Share on Facebook

Main News Page

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਵਿਖਾ ਦਿੱਤਾ ਹੈ ਕਿ ਅਸਲੀ ਸ਼ਹਾਦਤ ਕੀ ਹੁੰਦੀ ਹੈ: ਗਿਆਨੀ ਜਾਚਕ

* ਭਾਈ ਰਾਜੋਆਣਾ ਦੀ ਰਿਹਾਈ ਤੱਕ ਹੀ ਨਹੀਂ ਰੁਕਣਾ ਬਲਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਸਿੱਖ ਸੰਘਰਸ਼ ਦੌਰਾਨ ਜੇਲ੍ਹਾਂ ਵਿੱਚ ਬੰਦ ਸਮੂਹ ਸਿੱਖਾਂ ਦੀ ਰਿਹਾਈ ਤੱਕ ਸ਼ਾਂਤਮਈ ਸੰਘਰਸ਼ ਜਾਰੀ ਰੱਖਣਾ ਹੈ
* ਸ਼ਾਂਤਮਈ ਸਿੱਖਾਂ ’ਤੇ ਪੁਲਿਸ ਵਲੋਂ ਢਾਹੇ ਗਏ ਜ਼ਬਰ ਅਤੇ ਜਨੂੰਨੀਆਂ ਵਲੋਂ ਸਿੱਖ ਦੀ ਦਸਤਾਰ ਦੀ ਕੀਤੀ ਗਈ ਬੇਅਦਬੀ ਦਾ ਨੋਟਿਸ ਲੈ ਕੇ ਜਥੇਦਾਰ ਅਕਾਲ ਤਖ਼ਤ ਸਰਕਾਰ ਨੂੰ ਤਾੜਨਾ ਕਰਨ ਅਤੇ ਗ੍ਰਿਫ਼ਤਾਰ ਕੀਤੇ ਗਏ ਸਿੱਖ ਆਗੂ ਤੇ ਵਰਕਰ ਬਿਨਾਂ ਸ਼ਰਤ ਤੁਰੰਤ ਰਿਹਾ ਕਰਨ ਲਈ ਚਿਤਾਵਨੀ ਦੇਣ
* ਸੰਘਰਸ਼ ਨੂੰ ਸਹੀ ਸੇਧ ਦੇਣ ਲਈ ਭਾਈ ਰਾਜੋਆਣਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਜਾਵੇ

ਬਠਿੰਡਾ, 31 ਅਪ੍ਰੈਲ (ਕਿਰਪਾਲ ਸਿੰਘ): ਭਾਈ ਬਲਵੰਤ ਸਿੰਘ ਰਾਜੋਆਣਾ ਨੇ ਵਿਖਾ ਦਿੱਤਾ ਹੈ ਕਿ ਅਸਲੀ ਸ਼ਹਾਦਤ ਕੀ ਹੁੰਦੀ ਹੈ ਅਤੇ ਸ਼ਹੀਦ ਕੌਣ ਹੁੰਦਾ ਹੈ? ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਭਾਈ ਰਾਜੋਆਣਾ ਦੀ ਕੌਮ ਪ੍ਰਤੀ ਸਮਰਪਣ ਭਾਵਨਾ ਅਤੇ ਚੜ੍ਹਦੀ ਕਲਾ ਨੂੰ ਸਮਰਪਤ ਕੀਤੇ ਗਏ ਵਿਸ਼ੇਸ਼ ਪ੍ਰੋਗਰਾਮ ਵਿੱਚ ਬੋਲਦਿਆਂ ਸਿੱਖ ਸੰਘਰਸ਼ ਮੋਰਚੇ ਦੇ ਮੈਂਬਰ ਗਿਆਨੀ ਜਗਤਾਰ ਸਿੰਘ ਜਾਚਕ ਨੇ ਅੱਜ ਸਵੇਰੇ ਕਹੇ, ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਭਾਈ ਰਾਜੋਆਣਾ, ਭਾਰਤੀ ਨਿਆਂਪ੍ਰਣਾਲੀ ਅਤੇ ਸਰਕਾਰ ਵਲੋਂ ਸਿੱਖਾਂ ਪ੍ਰਤੀ ਅਪਣਾਏ ਗਏ ਪੱਖਪਾਤੀ ਰਵਈਏ ਨੂੰ ਦੁਨੀਆਂ ਦੇ ਸਾਹਮਣੇ ਨੰਗਾ ਕਰਨ ਲਈ, ਆਪਣੀ ਸ਼ਹਾਦਤ ਦੇਣ ਵਾਸਤੇ ਦ੍ਰਿੜ ਹਨ। ਉਹ ਇਨਸਾਫ ਲਈ ਅਦਾਲਤ ਦਾ ਕੁੰਡਾ ਖੜਕਾਉਣ ਜਾਂ ਕੋਈ ਅਪੀਲ ਵਕੀਲ ਕਰਨ ਤੋਂ ਇਸ ਕਾਰਣ ਇਨਕਾਰੀ ਹਨ ਕਿਉਂਕਿ ਹੁਣ ਤੱਕ ਦੇ ਅਦਾਲਤੀ ਫੈਸਲਿਆਂ ਕਾਰਣ ਉਨ੍ਹਾਂ ਦਾ ਭਾਰਤੀ ਨਿਆਂਪ੍ਰਣਾਲੀ ’ਚੋਂ ਵਿਸ਼ਵਾਸ਼ ਉਠ ਚੁੱਕਾ ਹੈ।

ਗਿਆਨੀ ਜਾਚਕ ਜੀ ਨੇ ਕਿਹਾ ਸਮੁੱਚੀ ਸਿੱਖ ਕੌਮ ਵਲੋਂ ਇੱਕਮੁਠ ਹੋ ਕੇ ਸ਼ਾਂਤਮਈ ਸ਼ੰਘਰਸ਼, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸ੍ਰਪਰਸਤੀ, ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਾਂਝੇ ਯਤਨਾਂ ਸਦਕਾ ਬੇਸ਼ੱਕ ਭਾਈ ਰਾਜੋਆਣਾ ਦੀ ਫਾਂਸੀ ’ਤੇ ਆਰਜੀ ਰੋਕ ਲੱਗ ਚੁੱਕੀ ਹੈ ਪਰ ਅਸੀਂ ਇਥੇ ਹੀ ਨਹੀਂ ਰੁਕਣਾ ਬਲਕਿ ਸਿਰਫ ਉਨ੍ਹਾਂ ਦੀ ਹੀ ਨਹੀਂ ਸਗੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਸਿੱਖ ਸੰਘਰਸ਼ ਦੌਰਾਨ ਜੇਲ੍ਹਾਂ ਵਿੱਚ ਬੰਦ ਸਮੂਹ ਸਿੱਖਾਂ ਦੀ ਰਿਹਾਈ ਅਤੇ ਇਨਸਾਫ ਦੀ ਪ੍ਰਾਪਤੀ ਤੱਕ ਸ਼ਾਂਤਮਈ ਸੰਘਰਸ਼ ਜਾਰੀ ਰੱਖਣਾ ਹੈ। ਉਨ੍ਹਾਂ ਕਿਹਾ ਅਦਾਲਤਾਂ, ਕੇਂਦਰ ਤੇ ਪੰਜਾਬ ਸਰਕਾਰ ਦੇ ਰਵਈਏ ਤੋਂ ਸਪਸ਼ਟ ਹੈ ਕਿ ਕਿਸੇ ਵਿਧਾਨਕ ਢੰਗ ਨਾਲ ਉਨ੍ਹਾਂ ਦੀ ਰਿਹਾਈ ਸੰਭਵ ਨਹੀਂ ਹੈ।

ਉਨ੍ਹਾਂ ਦੀ ਰਿਹਾਈ ਦਾ ਇੱਕੋ ਇੱਕ ਤਰੀਕਾ ਹੈ ਕਿ ਸਮੁੱਚੀ ਸਿੱਖ ਕੌਮ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਉਸ ਦ੍ਰਿੜ ਇਰਾਦੇ ਨਾਲ ਇੱਕਮੁਠ ਹੋ ਕੇ ਸੰਘਰਸ਼ ਜਾਰੀ ਰੱਖੇ, ਜਿਸ ਤਰ੍ਹਾਂ ਦੀ ਦ੍ਰਿੜਤਾ ਤੇ ਅਡੋਲਤਾ ਫਾਂਸੀ ਦੇ ਤਖ਼ਤੇ ’ਤੇ ਖੜ੍ਹੇ ਭਾਈ ਰਾਜੋਆਣਾ ਜੀ ਵਿਖਾ ਰਹੇ ਹਨ। ਗਿਆਨੀ ਜਾਚਕ ਨੇ ਕਿਹਾ ਬੇਸ਼ਕ ਸਾਂਝੇ ਯਤਨਾ ਸਦਕਾ ਭਾਈ ਰਾਜੋਆਣਾ ਦੀ ਫਾਂਸੀ ’ਤੇ ਲੱਗੀ ਆਰਜੀ ਰੋਕ ਕਾਰਣ ਅਸੀਂ ਰਾਸ਼ਟਰਪਤੀ, ਕੇਂਦਰ ਸਰਕਾਰ, ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਕਮੇਟੀ ਸਮੇਤ ਸਾਰਿਆਂ ਦਾ ਹੀ ਧੰਨਵਾਦ ਕਰ ਦਿੱਤਾ ਸੀ ਪਰ ਪੰਜਾਬ ਬੰਦ ਦੌਰਾਨ ਅਤੇ ਇਸ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਸਿੱਖ ਵਿਰੋਧੀ ਜਥੇਬੰਦੀਆਂ ਦੇ ਜਨੂੰਨੀ ਵਰਕਰਾਂ ਨੂੰ ਸਿੱਖਾਂ ਦੀ ਬੇਪਤੀ ਕਰਨ ਦੀ ਖੁੱਲ੍ਹ ਦਿੱਤੀ ਹੈ ਅਤੇ ਫਾਂਸੀ ’ਤੇ ਆਰਜੀ ਰੋਕ ਲੱਗਣ ਤੋਂ ਤੁਰੰਤ ਬਾਅਦ ਸਿੱਖ ਸੰਘਰਸ਼ ਮੋਰਚੇ ਵਲੋਂ ਕੀਤੇ ਜਾਣ ਵਾਲੇ ਖ਼ਾਲਸਾ ਇਨਸਾਫ਼ ਮਾਰਚ ਮੁਲਤਵੀ ਕਰ ਦੇਣ ਦੇ ਬਾਵਯੂਦ ਵੀ ਸਿੱਖ ਆਗੂਆਂ ਤੇ ਵਰਕਰਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ ਹੈ ਤੇ ਉਨ੍ਹਾਂ ਨੂੰ ਰਿਹਾ ਕਰਨ ਦੀ ਬਜ਼ਾਏ ਹੋਰਨਾਂ ਦੀ ਫੜੋਫੜੀ ਜਾਰੀ ਹੈ, ਇਸ ਤੋਂ ਸਪਸ਼ਟ ਹੈ ਕਿ ਪੰਜਾਬ ਸਰਕਾਰ ਦੇ ਇਰਾਦੇ ਠੀਕ ਨਹੀਂ ਹਨ। ਗਿਆਨੀ ਜਾਚਕ ਨੇ ਕਿਹਾ ਕਿ ਸਰਕਾਰ ਅਤੇ ਸਿੱਖ ਵਿਰੋਧੀ ਸ਼ਕਤੀਆਂ ਚਾਹੁੰਦੀਆਂ ਹਨ ਕਿ ਸਿੱਖਾਂ ਦੇ ਜ਼ਜ਼ਬਾਤ ਭੜਕਾ ਕੇ ਹਾਲਾਤ ਅਜਿਹੇ ਬਣਾਏ ਜਾਣ ਕਿ ਬੀਤੇ ਸਮੇਂ ਵਾਂਗ ਝੂਠੇ ਪੁਲਿਸ ਮੁਕਾਬਿਆਂ ਵਿੱਚ ਸਿੱਖਾਂ ਦਾ ਘਾਣ ਕੀਤਾ ਜਾ ਸਕੇ। ਇਸ ਲਈ ਭਾਈ ਰਾਜੋਆਣਾ ਵਲੋਂ ਕੀਤੀ ਅਪੀਲ ਅਨੁਸਾਰ ਸਿੱਖਾਂ ਨੂੰ ਜ਼ਬਤ ਵਿੱਚ ਰਹਿ ਕੇ ਦੁਸ਼ਮਣ ਦੀ ਪਛਾਣ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਸਿੱਖਾਂ ਦੇ ਘਾਣ ਕਰਨ ਦਾ ਮੌਕਾ ਨਹੀਂ ਦੇਣਾ ਚਾਹੀਦਾ।

ਗਿਆਨੀ ਜਾਚਕ ਨੇ ਕਿਹਾ: ‘ਗਰੀਬੀ ਗਦਾ ਹਮਾਰੀ ॥ ਖੰਨਾ ਸਗਲ ਰੇਨੁ ਛਾਰੀ ॥ ਇਸੁ ਆਗੈ ਕੋ ਨ ਟਿਕੈ ਵੇਕਾਰੀ ॥ ਗੁਰ ਪੂਰੇ ਏਹ ਗਲ ਸਾਰੀ ॥1॥’ (ਸੋਰਠਿ ਮ: 5, ਗੁਰੂ ਗ੍ਰੰਥ ਸਾਹਿਬ ਪੰਨਾ 628) ਤੋਂ ਸੇਧ ਲੈਂਦੇ ਹੋਏ ਅਸੀਂ ਸ਼ਾਂਤੀ ਚਾਹੁੰਦੇ ਹਾਂ ਪਰ ਸਿੱਖਾਂ ਦੀ ਅਣਖ ਤੇ ਦਸਤਾਰ ਦੀ ਕੀਮਤ ’ਤੇ ਨਹੀਂ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਬੀਤੇ ਦਿਨਾਂ ਵਿੱਚ ਵਾਪਰੀਆਂ ਘਟਨਾਵਾਂ ਵਿੱਚ ਸ਼ਾਂਤਮਈ ਸਿੱਖਾਂ ’ਤੇ ਪੁਲਿਸ ਵਲੋਂ ਢਾਹੇ ਗਏ ਜ਼ਬਰ ਅਤੇ ਜਨੂੰਨੀਆਂ ਵਲੋਂ ਸਿੱਖ ਦੀ ਦਸਤਾਰ ਦੀ ਕੀਤੀ ਗਈ ਬੇਅਦਬੀ ਦਾ ਨੋਟਿਸ ਲੈ ਕੇ ਸਰਕਾਰ ਨੂੰ ਤਾੜਨਾ ਕਰਨ ਅਤੇ ਗ੍ਰਿਫ਼ਤਾਰ ਕੀਤੇ ਗਏ ਸਿੱਖ ਆਗੂ ਤੇ ਵਰਕਰ ਬਿਨਾਂ ਸ਼ਰਤ ਤੁਰੰਤ ਰਿਹਾ ਕਰਨ ਲਈ ਚਿਤਾਵਨੀ ਦੇਣ। ਗਿਆਨੀ ਜਾਚਕ ਨੇ ਮੰਗ ਕੀਤੀ ਕਿ ਸੰਘਰਸ਼ ਨੂੰ ਸਹੀ ਸੇਧ ਦੇਣ ਲਈ ਭਾਈ ਰਾਜੋਆਣਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਜਾਵੇ ਤੇ ਉਨ੍ਹਾਂ ਦੀ ਰਿਹਾਈ ਉਸੇ ਤਰ੍ਹਾਂ ਕਰਵਾਈ ਜਾਵੇ ਜਿਵੇਂ ਕੌਮ ਨੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸ: ਸਿਮਰਨਜੀਤ ਸਿੰਘ ਮਾਨ ਅਤੇ ਭਾਈ ਅਤਿੰਦਰਪਾਲ ਸਿੰਘ ਖ਼ਾਲਸਤਾਨੀ ਦੀ ਰਿਹਾਈ ਕਰਵਾਈ ਸੀ। ਗਿਆਨੀ ਜਾਚਕ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਹੜੀ ਹੋਰਨਾਂ ਸਭ ਸੰਸਥਾਵਾਂ ਤੋਂ ਵੱਧ ਸਹਿਯੋਗ ਸੰਘਰਸ਼ ਮੋਰਚੇ ਨੂੰ ਦੇ ਰਹੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top