Share on Facebook

Main News Page

ਪੰਜਾਬ ਦੀ ਸ਼ਾਂਤੀ ਲਈ ਜ਼ਾਲਮ ਡੀ.ਜੀ.ਪੀ. ਸੁਮੇਧ ਸੈਣੀ ਨੂੰ ਬਦਲਿਆ ਜਾਏ: ਸਿੱਖ ਸੰਘਰਸ਼ ਮੋਰਚਾ

ਲੁਧਿਆਣਾ, 1 ਅਪ੍ਰੈਲ: ਚੱਪੜਚਿੜੀ ਦੇ ਇਤਿਹਾਸਕ ਮੈਦਾਨ ਵਿੱਚ ਸਹੁੰ ਚੁੱਕ ਸਮਾਗਮ ਪਿਛੋਂ, ਜਦੋਂ ਪੰਜਾਬ ਸਰਕਾਰ ਦੀ ਕੈਬਨਿਟ ਨੇ ਡੀ.ਜੀ.ਪੀ. ਵਜੋਂ ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਦੀ ਨਿਯੁਕਤੀ ਦਾ ਐਲਾਨ ਕੀਤਾ, ਪੰਥ ਦਰਦੀ ਸਿੱਖਾਂ ਤੇ ਚਿੰਤਕਾਂ ਨੇ ਉਦੋਂ ਹੀ ਖ਼ਦਸ਼ਾ ਪ੍ਰਗਟ ਕੀਤਾ ਸੀ ਕਿ ਇਹ ਨਿਯੁਕਤੀ ਪੰਜਾਬ ਦੇ ਅਮਨ ਅਤੇ ਸਿੱਖ ਕੌਮ ਲਈ ਸ਼ੁਭ ਸਗਨ ਨਹੀਂ; ਕਿਉਂਕਿ, ਇਸ ਵਿਅਕਤੀ ਦੀਆਂ ਜ਼ਾਲਮਾਨਾਂ ਕਾਰਵਾਈਆਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਗੀਆਂ । ਗੁਰਦਾਸਪੁਰ ਦੇ ਗੋਲੀਕਾਂਡ ਨੇ ਉਹ ਖਦਸ਼ਾ ਸੱਚ ਸਾਬਿਤ ਕਰ ਦਿੱਤਾ, ਜਿਸ ਵਿੱਚ ਪੰਜਾਬ ਪੁਲੀਸ ਨੇ ਬਿਨਾਂ ਵਜ੍ਹਾ ਦੋ ਸਿੱਖ ਨੌਜਵਾਨਾਂ ਨੂੰ ਗੋਲੀ ਦਾ ਸ਼ਿਕਾਰ ਬਣਾਇਆ । ਇਹ ਠੀਕ ਹੈ ਕਿ ਸਿੱਖਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਪੰਜਾਬ ਸਰਕਾਰ ਨੇ ਜ਼ਿਲੇ ਦੇ ਜ਼ੁਮੇਵਾਰ ਪੁਲੀਸ ਅਫਸਰਾਂ ਨੂੰ ਮੁਅਤਲ ਕਰਕੇ ਉਨ੍ਹਾਂ ਉੱਤੇ ਕਤਲ ਕੇਸ ਦੇ ਮੁਕਦਮੇਂ ਦਰਜ਼ ਕਰਨ ਦਾ ਸੁਚੱਜਾ ਫੈਸਲਾ ਲਿਆ ਹੈ, ਪਰ ਇਸ ਗੋਲੀਕਾਂਡ ਦਾ ਅਸਲ ਦੋਸ਼ੀ ਡੀ.ਜੀ.ਪੀ. ਹੈ । ਉਸ ਨੂੰ ਬਦਲਣ ਤੇ ‘ਭਾਈ ਰਾਜੋਆਣਾ ਬਚਾਓ ਲਹਿਰ’ ਦੇ ਫੜੇ ਸਾਰੇ ਸਿੱਖ ਆਗੂਆਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤੇ ਬਗੈਰ ਪੰਜਾਬ ਵਿੱਚੋਂ ਅਸ਼ਾਂਤੀ ਤੇ ਤਣਾ ਦੇ ਮਹੌਲ ਨੂੰ ਘਟਾ ਸਕਣਾ ਅਸੰਭਵ ਹੈ । ਸਿੱਖ ਸੰਘਰਸ਼ ਮੋਰਚਾ ਕਮੇਟੀ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਇਹ ਸੁਝਾਅ, ਅੱਜ ਲੁਧਿਆਣੇ ਤੋਂ ਜਾਰੀ ਕੀਤੇ ਇੱਕ ਸਾਂਝੇ ਬਿਆਨ ਵਿੱਚ ਦਿੱਤਾ।

ਮੋਰਚੇ ਨੇ ਆਪਣੇ ਬਿਆਨ ਵਿੱਚ ਮੁਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਨੂੰ ਇਸ ਪੱਖੋਂ ਵੀ ਜਾਣੂ ਕਰਾੳਣ ਦਾ ਯਤਨ ਕੀਤਾ ਹੈ ਕਿ ਪੰਜਾਬ ਦੇ ਅਮਨ ਤੇ ਸ਼ਾਂਤੀ ਨੂੰ ਖ਼ਤਰਾ ਉਸ ਦੀ ਭਾਈਵਾਲ ਭਾਜਪਾ ਦੇ ਹੁਲੜਬਾਜ਼ ਕਾਰਕੁੰਨਾਂ ਤੋਂ ਹੈ, ਗ੍ਰਿਫਤਾਰ ਕੀਤੇ ਜਾ ਰਹੇ ਸਿੱਖ ਆਗੂਆਂ ਤੋਂ ਨਹੀਂ । ਕਿਉਂਕਿ, ਪੰਜਾਬ ਦੀ ਇਹੀ ਇੱਕੋ-ਇੱਕ ਜ਼ਨੂਨੀ ਪਾਰਟੀ ਹੈ, ਜਿਹੜੀ ਪੰਜਾਬ ਦੇ ਅਮਨ ਨੂੰ ਦਾਅ ਤੇ ਲਗਾਉਂਦਿਆਂ ਭਾਈ ਰਾਜੋਆਣਾ ਤੇ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੇਣ ਦੀ ਵਕਾਲਤ ਕਰ ਰਹੀ ਹੈ । ਉਸ ਨੂੰ ਢਿੱਡ ਪੀੜ ਹੋ ਰਹੀ ਹੈ ਕਿ ਕੇਂਦਰ ਸਰਕਾਰ ਨੇ ਭਾਈ ਰਾਜੋਆਣਾ ਦੀ ਫਾਂਸੀ ’ਤੇ ਆਰਜ਼ੀ ਰੋਕ ਕਿਉਂ ਲਗਾ ਦਿੱਤੀ ਹੈ?

ਮੋਰਚੇ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਸਿੱਖ ਆਗੂਆਂ ਨੂੰ ਰਿਹਾਅ ਕਰਵਾਉਣ ਲਈ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਨ ਦੀ ਤਾੜਣਾ ਕਰਨ । ਕਿਉਂਕਿ, ਸਿੱਖ ਆਗੂਆਂ ਦੀਆਂ ਗ੍ਰਿਫਤਾਰੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਹੈ । ਕਾਰਨ ਇਹ ਹੈ ਕਿ ਉਹ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਮੰਨਦਿਆਂ ਹੋਇਆਂ ਖ਼ਾਲਸਈ ਕੇਸਰੀ ਨਿਸ਼ਾਨ ਲੈ ਕੇ ਸ਼ਾਂਤਮਈ ਢੰਗ ਨਾਲ ਪੰਜਾਬ ਬੰਦ ਕਰਾਉਣ ਲਈ ਯਤਨਸ਼ੀਲ ਹੋ ਰਹੇ ਸਨ । ਸਿੱਖ ਸੰਘਰਸ਼ ਮੋਰਚੇ ਨੇ ਵੀ ਭਾਈ ਰਾਜੋਆਣਾ ਦੀ ਫਾਂਸੀ ਮੁਲਤਵੀ ਹੋਣ ਉਪਰੰਤ, ਜਥੇਦਾਰ ਸ੍ਰੀ ਅਕਾਲ ਤਖ਼ਤ ਦੀ ਅਪੀਲ ਅਤੇ ਪੰਜਾਬ ਦੇ ਅਮਨ ਨੂੰ ਮੁਖ ਰਖਦਿਆਂ ਖ਼ਾਲਸਈ ਤਖ਼ਤਾਂ ਤੋਂ ਚਲਣ ਵਾਲੇ ਤਿੰਨਾਂ ਮਾਰਚਾਂ ਨੂੰ ਉਸੇ ਵੇਲੇ ਹੀ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਸੀ । ਪਰ, ਦੁੱਖ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਵੀ ਮੋਰਚੇ ਦੇ ਦੋ ਆਗੂ ਭਾਈ ਗੁਰਿੰਦਰਪਾਲ ਸਿੰਘ ਧਨੌਲਾ ਤੇ ਭਾਈ ਪਰਮਜੀਤ ਸਿੰਘ ਸਹੋਲੀ ਗਲਬਾਤ ਦੀ ਟੇਬਲ ਤੋਂ ਹੀ ਗ੍ਰਿਫਤਾਰ ਕਰ ਲਏ ਗਿਆ, ਜਿਹੜਾ ਕਿ ਇੱਕ ਕੌਮਾਂਤਰੀ ਅਪਰਾਧ ਹੈ।

ਜਾਰੀ ਕਰਤਾ: ਸਿੱਖ ਸੰਘਰਸ਼ ਮੋਰਚਾ ਮੈਂਬਰ - ਗਿਆਨੀ ਜਗਤਾਰ ਸਿੰਘ ਜਾਚਕ, ਭਾਈ ਧਿਆਨ ਸਿੰਘ ਮੰਡ, ਭਾਈ ਜਸਬੀਰ ਸਿੰਘ ਖੰਡੂਰ, ਭਾਈ ਬਲਵਿੰਦਰ ਸਿੰਘ ਭੁੱਲਰ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੂਰਤ ਸਿੰਘ ਖ਼ਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top