾ ਸਕੇ, ਅਤੇ ਜੇਕਰ ਇਸ ਕੰਮ ਵਿੱਚ ਸਫਲਤਾ ਹਾਸਿਲ ਨਾ ਹੋਵੇ ਤਾਂ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਭ੍ਰਸ਼ਟ ਲੋਕਾਂ ਹਵਾਲੇ ਕਰਕੇ ਉਨ੍ਹਾਂ ਹਥੋਂ ਗੁਰਮਤਿ ਦਾ ਰੱਜਕੇ ਘਾਣ ਕਰਵਾਇਆ ਜਾ ਸਕੇ। ਉਪਰੋਕਤ ਕਾਰਣਾਂ ਤੋਂ ਅਗਿਆਨਤਾ ਕਾਰਣ ਹੀ ਅੱਜ ਸਿੱਖ ਸਮਾਜ ਇਨ੍ਹਾਂ ਡੇਰੇਦਾਰਾਂ ਦੇ ਡੇਰਿਆਂ ਦਾ ਸ਼ਿਗਾਰ ਬਣਨ ਵਿੱਚ ਖੁਸ਼ੀ ਮਹਿਸੂਸ ਕਰਨ ਲਗ ਪਿਆ ਹੈ, ਜਿੱਥੇ ਗੁਰਮਤਿ ਦੇ ਨਾਮ ਥੱਲੇ ਮਨਮੱਤੀਏ ‘ਸਿੱਖਾਂ’ ਵਲੋਂ ਬ੍ਰਾਹਮਣੀ ਕਰਮਕਾਂਡਾਂ ਰਾਹੀਂ ਇਸਦੀ (ਸਿੱਖ) ਦੀ ਜਮੀਰ ਨੂੰ ਬੇਸੁਰਤੀ ਤੋਂ ਅੱਧ ਮੋਈ ਹਾਲਤ ਵਿੱਚ ਪਹੁੰਚਾ ਦਿਤਾ ਗਿਆ ਹੈ। ਅੱਜ ਇਸ ਦੀ ਹਾਲਤ ਵੇਖ ਕੇ ਤਰਸ ਆਉਂਦਾ ਹੈ ਕਿ, ਕੀ ਇਹ ਉਹੀ ਸਿੱਖ ਹੈ? ਜੋ ਗੁਰਮਤਿ ਸਿਧਾਂਤਾਂ ਵਿਰੁੱਧ ਜਾਣ ਵਾਲੇ ਗੁਰੂ ਪੁਤਰਾਂ ਨੂੰ ਵੀ ਮੱਥੇ ਲਾਉਣਾ ਪਸੰਦ ਨਹੀਂ ਸੀ ਕਰਦਾ ਭਾਵੇਂ ਉਹ ਸ੍ਰੀ ਚੰਦ, ਲਖਮੀ ਦਾਸ, ਰਾਮਰਾਇ, ਪ੍ਰਿਥੀਚੰਦ ਜਾਂ ਧੀਰਮਲ ਹੀ ਕਿਉ ਨਾਂ ਹੋਣ। ਪਰ ਅੱਜ ਸਿਖ ਦੀ ਇਸ ਬੇਸੁਰਤੀ ਦਾ ਫਾਇਦਾ ਉਠਾ ਕੇ, ਅੱਜੋਕੇ ਸਮੇਂ ਵਿੱਚ ਜਾਗਰੂਕਤਾ ਦੇ ਨਾਂ ਥੱਲੇ ਸਿਖੀ ਦੇ ਮੂਲ ਸਿਧਾਂਤਾਂ ਨੂੰ ਖਤਮ ਕਰਨ ਦੀ ਹੋੜ ਲਗੀ ਹੋਈ ਹੈ ਜਿਸ ਨੂੰ ਰੋਕਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ।

ਹਰ ਗਲੀ ਮੁੱਹਲੇ ਦੇ ਗੁਰਦੁਆਰਿਆਂ ਵਿੱਚ ਵੱਡੀ ਪੱਧਰ ਤੇ ਹੋਣ ਵਾਲੇ ਕੀਰਤਨ ਦਰਬਾਰਾਂ ਅਤੇ ਗੁਰਮਤਿ ਸਮਾਗਮਾਂ ਦੇ ਬਾਵਜੂਦ ਵੀ ਸਿੱਖ ਅਤੇ ਉਨ੍ਹਾਂ ਦੇ ਬੱਚੇ ਵਡੀ ਤਾਦਾਦ ਵਿੱਚ ਸਿੱਖੀ ਤੋਂ ਪਤਿਤ ਹੋਣ ਵਾਲੇ ਪਤਿਤਾਂ ਵੱਲ ਜਬੱਰਦਸਤ ਆਕਰਸ਼ਿਤ ਹੋ ਰਹੇ ਹਨ।ਜੋ ਕਿ ਬਹੁੱਤ ਹੀ ਚਿੰਤਾ ਦਾ ਵਿਸ਼ਾ ਹੈ। ਅੱਜ ਪੰਜਾਬ ਵਿਚ ਇਕ ਕਿਲੋਮੀਟਰ ਤੋਂ ਵੀ ਘੱਟ ਦੇ ਘੇਰੇ ਵਿਚ ਤਿੰਨ-ਚਾਰ ਗੁਰਦੁਆਰੇ ਬਣੇ ਹੋਏ ਹਨ। ਜਿਨ੍ਹਾਂ ਦੀ ਮੋਜੂਦਗੀ ਵਿੱਚ, ਪਤਿਤਪੁਣੇ ਦਾ ਜਬਰਦਸਤ ਹੱੜ ਵੱਗ ਰਿਹਾ ਹੈ। ਕੀ ਐਸੇ ਹਾਲਾਤਾਂ ਵਿੱਚ ਇਨ੍ਹਾਂ ਗੁਰਦੁਆਰਿਆਂ ਅਤੇ ਉਨ੍ਹਾਂ ਤੇ ਕਾਬਜ ਸੰਤ ਬਾਬਿਆਂ, ਬ੍ਰਹਮ ਗਿਆਨੀਆਂ ਅਤੇ ਪ੍ਰਬੰਧਕਾਂ ਦੀ ਕਾਰਗੁਜਾਰੀ ਸ਼ੱਕੀ ਨਹੀਂ? ਜਿਥੇ ਤਿੰਨ-ਚਾਰ ਗੁਰਦੁਆਰਿਆਂ ਦੀ ਹੋਂਦ ਵਿੱਚ, ਬ੍ਰਹਮ ਗਿਆਨੀਆਂ ਅਤੇ ਸੰਤਾਂ ਦੀ ਮੌਜੂਦਗੀ ਵਿੱਚ ਜੇਕਰ ਪਤਿਤ ਪੁਣੇ ਦਾ ਹੜ੍ਹ ਆ ਜਾਏ ਅਤੇ ਸਿੱਖ ਨੋਜਵਾਨੀ ਨਸ਼ਿਆਂ ਵਿੱਚ ਡੁੱਬ ਜਾਏ। ਐਸੀ ਹਾਲਤ ਵਿੱਚ ਬੇਮੁੱਖ ਸੰਤ, ਬ੍ਰਹਮ ਗਿਆਨੀ ਅਤੇ ਪ੍ਰਬੰਧਕ ਘੁੱਕ ਨੀਦ ਦੇ ਆਲਮ ਵਿੱਚ ਸੰਗਤਾਂ ਵਲੋਂ ਦਿੱਤੀ, ਦਸਵੰਧ ਦੀ ਭੇਟਾ, ਕੇਵਲ ਗੁਰਦੁਆਰਿਆਂ ਦੀ ਉਸਾਰੀ ਜਾਂ ਉਨ੍ਹਾਂ ਵਿੱਚ ਲੰਗਰ ਵਰਤਾਉਣ ਤੋਂ ਬਿਨਾਂ ਇਨ੍ਹਾਂ ਨੂੰ ਹੋਰ ਕੁਝ ਦਿਖਾਈ ਨਾ ਦੇਵੇ, ਕੌਮ ਦੀ ਜਵਾਨੀ ਪਤਿਤਪੁਣੇ ਅਤੇ ਨਸ਼ਿਆਂ ਦੇ ਸਮੂੰਦਰ ਵਿੱਚ ਡੁਬਦੀ ਜਾਂਦੀ ਨੂੰ ਵੇਖਣ ਤੋਂ ਬਾਦ ਵੀ ਉਸਦੇ ਬਚਾਅ ਲਈ ਕੋਈ ਉਪਰਾਲਾ ਨਾ ਕਰਕੇ ਕੌਮ ਦੀ ਇਸ ਆਤਮਕ ਮੌਤ ਦਾ ਤਮਾਸ਼ਾ ਵੇਖਦੇ ਹੋਏ, ਕੋਮੀ ਦਸਵੰਧ ਉਸਾਰੀਆਂ, ਚੇਤਨਾ ਮਾਰਚਾਂ, ਨਗਰ ਕੀਰਤਨਾਂ ਅਤੇ ਲੰਗਰਾਂ ਉਤੇ ਹੀ ਖਰਚ ਕਰਕੇ, ਪ੍ਰਚਾਰ ਦੇ ਫੋਕੇ ਦਮਗਜੇ ਮਾਰੀ ਜਾਣ ਤਾਂ ਕੋਈ ਵੀ ਜਾਗਦੀ ਜ਼ਮੀਰ ਵਾਲਾ ਗੁਰਸਿੱਖ ਇਹ ਕਹਿਣ ਤੋ ਗੁਰੇਜ਼ ਨਹੀਂ ਕਰ ਸਕੇਗਾ, ਕਿ ਹੁਣ ਇਸ ਕੌਮ ਨੂੰ ਦੁਸ਼ਮਣਾਂ ਦੀ ਕੋਈ ਲੋੜ ਨਹੀਂ। ਕੀ ਇਸ ਕੌਮ ਦੇ ਆਗੂ, ਪ੍ਰਬੰਧਕ, ਸੰਤ, ਬ੍ਰਹਮ ਗਿਆਨੀ ਅਤੇ ਪ੍ਰਚਾਰਕ ਇਸ ਪਾਸੇ ਵੱਲ ਕੋਈ ਧਿਆਨ ਦੇਣ ਦੀ ਕੋਈ ਖੇਚਲ ਕਰਣਗੇ?

ਆਸ ਸੀ ਕਿ ਜਾਗਰੂਕ ਤਬਕਾ ਪਤਨ ਨੂੰ ਠੱਲ ਪਾਉਂਣ ਦੇ ਵਿਚ ਸਹਾਈ ਹੁੰਦਾ, ਪਰ ਇਹ ਅਤਿ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿ ਕੁੱਝ ਜਾਗਰੂਕ ਅਖਵਾਉਂਣ ਵਾਲੇ ਸੱਜਣ ਸਿੱਖੀ ਦੇ ਮੁੱਡਲੇ ਅਧਾਰਾਂ ‘ਤੇ ਹੀ ਹਮਲਾ ਕਰਨ ਦੀ ਸਾਜਿਸ਼ ਵਿੱਚ ਹਿੱਸੇਦਾਰ ਬਣ ਗਏ ਹਨ।

ਅੱਜ ਸਿੱਖ ਕੌਮ ਨੂੰ ਖਤਰਾ ਸੌਦਾ ਸਾਧ, ਨੂਰਮਹਿਲੀਏ, ਭਨਿਆਰੇ, ਸਿੱਖੀ ਦਾ ਹੀ ਅੰਗ ਬਣ ਚੁੱਕੇ ਮਨਮੁੱਖ ਡੇਰੇਦਾਰਾਂ, ਸੰਤ, ਬ੍ਰਹਮ ਗਿਆਨੀਆਂ, ਗੁਰੂਦੁਆਰਿਆਂ ਉਤੇ ਕਾਬਜ ਹੋ ਚੁੱਕੇ ਭ੍ਰਿਸ਼ਟ ਪ੍ਰਬੰਧਕਾਂ ਤੇ ਮਨਮੁੱਖ ਪ੍ਰਚਾਰਕਾਂ ਤੋਂ ਕਿਤੇ ਜ਼ਿਆਦਾ, ਉਨ੍ਹਾਂ ਲੋਕਾਂ ਕੋਲੋਂ ਹੈ, ਜਿਹੜੇ ਜਾਗਰੁਕਤਾ ਦੇ ਨਾਂ ਥੱਲੇ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਹੀ ਖਤਮ ਕਰ ਦੇਣਾ ਚਾਹੁੰਦੇ ਹਨ। ਸਾਰੇ ਜਾਗਰੂਕ ਸੱਜਣਾਂ ਨੂੰ ਬੇਨਤੀ ਹੈ, ਕਿ ਉਹ ਮਨਮਤਿ ਦੇ ਵਿਰੁੱਧ ਜਾਗਰੂਕ ਧੁਰੇ ਵਿਚ ਲੱਗ ਚੁੱਕੀ ਇਸ ਖਤਰਨਾਕ ਦੀਮਕ ਦੀ ਵੀ ਪਛਾਣ ਕਰਨ।

ਦਾਸਰਾ
ਮਨਜੀਤ ਸਿੰਘ ਖਾਲਸਾ, ਮੋਹਾਲੀ

Email: manjitsingh.khalsa@yahoo.com
Mob: 094174 40779


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top