Share on Facebook

Main News Page

ਸੀ. ਬੀ. ਆਈ. ਨੇ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦਾ ਦੋਸ਼ੀ ਦੱਸਿਆ

 

ਦਿੱਲੀ, (2 ਅਪ੍ਰੈਲ,ਪੀ.ਐਸ.ਐਨ): ਸੀ.ਬੀ.ਆਈ. ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ’ਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਿੱਖ ਵਿਰੋਧੀ ਦੰਗਿਆਂ ਲਈ ਦੋਸ਼ੀ ਮੰਨੇ ਜਾਂਦੇ ਸੱਜਣ ਕੁਮਾਰ ਤੇ ਦਿੱਲੀ ਸਿੱਖ ਵਿਰੋਧੀ ਦੰਗਿਆਂ ਦੇ ਸਬੂਤ ਦਿੱਲੀ ਪੁਲਿਸ ਨਾਲ ਮਿਲ ਕੇ ਨਸ਼ਟ ਕਰਨ ਦਾ ਦੋਸ਼ ਲਾਇਆ ਹੈ। ਸੀ.ਬੀ.ਆਈ. ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਸਬੰਧੀ ਬਹੁਤ ਸਾਰੇ ਸਬੂਤ ਨਸ਼ਟ ਕਰ ਦਿੱਤੇ ਹਨ। ਕੇਂਦਰੀ ਜਾਂਚ ਏਜੰਸੀ ਨੇ ਦਿੱਲੀ ਪੁਲਿਸ ਨੂੰ ਵੀ ਸਿੱਖ ਕਤਲੇਆਮ ਲਈ ਬਰਾਬਰ ਦਾ ਦੋਸ਼ੀ ਠਹਿਰਾਇਆ ਹੈ। ਜਿਕਰਯੋਗ ਹੈ ਕਿ ਅਦਾਲਤ ਨੇ ਮਈ 2010 ’ਚ ਸੱਜਣ ਕੁਮਾਰ ਅਤੇ 5 ਹੋਰਨਾਂ ਤੇ ਆਈ.ਪੀ.ਸੀ. ਦੀ ਧਾਰਾ 302, 395 427 ਅਤੇ 153 ਦੇ ਤਹਿਤ ਇਨ੍ਹਾਂ ਤੇ ਮੁਕੱਦਮਾ ਦਰਜ਼ ਕੀਤਾ ਸੀ। ਸੀ. ਬੀ. ਆਈ . ਨੇ ਸੱਜਣ ਕੁਮਾਰ ਦੀ ਦਿੱਲੀ ਛਾਉਣੀ ਇਲਾਕੇ ’ਚ 6 ਸਿੱਖਾਂ ਦੇ ਕਤਲੇਆਮ ’ਚ ਸ਼ਮੂਲੀਅਤ ਨੂੰ ਪ੍ਰਵਾਨ ਕੀਤਾ ਹੈ। ਜ਼ਿਲ੍ਹਾ ਜੱਜ ਜੇ.ਆਰ. ਆਰੀਅਨ ਨੇ ਇਹ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਗਵਾਹਾਂ ਨੇ ਇਨ੍ਹਾਂ ਦੰਗਿਆਂ ਬਾਰੇ ਜੋ ਵੇਰਵੇ ਦੱਸੇ ਹਨ, ਉਨ੍ਹਾਂ ਤੋਂ ਸਾਫ ਪਤਾ ਲਗਦਾ ਹੈ ਕਿ ਪੀੜਤਾਂ ਵਾਸਤੇ ਇਹ ਕਿੰਨਾ ਦਰਦਨਾਕ ਸੀ ਤੇ ਕਿਵੇਂ ਬੇਕਸੂਰ ਲੋਕ ਮਾਰੇ ਗਏ ਸਨ। ਇਸ ਕੇਸ ਵਿਚ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਮੁਲਜ਼ਮ ਹੈ ਅਤੇ ਦੋਸ਼ ਹੈ ਕਿ ਉਸ ਨੇ ਦਿੱਲੀ ਕੰਟੋਨਮੈਂਟ ਖੇਤਰ ਵਿਚ ਹਜ਼ੂਮ ਨੂੰ ਦੰਗਿਆ ਲਈ ਉਕਸਾਇਆ ਸੀ। ਇਸ ਮਾਮਲੇ ‘ਤੇ ਅਦਾਲਤ ਵਿਚ ਜਿਰਾਹ ਅੰਤਿਮ ਪੜਾਅ ‘ਚ ਹੈ। ਜ਼ਿਲ੍ਹਾ ਜੱਜ ਨੇ ਕਿਹਾ ਕਿ ਇਸ ਮਾਮਲੇ ਦੀ ਹਰ ਸੁਣਵਾਈ ਵੇਲੇ ਜੋ ਕੋਈ ਵੀ ਅਦਾਲਤ ਵਿਚ ਹਾਜ਼ਰ ਹੋਵੇਗਾ, ਉਹ ਦੰਗਿਆਂ ‘ਚ ਮਾਰੇ ਗਏ ਬੇਕਸੂਰ ਲੋਕਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖੇਗਾ। ਇਸ ਤੋਂ ਬਾਅਦ ਹੀ ਅਦਾਲਤ ਦੀ ਕਾਰਵਾਈ ਸ਼ੁਰੂ ਹੋਵੇਗੀ।

ਇਹ ਕੇਸ ਦਿੱਲੀ ਕੰਟੋਨਮੈਂਟ ਖੇਤਰ ਵਿਚ ਦੰਗਿਆਂ ਦੌਰਾਨ ਸਿੱਖ ਭਾਈਚਾਰੇ ਦੇ ਛੇ ਵਿਅਕਤੀਆਂ ਦੇ ਮਾਰੇ ਜਾਣ ਨਾਲ ਸਬੰਧਤ ਹੈ ਜਿਸ ਵਿਚ ਸੀ.ਬੀ.ਆਈ. ਵੱਲੋਂ ਆਪਣੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਭਲਕੇ ਵੀ ਹੋਵੇਗੀ। ਇਸ ਤੋਂ ਪਹਿਲਾਂ ਸੀ.ਬੀ.ਆਈ. ਦੇ ਵਕੀਲ ਆਰ.ਐਸ. ਚੀਮਾ ਨੇ ਦਿੱਲੀ ਪੁਲੀਸ ‘ਤੇ ਕੇਸ ਦੇ ਰਿਕਾਰਡ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਪੁਲੀਸ ਰਿਕਾਰਡ ਅਨੁਸਾਰ ਉਸ ਨੇ 1985 ਤੇ 1992 ‘ਚ ਗਵਾਹ ਜਗਦੀਸ਼ ਕੌਰ ਦੇ ਬਿਆਨ ਦੋ ਵਾਰ ਕਲਮਬੰਦ ਕੀਤੇ ਸਨ ਜਿਨ੍ਹਾਂ ‘ਚ ਉਸ ਨੇ ਮੁਲਜ਼ਮ ਸੱਜਣ ਕੁਮਾਰ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਸੀ.ਬੀ.ਆਈ. ਦੀ ਜਾਂਚ ਅਤੇ ਗਵਾਹ ਅਨੁਸਾਰ ਉਹ ਇਸ ਸਮੇਂ ਦੌਰਾਨ ਪੁਲੀਸ ਕੋਲ ਪੇਸ਼ ਹੀ ਨਹੀਂ ਹੋਈ। ਸੀ.ਬੀ.ਆਈ. ਦੇ ਵਕੀਲ ਨੇ ਕਿਹਾ ਦਿੱਲੀ ਪੁਲੀਸ ਨੇ ਰਿਕਾਰਡ ਨਾਲ ਛੇੜਛਾੜ ਕੀਤੀ ਹੈ ਅਤੇ ਜਗਦੀਸ਼ ਕੌਰ ਦੇ ਜਿਨ੍ਹਾਂ ਬਿਆਨਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ ਗਲਤ ਹਨ। ਉਨ੍ਹਾਂ ਦੱਸਿਆ ਕਿ ਸੀ.ਬੀ.ਆਈ. ਦੀ ਜਾਂਚ ਅਨੁਸਾਰ ਜਗਦੀਸ਼ ਕੌਰ ਨੇ 3 ਨਵੰਬਰ 1984 ਨੂੰ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਸੀ। ਉਸ ਵਿਚ ਉਸ ਨੇ ਸੱਜਣ ਕੁਮਾਰ, ਕੇਸ ਦੇ ਦੋ ਹੋਰ ਮੁਲਜ਼ਮਾਂ ਤੇ ਕੁਝ ਹੋਰ ਵਿਅਕਤੀਆਂ ਦੇ ਨਾਮ ਲਿਖਵਾਏ ਸਨ ਪਰ ਇਹ ਬਿਆਨ ਖੁਰਦ-ਬੁਰਦ ਕਰ ਦਿੱਤਾ ਗਿਆ ਤੇ ਹੁਣ ਪੁਲੀਸ ਰਿਕਾਰਡ ਵਿਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਸਬੂਤ ਮੌਜੂਦ ਹਨ ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਸੱਜਣ ਕੁਮਾਰ ਤੇ ਹੋਰ ਮੁਲਜ਼ਮ ਘਟਨਾ ਸਥਾਨ ‘ਤੇ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top