Share on Facebook

Main News Page

ਗੁਰਦਾਸਪੁਰ ਦਾ ਐਸ.ਐਸ.ਪੀ. ਅਤੇ ਡੀ.ਐਸ.ਪੀ. ਮੁਅੱਤਲ, ਡਿਪਟੀ ਕਮਿਸ਼ਨਰ ਦਾ ਤਬਾਦਲਾ

ਗੁਰਦਾਸਪੁਰ, 31 ਮਾਰਚ (ਡਾ. ਹਰਪਾਲ ਸਿੰਘ ਬਟਾਲਵੀ) : ਪੰਜਾਬ ਸਰਕਾਰ ਨੇ ਗੁਰਦਾਸਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਵਰਿੰਦਰ ਪਾਲ ਸਿੰਘ ਅਤੇ ਡੀ.ਐਸ.ਪੀ. ਦਿਹਾਤੀ-1 ਸ. ਮਨਪ੍ਰੀਤ ਸਿੰਘ ਨੂੰ ਤੁਰਤ ਮੁਅੱਤਲ ਕਰ ਦਿਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਦੇ ਐਸ.ਐਸ.ਪੀ. ਸ੍ਰੀ ਐਸ.ਪੀ. ਕਾਲੀਆ ਨੂੰ ਗੁਰਦਾਸਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਦਾ ਵਾਧੂ ਚਾਰਜ ਦਿਤਾ ਗਿਆ ਹੈ। ਸਰਕਾਰ ਨੇ ਇਕ ਹੋਰ ਹੁਕਮ ਰਾਹੀਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਮੋਹਿੰਦਰ ਸਿੰਘ (ਆਈ.ਏ.ਐਸ.) ਦਾ ਤੁਰਤ ਪ੍ਰਭਾਵ ਨਾਲ ਤਬਾਦਲਾ ਕਰ ਦਿਤਾ ਅਤੇ ਅਗਲੀ ਨਿਯੁਕਤੀ ਲਈ ਉਨ੍ਹਾਂ ਨੂੰ ਮੁੱਖ ਸਕੱਤਰ ਕੋਲ ਰੀਪੋਰਟ ਕਰਨ ਲਈ ਕਿਹਾ ਹੈ। ਪਠਾਨਕੋਟ ਦੇ ਡਿਪਟੀ ਕਮਿਸ਼ਨਰ ਸ੍ਰੀ ਸਿਬਿਨ ਸੀ (ਆਈ.ਏ.ਐਸ) ਨੂੰ ਅਗਲੇ ਹੁਕਮਾਂ ਤਕ ਗੁਰਦਾਰਸਪੁਰ ਦੇ ਡਿਪਟੀ ਕਮਿਸ਼ਨਰ ਦਾ ਵਾਧੂ ਚਾਰਜ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਵਾਰਸਾਂ ਦੀ ਮੰਗ ਸੀ ਕਿ ਗੋਲੀ ਚਲਾਉਣ ਦੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।

ਉਪਰੋਕਤ ਕਾਰਵਾਈ ਤੋਂ ਬਾਅਦ ਹੀ ਜਸਪਾਲ ਸਿੰਘ ਦਾ ਸਸਕਾਰ ਕੀਤਾ ਜਾਵੇਗਾ। ਸ਼ਾਮ 6 ਵਜੇ ਜਦ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਤਾਂ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਗਿਆਨੀ ਗੁਰਬਚਨ ਸਿੰਘ ਦੀ ਮੌਜੂਦਗੀ ਵਿਚ ਜਸਪਾਲ ਸਿੰਘ ਦਾ ਅੰਤਮ ਸਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਮ੍ਰਿਤਕ ਦੇ ਪਿੰਡ ਚੌੜ ਸਿੱਧਵਾਂ ਵਿਖੇ ਸਾਰਾ ਦਿਨ ਬਣੇ ਤਣਾਅ-ਪੂਰਨ ਹਾਲਾਤ ਉਸ ਸਮੇਂ ਅਪਣੇ ਸਿਖਰ ’ਤੇ ਪੁੱਜ ਗਏ ਜਦ ਜਸਪਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਸੈਂਕੜੇ ਸਿੱਖ ਨੌਜਵਾਨਾਂ ਨੇ ਸਰਕਾਰ ਦੀ ਟਾਲ-ਮਟੋਲ ਵਾਲੀ ਨੀਤੀ ਤੋਂ ਭੜਕ ਕੇ ਘਰ ਵਿਚ ਹੀ ਬੈਠੇ ਡੀ.ਸੀ. ਮਹਿੰਦਰ ਸਿੰਘ ਕੈਂਥ ਉਤੇ ਹਮਲਾ ਕਰ ਦਿਤਾ। ਡੀ.ਸੀ ਨੇ ਕਮਰੇ ਦੇ ਦਰਵਾਜ਼ੇ ਬੰਦ ਕਰ ਕੇ ਅਪਣੀ ਜਾਨ ਬਚਾਈ। ਨੌਜਵਾਨਾਂ ਨੇ ਕਮਰੇ ਨੂੰ ਪੂਰੀ ਤਰ੍ਹਾਂ ਘੇਰ ਲਿਆ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਦੋ ਕਿਲੋਮੀਟਰ ਦੇ ਘੇਰੇ ਵਿਚ ਕੋਈ ਵੀ ਸੁਰੱਖਿਆ ਕਰਮੀ ਮੌਜੂਦ ਨਹੀਂ ਸੀ। ਡੀ.ਸੀ. ਨੇ ਫ਼ੋਨ ਰਾਹੀਂ ਹੋਰ ਅਧਿਕਾਰੀਆਂ ਨੂੰ ਸੂਚਿਤ ਕੀਤਾ। ਕੁੱਝ ਹੀ ਮਿੰਟਾਂ ਵਿਚ ਵਰਸੋਲਾ ਮੋੜ ’ਤੇ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ ਕਈ ਟੁਕੜੀਆਂ ਪੁੱਜ ਗਈਆਂ। ਵੇਖਦਿਆਂ ਹੀ ਵੇਖਦਿਆਂ ਇਹ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ।

‘ਜਥੇਦਾਰ’ ਗਿਆਨੀ ਗੁਰਬਚਨ ਸਿੰਘ ਨੇ ਇਹ ਕਹਿ ਕੇ ਮਾਹੌਲ ਸ਼ਾਂਤ ਕੀਤਾ ਕਿ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ ਹਨ। ਬਾਅਦ ਵਿਚ ‘ਜਥੇਦਾਰ’ ਨੇ ਸ਼ਾਮ ਕਰੀਬ 6 ਵਜੇ ਪੰਡਾਲ ਵਿਚ ਪਹੁੰਚ ਕੇ ਦਸਿਆ ਕਿ ਐਸ.ਐਸ.ਪੀ. ਅਤੇ ਡੀ.ਐਸ.ਪੀ. ਨੂੰ ਮੁਅੱਤਲ ਕਰਨ ਅਤੇ ਪਰਚਾ ਦਰਜ ਕਰਨ ਦੀ ਮੰਗ, ਮ੍ਰਿਤਕ ਜਸਪਾਲ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਆਦਿ ਮੰਗਾਂ ਮੰਨ ਲਈਆਂ ਗਈਆਂ ਹਨ। ਉਨ੍ਹਾਂ ਨਾਲ ਹੀ ਜਸਪਾਲ ਸਿੰਘ ਦਾ ਅੰਤਮ ਸਸਕਾਰ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਸਾਰਾ ਦਿਨ ‘ਜਥੇਦਾਰ’ ਵਲੋਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਫ਼ੋਨ ’ਤੇ ਮੰਗਾਂ ਸਬੰਧੀ ਗੱਲਬਾਤ ਕੀਤੀ ਜਾਂਦੀ ਰਹੀ ਪਰ ਕਈ ਘੰਟਿਆਂ ਦੀ ਜਦੋ-ਜਹਿਦ ਦੇ ਬਾਵਜੂਦ ਮੰਗਾਂ ਮੰਨਣ ਸਬੰਧੀ ਕੋਈ ਹਾਂ-ਪੱਖੀ ਹੁੰਗਾਰਾ ਨਾ ਮਿਲਿਆ। ‘ਜਥੇਦਾਰ’ ਗਿਆਨੀ ਗੁਰਬਚਨ ਸਿੰਘ, ਸਾਬਕਾ ‘ਜਥੇਦਾਰ’ ਜਸਬੀਰ ਸਿੰਘ ਰੋਡੇ, ਭਾਈ ਹਰਨਾਮ ਸਿੰਘ ਧੁੰਮਾ, ਭਾਈ ਰਣਜੀਤ ਸਿੰਘ ਢਡਰੀਆਂ, ਕਰਨੈਲ ਸਿੰਘ ਪੀਰ ਮੁਹੰਮਦ ਆਦਿ ਧਾਰਮਕ ਆਗੂਆਂ ਅਤੇ ਪਰਵਾਰਕ ਮੈਂਬਰਾਂ ਨੇ ਉਦੋਂ ਤਕ ਸਸਕਾਰ ਕਰਨ ਤੋਂ ਇਨਕਾਰ ਕਰ ਦਿਤਾ ਜਦ ਤਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਮੰਗਾਂ ਪ੍ਰਵਾਨ ਕਰਨ ਪਿੱਛੋਂ ਸਸਕਾਰ ਕੀਤਾ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top