Share on Facebook

Main News Page

ਬੱਸ ਕਰੋ ਜਥੇਦਾਰੋ, ਬੱਸ ਕਰੋ, ਕੌਮ ਦੇ ਹੀਰਿਆਂ ਨੂੰ ਗੰਦ ਵਿੱਚ ਰਲਾਉਣ ਦੀ ਨਾਪਾਕ ਕੋਸ਼ਿਸ਼ ਨਾ ਕਰੋ

ਆਪਣੇ ਮਾਲਕਾਂ ਦੇ ਵਫਾਦਾਰ ਜਥੇਦਾਰ ਸਹਿਬਾਨੋ (ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਛੱਡ ਕੇ) ਬੱਸ ਕਰੋ ਹੁਣ ਬਹੁਤ ਹੋ ਗਿਆ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਸਿੱਖ ਕੌਮ ਦਾ ਹੀਰਾ ਹੈ। ਉਸਦੀ ਕੁਰਬਾਨੀ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਨੂੰ ਸਮਰਪਿਤ ਹੈ। ਉਹ ਮੀਰੀ ਪੀਰੀ ਦੇ ਸਿਧਾਂਤ ਨੂੰ ਮੰਨਦਿਆਂ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦਾ ਹੈ। ਜੋ ਹਰ ਸਿੱਖ ਨੂੰ ਕਰਨਾ ਵੀ ਚਾਹੀਦਾ ਹੈ। ਭਾਈ ਰਾਜੋਆਣਾ ਦਾ ਦ੍ਰਿੜ ਵਿਸ਼ਵਾਸ਼ ਬਹੁਤ ਉੱਚਾ ਸੁੱਚਾ ਹੈ, ਜਿਸ ਕਾਰਣ ਭਾਈ ਰਾਜੋਆਣਾ ਦਾ ਕੱਦ ਅੱਜ ਬਹੁਤ ਉੱਚਾ ਹੈ। ਤੁਸੀਂ ਉਸਦੇ ਉੱਚੇ-ਸੁੱਚੇ ਸੁਨਹਿਰੀ ਇਤਿਹਾਸ ਵਿੱਚ ਆਪਣੀਆਂ ਕਾਲੀਆਂ ਲਕੀਰਾਂ ਵਾਹੁਣੀਆਂ ਬੰਦ ਕਰ ਦਿਓ। ਕਿਉਂਕਿ ਤੁਹਾਡਾ ਕਿਰਦਾਰ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਜਿੱਥੇ ਭਾਈ ਰਾਜੋਆਣਾ ਦੀ ਟੇਕ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਉੱਤੇ ਹੈ, ਉੱਥੇ ਤੁਹਾਡੀਆਂ ਟੇਕਾਂ ਭ੍ਰਿਸ਼ਟ ਸਿਆਸਤਦਾਨਾਂ ਉੱਤੇ ਹਨ। ਸੱਚ ਦੇ ਮਾਰਗ ਉੱਤੇ ਪਹਿਰਾ ਦਿੰਦਿਆਂ ਭਾਈ ਰਾਜੋਆਣਾ ਨੇ ਜਿਸ ਦੇਸ਼ ਦੇ ਝੂਠੇ ਨਿਆਂ ਕਰਤਾਵਾਂ ਉੱਤੇ ਵਿਸ਼ਵਾਸ਼ ਨਹੀਂ ਕੀਤਾ, ਤੁਸੀਂ ਤਾਂ ਅਸਲ ਵਿੱਚ ਉਨ੍ਹਾਂ ਨਾਲੋਂ ਵੀ ਮਾੜੇ ਕਿਰਦਾਰ ਵਾਲੇ ਹੋ। ਕਿਉਂਕਿ ਭਾਈ ਰਾਜੋਆਣਾ ਗੁਰੂ ਕਾ ਸਿੱਖ ਹੈ, ਤੇ ਤੁਸੀਂ ਆਰ.ਐਸ.ਐਸ. ਦੇ ਗੁਲਾਮ ਪ੍ਰਕਾਸ਼ ਸਿੰਘ ਬਾਦਲ ਦੇ ਸਿੱਖ ਹੋ। ਆਰ.ਐਸ.ਐਸ. ਵੀ ਭਾਈ ਰਾਜੋਆਣਾ ਨੂੰ ਫਾਂਸੀ ਚਾਹੁੰਦੀ ਹੈ ਤੇ ਤੁਸੀਂ ਵੀ ਉਸੇ ਦੇ ਹਮਾਇਤੀ ਹੋ। ਕਿਉਂਕਿ ਤੁਸੀਂ ਤਾਂ ਉਸਨੂੰ ਫਾਂਸੀ ਤੇ ਚਾੜ੍ਹਨ ਦੀ ਤਿਆਰੀ ਵੱਜੋਂ ਉਸਨੂੰ ਪਾਣੀ ਦੀਆਂ ਕੇਨੀਆਂ ਕਈ ਦਿਨ ਪਹਿਲਾਂ ਹੀ ਦੇ ਆਏ ਹੋ, ਕਿ ਇਸ ਪਾਣੀ ਨਾਲ ਇਸ਼ਨਾਨ ਕਰਕੇ ਫਾਂਸੀ ਤੇ ਚੜ੍ਹ ਜਾਵੀਂ। ਤੁਸੀਂ ਤਾਂ ਆਪਣਾ ਕੰਮ ਨਿਬੇੜ ਆਏ ਸੀ। ਜੋ ਲੋਕ ਭਾਈ ਰਾਜੋਆਣਾ ਪ੍ਰਤੀ ਹਮਦਰਦੀ ਰੱਖਦੇ ਹਨ, ਜਦੋਂ ਉਹ ਸੜਕਾਂ ਤੇ ਨਿਕਲ ਆਏ ਫਿਰ ਤੁਸੀਂ ਬਾਦਲਾਂ ਨੂੰ ਬੇਨਤੀਆਂ ਕਰਨ ਲੱਗ ਪਏ ਕਿ ਭਾਈ ਰਾਜੋਆਣਾ ਨੂੰ ਬਚਾਇਆ ਜਾਵੇ।

ਜਥੇਦਾਰੋ, ਭੁਲੇਖੇ ਵਿੱਚ ਨਾ ਰਹਿਓ ਕਿ ਜੋ ਲੋਕ ਅੱਜ ਸੜਕਾਂ ਤੇ ਨਿਕਲੇ ਹੋਏ ਹਨ ਉਹ ਤੁਹਾਡੇ ਫਤਵੇ ਸੁਣਨ ਲਈ ਨਹੀਂ, ਉਹ ਤਾਂ ਭਾਈ ਰਾਜੋਆਣਾ ਦੀ ਸੋਚ ਨੂੰ ਸਲਾਮਾਂ ਕਰਨ ਲਈ ਨਿਕਲੇ ਹੋਏ ਹਨ। ਜਥੇਦਾਰੋ, ਸੋਚੋ ਕਿ ਭਾਈ ਰਾਜੋਆਣਾ ਨੇ ਜਿਸ ਦ੍ਰਿੜਤਾ ਤੇ ਪਹਿਰਾ ਦਿੰਦਿਆਂ, ਇਹ ਕੁਰਬਾਨੀ ਕੀਤੀ ਹੈ ਜਾਂ 17 ਸਾਲ ਜੇਲ੍ਹ ਵਿੱਚ ਗੁਜਾਰੇ ਹਨ, ਉਹ ਕਿਹੜੇ ਸਰੋਵਰ ਦੇ ਪਾਣੀ ਦਾ ਕ੍ਰਿਸ਼ਮਾ ਹੈ? ਜਾਂ ਫਿਰ ਤੁਸੀਂ ਤਾਂ ਰੋਜ਼ ਇਸ ਸਰੋਵਰ ਦੇ ਪਾਣੀ ਨਾਲ ਨਹਾਉਂਦੇ ਹੋਵੋਗੇ, ਫਿਰ ਤੁਹਾਡੇ ਵਿੱਚ ਅੱਜ ਤੱਕ ਅਜਿਹੀ ਦ੍ਰਿੜਤਾ ਕਿਉਂ ਨਹੀਂ ਆਈ? ਜਥੇਦਾਰੋ, ਸਿੱਖ ਕੌਮ ਅੰਦਰ ਅਕਾਲ ਤਖਤ ਅਤੇ ਅੰਮ੍ਰਿਤ ਸਰੋਵਰ ਪ੍ਰਤੀ ਸ਼ਰਧਾ ਹੈ। ਤੁਸੀਂ ਇਸ ਸ਼ਰਧਾ ਦੀ ਦੁਰਵਰਤੋਂ ਨਾ ਕਰੋ। ਜੇ ਭਾਈ ਬਲਵੰਤ ਸਿੰਘ ਰਾਜੋਆਣਾ ਅਕਾਲ ਤਖਤ ਨੂੰ ਸਮਰਪਿਤ ਹੈ, ਤਾਂ ਤੁਸੀਂ ਇਹ ਨਾ ਸਮਝੋ ਕਿ ਉਹ ਤੁਹਾਡੀ ਸੋਚ ਨੂੰ ਵੀ ਸਮਰਪਿਤ ਹੈ। ਇਹ ਤਾਂ ਉਸ ਸਿੰਘ ਦੀ ਚੰਗੀ ਭਾਵਨਾ ਹੈ, ਕਿ ਜਿੱਥੇ ਉਹ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦਾ ਹੈ, ਉੱਥੇ ਤੁਹਾਡੇ ਨਾਮ ਨਾਲ ਅਕਾਲ ਤਖਤ ਸਾਹਿਬ ਦਾ ਨਾਮ ਜੁੜਨ ਤੇ ਤੁਹਾਨੂੰ ਵੀ ਸਤਿਕਾਰਦਾ ਹੈ। ਤੁਸੀਂ ਉਸਦੀ ਅਕਾਲ ਤਖਤ ਨੂੰ ਸਮਰਪਿਤ ਭਾਵਨਾ ਦੀ ਦੁਰਵਰਤੋਂ ਨਾ ਕਰੋ। ਸਭ ਨੂੰ ਪਤਾ ਹੈ ਕਿ ਤੁਸੀਂ ਕਿੱਡੀ ਕੁ ਸੋਚ ਦੇ ਮਾਲਕ ਹੋਂ।

ਕੁੱਝ ਦਿਨ ਪਹਿਲਾਂ ਹੀ ਤਾਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜੋ ਆਰ.ਐਸ.ਐਸ. ਦਾ ਹੱਥਠੋਕਾ ਅਤੇ ਸਿੱਖੀ ਦਾ ਦੁਸ਼ਮਣ ਹੈ, ਨੂੰ ਪੰਥ ਰਤਨ-ਫਖਰ ਏ ਕੌਮ ਦਾ ਖਿਤਾਬ ਦੇ ਕੇ ਹਟੇ ਹੋ। ਤੁਹਾਡੀ ਇਹ ਕਾਰਵਾਈ ਸਿੱਖ ਇਤਿਹਾਸ ਵਿੱਚ ਸਭ ਤੋਂ ਮਾੜੀ ਘਟਨਾ ਵੱਜੋਂ ਦਰਜ਼ ਹੋਵੇਗੀ। ਕਿਉਂਕਿ ਬਾਦਲ ਸਿੱਖ ਕੌਮ ਦਾ ਗੱਦਾਰ ਹੈ, ਅਤੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਦਾ ਪੱਕਾ ਯਾਰ ਹੈ। ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦੇਣ ਦੀ ਥਾਂ ਬਾਦਲ ਨੇ, ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਇਆ ਅਤੇ ਇਜਹਾਰ ਆਲਮ ਨੂੰ ਵਿਧਾਨ ਸਭਾ ਦੀ ਟਿਕਟ ਦੇ ਕੇ ਨਿਵਾਜਿਆ ਹੈ। ਜੇ ਤਾਂ ਹੁਣ ਤੁਹਾਡੀ ਮੰਨ ਲਈਏ, ਫਿਰ ਤਾਂ ਬਾਦਲ ਸਿੱਖ ਕੌਮ ਦੇ ਪੂਜਣਯੋਗ ਹੈ। ਕਿਉਂਕਿ ਅਕਾਲ ਤਖਤ ਨੇ ਉਸਨੂੰ ਪੰਥ ਰਤਨ ਫਖਰ ਏ ਕੌਮ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਹੈ`। ਜੇ ਬਾਦਲ ਨੂੰ ਸਿੱਖ ਕੌਮ ਦਾ ਗੱਦਾਰ ਕਹਿੰਦੇ ਹਾਂ, ਤਾਂ ਅਕਾਲ ਤਖਤ ਸਾਹਿਬ ਦੀ ਨਿਰਾਦਰੀ ਹੁੰਦੀ ਹੈ। ਤੁਹਾਡੀ ਇਹ ਘਟੀਆ ਕਾਰਵਾਈ, ਅਕਾਲ ਤਖਤ ਸਾਹਿਬ ਦੇ ਸਤਿਕਾਰ ਉੱਪਰ ਬਹੁਤ ਵੱਡਾ ਹਮਲਾ ਹੈ। ਜਦੋਂ ਆਉਣ ਵਾਲੀਆਂ ਪੀੜ੍ਹੀਆਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਕੌਮ ਨਾਲ ਕੀਤੀਆਂ ਗੱਦਾਰੀਆਂ ਦਾ ਲੇਖਾ-ਜੋਖਾ ਕਰਨਗੀਆਂ, ਤਾਂ ਉਹ ਅਕਾਲ ਤਖਤ ਸਾਹਿਬ ਬਾਰੇ ਕੀ ਸੋਚਣਗੀਆਂ? ਕਿ ਕੌਮ ਦੇ ਦੁਸ਼ਮਣਾਂ ਨੂੰ ਅਕਾਲ ਤਖਤ ਤੋਂ ਸਨਮਾਨ ਮਿਲਦੇ ਰਹੇ ਹਨ। ਕੀ ਅਕਾਲ ਤਖਤ ਸਾਹਿਬ ਵੀ ਸਿੱਖ ਕੌਮ ਦੇ ਦੁਸ਼ਮਣਾਂ ਨਾਲ ਖੜ੍ਹਾ ਸੀ? ਹੁਣ ਤੁਸੀਂ ਇਸ ਝੂਠ ਨੂੰ ਛੁਪਾਉਣ ਲਈ, ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦੇਣ ਤੁਰ ਪਏ। ਭਾਈ ਰਾਜੋਆਣਾ ਦੀ ਦੂਰਅੰਦੇਸ਼ੀ ਸੋਚ ਨੇ ਇਸਨੂੰ ਪ੍ਰਵਾਨ ਨਹੀਂ ਕੀਤਾ। ਭਾਈ ਰਾਜੋਆਣਾ ਦੀ ਸੋਚ ਬਹੁਤ ਉੱਚੀ ਹੈ। ਉਸਨੇ ਕਿਹਾ, ਕਿ ਜਿਉਂਦਾ ਬੰਦਾ ਸ਼ਹੀਦ ਨਹੀਂ ਹੋ ਸਕਦਾ। ਨਾਲ ਇਹ ਵੀ ਕਿਹਾ ਕਿ ਕੱਲ੍ਹ ਨੂੰ ਇਸ ਖਿਤਾਬ ਦੀ ਦੁਰਵਰਤੋਂ ਵੀ ਹੋਵੇਗੀ। ਇਹ ਤਾਂ ਸਪੱਸ਼ਟ ਹੀ ਹੈ, ਕਿ ਕਿਉਂਕਿ ਇਹੀ ਜਿੰਦਾ ਸ਼ਹੀਦ ਦਾ ਖਿਤਾਬ ਤੁਸੀਂ ਕੱਲ੍ਹ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਜਰੂਰ ਦੇ ਦੇਣਾ ਹੈ, ਤਾਂ ਆਉਣ ਵਾਲੀਆਂ ਪੀੜ੍ਹੀਆਂ ਕੀ ਸੋਚਣਗੀਆਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਪ੍ਰਕਾਸ਼ ਸਿੰਘ ਬਾਦਲ ਇੱਕੋ ਜਿਹਾ ਰੁਤਬਾ ਰੱਖਦੇ ਸਨ, ਇਸ ਲਈ ਅਕਾਲ ਤਖਤ ਸਾਹਿਬ ਵੱਲੋਂ ਦੋਹਾਂ ਨੂੰ ਸਨਮਾਨਿਆ ਗਿਆ ਸੀ ।

ਬੱਸ ਕਰੋ ਜਥੇਦਾਰੋ, ਬੱਸ ਕਰੋ। ਕੌਮ ਦੇ ਹੀਰਿਆਂ ਨੂੰ ਗੰਦ ਵਿੱਚ ਰਲਾਉਣ ਦੀ ਨਾਪਾਕ ਕੋਸ਼ਿਸ਼ ਨਾ ਕਰੋ। ਗੁਰੂ ਕੇ ਪਿਆਰੇ ਸਿੱਖ ਕਿਸੇ ਦੁਨਿਆਵੀ ਖਿਤਾਬ ਦੇ ਭੁੱਖੇ ਨਹੀਂ ਹੁੰਦੇ, ਉਹ ਤਾਂ ਸੱਚ ਤੇ ਪਹਿਰਾ ਦਿੰਦੇ ਹੋਏ ਕੁਰਬਾਨੀਆਂ ਦਿੰਦੇ ਹਨ। ਤੁਸੀਂ ਆਪਣੇ ਇਹ ਖਿਤਾਬ ਆਪਣੇ ਮਾਲਕ (ਆਰ.ਐਸ.ਐਸ. ਦੇ ਹੱਥਠੋਕੇ ਬਾਦਲ) ਲਈ ਸਾਂਭ ਕੇ ਰੱਖੋ। ਹਰ ਸਾਲ ਉਨ੍ਹਾਂ ਨੂੰ ਇੱਕ ਨਵਾਂ ਖਿਤਾਬ ਦੇ ਦਿਆ ਕਰੋ। ਹੋ ਸਕਦੈ ਬਾਦਲ ਦੇ ਕਾਲੇ ਕਾਰਨਾਮੇ ਤੁਹਾਡੇ ਇੰਨ੍ਹਾਂ ਖਿਤਾਬਾਂ ਹੇਠ ਢਕੇ ਰਹਿ ਜਾਣ। ਲੋਕ ਬਾਦਲ ਨੂੰ ਚੰਗਾ ਸਿੱਖ ਸਮਝਣ ਲੱਗ ਜਾਣ। ਪਰ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਤਾਂ ਗੁਰੂ ਦੇ ਹੁਕਮਾਂ:- ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨਾ ਕੀਜੈ ॥ (ਪੰਨਾ ਨੰ: 1412) ਤੇ ਪਹਿਰਾ ਦਿੰਦਿਆਂ ਕੁਰਬਾਨੀ ਕੀਤੀ ਹੈ। ਰਹਿੰਦੀ ਦੁਨੀਆਂ ਤੱਕ ਇਸਨੂੰ ਕੋਈ ਝੂਠਲਾ ਨਹੀਂ ਸਕਦਾ। ਇਸ ਕੌਮ ਦੇ ਹੀਰੇ ਨੂੰ ਤੁਹਾਡੇ ਖਿਤਾਬਾਂ ਦੀ ਲੋੜ ਵੀ ਨਹੀਂ ਹੈ। ਕਿਉਂਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਹੁਣ ਤੁਸੀਂ ਕਹਿ ਰਹੇ ਹੋ, ਕਿ ਅਕਾਲ ਤਖਤ ਤੋਂ ਦਿੱਤਾ ਗਿਆ ਸਨਮਾਨ ਕਦੇ ਵੀ ਵਾਪਿਸ ਨਹੀਂ ਲਿਆ ਜਾਂਦਾ, ਜਿਸ ਬਾਰੇ ਭਾਈ ਰਾਜੋਆਣਾ ਵੀ ਚੰਗੀ ਤਰ੍ਹਾਂ ਜਾਣੂ ਹੈ।

ਜਥੇਦਾਰੋ, ਜੋ ਤੁਸੀਂ ਅਕਾਲ ਤਖਤ ਸਾਹਿਬ ਦੇ ਨਾਮ ਤੇ ਆਪ ਹੁਦਰੀਆਂ ਕਰਦੇ ਹੋਂ, ਇਹ ਤਾਂ ਵਾਪਿਸ ਹੁੰਦੀਆਂ ਹੀ ਰਹਿੰਦੀਆਂ ਹਨ। ਇਹ ਤਾਂ ਤੁਹਾਡੇ ਫੈਸਲੇ ਤੁਹਾਡਾ ਦੂਜਾ ਭਾਈ ਵੀ ਆ ਕੇ ਰੱਦ ਕਰ ਦਿੰਦਾ ਹੈ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਹਾਂ, ਅਕਾਲ ਤਖਤ ਦੇ ਮੀਰੀ ਪੀਰੀ ਦੇ ਸਿਧਾਂਤ ਜੋ ਗੁਰਬਾਣੀ ਅਨੁਸਾਰ ਸੱਚ ਹੈ, ਉਹ ਨਾ ਕਦੇ ਵਾਪਿਸ ਹੋਇਆ ਅਤੇ ਨਾ ਕਦੇ ਵਾਪਿਸ ਹੋਵੇਗਾ। ਕਿਉਂਕਿ ਜਿੱਥੇ ਗੁਰਬਾਣੀ ਸੱਤ ਹੈ, ਇਸਨੂੰ ਦੁਨੀਆਂ ਦੀ ਕੋਈ ਵੀ ਤਾਕਤ ਗਲਤ ਸਿੱਧ ਨਹੀਂ ਕਰ ਸਕਦੀ, ਉੱਥੇ ਤੁਸੀਂ ਝੂਠੇ ਹੋ, ਤੁਹਾਡੀ ਆਪਣੀ ਮਨਮੱਤ ਕਦੇ ਵੀ ਠੀਕ ਸਿੱਧ ਨਹੀਂ ਹੋ ਸਕਦੀ। ਭਾਈ ਰਾਜੋਆਣਾ ਵੀ ਅਕਾਲ ਤਖਤ ਦੇ ਸਿਧਾਂਤ ਪਹਿਰਾ ਦਿੰਦਿਆਂ ਹੀ ਦਿੱਲੀ ਦੇ ਤਖਤ ਨੂੰ ਲਲਕਾਰ ਰਿਹਾ ਹੈ। ਹੁਣ ਤੱਕ ਜੋ ਸਿੱਖ ਕੌਮ ਨੇ ਕੁਰਬਾਨੀਆਂ ਕੀਤੀਆਂ ਹਨ, ਉਹ ਗੁਰਬਾਣੀ ਦੇ ਸੱਚ ਤੇ ਪਹਿਰਾ ਦਿੰਦਿਆਂ ਹੀ ਕੀਤੀਆਂ ਹਨ, ਨਾ ਕਿ ਤੁਹਾਡੇ ਵਰਗਿਆਂ ਦੇ ਖਿਤਾਬ ਨੂੰ ਮੁੱਖ ਰੱਖ ਕੇ ਕੀਤੀਆਂ ਹਨ। ਤੁਹਾਡੇ ਇਸ ਬਿਆਨ, ਜਿਸ ਵਿੱਚ ਤੁਸੀਂ ਕਹਿ ਰਹੇ ਕਿ ਅਕਾਲ ਤਖਤ ਤੋਂ ਦਿੱਤਾ ਸਨਮਾਨ ਵਾਪਿਸ ਨਹੀਂ ਹੋ ਸਕਦਾ। ਇਸ ਵਿੱਚ ਤੁਹਾਡੀ ਕਮਜੋਰੀ ਹੀ ਨਜ਼ਰ ਆਉਂਦੀ ਹੈ। ਕਿਉਂਕਿ ਤੁਸੀਂ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਜਿੰਦਾ ਸ਼ਹੀਦ ਦੇ ਖਿਤਾਬ ਨੂੰ ਵਾਪਿਸ ਕਰਨ ਦੀ ਸੱਚੀ ਗੱਲ ਨੂੰ ਗਲਤ ਅਤੇ ਆਪਣੀ ਬੇਤੁਕੀ ਗੱਲ ਨੂੰ ਅਕਾਲ ਤਖਤ ਦੇ ਨਾਮ ਵਿੱਚ ਲਪੇਟ ਕੇ ਸਹੀ ਸਿੱਧ ਕਰਨ ਲੱਗੇ ਹੋਏ ਹੋਂ। ਕਿਉਂਕਿ ਤੁਹਾਨੂੰ ਡਰ ਹੋਵੇਗਾ, ਕਿ ਸਾਡਾ ਕੀਤਾ ਇਹ ਫੈਸਲਾ ਰੱਦ ਹੁੰਦਾ ਹੈ ਤਾਂ ਬਾਦਲ ਨੂੰ ਦਿੱਤਾ ਪੰਥ ਰਤਨ ਫਖਰ ਏ ਕੌਮ ਦਾ ਦਿੱਤਾ ਖਿਤਾਬ ਵੀ ਰੱਦ ਹੋ ਜਾਵੇਗਾ। ਕਿਉਂਕਿ ਤੁਹਾਨੂੰ ਭਾਈ ਰਾਜੋਆਣਾ ਨਾਲੋਂ ਆਪਣੇ ਮਾਲਕ ਪ੍ਰਕਾਸ਼ ਸਿੰਘ ਬਾਦਲ ਦੀ ਚਿੰਤਾ ਵੱਧ ਹੈ। ਤਾਂ ਹੀ ਤਾਂ ਤੁਸੀਂ ਬਿਆਨ ਦੇ ਰਹੇ ਹੋ, ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਬਾਦਲ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਪਰ ਤੁਹਾਡੇ ਇਸ ਬਿਆਨ ਦੇ ਬਰਾਬਰ ਅਖਬਾਰ ਲਿਖ ਰਿਹਾ ਹੈ, ਕਿ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਦੀ ਥਾਂ ਬਾਦਲ ਨੇ ਬਿਆਨ ਦੇ ਡੰਗ ਟਪਾਇਆ। ਅਜਿਹੇ ਬਿਆਨ ਦੇ ਕੇ ਤੁਸੀਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਥਾਂ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋਂ।

ਜਥੇਦਾਰ ਸਹਿਬਾਨੋ, ਜੇ ਤੁਹਾਡੇ ਅੰਦਰ ਮਾੜੀ ਮੋਟੀ ਅਣਖ ਦੀ ਕਣੀ ਬਚੀ ਹੈ, ਤਾਂ ਭਾਈ ਰਾਜੋਆਣਾ ਦੀ ਗੱਲ ਮੰਨ ਕੇ, ਜਿੰਦਾ ਸ਼ਹੀਦ ਦੇ ਖਿਤਾਬ ਨੂੰ ਵਾਪਿਸ ਲੈ ਲਉ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ ਜੋ 27 ਮਾਰਚ ਦੇ ਅਖਬਾਰਾਂ ਵਿੱਚ ਛਪੀ ਹੈ ਜਿਸ ਵਿੱਚ ਉਸਨੇ ਲਿਖਿਆ ਹੈ, ਕਿ ਮੇਰਾ ਇਹਨਾਂ ਨੀਲੀ ਪੱਗ ਵਾਲੇ ਨੇਤਾਵਾਂ ਨੂੰ ਇਹੀ ਕਹਿਣਾ ਹੈ, ਕਿ ਜੇਕਰ ਉਨ੍ਹਾਂ ਵਿੱਚ ਦਿੱਲੀ ਤੋਂ ਇਨਸਾਫ ਮੰਗਣ ਦੀ ਹਿੰਮਤ ਨਹੀਂ ਹੈ, ਤਾਂ ਉਹ ਆਪਣੀਆਂ ਪੱਗਾਂ ਅਤੇ ਕਿਰਪਾਨਾਂ ਲਾਹ ਕੇ ਖਾਕੀ ਨਿੱਕਰ ਅਤੇ ਟੋਪੀ ਪਹਿਨ ਲੈਣ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਰੂਪ ਵਿੱਚ ਸਿੱਖ ਕੌਮ ਦੇ ਨਾਂ ਜਾਰੀ ਕਰ ਦਿਉ। ਕਿਉਂਕਿ ਇਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸੋਚ ਹੈ। ਇਸ ਲਈ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਚਾਉਣ ਦੀ ਥਾਂ ਉਸਦੀ ਸੋਚ ਨੂੰ ਬਚਾਓ।

ਪਰ ਅਫਸੋਸ, ਕਿਉਂਕਿ ਤੁਸੀਂ ਵੀ ਸਿੱਖੀ ਸਿਧਾਤਾਂ ਅਤੇ ਸਿੱਖੀ ਅਣਖ ਨੂੰ ਖਤਮ ਕਰਨ ਲਈ ਹੀ ਡਿਊਟੀਆਂ ਸਾਂਭੀਆਂ ਹੋਈਆਂ ਹਨ। ਇਹ ਚਿੱਠੀ ਮੈਂ 27-3-2012 ਨੂੰ ਸ਼ਾਮ ਨੂੰ ਲਿਖੀ ਸੀ ਪਰ ਅੱਜ 28-3-2012 ਦੇ ਅਖਬਾਰ ਵਿੱਚ ਭਾਈ ਰਾਜੋਆਣਾ ਵੱਲੋਂ ਖਿਤਾਬ ਸਵੀਕਾਰ ਕਰਨ ਦੀ ਗੱਲ ਪੜ੍ਹੀ। ਜਿਸ ਵਿੱਚ ਭਾਈ ਰਾਜੋਆਣਾ ਨੇ ਕਿਹਾ, ਕਿ ਇਸ ਰੂਹਾਨੀ ਅਦਾਲਤ ਵਿੱਚ ਆਪਣਾ ਕੇਸ ਹਾਰ ਕੇ ਵੀ ਉਹ ਅਨੰਦਿਤ ਮਹਿਸੂਸ ਕਰ ਰਿਹਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਕਾਲ ਤਖਤ ਨੂੰ ਸਮਰਪਿਤ ਭਾਵਨਾ ਅੱਗੇ ਜਿੱਥੇ ਸਿਰ ਝੁਕਦਾ ਹੈ, ਉੱਥੇ ਦੁੱਖ ਵੀ ਹੁੰਦਾ ਹੈ ਕਿ ਜਿਸ ਸੂਰਵੀਰ ਨੇ ਝੁਕਣ ਦੀ ਥਾਂ ਮੌਤ ਨੂੰ ਪਹਿਲ ਦਿੱਤੀ ਹੈ, ਉਸ ਸੂਰਵੀਰ ਯੋਧੇ ਨੂੰ ਅਕਾਲ ਤਖਤ ਸਾਹਿਬ ਦੇ ਨਾਮ ਹੇਠ ਆਪਣੀ ਮਨਮੱਤਿ ਅੱਗੇ ਝੁਕਾ ਕੇ, ਇਨ੍ਹਾਂ ਬਾਦਲ ਦੇ ਵਫਾਦਾਰ ਜਥੇਦਾਰਾਂ ਨੂੰ ਕੀ ਮਿਲਿਆ। ਬਲਵੰਤ ਸਿੰਘ ਰਾਜੋਆਣਾ ਦੀ ਜਿੰਦਾ ਸ਼ਹੀਦ ਦੇ ਸਬੰਧ ਵਿੱਚ 25 ਮਾਰਚ ਨੂੰ ਅਖਬਾਰਾਂ ਵਿੱਚ ਛਪੀ ਚਿੱਠੀ ਸਿਧਾਂਤਕ ਸੱਚ ਸੀ, ਪਰ ਜਥੇਦਾਰਾਂ ਨੂੰ ਸਿਧਾਂਤ ਪਸੰਦ ਨਹੀਂ ਹਨ। ਅਕਾਲ ਪੁਰਖ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਚੜ੍ਹਦੀਕਲਾ ਬਖਸ਼ੇ ਅਤੇ ਸਿੱਖ ਕੌਮ ਨੂੰ ਸੁਮੱਤ ਬਖਸ਼ੇ, ਕਿ ਉਹ ਆਪਣੇ ਅੰਦਰ ਸਿੱਖੀ ਭੇਖ ਵਿੱਚ ਬੈਠੇ ਦੁਸ਼ਮਣਾਂ ਨੂੰ ਪਹਿਚਾਨ ਸਕੇ।

ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
ਮੋ : 94170-23911, E-mail : harlajsingh70@gmail.com

ਮਿਤੀ 28-3-2012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top