Share on Facebook

Main News Page

ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣੀ ਸਿੱਖ ਵਿਰੋਧੀ ਮਾਨਸੀਕਤਾ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ: ਅਤਿੰਦਰ ਪਾਲ ਸਿੰਘ ਖ਼ਾਲਸਤਾਨੀ

* ਪੰਜਾਬ ਪ੍ਰਸ਼ਾਸਨ ਆਪਣੀ ਇਸ ਬਿਮਾਰ ਸੋਚ ਦੀ ਦਿਮਾਗੀ ਬਣਤਰ ਰਾਹੀਂ ਸਿੱਖਾਂ ਦੇ ਹਰ ਇਕੱਠ ਨੂੰ ‘ਨਕਲੀ ਮੁਕਾਬਲੇ ਰਾਹੀਂ ਕੁਚਲ ਦੇਣ ਦੀ’ ਐਨਕ ਵਿੱਚੋਂ ਵੇਖ ਕੇ ਹੀ ਆਪਣੀ ਨੀਤੀ ਅਤੇ ਹਰਕਤ ਤੈਅ ਕਰਦਾ ਹੈ

ਬਠਿੰਡਾ, 30 ਮਾਰਚ (ਕਿਰਪਾਲ ਸਿੰਘ): ਪੰਜਾਬ ਭਰ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਲੈ ਕੇ ਜੋ ਨਾਗਰਿਕ ਨਾ ਫ਼ਰਮਾਨੀ ਦਾ ਮਾਹੌਲ ਬਣਿਆ ਹੈ ਉਸ ਨੂੰ ਤਾਰਪੀਡੋ ਕਰਨ ਵਾਲੇ ਸਾਰੇ ਜਤਨਾਂ ਦਾ ਵਿਰੋਧ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਦੇ ਪ੍ਰਧਾਨ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਸਾਬਕਾ ਐਮ.ਪੀ. ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸਭ ਨੂੰ ਸੰਜਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਤੇ ਸਿੱਖਾਂ ਦੀ ਦਸਤਾਰ ’ਤੇ ਹੱਥ ਪਾਉਣਾ ਤੇ ਫਿਰ ਉਸ ਨੂੰ ਅੱਗ ਲਾ ਕੇ ਸਾੜ ਦੇਣਾ ਖ਼ਾਲਸਾ ਪੰਥ ਲਈ ਕਤਲੇਆਮ ਤੋਂ ਘੱਟ ਨਹੀਂ ਹੈ। ਇਸ ਹਿੰਦੂ ਆਂਤਕਵਾਦ ਤੇ ਪੰਜ ਸਿੰਘ ਸਾਹਿਬਾਨਾਂ ਅਤੇ ਬਾਦਲ ਸਰਕਾਰ ਦਾ ਚੁੱਪ ਰਹਿਣਾ ਸ਼ਰਮਨਾਕ ਹੈ। ਉਨ੍ਹਾਂ ਪੁੱਛਿਆ ਕਿ ਕੀ ਹਿੰਦੂ ਸੰਗਠਨ ਮਿੱਥ ਕੇ ਪੰਜਾਬ ਦੇ ਮਾਹੌਲ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ? ਇਹ ਭਾਜਪਾ, ਹਿੰਦੂ ਸੰਮਤੀ, ਆਰ.ਐਸ.ਐਸ. ਅਤੇ ਹੋਰ ਕੱਟੜਵਾਦੀ ਹਿੰਦੂਆਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ।

ਸਾਬਕਾ ਐਮ.ਪੀ. ਨੇ ਗੁਰਦਾਸਪੁਰ, ਸ੍ਰੀ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ, ਪਟਿਆਲਾ ਅਤੇ ਹੋਰ ਥਾਂਵਾਂ ਤੇ ਦੇਸ਼ ਦੀ ਬਹੁ ਗਿਣਤੀ ਵਲੋਂ ਦੇਸ਼ ਵਿਚਲੀ ਇਕ ਘੱਟ ਗਿਣਤੀ ਕੌਮ ਨਾਲ ਨਫ਼ਰਤ ਅਤੇ ਧਾਰਮਿਕ ਦੁਸ਼ਮਣੀ ਵਾਲੇ ਅਪਣਾਏ ਗਏ ਸਲੂਕ ਅਤੇ ਅਖ਼ਤਿਆਰ ਕੀਤੇ ਗਏ ਰਾਹ ਦੀ ਭਰਪੂਰ ਨਿੰਦਾ ਕੀਤੀ ਹੈ। ਹਿੰਦੂ ਆਂਤਕਵਾਦ ਅਤੇ ਕੱਟੜਵਾਦ ਵਲੋਂ ਪੰਜਾਬ ਦੇ ਸ਼ਾਂਤ ਮਾਹੌਲ ਵਿੱਚ ਕੀਤੇ ਜਾ ਰਹੇ ਭੜਕਾਉ ਅਤੇ ਸਮਾਜ ਵਿਰੋਧੀ ਕੰਮਾਂ ਤੇ ਆਂਤਕਵਾਦੀ ਹਰਕਤਾਂ ’ਤੇ ਭਾਜਪਾ ਅਤੇ ਸਿਆਣੇ ਹਿੰਦੂ ਸਮਾਜ ਦੇ ਨਾਗਰਿਕਾਂ ਵਲੋਂ ਚੁੱਪ ਰਹਿਣਾ ਦੇਸ਼ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਸ਼ਾਸਨ ਦੀ ਮਾਨਸੀਕਤਾ ਸਿੱਖ ਸਮਾਜ ਦੇ ਨੌਜਵਾਨ ਵਰਗ ਅਤੇ ਹਰ ਸ਼ਾਂਤਮਈ ਸਿੱਖ ਅੰਦੋਲਨ ਵਾਸਤੇ ਵੀ ‘ਆਂਤਕਵਾਦੀ ਅਤੇ ਦਹਿਸ਼ਤਵਾਦੀ’ ਬਣ ਗਈ ਹੈ। ਉਹ ਆਪਣੀ ਇਸ ਬਿਮਾਰ ਸੋਚ ਦੀ ਦਿਮਾਗੀ ਬਣਤਰ ਰਾਹੀਂ ਸਿੱਖਾਂ ਦੇ ਹਰ ਇਕੱਠ ਨੂੰ ‘ਨਕਲੀ ਮੁਕਾਬਲੇ ਰਾਹੀਂ ਕੁਚਲ ਦੇਣ ਦੀ’ ਐਨਕ ਵਿੱਚੋਂ ਵੇਖ ਕੇ ਹੀ ਆਪਣੀ ਨੀਤੀ ਅਤੇ ਹਰਕਤ ਤੈਅ ਕਰਦਾ ਹੈ। ਗੁਰਦਾਸਪੁਰ, ਅੰਮ੍ਰਿਤਸਰ, ਫਗਵਾੜਾ ਅਤੇ ਪਟਿਆਲਾ ਦੀਆਂ ਘਟਨਾਵਾਂ ਇਸੇ ਮਨੋਬਿਰਤੀ ਦੀ ਪੈਦਾਇਸ਼ ਹਨ। ਉਨ੍ਹਾਂ ਕਿਹਾ ਕਿ ਗ੍ਰਹਿ ਵਿਭਾਗ ਦੇ ਇੰਚਾਰਜ ਉਪ ਮੁੱਖ ਮੰਤ੍ਰੀ ਸ੍ਰੀ ਸੁਖਬੀਰ ਬਾਦਲ ਨੂੰ ਆਪਣੇ ਸਿੱਖ ਵਿਰੋਧੀ ਮਾਨਸੀਕਤਾ ਦੇ ਬਿਮਾਰ ਪ੍ਰਸ਼ਾਸਨ ’ਤੇ ਨਕੇਲ ਪਾਉਣ ਦੀ ਅਤੇ ਇਸ ਮਾਨਸਿਕ ਰੋਗ ਦਾ ਇਲਾਜ਼ ਕਰਵਾਉਣ ਦੀ ਸਖ਼ਤ ਲੋੜ ਹੈ।

ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਨੇ ਕਿਹਾ ਕਿ ਬਿਨਾ ਕਿਸੇ ਵੀ ਵਜ੍ਹਾ ਤੋਂ ਅਤੇ ਕੱਢੇ ਜਾ ਰਹੇ ਰੋਸ ਮਾਰਚਾਂ ਨੂੰ ਵਾਪਸ ਲਏ ਜਾਣ ਤੋਂ ਬਾਅਦ ਵੀ ਬਾਦਲ ਸਰਕਾਰ ਵਲੋਂ ਸਿੱਖ ਲੀਡਰਸ਼ਿਪ ਨੂੰ ਬਦੋ ਬਦੀ ਫੜ ਕੇ ਜੇਲ੍ਹਾਂ ਵਿੱਚ ਡੱਕ ਦੇਣਾ ਰਾਜਨੀਤਕ ਬਦਲਾ ਖੋਰੀ ਨਹੀਂ ਤਾਂ ਹੋਰ ਕੀ ਹੈ? ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਲੀਡਰਾਂ ਦੀ ਬਿਨਾਂ ਸ਼ਰਤ ਤੁਰੰਤ ਰਿਹਾਈ ਹੋਣੀ ਚਾਹੀਦੀ ਹੈ। ਅਜਿਹੇ ਧੱਕੇ ਬਰਦਾਸ਼ਤ ਤੋਂ ਬਾਹਰ ਹਨ। ਇਸ ਨਾਲ ਸਮਾਜ ਵਿੱਚ ਰੋਹ ਅਤੇ ਆਕਰੋਸ਼ ਹੋਰ ਭੜਕਦਾ ਹੈ। ਕੀ ਬਾਦਲ ਸਰਕਾਰ ਹੁਣ ਖੁਦ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾ ਕੇ ਕੋਈ ਰਾਜਨੀਤਕ ਖੇਡ ਤਾਂ ਨਹੀਂ ਖੇਡਣਾ ਚਾਹੁੰਦੀ ? ਇਹ ਸ਼ੱਕ ਇਸ ਲਈ ਪੈਂਦਾ ਹੈ ਕਿ ਸਰਕਾਰ ਦੇ ਹੁਕਮਾਂ ਤੋਂ ਬਿਨਾਂ ਪ੍ਰਸ਼ਾਸਨ ਅਜਿਹਾ ਨਹੀਂ ਕਰ ਸਕਦਾ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੇ ਪੁਰ ਅਮਨ ਅਮਲ ਕਰਨ ਲਈ ਸਮੁੱਚੀ ਪੰਜਾਬ ਦੀ ਵੱਸੋਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਏਕਤਾ ਅਤੇ ਇਕਮੁੱਠਤਾ ਨੂੰ ਆਉਣ ਵਾਲੇ ਗੰਭੀਰ ਸਮੇਂ ਵਿੱਚ ਵੀ ਬਰਕਰਾਰ ਰੱਖਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top