Share on Facebook

Main News Page

ਬਾਦਲ ਰਾਜੋਆਣਾ ਦੀ ਰਿਹਾਈ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣ

* ਕੈਪਟਨ ਅਮਰਿੰਦਰ ਸਿੰਘ ਸਿਰਫ ਬਿਆਨਾਂ ਤੱਕ ਹੀ ਸੀਮਤ ਨਾ ਰਹਿਣ ਬਲਕਿ ਮਤਾ ਲਿਆਉਣ ਲਈ ਪਹਿਲ ਕਰਨ
* 28 ਨੂੰ ਪੰਜਾਬ ਬੰਦ, 29 ਨੂੰ ਪੰਜਾਬ ਦੇ ਤਿੰਨਾਂ ਤਖ਼ਤਾਂ ਤੋਂ ਪਟਿਆਲਾ ਤੱਕ ਮਾਰਚ ਅਤੇ 29 ਸ਼ਾਮ ਤੋਂ 31 ਸ਼ਾਮ ਤੱਕ ਕੇਂਦਰੀ ਜੇਲ੍ਹ ਪਟਿਆਲਾ ਅੱਗੇ ਧਰਨਾ ਲਾਇਆ ਜਾਵੇਗਾ: ਧਨੌਲਾ
* ਭਾਰਤ ਵਿੱਚ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਸਿੱਖ ਆਗੂ ਪਹਿਲ ਕਰਨ: ਸੂਰਤ ਸਿੰਘ ਖ਼ਾਲਸਾ

ਬਠਿੰਡਾ, 26 ਮਾਰਚ (ਕਿਰਪਾਲ ਸਿੰਘ): ਪੰਜਾਬ ਦੇ ਸਵ: ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ’ਚ ਮੌਤ ਦੀ ਸਜਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜਾ ਰੱਦ ਕਰਕੇ ਉਨ੍ਹਾਂ ਦੀ ਰਿਹਾਈ ਕਰਵਾਉਣ ਲਈ ਬਣੇ 8 ਮੈਂਬਰੀ ਸਿੱਖ ਸੰਘਰਸ਼ ਮੋਰਚੇ ਦੇ ਮੈਂਬਰ ਸ: ਗੁਰਿੰਦਰ ਸਿੰਘ ਧਨੌਲਾ ਨੇ ਅੱਜ ਇੱਥੇ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਈ ਦਿਲਾਵਰ ਸਿੰਘ ਤੇ ਭਾਈ ਰਾਜੋਆਣਾ ਨੂੰ ਅਤਿਵਾਦੀ ਕਹਿਣਾ ਗਲਤ ਹੈ ਸਗੋਂ ਉਹ ਤਾਂ ਬਹੁਤ ਹੀ ਇਨਸਾਫ ਪਸੰਦ ਗੁਰੂ ਦਾ ਸਿੱਖ ਹੈ। ਉਨ੍ਹਾਂ ਨੇ ਕਿਸੇ ਮਜ਼ਲੂਮ ’ਤੇ ਕੋਈ ਹਮਲਾ ਨਹੀਂ ਕੀਤਾ ਬਲਕਿ ਸਿੱਖਾਂ ’ਤੇ ਢਾਹੇ ਜਾ ਰਹੇ ਅਣਮਨੁੱਖੀ ਤਸ਼ਦਦ ਨੂੰ ਠੱਲ੍ਹ ਪਾਉਣ ਲਈ ਮੁੱਖ ਮੰਤਰੀ ਬੇਅੰਤ ਸਿੰਘ ਦਾ ਸਿੱਖੀ ਰਵਾਇਤਾਂ ਅਨੁਸਾਰ ਕਤਲ ਕੀਤਾ ਸੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਤੁਲਨਾ ਸ਼ਹੀਦ ਭਾਈ ਊਧਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਨਾਲ ਕਰਨੀ ਬਣਦੀ ਹੈ। ਭਾਈ ਧਨੌਲਾ ਨੇ ਕਿਹਾ ਜੇ ਸਰਕਾਰ ਅਤੇ ਅਦਾਲਤਾਂ ਨੇ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦੇ ਕੇ ਸਿੱਖਾਂ ਨਾਲ ਇਨਸਾਫ ਕੀਤਾ ਹੁੰਦਾ ਤਾਂ ਭਾਈ ਦਿਲਾਵਰ ਸਿੰਘ ਅਤੇ ਭਾਈ ਰਾਜੋਆਣਾ ਕਦੀ ਵੀ ਬੇਅੰਤ ਸਿੰਘ ਦਾ ਕਤਲ ਨਾ ਕਰਦੇ। ਕਿਉਂਕਿ ਉਨ੍ਹਾਂ ਦੀ ਬੇਅੰਤ ਸਿੰਘ ਨਾਲ ਕੋਈ ਵੀ ਜਾਤੀ ਦੁਸ਼ਮਣੀ ਨਹੀਂ ਸੀ ਬਲਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਹੋ ਰਹੇ ਸਰਕਾਰੀ ਤਸ਼ਦਦ ਨੂੰ ਠੱਲ ਪਾਉਣ ਲਈ ਹੀ ਬੇਅੰਤ ਸਿੰਘ ਦਾ ਕਤਲ ਕੀਤਾ ਸੀ ਜਿਸ ਦਾ ਇਕਬਾਲੀਆ ਬਿਆਨ ਉਨ੍ਹਾਂ ਅਦਾਲਤਾਂ ਵਿੱਚ ਵੀ ਦਿੱਤਾ ਹੈ। ਭਾਈ ਧਨੌਲਾ ਨੇ ਕਿਹਾ ਸਿੱਖਾਂ ਨੂੰ ਹੁਣ ਤੱਕ ਅਦਾਲਤਾਂ ਵਿੱਚ ਇਨਸਾਫ ਨਾ ਮਿਲਣ ਕਰਕੇ ਹੀ ਉਨ੍ਹਾਂ ਨੇ ਕੋਈ ਵਕੀਲ ਅਤੇ ਅਪੀਲ ਨਾ ਕਰਨ ਦਾ ਫੈਸਲਾ ਕੀਤਾ ਹੈ ਜਿਸ ਕਾਰਣ ਸਿੱਖ ਭਾਵਨਾਵਾਂ ਭਾਈ ਰਾਜੋਆਣਾ ਨਾਲ ਪੂਰੀ ਤਰ੍ਹਾਂ ਜੁੜ ਚੱਕੀਆਂ ਹਨ ਤੇ ਪਾਰਟੀ ਸਿਆਸਤ ਤੋਂ ਉਪਰ ਉਠ ਕੇ ਸਮੁਚੇ ਸਿੱਖ ਆਪ ਮੁਹਾਰੇ ਉਠ ਕੇ ਸੜਕਾਂ ’ਤੇ ਆ ਰਹੇ ਹਨ। ਸਿੱਖ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ ਫਾਂਸੀ ਨਹੀਂ ਦੇਣ ਦੇਣਗੇ। ਭਾਈ ਧਨੌਲਾ ਨੇ ਕਿਹਾ ਸਮੁੱਚੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਨੂੰ ਚਾਹੀਦਾ ਹੈ ਕਿ ਉਹ ਸਿਰਫ ਅੱਖਾਂ ਪੂੰਝਣ ਤੱਕ ਸੀਮਤ ਨਾ ਰਹਿਣ ਬਲਕਿ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਉਣ।

ਬੇਅੰਤ ਸਿੰਘ ਦੇ ਪ੍ਰਵਾਰ ਅਤੇ ਕਾਂਗਰਸ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਈ ਰਾਜੋਆਣਾ ਦੀ ਮੌਤ ਦੀ ਸਜਾ ਨੂੰ ਬਦਲਣ ਦੇ ਸਮਰਥਨ ਵਿੱਚ ਦਿੱਤੇ ਬਿਆਨਾਂ ਦੀ ਸ਼ਲਾਘਾ ਕਰਦੇ ਹੋਏ ਭਾਈ ਧਨੌਲਾ ਨੇ ਉਨ੍ਹਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿਰਫ ਅਖ਼ਬਾਰੀ ਬਿਆਨਾਂ ਤੱਕ ਹੀ ਸੀਮਤ ਨਾ ਰਹਿਣ ਬਲਕਿ ਭਾਈ ਰਾਜੋਆਣਾ ਦੀ ਸਜਾ ਰੱਦ ਕਰਵਾਉਣ ਲਈ ਵਿਧਾਨ ਸਭਾ ਵਿੱਚ ਮਤਾ ਲਿਆਉਣ ਦੀ ਪਹਿਲ ਕਦਮੀ ਕਰਨ। ਉਨ੍ਹਾਂ ਕਿਹਾ ਕਿ ਜਿਹੜਾ ਵੀ ਆਗੂ ਮਤਾ ਲੈ ਕੇ ਆਵੇਗਾ ਪਾਰਟੀ ਵਲਗਣਾਂ ਤੋਂ ਉਪਰ ਉਠ ਕੇ ਸਮੁੱਚੀ ਸਿੱਖ ਕੌਮ ਦੀ ਅਸ਼ੀਵਾਦ ਉਸ ਆਗੂ ਨਾਲ ਹੋਵੇਗੀ।

ਇਸ ਸਮੇ ਸਿੱਖ ਸੰਘਰਸ਼ ਮੋਰਚੇ ਦੇ ਦੋ ਹੋਰ ਮੈਂਬਰ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਬਲਵਿੰਦਰ ਸਿੰਘ ਭੁੱਲਰ ਅਤੇ ਯੂਨਾਇਟਡ ਸਿੱਖਸ ਦੇ ਮਾ: ਸੂਰਤ ਸਿੰਘ ਖ਼ਾਲਸਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅਮ੍ਰਿਤਸਰ) ਦੇ ਉਪ ਪ੍ਰਧਾਨ ਬਾਬਾ ਅਮਰਜੀਤ ਸਿੰਘ ਕਿਲਾ ਹਕੀਮਾਂ, ਮਾ ਕਰਨੈਲ ਸਿੰਘ ਨਾਰੀਕੇ ਅਤੇ ਬਹਾਦਰ ਸਿੰਘ ਭਸੌੜ ਉਨ੍ਹਾਂ ਦੇ ਨਾਲ ਸਨ। ਸਿੱਖ ਸੰਘਰਸ਼ ਮੋਰਚੇ ਦੇ ਇਹ ਮੈਂਬਰ ਮੋਰਚੇ ਵਲੋਂ ਉਲੀਕੇ ਪ੍ਰੋਗਰਾਮ ਦੀ ਸਫਲਤਾ ਲਈ ਵਰਕਰਾਂ ਦੀਆਂ ਡਿਊਟੀਆਂ ਲਾਉਣ ਦੇ ਮਕਸਦ ਨਾਲ ਇੱਥੇ ਆਏ ਸਨ। ਇਸ ਤੋਂ ਪਹਿਲਾਂ ਉਹ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਮੁੱਚੀਆਂ ਸਿੱਖ ਜਥੇਬੰਦੀਆਂ ਦੀ ਮੀਟਿੰਗ ਕਰਕੇ ਆਏ ਸਨ।

ਇਸ ਸਮੇਂ ਮਾ: ਸੂਰਤ ਸਿੰਘ ਖ਼ਾਲਸਾ ਨੇ ਕਿਹਾ ਕਿ ਦੁਨੀਆਂ ਦੇ 93 ਦੇਸ਼ਾਂ ਵਿੱਚ ਫਾਂਸੀ ਦਾ ਕੋਈ ਕਨੂੰਨ ਹੀ ਨਹੀਂ ਹੈ ਤੇ 60 ਹੋਰ ਦੇਸ਼ਾਂ ਵਿੱਚ ਬੇਸ਼ੱਕ ਕਾਨੂੰਨ ਤਾਂ ਹੈ ਪਰ ਪਿਛਲੇ ਲੰਬੇ ਸਮੇ ਤੋਂ ਕਿਸੇ ਨੂੰ ਫਾਂਸੀ ਦੀ ਸਜਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਲੋਕਤੰਤਰ ਦੇਸ਼ ਵਿੱਚ ਫਾਂਸੀ ਦੀ ਸਜਾ ਦੇਣੀ ਅਣਮਨੁੱਖੀ ਹੈ। ਮਹਾਰਾਜਾ ਰਣਜੀਤ ਸਿੰਘ ਦੇ 40 ਸਾਲਾਂ ਦੇ ਸਮੇਂ ਦੌਰਾਨ ਕਿਸੇ ਨੂੰ ਵੀ ਫਾਂਸੀ ਦੀ ਸਜਾ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਦਬਾਉਣ ਖ਼ਾਤਰ ਸਿਰਫ ਉਨ੍ਹਾਂ ਨੂੰ ਹੀ ਫਾਂਸੀ ਦਿੱਤੀ ਜਾ ਰਹੀ ਹੈ ਜਦੋਂ ਕਿ ਅੱਜ ਤੱਕ ਘੱਟ ਗਿਣਤੀਆਂ ਦੇ ਨਿਰਦੋਸ਼ ਵਿਅਕਤੀਆਂ ਦੇ ਕਿਸੇ ਇੱਕ ਵੀ ਕਾਤਲ ਨੂੰ ਫਾਂਸੀ ਨਹੀਂ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਭਾਰਤ ਵਿੱਚ ਵੀ ਫਾਂਸੀ ਦੀ ਸਜਾ ਦਾ ਕਨੂੰਨ ਰੱਦ ਕੀਤਾ ਜਾਵੇ ਤੇ ਸਿੱਖ ਆਗੂਆਂ ਨੂੰ ਇਸ ਕੰਮ ਲਈ ਪਹਿਲ ਕਰਨੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top