Share on Facebook

Main News Page

ਅਕਾਲ ਤਖਤ ਦੇ ਜਥੇਦਾਰ ਮੈਨੂੰ ਅਦਾਲਤ ਵਿਚ ਅਪੀਲ ਕਰਨ ਲਈ ‘ਆਦੇਸ਼’ ਜਾਰੀ ਕਰਨ ਦੀ ਇਤਿਹਾਸਕ ਗਲਤੀ ਨਾ ਕਰਨ: ਭਾਈ ਬਲਵੰਤ ਸਿੰਘ ਰਾਜੋਆਣਾ

ਲੁਧਿਆਣਾ, 22 ਮਾਰਚ: (ਸਿੱਖ ਗਾਰਡੀਅਨ) ਪਟਿਆਲਾ ਜੇਲ੍ਹ ਵਿਚ ਫਾਂਸੀ ਦੀ ਉਡੀਕ ਕਰ ਰਹੇ ‘ਜ਼ਿੰਦਾ ਸ਼ਹੀਦ’ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਆਪਣੀ ਧਰਮ ਭੈਣ ਕਮਲਦੀਪ ਕੌਰ ਰਾਹੀਂ ਇਹ ਬਿਆਨ ਜਾਰੀ ਕੀਤਾ ਹੈ ਕਿ ਕੱਲ੍ਹ 23 ਮਾਰਚ ਨੂੰ ਪੰਥਕ ਜਥੇਬੰਦੀਆਂ ਦੀ ਮੀਟਿੰਗ ਮਗਰੋਂ ਅਕਾਲ ਤਖਤ ਤੋਂ ਮੈਨੂੰ ਜੇਕਰ ਅਦਾਲਤ ਵਿਚ ਅਪੀਲ ਕਰਨ ਦਾ ‘ਆਦੇਸ਼’ ਦਿਤਾ ਜਾਂਦਾ ਹੈ ਤਾਂ ਇਹ ਇਕ ਇਤਿਹਾਸਕ ਗਲਤੀ ਹੋਵੇਗੀ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਖਿਆ ਹੈ ਕਿ ਇਸ ਨਾਲ ਦੁਨੀਆਂ ਭਰ ਦੇ ਸਿੱਖਾਂ ਦੇ ਸਿਰ ਸ਼ਰਮ ਨਾਲ ਝੁਕ ਜਾਣਗੇ।

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਇਹ ਬਿਆਨ ਇਨ੍ਹਾਂ ਅਟਕਲਾਂ ਮਗਰੋਂ ਦਿਤਾ ਹੈ ਕਿ 23 ਮਾਰਚ ਦੀ ਮੀਟਿੰਗ ਮਗਰੋਂ ਭਾਈ ਸਾਹਿਬ ਨੂੰ ਅਦਾਲਤ ਵਿਚ ਫਾਂਸੀ ਦੀ ਸਜ਼ਾ ਵਿਰੁੱਧ ਅਪੀਲ ਕਰਨ ਦਾ ‘ਆਦੇਸ਼’ ਵੀ ਦਿਤਾ ਜਾ ਸਕਦਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬਿਆਨ ਵਿਚ ਅਗੇ ਕਿਹਾ ਕਿ “ਉਹ ਅਕਾਲ ਤਖਤ ਨੂੰ ਪੂਰੀ ਤਰ੍ਹਾਂ ਸਮਰਪਤ ਹਨ ਪਰ ਅਕਾਲ ਤਖਤ ਦੇ ਜਥੇਦਾਰ ਮੈਨੂੰ ਅਜਿਹੀ ਕੋਈ ਅਪੀਲ ਕਰਨ ਲਈ ‘ਆਦੇਸ਼’ ਜਾਰੀ ਕਰਨ ਦੀ ਇਤਿਹਾਸਕ ਗਲਤੀ ਨਾ ਕਰਨ ਕਿਉਂਕਿ ਅਜਿਹੀ ਅਪੀਲ ਕਰਨੀ ਉਨ੍ਹਾਂ ਹੁਕਮਰਾਨਾਂ ਅੱਗੇ ਜ਼ਿੰਦਗੀ ਦੀ ਭੀਖ ਮੰਗਣ ਵਾਲੀ ਗੱਲ ਹੋਵੇਗੀ, ਜਿਨ੍ਹਾਂ 1984 ਵਿਚ ਸਾਡਾ ਅਕਾਲ ਤਖਤ ਢਾਹਿਆ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ”।

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਹੋਰ ਕਿਹਾ ਕਿ “ਮੇਰਾ ਭਾਰਤੀ ਨਿਆਂ ਪ੍ਰਣਾਲੀ ਵਿਚ ਕੋਈ ਵਿਸ਼ਵਾਸ ਨਹੀਂ ਹੈ। ਜੇਕਰ ਅਜਿਹਾ ਹੁੰਦਾ ਤਾਂ ਮੈਂ ਸ਼ੁਰੂ ਤੋਂ ਹੀ ਅਦਾਲਤ ਵਿਚ ਵਕੀਲ਼ ਕਰਕੇ ਆਪਣਾ ਕੇਸ ਲੜ ਸਕਦਾ ਸੀ ਤੇ ਫਾਂਸੀ ਦੀ ਸਜ਼ਾ ਸੁਣਾਏ ਜਾਣ ਵੇਲੇ ਅਜਿਹੀ ਅਪੀਲ ਵੀ ਪਾ ਸਕਦਾ ਸੀ”।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top