Share on Facebook

Main News Page

ਨੌਜਵਾਨ ਸਿੱਖਾਂ ਨੂੰ ਅਪੀਲ

ਪੰਜਾਬ ਦੇ ਮਾਹੌਲ ਨੂੰ ਦੇਖਕੇ, ਪੰਜਾਬ ਦੇ ਕਾਲ਼ੇ ਦੌਰ ਦੀ ਯਾਦ ਤਾਜ਼ਾ ਹੋ ਗਈ। ਕਿਸ ਤਰ੍ਹਾਂ ਪੁਲਿਸ, ਸੀ.ਆਰ.ਪੀ.ਐਫ ਵਾਲਿਆਂ ਨੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ। 1984 ਤੋਂ ਲੈ ਕੇ 1991-92 ਤੱਕ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ ਅਤੇ ਲਾਸ਼ਾਂ ਤੱਕ ਵੀ ਨਹੀਂ ਲੱਭੀਆਂ ਅਤੇ ਹਜ਼ਾਰਾਂ ਸਿੱਖ ਹਾਲੇ ਵੀ ਜੇਲਾਂ 'ਚ ਸੜ ਰਹੇ ਨੇ। ਅਖੌਤੀ ਜਥੇਦਾਰਾਂ, ਬਾਬਿਆਂ ਅਤੇ ਅਕਾਲੀਆਂ ਨੇ ਕਦੇ ਕਿਸੇ ਦੀ ਕੋਈ ਸਾਰ ਨਹੀਂ ਲਈ।

ਹੁਣ ਭਾਈ ਰਾਜੋਆਣਾ ਦੀ ਫਾਂਸੀ 'ਤੇ ਵੀ ਸਿਆਸਤ ਭਾਰੂ ਹੈ। ਅਕਾਲੀ ਚਾਹੁਣ ਤਾਂ ਇਹ ਫਾਂਸੀ ਰੋਕੀ ਜਾ ਸਕਦੀ ਹੈ, ਵਿਧਾਨ ਸਭਾ 'ਚ ਮਤਾ ਪਾਸ ਕਰਕੇ, ਪਰ ਉਹ ਆਪਣੀ ਭਾਈਵਾਲ ਭਾਜਪਾ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਬਾਦਲ ਨੂੰ ਪਤਾ ਹੈ ਕਿ ਵਿਧਾਨ ਸਭਾ 'ਚ ਮਤਾ ਲਿਆਉਣ ਨਾਲ ਕਾਂਗਰਸ ਨੇ ਮਤੇ ਦੇ ਹੱਕ 'ਚ ਵੋਟ ਪਾ ਦੇਣੀ ਹੈ, ਪਰ ਭਾਜਪਾ ਨੇ ਨਹੀਂ। ਇਸ ਨਾਲ ਕਾਂਗਰਸ ਨੂੰ ਫਾਇਦਾ ਹੋਏਗਾ। ਖੈਰ...

ਇਸ ਸਾਰੇ ਮਾਹੌਲ 'ਚ ਸਿੱਖ ਨੌਜਵਾਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਜਿਹੜੇ ਹੁਣ ਨੌਜਵਾਨ ਹਨ, ਉਹ 1984 ਵੇਲੇ ਬਹੁਤ ਛੋਟੇ ਸੀ, ਜਾਂ ਪੈਦਾ ਨਹੀਂ ਹੋਏ ਸੀ। ਸਰਕਾਰ ਨੇ ਉਸ ਵੇਲੇ ਜਵਾਨੀ ਮਾਰ ਮੁਕਾਈ, ਬਾਕੀ ਰਹਿੰਦੀ ਹੁਣ ਤੱਕ ਨਸ਼ਿਆਂ, ਲੱਚਰਪੁਣੇ, ਪਤਿਤਪੁਣੇ ਨੇ ਖਾ ਲਈ ਹੈ। ਬਾਕੀ ਜਿਹੜੇ ਸਾਬਤ ਸੂਰਤ ਸਿੱਖ ਬਚੇ ਹਨ, ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਗਰਮ ਖਿਆਲੀ ਅਖੌਤੀ ਲੀਡਰਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ, ਜਿਹੜੇ ਉਸ ਦੌਰ ਵਿੱਚ ਵੀ ਕੱਖ ਨਹੀਂ ਕਰ ਸਕੇ, ਹੁਣ ਸਿਰਫ ਆਪਣੀ ਲੀਡਰੀ ਚਮਕਾਉਣ ਲਈ ਰੋਟੀਆਂ ਸੇਕ ਰਹੇ ਨੇ। ਸ਼ਾਂਤਮਈ ਰੋਸ ਪ੍ਰਦਰਸ਼ਨ ਤੱਕ ਠੀਕ ਹੈ, ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ, ਪਰ ਕਿਸੇ ਵੀ ਤਰ੍ਹਾਂ ਦੀ ਭੜਕਾਊ ਤਕਰੀਰਾਂ 'ਤੇ ਜ਼ਿੰਦਾਬਾਦ ਮੁਰਦਾਬਾਦ ਦੇ ਨਾਹਰੇ ਲਾਉਣਾ, ਕਿਰਪਾਨਾਂ ਲਹਿਰਾਉਣੀਆਂ, ਕਿਸੇ ਵੀ ਤਰ੍ਹਾਂ ਦੀ ਹਿੰਸਕ ਕਾਰਵਾਈਆਂ 'ਚ ਹਿੱਸਾ ਲੈਣਾ, ਮੁਨਾਸਿਬ ਨਹੀਂ। ਇਹ ਕੋਈ ਨੌਜਵਾਨਾਂ ਦੇ ਹੌਂਸਲੇ ਪਸਤ ਕਰਨ ਲਈ ਨਹੀਂ, ਪਰ ਪਿਛਲੇ ਸਮੇਂ 'ਚ ਹੋਈਆਂ ਗਲਤੀਆਂ ਨੂੰ ਫਿਰ ਨਾ ਦੁਹਰਾਉਣ ਦੀ ਅਪੀਲ ਹੈ। ਇਨ੍ਹਾਂ ਲੀਡਰਾਂ ਦਾ ਕੁੱਛ ਨਹੀਂ ਵਿਗੜਨਾ, ਤੇ ਨੌਜਵਾਨਾਂ ਦਾ ਕੁੱਝ ਨਹੀਂ ਰਹਿਣਾ। ਇਨ੍ਹਾਂ ਅਖੌਤੀ ਜਥੇਦਾਰਾਂ ਤੇ ਅਕਾਲੀਆਂ ਨੇ ਆਪਣੀ ਕੁਰਸੀ ਰੁਤਬਾ ਬਚਾਉਣਾ ਹੈ। ਜੇ ਕੁੱਝ ਇਹ ਲੋਕ ਕਰ ਰਹੇ ਨੇ, ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਇਲਾਵਾ ਕੁੱਝ ਨਹੀਂ। ਜਥੇਦਾਰਾਂ ਨੇ ਕਦੇ ਵੀ ਸਿੱਖਾਂ ਨੂੰ ਕੁੱਝ ਨਹੀਂ ਦਿੱਤਾ (ਸਿਵਾਏ ਇੱਕ ਦੋ ਜ਼ਿੰਦਾ ਜ਼ਮੀਰ ਅਕਾਲ ਤਖ਼ਤ ਦੇ ਮੁੱਖ ਸੇਵਾਦਾਰਾਂ ਤੋਂ ਇਲਾਵਾ), ਪਰ ਅੱਜ ਦੇ ਇਨ੍ਹਾਂ ਟੁਕੜਬੋਚਾਂ ਦਾ ਹਾਲ ਸਭਨੇ ਦੇਖਿਆ ਹੈ।

ਜਿਸ ਗੱਲ ਨੂੰ ਦੇਖਕੇ ਖੁਸ਼ੀ ਹੈ ਕਿ ਸਾਰਾ ਪੰਜਾਬ, ਸਾਰੇ ਦੁਨੀਆ ਭਰ ਦੇ ਸਿੱਖ ਭਾਈ ਰਾਜੋਆਣਾ ਨਾਲ ਖੜੇ ਹਨ। ਜੋ ਕੰਮ ਕੋਈ ਬਾਬਾ ਜਾਂ ਜਥੇਦਾਰ ਨਾ ਕਰ ਸਕਿਆ, ਉਹ ਇਕ ਯੋਧੇ ਨੇ ਕਰ ਵਿਖਾਇਆ, ਸਾਰਾ ਪੰਜਾਬ ਕੌਮੀ ਏਕਤਾ ਦਾ ਸਬੂਤ ਦਿੰਦਾ ਹੋਇਆ, ਕੇਸਰੀ ਰੰਗ 'ਚ ਗੜੁੱਚ। ਨਾਲ ਹੀ ਇੱਕ ਸਾਵਧਾਨੀ - ਨੌਜਵਾਨਾਂ ਨੂੰ ਆਪਣੀ ਸ਼ਕਤੀ, ਸੰਯਮ ਅਤੇ ਦੂਰ ਅੰਦੇਸ਼ੀ ਨਾਲ ਵਰਤਣ ਦੀ ਲੋੜ ਹੈ। ਜੋਸ਼ ਨਾਲ ਹੋਸ਼ ਵੀ ਜ਼ਰੂਰੀ ਹੈ।

ਅੰਤ ਵਿੱਚ ਸ੍ਰ. ਬਲਵੰਤ ਸਿੰਘ ਰਾਜੋਆਣਾ ਦੀ ਸੋਚ ਨੂੰ ਸਲਾਮ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top