Share on Facebook

Main News Page

 

ਜਥੇਦਾਰ, ਗੁਰਬਚਨ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਵਿਸ਼ਾ : ਜਿੰਦਾ ਸ਼ਹੀਦ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਸੁਝਾਉ

ਜਿਸ ਤਰ੍ਹਾਂ ਆਪ ਜੀ ਭਲੀ ਭਾਂਤ ਜਾਣੂ ਹੀ ਹੋ, ਕਿ ਸਿੱਖ ਸੋਚ ਵਿਰੋਧੀ ਲਾਬੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਲਈ ਬਹੁਤ ਹੀ ਤੇਜੀ ਨਾਲ ਕੰਮ ਕਰ ਰਹੀਆਂ ਹਨ। ਇਸ ਕਾਰਣ ਪੰਥ ਦੇ ਹਰ ਵਰਗ ਵਿੱਚ ਭਾਰੀ ਚਿੰਤਾ ਹੈ।ਆਪ ਜੀ ਨੇ ਭਾਈ ਰਾਜੋਆਣਾ ਦੀ ਕੀਮਤੀ ਜਾਨ ਬਚਾਉਣ ਲਈ ਪੰਥਕ ਜਥੇਬੰਦੀਆਂ ਵਲੋਂ ਸੁਝਾਉ ਮੰਗੇ ਗਏ ਸਨ। ਸਾਡੀ ਜਥੇਬੰਦੀ ਵਲੋਂ ਆਪ ਜੀ ਨੂੰ ਸੁਝਾਉ ਹੈ ਕਿ ਜਿੰਨਾਂ ਚਿਰ ਉਹ ਲੋਕ, ਜਿੰਨ੍ਹਾਂ ਦੇ ਹੱਥਾਂ ਵਿੱਚ ਪੰਥ ਨੇ ਵਿਧਾਨਕ ਸ਼ਕਤੀਆਂ ਸੌਪੀਆਂ ਹਨ, ਉਹ ਕੋਈ ਠੋਸ ਕਾਰਵਾਈ ਨਹੀਂ ਕਰਦੇ ਉਤਨੀ ਦੇਰ ਸਾਡੇ ਰੋਸ, ਅਖ਼ਬਾਰੀ ਬਿਆਨ ਜਾਂ ਕਾਨੂੰਨੀ ਚਾਰਾਜੋਰੀ ਕਿਸੇ ਵੀ ਹਾਲਤ ਵਿੱਚ ਭਾਈ ਸਾਹਿਬ ਦੀ ਸ਼ਹੀਦੀ ਨਹੀਂ ਰੁੱਕਵਾ ਸਕਦੇ। ਭਾਈ ਰਾਜੋਆਣਾ ਦੀ ਸੰਭਾਵੀ ਸ਼ਹੀਦੀ ਰੋਕਣ ਲਈ ਜੇ ਮੁੱਖ ਮੰਤਰੀ ਹੇਠ ਲਿਖੇ ਦੋ ਸੁਝਾਵਾਂ ’ਤੇ ਅਮਲ ਕਰਨ ਤਾਂ ਸੰਭਾਵਨਾ ਹੈ, ਕਿ ਭਾਈ ਸਾਹਿਬ ਦੀ ਸ਼ਹੀਦੀ ਟਲ ਜਾਏ, ਨਹੀਂ ਤਾਂ ਹੋਰ ਕੋਈ ਚਾਰਾ ਨਹੀਂ ਹੈ। ਸਾਡੀ ਜਥੇਬੰਦੀ ਵੱਲੋਂ ਸੁਝਾਉ ਇਹ ਹਨ:

  1. ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਹਦਾਇਤ ਕੀਤੀ ਜਾਵੇ ਕਿ ਉਹ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਵਿੱਚ ਤੁਰੰਤ ਇਹ ਮਤਾ ਪਾਸ ਕਰਵਾਉਣ ਜਿਸ ਦੀ ਸ਼ਬਦਾਵਲੀ ਇਹ ਹੋਵੇ:- ਜਿਹੜੀ ਸਰਕਾਰ ਅਤੇ ਅਦਾਲਤਾਂ 27 ਸਾਲਾਂ ਤੋਂ ਸਿੱਖਾਂ ਨੂੰ ਕੋਈ ਇਨਸਾਫ ਦਿਵਾਉਣ ਵਿੱਚ ਅਸਮਰਥ ਹਨ ਉਸ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਬੇਅੰਤ ਸਿੰਘ ਵਰਗੇ ਸਰਕਾਰੀ ਅਤਿਵਾਦ ਫੈਲਾਉਣ ਵਾਲੇ ਵਿਅਕਤੀ ਨੂੰ ਸਜਾ ਦੇਣ ਵਾਲੇ ਸਿੱਖ ਨੂੰ ਫਾਂਸੀ ’ਤੇ ਲਟਕਾਉਣ। ਸਿੱਖਾਂ ਨੂੰ ਇਨਸਾਫ ਦੇਣ ਦੀ ਥਾਂ ਜੇ ਕਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੀ ਗਈ ਤਾਂ ਸਿੱਖਾਂ ਦੇ ਜ਼ਜ਼ਬਾਤ ਭੜਕ ਸਕਦੇ ਹਨ ਜਿਸ ਨੂੰ ਕਾਬੂ ਕਰਨਾ ਇਕ ਕੌਮੀ ਸਮੱਸਿਆ ਬਣ ਸਕਦੀ ਹੈ। ਇਸ ਲਈ ਇਹ ਦੇਸ਼ ਦੇ ਹਿੱਤ ਵਿਚ ਹੋਵੇਗਾ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕੀਤੀ ਜਾਵੇ।
  2. ਸਿਖ ਸਮਝਦੇ ਹਨ ਕਿ ਕੇਂਦਰ ਸਰਕਾਰ ਸਿੱਖਾਂ ਦੇ ਕਾਤਲਾਂ ਨੂੰ ਸਜਾ ਦੇਣ ਦੀ ਥਾਂ ਉਨ੍ਹਾਂ ਨੂੰ ੳਚ ਅਹੁੱਦਿਆਂ ਨਾਲ ਨਿਵਾਜ਼ ਕੇ ਸਿੱਖਾਂ ਵਿੱਚ ਬੇਗਾਨਗੀ ਦਾ ਅਹਿਸਾਸ ਪੈਦਾ ਕਰ ਰਹੀ ਹੈ। ਪਰ ਕੀ ਇਹ ਸੱਚ ਨਹੀਂ ਕਿ ਸਾਡੀ ਆਪਣੀ ਅਕਾਲੀ ਸਰਕਾਰ 1997 ਦੀਆਂ ਚੋਣਾਂ ਵਿੱਚ ਚੋਣ ਵਾਅਦਾ ਕਰਨ ਪਿਛੋਂ ਵੀ ਹਜਾਰਾਂ ਸਿੱਖਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਖੁਰਦ ਬੁਰਦ ਕਰਨ ਵਾਲਿਆਂ ਨੂੰ ਸਜਾਵਾਂ ਦੇਣ ਦੀ ਥਾਂ ਉਨ੍ਹਾਂ ਨੂੰ ਉਚ ਅਹੁੱਦਿਆਂ ਅਤੇ ਸੇਵਾ ਮੁਕਤੀ ਪਿੱਛੋਂ ਟਿਕਟਾਂ ਨਾਲ ਨਿਵਾਜ ਰਹੀ ਹੈ। ਸਾਡੇ ਆਪਣਿਆਂ ਦਾ ਇਹ ਵਤੀਰਾ ਵੇਖ ਕੇ ਕਾਂਗਰਸ ਪਾਰਟੀ ਦਾ ਮਨੋਬਲ ਹੋਰ ਉੱਚਾ ਹੋ ਰਿਹਾ ਕਿ ਸਿੱਖ ਤਾਂ ਸਿਆਸੀ ਕਾਰਣਾਂ ਕਰਕੇ ਕਾਂਗਰਸ ਵਿਰੋਧੀ ਬਿਆਨਬਾਜ਼ੀ ਕਰ ਰਹੇ ਹਨ। ਜੇ ਸਿੱਖਾਂ ਦੇ ਕਾਤਲਾਂ ਨੂੰ ਪੰਜਾਬ ਵਿੱਚ ਹੀ ਅਹੁੱਦਿਆਂ ਨਾਲ ਨਿਵਾਜ਼ਿਆ ਜਾ ਰਿਹਾ ਹੈ ਤਾਂ ਇਨ੍ਹਾਂ ਨੂੰ ਕੇਂਦਰ ਵਿੱਚ ਕਾਂਗਰਸ ਪਾਰਟੀ ਵਲੋਂ ਨਿਵਾਜ਼ੇ ਜਾ ਰਹੇ ਕਾਤਲਾਂ ਪ੍ਰਤੀ ਵੀ ਕੋਈ ਰੋਸ ਨਹੀਂ ਹੋਣਾ ਚਾਹੀਦਾ। ਇਨ੍ਹਾਂ ਹਾਲਤਾਂ ਵਿੱਚ ਜੱਦੋਂ ਤਕ ਸਾਡੇ ਆਪਣੇ ਸਾਨੂੰ ਇਨਸਾਫ਼ ਦੇਣ ਲਈ ਤਿਆਰ ਨਹੀਂ ਉਤਨੀ ਦੇਰ ਕਾਗਰਸ ਪਾਰਟੀ ਤੋਂ ਕਿਸੇ ਇਨਸਾਫ ਦੀ ੳਮੀਦ ਰੱਖਣੀ ਬੇਮਾਹਣੀ ਹੈ। ਸੋ ਇਹ ਭ੍ਰਮ ਦੂਰ ਕਰਨ ਲਈ ਮੁੱਖ ਮੰਤਰੀ ਨੂੰ ਹਦਾਇਤ ਕੀਤੀ ਜਾਵੇ ਕਿ ਸੁਮੇਧ ਸੈਣੀ ਨੂੰ ਤੁਰੰਤ ਡੀਜੀਪੀ ਦੇ ਅਹੁੱਦੇ ਤੋਂ ਹਟਾਇਆ ਜਾਵੇ ਅਤੇ ਹਾਈ ਕੋਰਟ ਦੀਆਂ ਹਦਾਇਤਾਂ ਉਪ੍ਰੰਤ ਸੀ.ਬੀ.ਆਈ ਵੱਲੋਂ ਪੜਤਾਲ ਕਰਕੇ ਪਹਿਲਾਂ ਤੋਂ ਦਰਜ ਹੋਏ ਕੇਸਾਂ ਨੂੰ ਚਲਾਉਣ ਦੀ ਆਗਿਆ ਦਿੱਤੀ ਜਾਵੇ।

ਜੇ ਕਰ ਅਸੀਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਤੋਂ ਇਹ ਦੋਵੇਂ ਗੱਲਾਂ ਮਨਾਉਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਇਸ ਦਾ ਅਸਰ ਕਾਂਗਰਸ ਪਾਰਟੀ ਦੀ ਸਰਕਾਰ ’ਤੇ ਵੀ ਪਵੇਗਾ ਜਿਸ ਸਦਕਾ ਉਹ ਸਾਨੂੰ ਇਨਸਾਫ਼ ਦੇਣ ਲਈ ਮਜ਼ਬੂਰ ਹੋਣਗੇ। ਪਰ ਜੇ ਕਰ ਅਸੀਂ ਆਪਣੇ ਹੀ ਮੁੱਖ ਮੰਤਰੀ ਸ: ਬਾਦਲ ਤੋਂ ਇਹ ਫੈਸਲੇ ਨਾ ਕਰਵਾ ਸਕੇ ਤਾਂ ਕੇਂਦਰ ਸਰਕਾਰ ਵੀ ਸਮਝ ਜਾਵੇਗੀ ਕਿ ਅਕਾਲੀ ਆਗੂਆਂ ਅਤੇ ਜਥੇਦਾਰਾਂ ਦੇ ਬਿਆਨਾਂ ਵਿੱਚ ਕੋਈ ਤੰਤ ਨਹੀਂ ਹੈ ਤੇ ਇਹ ਕੇਵਲ ‘ਮੂੰਹ ਕਾ ਕਹਿਆ ਵਾਉ’ ਦੀ ਤਰ੍ਹਾਂ ਹੀ ਹਨ। ਇਸ ਹਾਲਤ ਵਿੱਚ ਅਸੀਂ ਕੁਝ ਦਿਨਾਂ ਦੀ ਕਾਵਾਂ ਰੌਲੀ ਪਾਉਣ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਕਰ ਸਕਾਂਗੇ।

ਆਫਿਸ-ਇਨ-ਚਾਰਜ
ਗੁਰੂ ਗੰਥ ਦਾ ਖਾਲਸਾ ਪੰਥ‘ਵਿਸ਼ਵ ਚੇਤਨਾ ਲਹਿਰ’


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top