Share on Facebook

Main News Page

ਦੋਗਲਾਪਨ ਅਤੇ ਦੋ ਬੇੜੀਆਂ!

ਦੋਗਲਾਪਨ ਚੰਗਾ ਅਤੇ ਮੰਦਾ, ਸੱਚ ਅਤੇ ਝੂਠ, ਕਰਤਾ ਅਤੇ ਕਿਰਤ, ਸ਼ਬਦ ਗੁਰੂ ਅਤੇ ਦੇਹਧਾਰੀ ਗੁਰੂ, ਨਿਰੰਕਾਰ ਅਤੇ ਮੂਰਤੀਆਂ, ਗੁਰੂ ਸੰਤ ਅਤੇ ਅਖੌਤੀ ਸੰਤ ਬਾਬੇ, ਗੁਰੂ ਗ੍ਰੰਥ ਅਤੇ ਅਖੌਤੀ ਦਸਮ ਗ੍ਰੰਥ ਆਦਿ ਵਿੱਚ ਫਰਕ ਨਾਂ ਸਮਝ ਕੇ ਅਜਿਹੀਆਂ ਦੋ ਬੇੜੀਆਂ ਵਿੱਚ ਸਵਾਰ ਹੋਣਾਂ। ਸਦਾ ਯਾਦ ਰੱਖੋ! ਸਿੱਖ ਕੌਮ ਇੱਕ ਨਿਰੰਕਾਰ ਵਿੱਚ ਵਿਸ਼ਵਾਸ਼ ਰੱਖਣ ਵਾਲੀ ਕੌਮ ਹੈ। ਇਸ ਕੌਮ ਦੇ ਬਾਨੀ ਵੀ ਨਾਨਕ ਨਿਰੰਕਾਰੀ ਹਨ ਜਿਨ੍ਹਾਂ ਨੇ ਨਿਰੰਕਾਰ (ਨਿਰ-ਅਕਾਰ) ਕਰਤਾਰ ਨੂੰ ਹੀ ਅਰਾਧਿਆ ਅਤੇ ਸਮੁੱਚੇ ਜਗਤ ਨੂੰ ਉਸੇ ਨੂੰ ਅਰਾਧਨ ਦਾ ਹੀ ਉਪਦੇਸ਼ ਦਿੰਦੇ ਹੋਏ ਫੁਰਮਾਇਆ ਕਿ- ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ (470) ਪੰਜਾਬੀ ਦੀ ਆਮ ਕਹਾਵਤ ਹੈ ਕਿ “ਦੋ ਬੇੜੀਆਂ ਦਾ ਸਵਾਰ ਕਦੇ ਪਾਰ ਨਹੀਂ ਲੰਘਦਾ ਸਗੋਂ ਡੁਬਦਾ ਹੈ”। ਅੱਜ ਥੋੜਿਆਂ ਨੂੰ ਛੱਡ ਬਹੁਤੀ ਸਿੱਖ ਕੌਮ ਇੱਕ ਨਿਰੰਕਾਰ ਦਾ ਅਰਾਧਣ ਕਰਨ ਦੀ ਬਜਾਏ, ਡੇਰੇਦਾਰ ਸਾਧਾਂ, ਗੁਰੂਆਂ, ਭਗਤਾਂ ਅਤੇ ਸੰਤ ਬਾਬਿਆਂ ਦੀਆਂ ਵੱਡ ਅਕਾਰੀ ਆਪੂੰ ਬਣਾਈਆਂ ਤਸਵੀਰਾਂ ਦਾ ਹੀ ਅਰਾਧਣ ਕਰੀ ਜਾ ਰਹੀ ਹੈ। ਬਾਬੇ ਨਾਨਕ ਨੇ ਤਾਂ ਇੱਕ ਨਿਰੰਕਾਰ ਦੀ ਉਪਾਸ਼ਨਾਂ ਦਾ ਉਪਦੇਸ਼ ਦਿੱਤਾ ਸੀ ਨਾਂ ਕਿ ਕਿਸੇ ਅਕਾਰ ਵਾਲੇ ਗੁਰੂ, ਭਗਤ ਜਾਂ ਸੰਤ ਬਾਬੇ ਜਾਂ ਉਸ ਦੀ ਤਸਵੀਰ ਨੂੰ ਮੱਥੇ ਟੇਕਣ ਦਾ। ਜਦ ਸਿੱਖ ਅਰਦਾਸ ਕਰਦਾ ਹੈ ਤਾਂ ਉਸ ਨੇ ਇੱਕ ਨਿਰੰਕਾਰ-ਕਰਤਾਰ ਸਨਮੁਖ ਹੀ ਕਰਨੀ ਹੈ ਪਰ ਅਜੋਕਾ ਅਗਿਆਨੀ ਅਤੇ ਮਾਇਆਧਾਰੀ ਸਿੱਖ ਭਾਂਤ-ਸੁਭਾਂਤੇ ਬਾਬਿਆਂ, ਧੰਨ ਧੰਨ ਬਾਬਾ ਫਲਾਨਾਂ ਜੀ ਮਹਾਂਰਾਜ ਦੇ ਵੱਖ-ਵੱਖ ਨਾਂ ਲੈ ਕੇ ਕਰ ਰਿਹਾ ਹੈ। ਜਦ ਕਿ ਅਰਦਾਸ ਕੇਵਲ ਕਰਤਾਰ ਅੱਗੇ ਹੀ ਕਰਨੀ ਚਾਹੀਦੀ ਹੈ ਅਤੇ ਇੱਕ ਦੋ ਗੁਰੂਆਂ ਭਗਤਾਂ (ਜਿਵੇਂ ਬਾਬਾ ਨਾਨਕ, ਗੁਰੂ ਗੋਬਿੰਦ ਸਿੰਘ ਅਤੇ ਭਗਤ ਰਵਿਦਾਸ ਜੀ) ਦਾ ਹੀ ਕੇਵਲ ਨਾਂ ਲੈਣ ਦੀ ਬਜਾਏ ਸੱਚੇ ਮਾਰਗ ਤੇ ਚੱਲਣ ਵਾਲੇ ਸਮਸਤ ਗੁਰੂਆਂ-ਭਗਤਾਂ ਦਾ ਸਾਂਝਾ ਨਾਂ (ਗੁਰੂਆਂ-ਭਗਤਾਂ) ਲੈਣਾ ਚਾਹੀਦਾ ਹੈ ਕਿਉਂਕਿ ਸੱਚ ਮਾਰਗੀ ਗੁਰੂਆਂ-ਭਗਤਾਂ ਦੀ ਜੋਤ ਇੱਕ ਹੈ।

ਅਜੋਕਾ ਅਗਿਆਨੀ ਸਿੱਖ “ਪੂਜਾ ਅਕਾਲ ਕੀ” ਦੇ ਸਿਧਾਂਤ ਨੂੰ ਛੱਡ ਕੇ ਪੂਜਾ ਫੋਟੋਆਂ ਦੀ ਕਰ ਰਿਹਾ ਹੈ। ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ (646) ਨੂੰ ਵਿਸਾਰ ਕੇ ਅਨੇਕਾਂ ਬਾਣੀਆਂ ਮੰਨੀ ਫਿਰਦਾ ਹੈ। ਗੁਰਬਾਣੀ ਸ਼ਬਦ ਦੇ ਇੱਕ ਅਰਥ ਕਰਨ ਦੀ ਬਜਾਏ, ਵਾਲ ਦੀ ਖੱਲ ਉਧੇੜਦਾ ਹੋਇਆ, ਵਿਦਵਤਾ ਦਿਖਾਉਣ ਦੀ ਖਾਤਰ, ਇੱਕ ਸ਼ਬਦ ਦੇ ਕਈ-ਕਈ ਅਰਥ ਕਰੀ ਜਾ ਰਿਹਾ ਹੈ। ਇੱਕ ਗੁਰੂ ਗ੍ਰੰਥ ਨੂੰ ਛੱਡ ਕੇ, ਹੋਰ ਆਪਾ ਵਿਰੋਧੀ ਗ੍ਰੰਥਾਂ ਦੇ ਵੀ ਮਗਰ ਲੱਗ ਕੇ, ਥਾਂ-ਥਾਂ ਤੇ ਸੀਸ ਝੁਕਾ ਰਿਹਾ ਹੈ। ਇੱਕ ਗੁਰੂ ਪੰਥ ਨੂੰ ਛੱਡ ਕੇ ਅਨੇਕਾਂ ਟਕਸਾਲੀ ਅਤੇ ਸੰਪ੍ਰਦਾਈ ਪੰਥਾਂ ਵਿੱਚ ਵੰਡਿਆ ਪਿਆ ਹੈ। ਇਹ ਭੁੱਲ ਹੀ ਗਿਆ ਹੈ ਕਿ ਗੁਰੂ ਨੇ ਸਿੱਖ-ਪੰਥ (ਖਾਲਸਾ-ਪੰਥ) ਚਲਾਇਆ ਤੇ ਸਾਜਿਆ ਸੀ ਨਾਂ ਕਿ ਅਨੇਕ ਭਾਂਤੀ ਡੇਰੇ ਅਤੇ ਟਕਸਾਲਾਂ। ਗੁਰੂ ਨੇ ਸਿੱਖਾਂ ਨੂੰ ਇੱਕੋ ਰਹਿਤ ਮਰਯਾਦਾ ਦਿੱਤੀ ਸੀ, ਅੱਜ ਜਿੰਨੀਆਂ ਟਕਸਾਲਾਂ, ਜਿੰਨੇ ਡੇਰੇ, ਅਤੇ ਜਿੰਨੇ ਸੰਤ ਸਭ ਨੇ ਆਪਣੀ ਵੱਖਰੀ-ਵੱਖਰੀ ਮਰਯਾਦਾ ਚਲਾਈ ਹੋਈ ਹੈ। ਅੱਜ ਬਹੁਤੇ ਸਿੱਖ ਦੋ ਬੇੜੀਆਂ ਵਿੱਚ ਸਵਾਰ ਹੁੰਦੇ ਜਾ ਰਹੇ ਹਨ। “ਪੰਥਕ ਰਹਿਤ ਮਰਯਾਦਾ” ਨੂੰ ਛੱਡ ਕੇ, ਡੇਰਿਆਂ ਤੇ ਟਕਸਾਲਾਂ ਦੀ ਮਰਯਾਦਾ ਦੀ ਪਾਲਨਾ ਕਰ ਰਹੇ ਹਨ। ਟਾਹਰਾਂ ਅਕਾਲ ਤਖਤ ਦੇ ਨਾਂ ਦੀਆਂ ਮਾਰਦੇ ਹਨ ਪਰ ਅਕਾਲ ਤਖਤ ਦੀ ਮਰਯਾਦਾ ਗੁਰਦੁਆਰਿਆਂ ਚੋਂ ਖਤਮ ਕਰੀ ਜਾ ਰਹੇ ਹਨ। ਗੁਰੂ ਨੇ ਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਲਈ ਰਚੀ ਸੀ ਪਰ ਅਜੋਕੇ ਬਹੁਤੇ ਸਿੱਖ, ਬ੍ਰਾਹਮਣਾਂ ਵਾਂਗ ਪੂਜਾ ਕਰਦੇ ਹੋਏ, ਮੰਤਰ ਜਾਪ ਹੀ ਕਰ ਰਹੇ ਹਨ। ਬਹੁਤੇ ਡੇਰਿਆਂ ਅਤੇ ਗੁਰਦੁਆਰਿਆਂ ਵਿੱਚ 5-5, 11-11, 21-21, 31-31 ਅਤੇ 51-51 ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਇਕੱਠਿਆਂ ਜੁੜਵੇਂ ਪ੍ਰਕਾਸ਼ ਕਰਕੇ, ਇੱਕੋ ਥਾਂ ਪਾਠਾਂ ਦੀਆਂ ਲੜੀਆਂ ਚਲਾ ਕੇ, ਪੈਸੇ ਕਮਾ ਰਹੇ ਹਨ। ਗੁਰੂ ਦਾ ਤਾਂ ਹੁਕਮ ਬਾਣੀ ਪੜ੍ਹਨ, ਵਿਚਾਰਨ ਅਤੇ ਧਾਰਨ ਦਾ ਸੀ ਨਾਂ ਕਿ ਤੋਤਾ ਰਟਨੀ ਭਾੜੇ ਦੇ ਪਾਠ ਕਰਾਈ ਜਾਣ ਦਾ, ਕੀ ਕਦੇ ਈਸਾਈ ਪਵਿਤਰ ਬਾਈਬਲ ਦੇ ਤੋਤਾ ਰਟਨੀ ਪਾਠ ਕਰਦੇ ਹਨ?

ਇਹ ਦੋ ਬੇੜੀਆਂ ਵਿੱਚ ਪੈਰ ਨਹੀਂ ਤਾਂ ਹੋਰ ਕੀ ਹੈ? ਸਿੱਖ ਨੇ ਕਿਸ ਦਾ ਹੁਕਮ ਮੰਨਣਾ ਹੈ? ਸਦਾ ਇਹ ਯਾਦ ਰੱਖੋ ਕਿ ਹੁਕਮ ਗੁਰੂ ਦਾ ਮੰਨਣਾ ਹੈ ਨਾਂ ਕਿ ਕਿਸੇ ਟਕਸਾਲੀ ਸੰਤ ਜਾਂ ਡੇਰੇਦਾਰ ਦਾ। ਗੁਰੂ ਜੀ ਹਿੰਦੂ ਦੇਵੀ-ਦੇਵਤਿਆਂ ਵਾਲੀ ਸਮੱਗਰੀ ਦਾ ਖੰਡਨ ਕਰਦੇ ਹਨ ਪਰ ਸਾਡੇ ਅਜੋਕੇ ਗ੍ਰੰਥੀ ਅਤੇ ਪ੍ਰਬੰਧਕ ਜੋ ਬਹੁਤੇ ਸੰਤ-ਮੱਤ ਦੇ ਧਾਰਨੀ ਹਨ, ਇਹ ਸਾਰੀ ਸਮੱਗਰੀ ਗੁਰੂ ਗ੍ਰੰਥ ਨਾਲ ਰੱਖੀ ਜਾ ਰਹੇ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਨਿਰੰਕਾਰੀ ਨੇ ਫਜੂਲ ਦੀਆਂ ਆਰਤੀਆਂ, ਜੋਤਾਂ ਦਾ ਜਗਨਨਾਥ ਪੁਰੀ ਵਿਖੇ ਵਿਰੋਧ ਕੀਤਾ ਸੀ ਪਰ ਅਜੋਕੇ ਡੇਰਦਾਰ ਸਿੱਖ ਆਰਤੀਆਂ ਤੇ ਜੋਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬਾਲ ਕੇ ਥਾਲੀਆਂ ਘੁਮਾ ਰਹੇ ਹਨ। ਗੁਰੂ ਨੇ ਬ੍ਰਾਹਮਣੀ ਥਿੱਤਾਂ ਵਾਰਾਂ ਦਾ ਖੰਡਨ ਕੀਤਾ ਹੈ ਪਰ ਅਜੋਕੇ ਸ਼ਕਲੀ-ਸਿੱਖ ਸੰਗ੍ਰਾਂਦ, ਮਸਿਆ, ਪੰਚਕਾਂ ਅਤੇ ਪੂਰਨਮਾਸ਼ੀਆਂ ਹੀ ਗੁਰੂ ਘਰਾਂ ਵਿੱਚ ਮਨਾਈ ਜਾ ਰਹੇ ਹਨ। ਯਾਦ ਰੱਖੋ! ਇਹ ਸਭ ਕੁਛ ਸਿੱਖੀ ਸਰੂਪ ਵਾਲੇ ਸਨਾਤਨੀ ਮਹੰਤਾਂ ਨੇ ਗੁਰੂ ਘਰਾਂ ਵਿੱਚ ਵਾੜਿਆ ਸੀ। ਸਿੱਖਾਂ ਨੇ ਕਰਮਕਾਂਡੀ ਅਤੇ ਦੁਰਾਚਾਰੀ ਮਹੰਤ ਤਾਂ ਗੁਰਦੁਆਰਿਆਂ ਚੋਂ ਕੱਢ ਦਿੱਤੇ ਪਰ ਉਨ੍ਹਾਂ ਦੀਆਂ ਚਲਾਈਆਂ ਰੀਤਾਂ ਨਹੀਂ ਕੱਢੀਆਂ। ਗੁਰੂ ਨਾਨਕ ਨੇ ਤਾਂ ਕਿਹਾ ਸੀ-ਜਾਲਉ ਐਸੀ ਰੀਤਿ (590) ਪਰ ਸਾਡੀ ਤਾਂ ਪੈ ਗਈ ਹੈ ਇਨ੍ਹਾਂ ਨਾਲ ਪਰੀਤ।

ਗੁਰੂ ਨੇ ਮਰਦ ਤੇ ਔਰਤ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਸਨ ਪਰ ਅਜੋਕੇ ਸਿੱਖਾਂ ਨੇ ਸਾਧਾਂ ਦੇ ਮਗਰ ਲੱਗ ਕੇ ਔਰਤਾਂ ਤੋਂ ਇਹ ਅਧਿਕਾਰ ਖੋਹੇ ਹਨ। ਗੁਰੂਆਂ ਨੇ ਸਭ ਵਿੱਚ ਰੱਬੀ ਜੋਤ ਦਰਸਾਈ ਸੀ ਫਿਰ ਜਾਤਾਂ-ਪਾਤਾਂ ਕਿਵੇਂ ਉੱਚੀਆਂ-ਨੀਵੀਆਂ ਹੋ ਗਈਆਂ?

ਗੱਲ ਕੀ ਹਰੇਕ ਪਾਸੇ ਦੋਗਲਾਪਨ ਭਾਵ ਦੋ ਬੇੜੀਆਂ ਵਿੱਚ ਪੈਰ। ਇੱਕ ਦੀ ਥਾਂ ਅਨੇਕ ਦੀ ਪੂਜਾ, ਇੱਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਦੂਸਰਾ ਅਖੌਤੀ ਦਸਮ ਗ੍ਰੰਥ, ਇੱਕ ਸਿੱਖ ਰਹਿਤ ਮਰਯਾਦਾ ਨਾਲ ਦੂਜੀ ਅਖੌਤੀ ਸੰਤਾਂ ਦੀ ਮਰਯਾਦਾ, ਇੱਕ ਨਾਨਕਸ਼ਾਹੀ ਕੈਲੰਡਰ ਨਾਲ ਦੂਜਾ ਬਿਕ੍ਰਮੀ-ਨਾਨਕਸ਼ਾਹੀ (ਧੁਮੱਕੜ) ਕੈਲੰਡਰ, ਇੱਕ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਦੂਜੀ ਜਪੁਜੀ ਦੀ ਪੋਥੀ, ਇੱਕ ਪਾਸੇ ਅਖੰਡ ਪਾਠ ਦੂਜੇ ਪਾਸੇ ਸੰਪਟ ਅਤੇ ਸਪਤਾਹਕ ਪਾਠ। ਸਿੱਖ ਤਿਉਹਾਰਾਂ ਦੇ ਨਾਲ ਬ੍ਰਾਹਮਣੀ ਤਿਉਹਾਰ। ਰਾਗਮਾਲਾ ਪੜ੍ਹੋ ਜਾਂ ਨਾਂ ਪੜ੍ਹੋ ਦਾ ਦੋਗਲਾਪਨ, ਰਹਿਰਾਸ ਵਿੱਚ ਫਰਕ ਵੱਡੀ ਕਿ ਛੋਟੀ, ਬ੍ਰਾਹਮਣਾਂ ਨੂੰ ਘਰਾਂ ਵਿੱਚ ਭੋਜਨ ਖਵਾਉਣ ਅਤੇ ਦੱਸ਼ਣਾ ਦੇਣ ਵਾਂਗ, ਪੰਜ ਗ੍ਰੰਥੀਆਂ ਨੂੰ ਬੁਲਾ ਕੇ, ਭੋਜਨ ਅਤੇ ਦੱਸ਼ਣਾ। ਇੱਕ ਖਾਲਸਾ ਪੰਥ ਦੀ ਥਾਂ, ਅਨੇਕ ਡੇਰੇ ਅਤੇ ਸੰਪ੍ਰਦਾਵਾਂ ਆਦਿ ਨੂੰ ਮਾਨਤਾ, ਅਜਿਹੀਆਂ ਦੋ ਬੇੜੀਆਂ ਵਿੱਚ ਸਵਾਰ ਹੋਣਾ ਹੀ ਸਿੱਖਾਂ ਦੀ ਖੁਆਰੀ ਦਾ ਮੁੱਖ ਕਾਰਨ ਹੈ। ਯਾਦ ਰੱਖੋ! ਦੋ ਬੇੜੀਆਂ ਦਾ ਸਵਾਰ ਕਦੇ ਵੀ ਪਾਰ ਨਹੀਂ ਲੰਘਦਾ ਸਗੋਂ ਰਸਤੇ ਵਿੱਚ ਹੀ ਡੱਕੇ-ਡੋਲੇ ਖਾਂਦਾ ਹੋਇਆ ਡੁੱਬ ਜਾਂਦਾ ਹੈ। ਅੱਜ ਸਿੱਖ ਕੌਮ ਨੂੰ ਦੋਗਲਾਪਨ ਭਾਵ ਦੋ ਬੇੜੀਆਂ ਦੀ ਸਵਾਰੀ ਅਤੇ ਹਰੇਕ ਪੱਖ ਤੇ ਦੋ ਮੂੰਹੀਆਂ ਚਾਲਾਂ ਛੱਡਣੀਆਂ ਪੈਣਗੀਆਂ। ਧੜੇਬੰਧੀਆਂ ਤੋਂ ਉੱਪਰ ਉੱਠ ਕੇ, ਇੱਕ ਗੁਰੂ ਪੰਥ ਦੇ ਮੈਂਬਰ ਬਣਨਾਂ ਅਤੇ ਅਖੌਤੀ ਸੰਤ-ਡੇਰੇ ਛੱਡਣੇ ਪੈਣਗੇ। ਬਸ “ਗੁਰੂ ਗੁਰੂ ਅਤੇ ਸਿੱਖ ਸਿੱਖ ਹੀ ਹੈ” ਦੇ ਸਿਧਾਂਤ ਨੂੰ ਅਪਨਾਉਣਾ ਅਤੇ ਨਫਰਤਾਂ-ਤੰਗਦਿਲੀਆਂ ਛੱਡਣੀਆਂ ਪੈਣਗੀਆਂ। ਗੁਰਸਿਖਾਂ ਇਕੋ ਪਿਆਰੁ ਗੁਰ ਮਿਤਾਂ ਪੁਤਾਂ ਭਾਈਆਂ (648) ਦੇ ਸਿਧਾਂਤ ਤੇ ਪਹਿਰਾ ਦੇਣਾ, ਤਨੋਂ ਮਨੋਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸੁਪਰੀਮ ਮੰਨਣਾ ਪਵੇਗਾ ਵਰਨਾ ਦੋ ਬੇੜੀਆਂ ਵਿੱਚ ਸਵਾਰ ਰਹਿਣ ਨਾਲ, ਕੌਮ ਦੇ ਗਲ ਹੋਰ ਖੁਆਰੀਆਂ ਹੀ ਪੈਣਗੀਆਂ।

ਪੰਜਾਬੀ ਦੀ ਕਹਾਵਤ ਹੈ “ਸੌ ਦਾਰੂ ਤੇ ਇੱਕ ਘਿਉ, ਸੌ ਚਾਚਾ ਤੇ ਇੱਕ ਪਿਉ” ਚਾਚੇ, ਚਾਚੇ ਹੀ ਹਨ ਸੌ ਚਾਚੇ ਮਿਲ ਕੇ ਵੀ ਇੱਕ ਪਿਉ ਨਹੀਂ ਬਣ ਸਕਦੇ। ਇਵੇਂ ਹੀ ਸੌ ਸਾਧ ਮਿਲ ਕੇ ਵੀ ਗੁਰੂ ਨਹੀਂ ਹੋ ਸਕਦੇ, ਫਿਰ ਅੱਜ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਸੌ ਸਾਧਾਂ ਦੇ ਡੇਰਿਆਂ ਤੇ ਜਾ ਕੇ ਤਨ, ਮਨ ਅਤੇ ਧਨ ਕਿਉਂ ਬਰਬਾਦ ਕਰ ਰਹੇ ਹਾਂ? ਵਾਸਤਾ ਰੱਬ ਦਾ! ਸਿੱਖੋ ਦੋ ਬੇੜੀਆਂ (ਇੱਕ ਪਾਸੇ ਸੱਚਾ ਸ਼ਬਦ ਗੁਰੂ ਗ੍ਰੰ੍ਰੰਥ ਸਾਹਿਬ ਦੂਜੇ ਪਾਸੇ ਅਖੌਤੀ ਸਾਧ ਅਤੇ ਦਸਮ ਗ੍ਰੰਥ) ਵਿੱਚ ਸਵਾਰ ਹੋਣਾ ਛੱਡ ਕੇ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਦੇ ਬੇੜੇ ਵਿੱਚ ਸਵਾਰ ਹੋ, ਦੋਗਲਪਨ ਛੱਡਦੇ ਹੋ ਤਾਂ ਥੋਥੇ ਕਰਮਕਾਂਡਾਂ ਦੇ ਅਗਿਆਨਤਾ ਭਰੇ ਸਾਗਰ ਵਿੱਚ ਡੁੱਬਣ ਤੋਂ ਬਚ ਜਾਓਗੇ।

ਆਓ ਇੱਕ ਗੁਰੂ ਗ੍ਰੰਥ ਦੇ ਮਹਾਂਨ ਬੇੜੇ ਵਿੱਚ ਸਵਾਰ ਹੋ ਕੇ, ਦੋਗਲਾਪਨ ਛੱਡ, ਅਖੌਤੀ ਪੁਜਾਰੀਆਂ ਅਤੇ ਸਾਧਾਂ ਦੇ ਪਾਏ ਭੰਬਲਭੂਸਿਆਂ ਦੇ ਸਾਗਰ ਤੋਂ ਪਾਰ ਹੋ ਜਾਈਏ। ਪੰਥ ਦੇ ਮਹਾਂਨ ਦਾਰਸ਼ਨਿਕ ਵਿਦਵਾਨ ਕਵੀ ਭਾਈ ਨੰਦ ਲਾਲ ਸਿੰਘ ਜੀ ਵੀ ਦਰਸਾਉਂਦੇ ਹਨ ਕਿ “ਸਾਰੀ ਉਨਰ ਗੁਨਾਹੀਂ ਬੀਤੀ। ਹਰ ਕੀ ਭਗਤਿ ਨਾਂ ਕੀਤੀ। ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ” ਸਮਝ ਕੇ ਚੱਲਣ ਵਿੱਚ ਹੀ ਕੌਮ ਦਾ ਭਲਾ ਵਰਨਾ ਖਜਲ-ਖਵਾਰੀਆਂ ਹੀ ਹਨ। ਏਕੇ ਵਿੱਚ ਬਰਕਤ ਹੈ, ਇੱਕ ਨਾਲ ਜੁੜੋਗੇ ਤਾਂ ਏਕਤਾ ਆਵੇਗੀ ਅਤੇ ਦੋਗਲਾਪਨ ਦੂਰ ਹੋਵੇਗਾ।

ਅਵਤਾਰ ਸਿੰਘ ਮਿਸ਼ਨਰੀ (5104325827)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top