Share on Facebook

Main News Page

ਸ੍ਰ. ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ, ਉਸ ਦੀ ਸੋਚ ਨੂੰ ਬਚਾਉਣ ਦੀ ਲੋੜ ਹੈ

ਅੱਜ ਸਭ ਪੰਥਿਕ ਰਸਾਲਿਆਂ ਵਿਚ, ਅਖਬਾਰਾਂ ਵਿਚ ਅਤੇ ਵੈਬਸਾਈਟਾਂ 'ਤੇ, ਇਕ ਹੀ ਚਰਚਾ ਹੈ ਕਿ, ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕਿਵੇਂ ਬਚਾਇਆ ਜਾਵੇ? ਜਦ ਕਿ ਭਾਈ ਰਾਜੋਆਣਾ ਦਾ ਆਪਣਾ ਸਪੱਸ਼ਟ ਮੱਤ ਹੈ ਕਿ, ਕੋਈ ਵੀ ਮੈਨੂੰ, ਕਿਸੇ ਅਦਾਲਤ ਵਿਚ, ਕਿਸੇ ਸਰਕਾਰ ਅੱਗੇ ਜਾਂ ਰਾਸ਼ਟਰ-ਪਤੀ ਕੋਲ ਅਪੀਲ ਕਰਨ ਲਈ ਨਾ ਕਹੇ। ਮੈਂ 28 ਸਾਲ ਤੋਂ ਉਪਰ ਦੇ ਸਮੇਂ ਵਿਚ ਇਨ੍ਹਾਂ ਦੀ ਇੰਸਾਫ ਪਰਕਿਰਿਆ ਨੂੰ ਵੇਖਦਾ ਆ ਰਿਹਾ ਹਾਂ, ਅਤੇ ਮੈਨੂੰ ਇਸ ਪਰਕਿਰਿਆ ਤੇ ਕੌਡੀ ਭਰ ਵੀ ਵਿਸ਼ਵਾਸ ਨਹੀਂ ਹੈ। ਸਿੱਖ, ਸੁਚੇਤ ਹੋਣ ਅਤੇ ਇਕ ਮੱਤ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ।

ਇਸ ਵਿਸ਼ੇ ਤੇ ਵਿਚਾਰ ਅਗਾਂਹ ਵਧਾਉਣ ਤੋਂ ਪਹਿਲਾਂ, ਆਪਾਂ ਨੂੰ ਇਕ ਗੱਲ ਦਾ ਨਿਰਣਾ ਜ਼ਰੂਰ ਕਰ ਲੈਣਾ ਚਾਹੀਦਾ ਹੈ ਕਿ, ਕੀ ਭਾਈ ਰਾਜੋਆਣਾ ਨੂੰ ਬਚਾਉਣ ਦੇ ਚਾਹਵਾਨ, ਭਾਈ ਰਾਜੋਆਣਾ ਦੇ ਆਪਣੇ ਨਾਲੋਂ, ਉਸ ਦੇ ਵਧੇਰੇ ਸ਼ੁਭ-ਚਿੰਤਕ ਹਨ?

(ਅਜਿਹੇ ਸ਼ੁਭ-ਚਿੰਤਕਾਂ ਨੇ ਪਿਛਲੇ ਸਤਾਰਾਂ ਸਾਲਾਂ ਵਿੱਚ, ਭਾਈ ਰਾਜੋਆਣਾ ਨੂੰ ਬਚਾਉਣ ਲਈ ਕੀ ਕੀਤਾ?) ਇਕ ਬੱਚਾ ਵੀ ਇਹੀ ਜਵਾਬ ਦੇਵੇਗਾ ਕਿ, ਭਾਈ ਰਾਜੋਆਣਾ ਜੀ ਨਾਲੋਂ ਵੱਧ, ਉਸ ਦਾ ਹੋਰ ਕੋਈ ਵੀ ਸ਼ੁਭ-ਚਿੰਤਕ ਨਹੀਂ ਹੋ ਸਕਦਾ।

ਭਾਈ ਰਾਜੋਆਣਾ, 31 ਮਾਰਚ ਨੂੰ ਆਪਣੀ ਸ਼ਹਾਦਤ ਦੇਣੀ ਚਾਹੁੰਦਾ ਹੈ। ਜਦ ਕਿ ਉਸ ਨੂੰ ਬਚਾਉਣ ਵਾਲੇ, ਉਸ ਦੇ ਸਰੀਰ ਨੂੰ ਬਚਾਉਣਾ ਚਾਹੁੰਦੇ ਹਨ। ਦੋਵੇਂ ਗੱਲਾਂ ਪੂਰਬ ਅਤੇ ਪੱਛਮ ਵਾਂਙ ਆਪਸ ਵਿਚ ਮੇਲ ਨਹੀਂ ਖਾਂਦੀਆਂ। ਇਹ ਵਿਚਾਰਨ ਦੀ ਲੋੜ ਹੈ ਕਿ, ਦੋਵਾਂ ਦੀ ਸੋਚ ਵਿਚੋਂ ਕਿਸ ਦੀ ਸੋਚ ਠੀਕ ਹੈ? ਆਉ ਜ਼ਰਾ ਇਸ ਮੁੱਦੇ ਨੂੰ ਗੁਰਮਤਿ ਸਿਧਾਂਤਾਂ ਅਤੇ ਇਤਿਹਾਸ ਦੀ ਕਸਵੱਟੀ ਲਾ ਕੇ ਵੇਖੀਏ।

ਪਹਿਲਾਂ ਭਾਈ ਰਾਜੋਆਣਾ ਜੀ ਦੀ ਸੋਚ ਨੂੰ ਇਨ੍ਹਾਂ ਕਸਵੱਟੀਆਂ ਤੇ ਪਰਖਦੇ ਹਾਂ। ਭਾਈ ਰਾਜੋਆਣਾ ਦੀ ਸੋਚ ਹੈ ਕਿ, "ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛ ਖਾਇ॥" (142)

ਜੇ ਬੰਦੇ ਦੀ ਹਰ ਵੇਲੇ ਪੱਤ ਲਥੀ ਜਾਂਦੀ ਹੈ, ਬੇ-ਪਤੀ, ਬੇ-ਇਜ਼ਤੀ ਹੁੰਦੀ ਪਈ ਹੈ, (ਜਿਵੇਂ ਅੱਜ, ਰਾਜ ਤੋਂ ਹੀਣ, ਏਕੇ ਤੋਂ ਖੁੰਝੇ ਸਿੱਖਾਂ ਦੀ ਹਰ ਪਲ ਹੁੰਦੀ ਪਈ ਹੈ) ਤਾਂ ਬੰਦੇ ਲਈ ਜੀਣਾ ਹਰਾਮ ਹੈ। 17 ਸਾਲ ਤੋਂ ਭਾਈ ਰਾਜੋਆਣਾ ਜੀ, ਇਕ-ਇਕ ਪਲ ਕਰ ਕੇ, ਮੌਤ ਵੱਲ ਵਧਦੇ ਰਹੇ ਹਨ, ਇਹ ਉਨ੍ਹਾਂ ਦੇ ਗੁਰਮਤਿ ਨਾਲ ਜੁੜੇ ਹੋਣ ਕਾਰਨ ਹੀ ਸੰਭਵ ਹੋ ਸਕਿਆ ਹੈ ਕਿ ਉਹ, ਲਗਾਤਾਰ 17 ਸਾਲ, ਤਿਲ-ਤਿਲ ਕਰ ਕੇ ਮਾਨਸਕ ਪ੍ਰੇਸ਼ਾਨੀ ਭੋਗਦੇ ਵੀ, ਡੋਲੇ ਨਹੀਂ ਬਲਕਿ ਗੁਰਮਤਿ ਸਿਧਾਂਤ ਵਿਚ ਹੋਰ ਪਰਪੱਕ ਹੋਏ ਹਨ, ਉਨ੍ਹਾਂ ਦਾ ਸ਼ਹਾਦਤ ਦੇਣ ਦਾ ਫੈਸਲਾ ਵੀ, ਉਨ੍ਹਾਂ ਦੀ ਉਚ ਆਤਮਕ ਅਵਸਥਾ ਦਾ ਹੀ ਪਰਤੀਕ ਹੈ। ਯਕੀਨਨ ਛੋਟੇ ਸਾਹਿਬਜ਼ਾਦਿਆਂ ਵਲੋਂ ਨਵਾਬ ਸਰਹਿੰਦ ਨੂੰ ਦਿੱਤਾ ਜਵਾਬ, ਹਰ ਵੇਲੇ ਉਨ੍ਹਾਂ ਸਾਹਵੇਂ ਪਰਤੱਖ ਰੂਪ ਵਿਚ ਰਹਿੰਦਾ ਹੋਵੇਗਾ ਕਿ “ਜੇ ਤੇਰੀ ਈਨ ਮੰਨ ਕੇ ਅਸੀਂ ਆਪਣੀ ਜਾਨ ਬਚਾ ਵੀ ਲਈਏ, ਤਾਂ ਇਸ ਬਾਰੇ ਯਕੀਨ ਨਾਲ ਕੀ ਕਿਹਾ ਜਾ ਸਕਦਾ ਹੈ ਕਿ ਅਸੀਂ ਕਿੰਨੇ ਦਿਨ ਜਿਉਂਦੇ ਰਹਾਂਗੇ?”

ਇਤਿਹਾਸਕ ਪੱਖੋਂ ਵੀ, ਭਾਈ ਰਾਜੋਆਣਾ ਜੀ ਦੀ ਸੋਚ ਬਾਰੇ, ਇਹੀ ਸੇਧ ਮਿਲਦੀ ਹੈ ਕਿ, ਜ਼ੁਲਮ ਨਾਲ ਟੱਕਰ ਲੈਂਦੇ ਗੁਰੂ ਗੋਬਿੰਦ ਸਿੰਘ ਜੀ ਨੇ, ਨਾ ਤਾਂ ਆਪਣੇ ਪਿਤਾ ਜੀ ਨੂੰ, ਨਾ ਆਪਣੀ ਮਾਤਾ ਜੀ ਨੂੰ ਅਤੇ ਨਾ ਹੀ ਸਾਹਿਬਜ਼ਾਦਿਆਂ ਨੂੰ ਬਚਾਉਣ ਬਾਰੇ ਕਦੇ ਸੋਚਿਆ ਸੀ, ਬਲਕਿ ਆਪਣੇ ਹੱਥੀਂ ਹੀ ਸ਼ਹਾਦਤ-ਗਾਹ ਵੱਲ ਤੋਰਿਆ ਸੀ। ਉਸ ਦਾ ਹੀ ਪ੍ਰਤੀ-ਕਰਮ ਸੀ ਕਿ ਸਿੱਖ ਇਤਿਹਾਸ ਵਿੱਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ, ਜਿਸ ਵਿਚ ਕਿਸੇ ਸਿੱਖ ਨੇ, ਜ਼ਾਲਮ ਹਕੂਮਤ ਅੱਗੇ ਗੋਡੇ ਟੇਕ ਕੇ, ਆਪਣੀ ਜਾਨ ਬਚਾਉਣ ਬਾਰੇ ਸੋਚਿਆ ਹੋਵੇ। ਬਲਕਿ ਜਿਨ੍ਹਾਂ ਨੂੰ ਜਾਨ ਬਚਾਉਣ ਦਾ ਮੌਕਾ ਮਿਲ ਵੀ ਰਿਹਾ ਸੀ, ਉਨ੍ਹਾਂ ਵੀ ਉਸ ਦਾ ਫਾਇਦਾ ਕਦੀ ਨਹੀਂ ਉਠਾਇਆ। ਇਕ ਦੂਸਰੇ ਤੋਂ ਅੱਗੇ ਹੋ ਕੇ ਪੰਥ ਲਈ, ਪੰਥਿਕ ਸਿਧਾਂਤਾਂ ਲਈ ਸ਼ਹੀਦ ਹੁੰਦੇ ਰਹੇ। ਸਿੱਖੀ ਦੇ ਉਹ ਸੁਨਹਰੀ ਦਿਨ, ਜਿਨ੍ਹਾਂ ਤੇ ਅਸੀਂ ਅੱਜ ਵੀ ਮਾਣ ਕਰਦੇ ਹਾਂ, ਅਜਿਹੀ ਸੋਚ ਦੀ ਹੀ ਦੇਣ ਸਨ।

ਕੀ ਇਵੇਂ ਗੁਰੂ ਅਰਜਨ ਪਾਤਸ਼ਾਹ ਨਹੀਂ ਬਚ ਸਕਦੇ ਸਨ? ਬਸ ਥੋੜਾ ਸਮਝੌਤਾ ਕਰਨ ਦੀ ਹੀ ਤਾਂ ਲੋੜ ਸੀ। ਗੁਰੂ ਤੇਗ ਬਹਾਦਰ ਜੀ ਤਾਂ ਆਪ ਚਲ ਕੇ ਸ਼ਹਾਦਤ ਦੇਣ ਗਏ ਸਨ, ਉਹ ਵੀ ਦੂਸਰੇ ਧਰਮ ਦੇ ਬੰਦਿਆਂ ਦੀ ਧਾਰਮਿਕ ਆਜ਼ਾਦੀ ਦੇ ਉਨ੍ਹਾਂ ਸਿਧਾਂਤਾਂ ਲਈ, ਜਿਨ੍ਹਾਂ ਤੇ ਉਹ ਆਪ ਵਿਸ਼ਵਾਸ ਨਹੀਂ ਕਰਦੇ ਸਨ। ਜੇ ਉਹ ਬ੍ਰਾਹਮਣਾਂ ਦੀ ਗੱਲ ਹੀ ਨਾ ਸੁਣਦੇ ਤਾਂ, ਕੀ ਕੋਈ ਉਨ੍ਹਾਂ ਨੂੰ ਮਾਰਨ ਲਈ ਆਨੰਦਪੁਰ ਸਾਹਿਬ ਆ ਰਿਹਾ ਸੀ? ਦੂਸਰੇ ਪਾਸੇ ਭਾਈ ਬਚਿਤ੍ਰ ਸਿੰਘ ਜੀ ਅਤੇ ਦੁਨੀ ਚੰਦ ਦੀ ਮਿਸਾਲ ਵੀ ਸਾਮ੍ਹਣੇ ਹੈ। ਭਾਈ ਬਚਿਤ੍ਰ ਸਿੰਘ ਜੀ, ਮਸਤ ਹਾਥੀ ਨਾਲ ਲੜ ਕੇ ਵੀ ਜਿਉਂਦੇ ਰਹੇ, ਅੱਜ ਵੀ ਜਿਉਂਦੇ ਹਨ, ਭਵਿੱਖ ਵਿਚ ਵੀ ਜਿਉਂਦੇ ਰਹਣਗੇ। ਦੁਨੀ ਚੰਦ ਮੌਤ ਤੋਂ ਡਰ ਕੇ ਦੌੜਨ ਦੇ ਚੱਕਰ ਵਿਚ, ਜ਼ਲਾਲਤ ਦੀ ਮੌਤ ਮਰਿਆ।

ਆਉ ਹੁਣ ਭਾਈ ਰਾਜੋਆਣਾ ਜੀ ਨੂੰ ਬਚਾਉਣ ਵਾਲਿਆਂ ਦੀ ਸੋਚ ਬਾਰੇ ਵੀ ਕੁੱਝ ਵਿਚਾਰਦੇ ਹਾਂ। ਇਹ ਲੋਕ (ਆਮ ਬੰਦਿਆਂ ਨੂੰ ਛੱਡ ਕੇ) ਭਾਈ ਰਾਜੋਆਣਾ ਜੀ ਨੂੰ (ਸਰੀਰਕ ਤੌਰ 'ਤੇ) ਬਚਾਉਣਾ ਚਾਹੁੰਦੇ ਹਨ। ਭਾਈ ਰਾਜੋਆਣਾ ਜੀ ਨੂੰ ਬਚਾਉਣ ਨਾਲ ਕੀ ਬਚੇਗਾ? ਭਾਈ ਰਾਜੋਆਣਾ ਜੀ ਦਾ ਸਰੀਰ। ਉਸ ਸਰੀਰ ਨੂੰ ਬਚਾਉਣ ਲਈ ਸਿੱਖਾਂ ਨੂੰ ਕਿਸ-ਕਿਸ ਦੇ ਥੱਲੇ ਲਗਣਾ ਪਵੇਗਾ? ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਦੇ, ਜੋ ਸਿੱਖ ਸੰਸਥਾਵਾਂ ਤੇ ਅਣ-ਅਧਿਕਾਰਿਤ ਤੌਰ ਤੇ ਕਾਬਜ਼ ਹਨ। (ਜੋ ਪੈਰ-ਪੈਰ ਤੇ ਸਿੱਖੀ ਨੂੰ ਅਣਗੌਲਿਆ ਹੀ ਨਹੀਂ ਕਰਦੇ ਬਲਕਿ, ਸਿੱਖੀ ਸਿਧਾਂਤਾਂ ਨੂੰ ਘੱਟੇ-ਕੌਡੀ ਰੋਲ ਕੇ, ਸਿੱਖੀ ਦੀਆਂ ਬੇੜੀਆਂ ਵਿਚ ਵੱਟੇ ਪਾ ਰਹੇ ਹਨ) ਤਾਂ ਜੋ ਉਹ ਉਨ੍ਹਾਂ ਬੰਦਿਆਂ ਦੀ ਖੁਸ਼ਾਮਦ ਕਰਨ, ਜਿਨ੍ਹਾਂ ਦੇ ਹੱਥ ਵਿਚ ਸੰਵਿਧਾਨਿਕ ਤਾਕਤ ਹੈ। (ਜਿਨ੍ਹਾਂ ਨੇ ਅੱਜ ਤਕ ਇਹ ਜਾਨਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਕਿ 1984 ਨਾਲ ਸਬੰਧਤ ਦਹਾਕੇ ਦੌਰਾਨ ਪੰਜਾਬ ਵਿਚ ਕਿੰਨੇ ਸਿੱਖ ਮਾਰੇ ਗਏ ਹਨ?) ਤਾਂ ਜੋ ਉਹ ਭਾਈ ਰਾਜੋਆਣਾ ਨੂੰ ਬਚਾਉਣ ਦਾ ਮਤਾ, ਵਿਧਾਨ-ਸਭਾ ਵਿਚ ਪਾਸ ਕਰ ਕੇ, ਕੇਂਦਰ ਸਰਕਾਰ ਨੂੰ ਭੇਜਣ।

(ਹਾਲਾਂਕਿ ਇਸ ਵਿਚ ਵੀ ਕਈ ਵਿਧਾਨਿਕ ਔਕੜਾਂ ਹਨ) (ਅੱਗੇ ਕੇਂਦਰ ਸਰਕਾਰ ਦੀ ਮਰਜ਼ੀ ਹੈ। ਜੋ ਸਰਕਾਰ ਪ੍ਰੋ. ਦਵਿੰਦਰ ਪਾਲ ਸਿੰਘ ਭੁਲਰ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ ਕਰਨ ਦੀ ਅਪੀਲ ਨੂੰ ਹੀ ਮਨਜ਼ੂਰ ਨਹੀਂ ਕਰ ਸਕੀ, ਉਸ ਤੋਂ ਕੀ ਆਸ ਕੀਤੀ ਜਾ ਸਕਦੀ ਹੈ? ਜੋ ਕੇਂਦਰੀ ਸਰਕਾਰ (ਭਾਵੇਂ 28 ਸਾਲਾਂ ਵਿਚ ਉਹ ਕਿਸੇ ਵੀ ਪਾਰਟੀ ਦੀ ਰਹੀ ਹੋਵੇ) 28 ਸਾਲ ਵਿਚ ਸਿੱਖਾਂ ਦੀ ਨਸਲ ਕੁਸ਼ੀ ਦੌਰਾਨ ਪੂਰੇ ਭਾਰਤ ਵਿਚ, ਖਾਸ ਕਰ ਕੇ ਭਾਰਤ ਦੀ ਰਾਜਧਾਨੀ ਦਿੱਲੀ ਵਿਚ, ਹਜ਼ਾਰਾਂ ਸਿੱਖਾਂ ਦੇ ਕਰੂਰਤਾ ਭਰੇ ਕਤਲਾਂ, ਬੀਬੀਆਂ ਦੀ ਹੋਈ ਬੇ-ਪਤੀ, ਵਿਧਵਾ ਹੋਈਆਂ ਬੀਬੀਆਂ, ਅਨਾਥ ਹੋਏ
ਬੱਚਿਆਂ ਨੂੰ ਇੰਸਾਫ ਦੇਣ ਵਿਚ ਸਰਾਸਰ ਨਾਕਾਮ ਰਹੀ ਹੋਵੇ, ਉਸ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਬਾਰੇ ਕੀ ਆਸ ਕੀਤੀ ਜਾ ਸਕਦੀ ਹੈ?)

ਭਾਈ ਰਾਜੋਆਣਾ ਜੀ ਨੂੰ ਬਚਾਇਆ ਜਾ ਸਕੇ ਜਾਂ ਨਾ ਬਚਾਇਆ ਜਾ ਸਕੇ, ਪਰ ਇਹ ਸਾਰਾ ਕੁਝ ਤਾਂ, ਸਭ ਤੋਂ ਪਹਿਲਾਂ ਮੰਨਣਾ ਹੀ ਪਵੇਗਾ ਕਿ ਸ਼੍ਰੋਮਣੀ ਕਮੇਟੀ (ਸੰਤ ਸਮਾਜ ਦੇ ਮੈਂਬਰਾਂ ਸਮੇਤ) ਹੀ ਸਿੱਖਾਂ ਦੀ ਇਕੋ-ਇਕ ਨੁਮਾਇੰਦਾ ਜਮਾਤ ਹੈ। (ਭਾਵੇਂ ਉਸ ਦੇ ਸਾਰੇ ਮੈਂਬਰ, ਇੰਸਾਨਅਤ ਦੇ ਸਾਰੇ ਅਸੂਲਾਂ ਨੂੰ ਛਿੱਕੇ ਤੇ ਟੰਗ ਕੇ ਮੈਂਬਰ ਬਣੇ ਹੋਣ) ਪੰਜਾਂ ਤਖਤਾਂ ਤੇ ਕਾਬਜ਼ ਮਨੁੱਖਾਂ ਦਾ ਹੁਕਮ ਹੀ ਸਿੱਖਾਂ ਲਈ, ਇਲਾਹੀ ਹੁਕਮ ਹੈ।

ਇਸ ਨੂੰ ਮੰਨ ਲੈਣ ਨਾਲ ਕੀ ਹੋਵੇਗਾ? ਭਾਈ ਰਾਜੋਆਣਾ ਜੀ ਵਲੋਂ 17 ਸਾਲਾਂ ਵਿਚ ਪੈਦਾ ਕੀਤੀ, ਸਵੈਮਾਨ ਦੀ ਲਹਿਰ, ਜੋ ਅੱਜ ਹਰ ਇਕ ਸਿੱਖ ਦੇ ਮਨ ਵਿਚ ਹੀ ਨਹੀਂ ਉੱਠ ਰਹੀ, ਬਲਕਿ ਇੰਸਾਨੀਅਤ ਨੂੰ ਪਿਆਰ ਕਰਨ ਵਾਲੇ, ਵਦੇਸ਼ੀਆਂ ਦੇ ਮਨਾਂ ਵਿਚ ਵੀ ਠਾਠਾਂ ਮਾਰ ਰਹੀ ਹੈ, ਉਹ ਸ਼ਾਂਤ ਹੋ ਜਾਵੇਗੀ। ਭਾਈ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਦੀ ਮੁਆਫੀ ਦੇ ਨਾਲ ਹੀ, ਪਿਛਲੀਆਂ ਸਾਰੀਆਂ ਵਧੀਕੀਆਂ ਤੇ ਪਰਦਾ ਪੈ ਜਾਵੇਗਾ।

ਭਾਈ ਰਾਜੋਆਣਾ ਜੀ ਦੀ ਸੋਚ ਨੂੰ ਬਚਾਉਣਾ, ਉਨ੍ਹਾਂ ਨੂੰ ਸਰੀਰਕ ਤੌਰ 'ਤੇ ਬਚਾਉਣ ਵਾਲਿਆਂ ਨੂੰ ਰਾਸ ਨਹੀਂ ਆ ਰਿਹਾ। ਭਾਈ ਰਾਜੋਆਣਾ ਦੀ ਸੋਚ ਨੂੰ ਬਚਾਉਣ ਨਾਲ, ਸਿੱਖ ਹਰ ਉਸ ਸੰਸਥਾ ਦੀ, ਹਰ ਉਸ ਬੰਦੇ ਦੀ ਨਿਸ਼ਾਨਦੇਹੀ ਕਰਨਗੇ, ਜੋ ਸਿੱਖਾਂ ਨੂੰ ਇੰਸਾਫ ਮਿਲਣ ਦੇ ਰਾਹ ਵਿਚ, ਕਿਸੇ ਵੇਲੇ ਵੀ ਰੋੜਾ ਬਣਿਆ ਹੈ। ਭਾਵੇਂ ਉਹ ਸ਼੍ਰੋਮਣੀ ਕਮੇਟੀ ਹੋਵੇ ਜਾਂ ਦਿੱਲੀ ਕਮੇਟੀ। ਭਾਵੇਂ ਉਹ ਸਿੱਖੀ ਭੇਸ ਵਿਚਲੀ ਬਾਦਲ ਅਕਾਲੀ ਦਲ ਦੀ ਸਰਕਾਰ ਹੋਵੇ ਜਾਂ ਪੰਜਾਬ ਵਿਚਲੇ, ਨਾਮ ਦੇ ਹੀ ਅਕਾਲੀ ਦਲ ਹੋਣ। ਭਾਵੇਂ ਉਹ ਬੀ.ਜੇ.ਪੀ. ਹੋਵੇ ਜਾਂ ਕਾਂਗਰਸ, ਜਾਂ ਹੋਰ ਕੋਈ ਵੀ ਪਾਰਟੀ, ਜਿਸ ਦੀ ਪਿਛਲੇ 28
ਸਾਲ ਦੇ ਸਮੇਂ ਵਿਚ, ਕੇਂਦਰ ਵਿਚ ਸਰਕਾਰ ਰਹੀ ਹੋਵੇ। ਭਾਵੇਂ ਉਹ ਤਖਤਾਂ ਦੇ ਜਥੇਦਾਰ ਹੋਣ ਜਾਂ ਸਿੱਖ ਸਮਾਜ।

ਇਹ ਸਾਰਾ ਕੁੱਝ ਉਨ੍ਹਾਂ ਨੂੰ ਕਿਵੇਂ ਰਾਸ ਆਵੇਗਾ? ਜਿਨ੍ਹਾਂ ਸਿੱਖੀ ਦੇ ਭੇਸ ਵਿਚ, ਐਸ਼ ਦੇ ਸਾਰੇ ਸਾਧਨ ਪਰਾਪਤ ਕਰਨੇ ਹਨ। ਇਸ ਲਈ ਉਨ੍ਹਾਂ ਨੂੰ ਭਾਈ ਰਾਜੋਆਣਾ ਨੂੰ ਸਰੀਰਕ ਤੌਰ ਤੇ ਬਚਾ ਕੇ, ਉਸ ਦੀ ਸੋਚ ਦਾ ਕਤਲ ਕਰਨਾ, ਉਸ ਦੀ ਸੋਚ ਅਨੁਸਾਰ ਉੱਠੀ ਲਹਰ ਨੂੰ ਸ਼ਾਂਤ ਕਰਨਾ ਬਹੁਤ ਜ਼ਰੂਰੀ ਹੈ।

ਜਿਸ ਦੇ ਸਿੱਟੇ ਵਜੋਂ ਅੱਜ ਭਾਈ ਰਾਜੋਆਣਾ ਜੀ ਦੀ ਆਤਮਕ ਮੌਤ ਹੋਣੀ ਹੈ, ਅਤੇ ਸਰੀਰਕ ਮੌਤ ਤਾਂ ਹੈ ਹੀ ਅਟੱਲ, ਭਾਵੇਂ ਉਹ ਅੱਜ ਆਵੇ ਭਾਵੇਂ ਕੱਲ। ਉਨ੍ਹਾਂ ਨੂੰ ਬਚਾਉਣ ਵਾਲਿਆਂ ਨੂੰ, ਨਹੀਂ ਰਾਸ ਆਉਂਦਾ ਕਿ ਨੌਜਵਾਨ ਭਾਈ ਰਾਜੋਆਣਾ ਜੀ ਦੀ ਸੋਚ ਨੂੰ ਆਪਣਾ ਰੋਲ ਮਾਡਲ ਬਨਾਉਣ। ਉਸ ਦੇ ਸਰੀਰ ਨੂੰ ਜਾਂ ਕੱਲ ਨੂੰ ਉਸ ਦੀਆਂ ਫੋਟੋਆਂ ਨੂੰ ਉਹ ਜੋ ਮਰਜ਼ੀ ਬਣਾਈ ਜਾਣ। ਅੱਜ ਭਾਈ ਰਾਜੋਆਣਾ ਜੀ ਦੀ ਸੋਚ ਨਾਲ ਖੜੇ ਸਿੱਖ ਨੌਜਵਾਨਾਂ ਨੂੰ, ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ।

ਹੁਣ ਇਹ ਸਿੱਖੀ ਦੇ ਵਾਰਸਾਂ ਦੇ ਵਿਚਾਰਨ ਦੀ ਗੱਲ ਹੈ ਕਿ, ਉਨ੍ਹਾਂ ਭਾਈ ਰਾਜੋਆਣਾ ਜੀ ਦੀ ਸੋਚ ਨਾਲ ਚਲਦਿਆਂ, ਸਿੱਖਾਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਲਈ, ਪੂਰੀ ਦੁਨੀਆਂ ਨੂੰ, ਸਿੱਖਾਂ ਦੀ ਹੋਈ ਨਸਲ-ਕੁਸ਼ੀ ਤੋਂ ਜਾਣੂ ਕਰਵਾ ਕੇ, ਆਪਣਾ ਆਜ਼ਾਦ ਘਰ ਬਨਾਉਣ ਵੱਲ ਹੰਭਲਾ ਮਾਰਨਾ ਹੈ, ਜਾਂ ਸਿੱਖੀ ਭੇਸ ਵਿਚਲੇ, ਗੈਰ ਸਿੱਖੀ ਵਿਚਾਰਾਂ ਵਾਲਿਆਂ ਦੇ ਕਹੇ ਚਲ ਕੇ, ਸਿੱਖਾਂ ਦੇ ਗਲ ਪਈ ਗੁਲਾਮੀ ਨੂੰ ਪੱਕਿਆਂ ਕਰਨਾ ਹੈ? ਅਜਿਹੀਆਂ ਜਾਗ੍ਰਤੀ ਲਹਿਰਾਂ ਹਰ ਰੋਜ਼ ਨਹੀਂ ਉਠਦੀਆਂ। ਆਉ, ਇਸ ਲਹਿਰ ਨੂੰ ਮਨ ਵਿਚ ਪੱਕੇ ਤੌਰ ਤੇ ਸੰਭਾਲਦਿਆਂ, ਸਿੱਖੀ ਨੂੰ ਅਤੇ ਭਾਈ ਰਾਜੋਆਣਾ ਦੀ ਸੋਚ ਨੂੰ ਬਚਾਉਣ ਦਾ ਉਪਰਾਲਾ ਕਰੀਏ। ਇਸ ਨੂੰ ਬਚਾਉਣਾ ਹੀ, ਇਸ ਵੇਲੇ ਸਿੱਖਾਂ ਦੀ ਸਭ ਤੋਂ ਵੱਡੀ ਲੋੜ ਹੈ।

(ਪਤਾ ਨਹੀਂ ਇਸ ਲੇਖ ਨੂੰ ਪੜ੍ਹ ਕੇ, ਕਈ ਲੋਕ ਮੈਨੂੰ ਭਾਈ ਰਾਜੋਆਣਾ ਜੀ ਦਾ ਦੁਸ਼ਮਣ ਹੀ ਸਮਝਣਗੇ, ਜੋ ਮੈਂ ਉਨ੍ਹਾਂ ਨੂੰ ਮਾਰਨਾ ਹੀ ਚਾਹੁੰਦਾ ਹਾਂ। ਸੋਚ ਆਪੋ ਆਪਣੀ ਹੁੰਦੀ ਹੈ, ਜੇ ਇਸ ਵੇਲੇ ਸਰਕਾਰ, ਭਾਈ ਰਾਜੋਆਣਾ ਦੀ ਥਾਂ ਮੈਨੂੰ ਫਾਂਸੀ ਦੇ ਦੇਵੇ ਤਾਂ ਮੈਂ ਅਜਿਹੀ ਫਾਂਸੀ ਤੋਂ ਸੌ ਜ਼ਿੰਦਗੀਆਂ ਨਿਛਾਵਰ ਕਰਨ ਲਈ ਤਿਆਰ ਹਾਂ)

ਅਮਰਜੀਤ ਸਿੰਘ ਚੰਦੀ
ਫੋਨ: 91 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top