Share on Facebook

Main News Page

ਭਾਈ ਊਧਮ ਸਿੰਘ ਨੂੰ ਠੀਕ ਕਹਿਣ ਵਾਲੇ ਭਾਈ ਰਾਜੋਆਣਾ ਨੂੰ ਗਲਤ ਕਿਵੇਂ ਕਹਿ ਸਕਦੇ ਹਨ: ਪ੍ਰੋ. ਸਭਰਾਅ

* ਇਹ ਗੁਰੂ ਸਾਹਿਬ ਦੀ ਖ਼ਾਲਸੇ ਲਈ ਵਸੀਹਤ ਹੀ ਹੈ ਕਿ ਜਦੋਂ ਵੀ ਇਹ ਫੁਟ ਦਾ ਸ਼ਿਕਾਰ ਹੋਇਆ ਤਾਂ ਖ਼ੁਆਰ ਹੋਇਆ ਹੈ ਜਦੋਂ ਹੀ ਏਕਾ ਕੀਤਾ ਤਾਂ ਚੜ੍ਹਦੀਕਲਾ ਹੋਈ
* ਨਿਜੀ ਗਰਜਾਂ ਲਈ ਖ਼ਾਲਸੇ ਤੋਂ ਵੱਖ ਹੋਏ ਸਿੱਖ, ਜੈ ਸਿੰਘ ਅਟਾਰੀ ਤੋਂ ਪ੍ਰੇਰਣਾ ਲੈ ਕੇ ਵਾਪਸ ਮੁੜ ਆਉਣ

ਬਠਿੰਡਾ, 29 ਮਾਰਚ (ਕਿਰਪਾਲ ਸਿੰਘ): 1919 ਦੀ ਵੈਸਾਖੀ ਨੂੰ ਜਲ੍ਹਿਆਂਵਾਲੇ ਬਾਗ ਵਿੱਚ ਜਨਰਲ ਡਾਇਰ ਨੇ ਭਾਰਤ ਦੀ ਅਜਾਦੀ ਦੀ ਮੰਗ ਕਰ ਰਹੇ ਪੰਜਾਬੀਆਂ ਦੇ ਖ਼ੂਨ ਨਾਲ ਹੋਲੀ ਖੇਡੀ ਤਾਂ ਉਸ ਸਮੇਂ ਦਾ ਨਜ਼ਾਰਾ ਵੇਖਣ ਵਾਲੇ ਸਿੱਖ ਨੌਜਵਾਨ ਭਾਈ ਊਧਮ ਸਿੰਘ ਸੁਨਾਮ ਨੇ 7 ਸਾਲ ਬਾਅਦ ਲੰਡਨ ਪਹੁੰਚ ਕੇ ਉਸ ਨੂੰ ਗੋਲੀ ਮਾਰ ਕੇ ਆਪਣੇ ਭਰਾਵਾਂ ਦੇ ਖ਼ੂਨ ਦਾ ਬਦਲਾ ਲਿਆ? ਜੇ ਉਸ ਸਮੇਂ ਦੀ ਅੰਗਰੇਜ ਸਰਕਾਰ ਬੇਦੋਸ਼ਿਆਂ ਦੇ ਕਾਤਲ ਜਨਰਲ ਡਾਇਰ ਨੂੰ ਕਾਨੂੰਨ ਅਨੁਸਾਰ ਸਜਾ ਦੇ ਦਿੰਦੀ ਤਾਂ ਭਾਈ ਊਧਮ ਸਿੰਘ ਕਦੀ ਵੀ ਉਸ ਦਾ ਕਤਲ ਨਾ ਕਰਦੇ। ਬਿਲਕੁਲ ਇਹੀ ਸਥਿਤੀ ਭਾਈ ਦਿਲਾਵਰ ਸਿੰਘ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਹੈ। ਜੇ ਕਰ 1984 ਵਿੱਚ ਸਮੁੱਚੇ ਭਾਰਤ ਅਤੇ ਡੇਢ ਦਹਾਕੇ ਤੱਕ ਪੰਜਾਬ ਵਿੱਚ ਸਿੱਖਾਂ ਦੇ ਖ਼ੂਨ ਦੀ ਹੋਲੀ ਖੇਡਣ ਵਾਲਿਆਂ ਨੂੰ ਸਰਕਾਰ ਕਾਨੂੰਨ ਅਨੁਸਾਰ ਸਜਾ ਦਿੰਦੀ ਤਾਂ ਉਹ ਕਦੀ ਵੀ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਨਾ ਕਰਦੇ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਹਰਜਿੰਦਰ ਸਿੰਘ ਸਭਰਾਅ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ।

ਉਨ੍ਹਾਂ ਕਿਹਾ ਜੇ ਅੱਜ ਭਾਰਤ ਵਿੱਚ ਅੰਗਰੇਜ ਸਰਕਾਰ ਹੁੰਦੀ ਤਾਂ ਉਸ ਦੇ ਖ਼ਿਆਲ ਭਾਈ ਰਜੋਆਣੇ ਸਬੰਧੀ ਉਹੀ ਹੋਣੇ ਸਨ, ਜਿਹੜੇ ਉਸ ਸਮੇਂ ਉਹ ਭਾਈ ਊਧਮ ਸਿੰਘ ਬਾਰੇ ਪ੍ਰਗਟ ਕਰ ਰਹੀ ਸੀ। ਪਰ ਸਮੇਂ ਦਾ ਸੱਚ ਉਹ ਨਹੀਂ ਹੁੰਦਾ ਜੋ ਸਰਕਾਰਾਂ ਕਹਿੰਦੀਆਂ ਹਨ, ਸੱਚ ਉਹੀ ਹੁੰਦਾ ਹੈ ਜੋ ਇਤਿਹਾਸ ਲਿਖਦਾ ਹੈ। ਇਤਿਹਾਸ ਅਤੇ ਅੱਜ ਦੀ ਸਰਕਾਰ ਸਮੇਤ ਅਸੀਂ ਸਾਰੇ ਭਾਈ ਊਧਮ ਸਿੰਘ ਨੂੰ ਠੀਕ ਅਤੇ ਜਨਰਲ ਡਾਇਰ ਤੇ ਅੰਗਰੇਜ ਸਰਕਾਰ ਨੂੰ ਗਲਤ ਕਹਿੰਦੇ ਹਾਂ। ਦੋਵੇਂ ਘਟਨਾਵਾਂ ਦਾ ਵਿਸ਼ੇਸ਼ਲਣ ਅਤੇ ਮੁਕਾਬਲਾ ਕਰਕੇ ਵੇਖਿਆ ਜਾਵੇ ਕਿ ਭਾਈ ਊਧਮ ਸਿੰਘ ਨੂੰ ਠੀਕ ਕਹਿਣ ਵਾਲੇ ਭਾਈ ਰਾਜੋਆਣਾ ਨੂੰ ਗਲਤ ਕਿਉਂ ਕਹਿੰਦੇ ਹਨ। ਪ੍ਰੋ: ਸਭਰਾਅ ਨੇ ਕਿਹਾ ਕਿ ਮੌਕੇ ਦੀ ਸਰਕਾਰ ਦੇ ਤਾਂ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਆਦਿ ਸਾਰੇ ਹੀ ਸਿੱਖ ਬਾਗੀ ਸਨ ਪਰ ਅੱਜ ਅਸੀਂ ਉਨ੍ਹਾਂ ਸ਼ਹੀਦ ਸਿੰਘਾਂ ਨੂੰ ਸਤਿਕਾਰ ਨਾਲ ਯਾਦ ਕਰਦੇ ਹਾਂ ਤੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਗੱਲ ਕਰਦੇ ਹਾਂ। ਇਸੇ ਤਰ੍ਹਾਂ ਜਿਨ੍ਹਾਂ ਨੂੰ ਅੱਜ ਦੀ ਸਰਕਾਰ ਅਤਿਵਾਦੀ ਕਹਿੰਦੀ ਹੈ ਆਉਣ ਵਾਲੇ ਸਮੇਂ ਦੇ ਇਤਿਹਾਸ ਵਿੱਚ ਉਹ ਸ਼ਹੀਦ ਮੰਨੇ ਜਾਣਗੇ ਤੇ ਉਨ੍ਹਾਂ ਤੋਂ ਪ੍ਰੇਰਣਾ ਲੈਣ ਦੀ ਗੱਲ ਕੀਤੀ ਜਾਵੇਗੀ।

ਪ੍ਰੋ: ਸਭਰਾਅ ਨੇ ਕਿਹਾ ਇਹ ਗੁਰੂ ਸਾਹਿਬ ਦੀ ਖ਼ਾਲਸੇ ਲਈ ਵਸੀਹਤ ਹੀ ਹੈ ਕਿ ਜਦੋਂ ਵੀ ਇਹ ਫੁੱਟ ਦਾ ਸ਼ਿਕਾਰ ਹੋਇਆ ਤਾਂ ਖ਼ੁਆਰ ਹੋਇਆ ਹੈ ਜਦੋਂ ਹੀ ਏਕਤਾ ਕੀਤੀ ਤਾਂ ਚੜ੍ਹਦੀਕਲਾ ਹੋਈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭਾਈ ਜੈ ਸਿੰਘ ਅਟਾਰੀ ਦੇ ਉਨ੍ਹਾਂ ਨਾਲ ਮੱਤਭੇਦ ਹੋ ਗਏ ਤੇ ਉਹ ਖ਼ਾਲਸਾ ਫੌਜਾਂ ਨੂੰ ਛੱਡ ਕੇ ਕਾਬਲ ਚਲੇ ਗਿਆ ਤੇ ਉਥੋਂ ਦੇ ਰਾਜੇ ਦੀ ਫੌਜ ਵਿੱਚ ਭਰਤੀ ਹੋ ਗਿਆ। ਉਥੇ ਉਸ ਨੂੰ ਬਹੁਤ ਮਾਨ ਸਨਮਾਨ ਦਿੱਤਾ ਜਾਂਦਾ ਸੀ ਤੇ ਰਾਜੇ ਦੇ ਦਰਬਾਰ ਵਿੱਚ ਉਚੀ ਅਟਾਰੀ ’ਤੇ ਬੈਠਣ ਲਈ ਜਗ੍ਹਾ ਦਿੱਤੀ ਜਾਂਦੀ ਸੀ। ਇੱਕ ਵਾਰ ਜਦੋਂ ਸਿੱਖਾਂ ਦੇ ਸਿਰ ਕੱਟ ਕੇ ਕਾਬਲ ਦੇ ਰਾਜ ਦਰਬਾਰ ਵਿੱਚ ਨੁੰਮਾਇਸ਼ ਲਾ ਕੇ ਜਸਨ ਮਨਾਏ ਜਾ ਰਹੇ ਸਨ ਤਾਂ ਜੈ ਸਿੰਘ ਅਟਾਰੀ ਨੂੰ ਭਾਵੇਂ ਬਹੁਤ ਮਾਨ ਸਨਮਾਨ ਦਿੱਤਾ ਜਾ ਰਿਹਾ ਸੀ ਪਰ ਉਹ ਉਸ ਦ੍ਰਿਸ਼ ਨੂੰ ਸਹਿਣ ਨਾ ਕਰ ਸਕਿਆ ਤੇ ਉਥੋਂ ਰੋਹ ਨਾਲ ਭਰਿਆ ਪੀਤਾ ਉਠ ਕੇ ਚਲਾ ਆਇਆ ਤੇ ਅਕਾਲੀ ਫੂਲਾ ਸਿੰਘ ਨੂੰ ਕਹਿਣ ਲੱਗਾ ਕਿ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਮਿਲਾਇਆ ਜਾਵੇ। ਅਕਾਲੀ ਫੂਲਾ ਸਿੰਘ ਕਹਿਣ ਲੱਗੇ ਕਿ ਤੇਰੇ ਤਾਂ ਮਹਾਰਾਜਾ ਨਾਲ ਮਤਭੇਦ ਹੋ ਗਏ ਸਨ ਤੇ ਉਨ੍ਹਾਂ ਮਤਭੇਦਾਂ ਕਾਰਣ ਤੂੰ ਉਸ ਨੂੰ ਛੱਡ ਕੇ ਚਲਾ ਗਿਆ ਸੀ ਇਸ ਲਈ ਹੁਣ ਤੇਰਾ ਉਸ ਨਾਲ ਸਬੰਧ ਹੀ ਕੀ ਹੈ? ਭਾਈ ਜੈ ਸਿੰਘ ਅਟਾਰੀ ਕਹਿਣ ਲੱਗੇ ਬੇਸ਼ੱਕ ਮੇਰੇ ਮਹਾਰਾਜਾ ਨਾਲ ਸਬੰਧ ਠੀਕ ਨਹੀਂ ਹਨ ਪਰ ਜੇ ਮੈਂ ਕਾਬਲ ਦਰਬਾਰ ਵਿੱਚ ਨਾ ਜਾਂਦਾ ਤਾਂ ਆਪਣੇ ਹੀ ਸਿੱਖ ਭਰਾਵਾਂ ਦੇ ਕੱਟੇ ਹੋਏ ਸਿਰਾਂ ਦੀ ਲੱਗੀ ਨੁੰਮਾਇਸ਼ ਦਾ ਦੁੱਖਦਾਇਕ ਨਜ਼ਾਰਾ ਮੈਂ ਆਪਣੀ ਅੱਖੀਂ ਨਾ ਵੇਖਦਾ। ਪ੍ਰੋ: ਸਭਰਾਅ ਨੇ ਕਿਹਾ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਅਸੀਂ ਪੰਥ ਤੋਂ ਵੱਖ ਹੋ ਕੇ ਵਿਰੋਧੀਆਂ ਵਿੱਚ ਜਾਂਦੇ ਹਾਂ ਤਾਂ ਵਕਤੀ ਤੌਰ ’ਤੇ ਉਹ ਸਾਨੂੰ ਬਹੁਤ ਹੀ ਮਾਨ ਸਨਮਾਨ ਦਿੰਦੇ ਹਨ ਪਰ ਅਹੁਦਿਆਂ, ਮਾਨ ਸਨਮਾਨ ਅਤੇ ਨਿਜੀ ਗਰਜਾਂ ਲਈ ਖ਼ਾਲਸੇ ਤੋਂ ਵੱਖ ਹੋ ਕੇ ਸਰਕਾਰ ਦੇ ਭਾਈਵਾਲ ਬਣੇ ਜਿਹੜੇ ਸਿੱਖ ਆਪਣੇ ਹੀ ਭਰਾਵਾਂ ਨੂੰ ਅਤਿਵਾਦੀ ਕਹਿੰਦੇ ਤੇ ਉਨ੍ਹਾਂ ਨੂੰ ਦਿਤੀ ਜਾ ਰਹੀ ਸਜਾ ’ਤੇ ਦੁੱਖ ਮੰਨਣ ਦੀ ਥਾਂ ਵਿਰੋਧੀਆਂ ਦੇ ਜਸਨਾਂ ਵਿੱਚ ਬੈਠ ਕੇ ਖੁਸ਼ੀਆਂ ਮਨਉਂਦੇ ਹਨ, ਉਨ੍ਹਾਂ ਨੂੰ ਭਾਈ ਜੈ ਸਿੰਘ ਅਟਾਰੀ ਤੋਂ ਪ੍ਰੇਰਣਾ ਲੈ ਕੇ ਵਾਪਸ ਮੁੜ ਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਭਾਈ ਰਾਜੋਆਣਾ ਦੀ ਫਾਂਸੀ ’ਤੇ ਰਾਸ਼ਟਰਪਤੀ ਵੱਲੋਂ ਲਾਈ ਆਰਜੀ ਸਟੇਅ ਸਿੱਖਾਂ ਦੇ ਇਕਮੁਠ ਹੋਣ ਕਰਕੇ ਹੀ ਸੰਭਵ ਹੋ ਸਕੀ ਹੈ ਇਸ ਲਈ ਕਿਸੇ ਵਿਅਕਤੀ ਜਾਂ ਸਰਕਾਰ ਦਾ ਧੰਨਵਾਦ ਕਰਨ ਅਤੇ ਵਕਤੀ ਜਿੱਤ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਅਵੇਸਲੇ ਹੋਣ ਦੀ ਥਾਂ ਕੌਮੀ ਫਰਜ ਸਮਝ ਕੇ ਪੰਥਕ ਏਕਤਾ ਕਰਕੇ ਉਨ੍ਹਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ।

25 ਮਾਰਚ ਤੋਂ 29 ਮਾਰਚ ਤੱਕ ਪ੍ਰੋ: ਹਰਜਿੰਦਰ ਸਿੰਘ ਸਭਰਾ ਵਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਕੀਤੀ ਗਈ ਕਥਾ ਦੀ ਵੀਡੀਓ ਰੀਕਾਰਡਿੰਗ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਸਾਈਟ ਦੇ ਲਿੰਕ http://www.gurmatgian.com/category/video-bhai-harjindre-singh-ji-sabhra/  ’ਤੇ ਸੁਣੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top