Share on Facebook

Main News Page

ਜਿਸ ਸਮੇਂ ਇਨਸਾਫ਼ ਦੇ ਰਾਹ ’ਤੇ ਤੁਰੇ ਉਸ ਸਮੇਂ ਸ਼ਮਸ਼ਾਨਘਾਟਾਂ ਵਿੱਚੋਂ ਲਾਸ਼ਾਂ ਵੀ ਬੋਲ ਪੈਣਗੀਆਂ: ਪ੍ਰੋ. ਸਭਰਾਅ

* ਕਾਨੂੰਨ ਦੀ ਦੁਹਾਈ ਦੇਣ ਵਾਲੇ ਤਕੜਿਆਂ ਲਈ ਕਾਨੂੰਨ ਤੂਤ ਦੀ ਛਟੀ ਹੈ, ਜਿਸ ਨੂੰ ਇਹ ਆਪਣੀ ਸੁਵਿਧਾ ਅਨੁਸਾਰ ਮੋੜ ਲੈਂਦੇ ਹਨ ਪਰ ਹੱਕ ਮੰਗ ਰਹੇ ਮਾੜਿਆਂ ਲਈ ਉਹੀ ਕਾਨੂੰਨ ਲੋਹੇ ਦੀ ਲੱਠ ਬਣ ਜਾਂਦਾ ਹੈ
* ਭਾਰਤੀ ਆਗੂਆਂ ਦੀ ਬੇਵਫ਼ਾਈ ਸਦਕਾ ਮਾ: ਤਾਰਾ ਸਿੰਘ ਨੂੰ, ਅਜ਼ਾਦੀ ਤੋਂ ਪਹਿਲਾਂ ਕੀਤੇ ਵਾਅਦੇ ਲਾਗੂ ਕਰਨ ਦਾ ਚੇਤਾ ਕਰਵਾਉਣ ਲਈ ਦਿੱਲੀ ਵਿੱਚ ਧਰਨੇ ਵੀ ਲਾਉਣੇ ਪਏ, ਜੇਲ੍ਹਾਂ ਵੀ ਕੱਟੀਆਂ ਤੇ ਅਖੀਰ 1984 ਤੱਕ ਸਿਖਾਂ ਨੂੰ ਅਤਿਵਾਦੀ ਵੀ ਬਣਾ ਦਿੱਤਾ

ਬਠਿੰਡਾ, 27 ਮਾਰਚ (ਕਿਰਪਾਲ ਸਿੰਘ): ਜਿਸ ਸਮੇਂ ਇਨਸਾਫ਼ ਦੇ ਰਾਹ ’ਤੇ ਤੁਰੇ ਉਸ ਸਮੇਂ ਸ਼ਮਸ਼ਾਨਘਾਟਾਂ ਵਿੱਚੋਂ (ਲਾਵਾਰਸ) ਲਾਸ਼ਾਂ ਵੀ ਬੋਲ ਪੈਣਗੀਆਂ। ਇਹ ਸ਼ਬਦ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰੋ: ਹਰਜਿੰਦਰ ਸਿੰਘ ਸਭਰਾਅ ਨੇ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਚੱਲ ਰਹੀ ਲੜੀਵਾਰ ਕਥਾ ਦੌਰਾਨ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਦਾ ਇਹ ਇਸ਼ਾਰਾ ਸਿੱਧੇ ਰੂਪ ਵਿਚ ਪੰਜਾਬ ਸਰਕਾਰ ਵਿੱਚ ਭਾਈਵਾਲ ਭਾਜਪਾ ਵੱਲ ਸੀ ਜਿਸ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕੀਤੇ ਜਾਣ ਸਬੰਧੀ ਵਿਧਾਨ ਸਭਾ ਵਿੱਚ ਮਤਾ ਪੇਸ਼ ਹੋਣ ਦੀ ਸੂਰਤ ਵਿੱਚ ਉਸ ਵਲੋਂ ਸਮਰੱਥਨ ਨਾ ਦਿੱਤੇ ਜਾਣ ਦਾ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਰਾਜੋਆਣਾ ਵਿਰੁਧ ਕਾਨੂੰਨ ਮੁਤਾਬਿਕ ਕਾਰਵਾਈ ਹੋਣੀ ਚਾਹੀਦੀ ਹੈ।

ਭਾਜਪਾ ਦਾ ਬਿਨਾ ਨਾ ਲਿਆਂ ਪ੍ਰੋ. ਸਭਰਾਅ ਨੇ ਕਿਹਾ ਕਿ 1984 ’ਚ ਅਕਾਲ ਤਖ਼ਤ ’ਤੇ ਹਮਲੇ ਦੌਰਾਨ 6 ਮਹੀਨੇ ਦਾ ਦੁੱਧ ਚੁੰਘਦਾ ਬੱਚਾ ਜਿਹੜਾ ਆਪਣੀ ਕ੍ਰਿਆ ਵੀ ਆਪ ਸੋਧ ਨਹੀਂ ਸੀ ਸਕਦਾ ਉਸ ਨੂੰ ਅਤਿਵਾਦੀ ਕਹਿ ਕੇ ਮਾਰ ਦਿੱਤਾ ਗਿਆ ਸੀ। ਦਿੱਲੀ ਅਤੇ ਹੋਰਨਾਂ ਸ਼ਹਿਰਾਂ ’ਚ ਹਜਾਰਾਂ ਬੇਗੁਨਾਹ ਜਿਉਂਦੇ ਸਿੱਖ ਸਰਕਾਰ ਵਲੋਂ ਭੜਕਾਈ ਭੀੜ ਨੇ ਅੱਗ ਲਾ ਕੇ ਸਾੜ ਦਿੱਤੇ; ਬੀਬੀਆਂ ਦੇ ਸਮੂਹਕ ਬਲਾਤਕਾਰ ਕੀਤੇ, ਇਹੋ ਕੁਝ 2002 ’ਚ ਗੁਜਰਾਤ ਵਿੱਚ ਮੁਸਲਮਾਨਾਂ ਅਤੇ 2008 ’ਚ ਉੜੀਸਾ ਕਰਨਾਟਕਾ ’ਚ ਈਸਾਈਆਂ ਨਾਲ ਵਾਪਰਿਆ ਤਾਂ ਉਸ ਸਮੇਂ ਕਾਨੂੰਨ ਨੇ ਇਨ੍ਹਾਂ ਪੀੜਤਾਂ ਨਾਲ ਇਨਸਾਫ਼ ਕਿਉਂ ਨਹੀਂ ਕੀਤਾ? ਮਜੀਠਾ ਤਰਨ ਤਾਰਨ ਬਟਾਲਾ ਦੇ ਥੋਹੜੇ ਜਿਹੇ ਖੇਤਰ ਵਿੱਚੋਂ ਹੀ ਮਨੁੱਖੀ ਅਧਿਕਾਰ ਸੰਗਠਨ ਦੇ ਸੂਝਵਾਨ ਅਤੇ ਇਨਸਾਫ਼ ਪਸੰਦ ਐਡਵੋਕੇਟ ਭਾਈ ਜਸਵੰਤ ਸਿੰਘ ਖਾਲੜਾ ਨੇ 25000 ਉਨ੍ਹਾਂ ਸਿੱਖ ਨੌਜਵਾਨਾਂ ਦੀ ਸੂਚੀ ਤਿਆਰ ਕਰ ਲਈ ਜਿਨ੍ਹਾਂ ਨੂੰ ਸਰਕਾਰੀ ਅਤਿਵਾਦ ਨੇ ਲਾਵਰਸ ਲਾਸ਼ਾਂ ਬਣਾ ਕੇ ਸਾੜ ਦਿੱਤਾ ਸੀ। ਸਿਰਫ ਇਸ ਸੱਚ ਨੂੰ ਦੁਨੀਆਂ ਦੇ ਸਾਹਮਣੇ ਰੱਖਣ ਦੀ ਹਿੰਮਤ ਹੀ ਕਾਨੂੰਨ ਦੇ ਰਾਖਿਆਂ ਦੀ ਨਜ਼ਰ ਵਿੱਚ ਭਾਈ ਖਾਲੜੇ ਦਾ ਮਹਾਂਦੋਸ਼ ਬਣੀ ਜਿਸ ਦੀ ਸਜਾ ਦੇ ਤੌਰ ’ਤੇ ਉਸ ਨੂੰ 25001ਵੀਂ ਲਾਵਾਰਸ ਲਾਸ਼ ਬਣਾ ਦਿੱਤਾ ਗਿਆ।

ਪ੍ਰੋ: ਸਭਰਾਅ ਨੇ ਕਿਹਾ ਕਿ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਦਲੀਲ ਦੇਣ ਵਾਲੇ ਜਦੋਂ ਖ਼ੁਦ ਇਨਸਾਫ਼ ਦੇ ਰਾਹ ’ਤੇ ਤੁਰੇ ਉਸ ਸਮੇਂ ਸ਼ਮਸ਼ਾਨਘਾਟਾਂ ਵਿੱਚੋਂ (ਲਾਵਾਰਸ) ਲਾਸ਼ਾਂ ਵੀ ਬੋਲ ਪੈਣਗੀਆਂ। ਭਾਈ ਖ਼ਾਲੜਾ ਅਤੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਲਾਸ਼ ਵੀ ਇਨਸਾਫ਼ ਮੰਗਣ ਲੱਗ ਪਏਗੀ। ਉਨ੍ਹਾਂ ਕਿਹਾ ਕਿ ਜੇ ਇਨਸਾਫ਼ ਦੀ ਗੱਲ ਹੀ ਕਰਨੀ ਹੈ ਤਾਂ 1947 ਤੋਂ ਕਰਨੀ ਪਏਗੀ। ਜਿਸ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ। ਸਿੱਖਾਂ ਦੇ ਆਗੂ ਮਾਸਟਰ ਤਾਰਾ ਸਿੰਘ ਨਾਲ ਦੇਸ਼ ਦੇ ਕੌਮੀ ਆਗੂ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਸਮੇਤ ਸਟੇਜਾਂ ਸਾਂਝੀਆਂ ਕਰਦੇ ਰਹੇ। ਉਸ ਸਮੇਂ ਸਿੱਖਾਂ ਨੂੰ ਦੇਸ਼ ਭਗਤ ਅਤੇ ਬਹਾਦਰ ਕੌਮ ਦੱਸਦੇ ਰਹੇ। ਅਜਾਦੀ ਤੋਂ ਪਹਿਲਾਂ ਭਾਰਤੀ ਆਗੂਆਂ ਵਲੋਂ ਦਿੱਤੇ ਵਿਸ਼ਵਾਸ਼ ਸਦਕਾ ਸਿੱਖਾਂ ਨੇ ਆਪਣਾ ਭਵਿੱਖ ਇਸ ਦੇਸ਼ ਨਾਲ ਜੋੜਿਆ, ਦੇਸ਼ ਆਜਾਦ ਹੋਣ ਦੇ ਤੁਰੰਤ ਬਾਅਦ ਉਨ੍ਹਾਂ ਹੀ ਸਿੱਖਾਂ ਨੂੰ ਇਸ ਦੇਸ਼ ਦੇ ਕਾਨੂੰਨ ਨੇ ਜ਼ਰਾਇਮ ਪੇਸ਼ਾ ਲੋਕ ਐਲਾਨ ਦਿੱਤਾ।

ਭਾਈ ਸਭਰਾਅ ਨੇ ਪੁੱਛਿਆ ਕਿ ਕੀ ਰਾਤੋ ਰਾਤ ਹੀ ਸਿੱਖ ਦੇਸ਼ ਭਗਤ ਤੋਂ ਦੇਸ਼ ਧ੍ਰੋਹੀ ਬਣ ਗਏ? ਕੀ ਬਹਾਦਰ ਸਿੱਖ ਰਾਤੋ ਰਾਤ ਹੀ ਜ਼ਰਾਇਮ ਪੇਸ਼ ਬਣ ਗਏ? ਜਾਂ ਸਾਡੇ ਦੇਸ਼ ਦੇ ਇਹ ਆਗੂ ਬੇਵਫ਼ਾ ਬਣ ਗਏ ਹਨ, ਜਿਨ੍ਹਾਂ ਦੀ ਬੇਵਫ਼ਾਈ ਸਦਕਾ ਉਸੇ ਮਾ: ਤਾਰਾ ਸਿੰਘ ਨੂੰ ਅਜ਼ਾਦੀ ਤੋਂ ਪਹਿਲਾਂ ਕੀਤੇ ਵਾਅਦੇ ਲਾਗੂ ਕਰਨ ਦਾ ਚੇਤਾ ਕਰਵਾਉਣ ਲਈ ਦਿੱਲੀ ਵਿੱਚ ਧਰਨੇ ਵੀ ਲਾਉਣੇ ਪਏ, ਜੇਲ੍ਹਾਂ ਵੀ ਕੱਟੀਆਂ ਤੇ ਅਖੀਰ 1984 ਤੱਕ ਸਿੱਖਾਂ ਨੂੰ ਅਤਿਵਾਦੀ ਵੀ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਕਾਨੂੰਨ ਤੋੜਨਾ ਨਹੀਂ ਲਾਗੂ ਕਰਵਾਉਣਾ ਚਾਹੁੰਦੇ ਹਨ ਪਰ ਕਾਨੂੰਨ ਦੀ ਦੁਹਾਈ ਦੇਣ ਵਾਲੇ ਤਕੜਿਆਂ ਲਈ ਕਾਨੂੰਨ ਤੂਤ ਦੀ ਛਟੀ ਹੈ ਜਿਸ ਨੂੰ ਇਹ ਆਪਣੀ ਸੁਵਿਧਾ ਅਨੁਸਾਰ ਮੋੜ ਲੈਂਦੇ ਹਨ ਪਰ ਹੱਕ ਮੰਗ ਰਹੇ ਮਾੜਿਆਂ ਲਈ ਉਹੀ ਕਾਨੂੰਨ ਲੋਹੇ ਦੀ ਲੱਠ ਬਣ ਜਾਂਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top