Share on Facebook

Main News Page

ਐ ਪੰਥ ਖ਼ਾਲਸਾ! ਯੂੰ ਉਦਾਸ ਨ ਹੋ

ਜਿਸ ਦਿਨ ਤੋਂ ਇਹ ਦੁਖਦਾਈ ਖ਼ਬਰ ਆਈ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਸ:ਬੇਅੰਤ ਸਿੰਘ ਦੇ ਕਤਲ ਕਾਂਡ ਵਿੱਚ ਸਜ਼ਾ-ਜਾਫ਼ਤਾ ਭਾਈ ਬਲਵੰਤ ਸਿੰਘ ‘ਰਾਜੋਆਣਾ’ ਨੂੰ ਅਦਾਲਤੀ ਹੁਕਮਾਂ ਅਨੁਸਾਰ 31 ਮਾਰਚ ਸਵੇਰੇ 9 ਵਜੇ ਪਟਿਆਲਾ ਦੀ ਜੇਲ੍ਹ ਵਿੱਚ “ਫ਼ਾਂਸੀ” ਤੇ ਲਟਕਾਇਆ ਜਾਣਾ ਤਹਿ ਹੋਇਆ ਹੈ, ਉਸ ਦਿਨ ਤੋਂ ਹੀ ਮਨ ਬਹੁਤ ਗ਼ਮਗੀਨ ਹੈ। ਉਸੇ ਦਿਨ ਤੋਂ ਹੀ ਮੀਡੀਆ ਵਿੱਚ ਸਿੱਖ ਜਥੇਬੰਦੀਆਂ ਹਮਦਰਦੀ ਤਹਿਤ ਬਿਆਨ ਤੇ ਬਿਆਨ ਦਾਗ਼ ਰਹੀਆਂ ਹਨ। ਪੰਜਾਬ ਅਤੇ ਪੰਜਾਬੋਂ ਬਾਹਰ ਰੋਸ ਮੁਜਾਹਰੇ ਹੋ ਰਹੇ ਹਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ, ਅਮਰੀਕੀ ਸੰਸਦ, ਯੂ.ਐਨ,ਓ ਨੂੰ ਯਾਦ-ਪੱਤਰ ਦਿੱਤੇ ਜਾ ਰਹੇ ਹਨ। ਅਫਸੋਸ! ਕਿ ਸਿੱਖ ਜਥੇਬੰਦੀਆਂ, ਸਿੱਖ ਸੰਪ੍ਰਦਾਵਾਂ, ਸਿੱਖ ਸਭਾਵਾਂ ਦੀ ਨੀਂਦ ਵੀ ਸਤਾਰ੍ਹਾਂ ਵਰ੍ਹੇ ਬਾਅਦ ਉਸੇ ਦਿਨ ਖੁਲ਼੍ਹੀ, ਜਿਸ ਦਿਨ ਭਾਈ ਸਾਹਿਬ ਨੂੰ ‘ਫ਼ਾਂਸੀ’ ਦੀ ਖ਼ਬਰ ਨਸ਼ਰ ਹੋਈ।

ਬਹੁਤ ਹੈਰਾਨ ਹਾਂ, ਕਿ ‘ਭਾਈ ਬਲਵੰਤ ਸਿੰਘ ਜੀ ਦੀ ਫ਼ਾਂਸੀ ਦੇ ਸੰਦਰਭ ਵਿੱਚ ਜਿਤਨੀਆਂ ਵੀ ਸਿੱਖ ਸੰਸਥਾਵਾਂ ਹਨ, ਕੋਈ ਇਕ-ਸੁਰ ਨਹੀਂ। ਸਭੋ ਵਖੋ-ਵਖਰੇ ਰਾਗ ਅਲਾਪ ਰਹੀਆਂ ਹਨ। ਕੋਈ ਸੰਸਥਾ ‘ਇੱਕ ਮੁੱਠ ਹੋਣ ਦਾ ਸੱਦਾ ਦੇ ਰਹੀ ਹੈ, ਨਾਮ-ਨਿਹਾਦ ਕੋਈ ਪ੍ਰਚਾਰਕ ਵੱਧ ਤੋਂ ਵੱਧ ਬਾਣੀ ਪੜ੍ਹਨ ਤੇ ਜ਼ੋਰ ਦੇ ਰਿਹਾ ਹੈ। ਕਿਧਰੇ ਅਖੰਡ ਪਾਠਾਂ ਦੀਆਂ ਲੜੀਆਂ ਚਲ ਪਈਆਂ ਹਨ ਅਤੇ ਕਿਧਰੇ ਕੇਸਰੀ ਨਿਸ਼ਾਨ ਝੁਲਾਏ ਜਾ ਰਹੇ ਹਨ। ਕਈ ਦਿਸ਼ਾਹੀਣ ਤੇ ਨਿਕੰਮੇ ਲੀਡਰ ਅੱਗ ਲਾਊ, ਭੜਕਾਊ ਤੇ ਬਿਨ੍ਹਾ ਸਿਰ-ਪੈਰ ਗੁੰਮਰਾਹ-ਕੁੰਨ ਬਿਆਨ ਦਾਗੀ ਜਾਂਦੇ ਹਨ। ਮਾਨੋ! ਆਪਣੀ ਆਪਣੀ ਸਿੱਖ ਸੰਸਥਾ ਦੀ ਹੋਂਦ ਜਿਤਾਉਂਣ ਲਈ ਘੜਮਸ ਜਿਹਾ ਪੈ ਗਿਆ ਜਾਪਦਾ ਹੈ। ਕਿੱਸਾ ਕਾਨੂੰਨੀ ਦਾਅ-ਪੇਚ ਦਾ ਹੈ, ਕਾਨੂੰਨੀ ਚਾਰਾਗੋਈ ਕੋਈ ਨਹੀਂ, ਸਾਰਥਿਕ ਕੰਮ ਕੋਈ ਨਹੀਂ। ਸਾਧਾਰਨ ਸਿੱਖ ਦੇ ਸਮਝ ਨਹੀਂ ਪੈ ਰਹੀ ਕਿ ਆਖਿਰ ਹੋ ਕੀ ਰਿਹਾ ਹੈ?

ਹੁਣੇ ਹੁਣੇ ਪੁੱਜੀਆਂ ਤਾਜ਼ਾ ਖ਼ਬਰਾਂ ਅਨੁਸਾਰ ਸਾਡੇ ਉੱਚਤਮ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਪਟਿਆਲਾ ਜੇਲ਼੍ਹ ਵਿੱਚ ਮੁਲਾਕਾਤ ਕਰਨ ਗਏ। ਭਾਈ ਬਲਵੰਤ ਸਿੰਘ ਜੀ ਨੂੰ ‘ਪਾਤਸ਼ਾਹੀ ਪੁਸ਼ਾਕ’ ਦੀ ਬਖ਼ਸਿਸ਼ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚੋਂ ਭਰ ਕੇ ਲਿਆਂਦੀਆਂ ਪੱਵਿਤਰ ਜਲ਼ ਦੀਆਂ ਦੋ ਕੈਨੀਆਂ ਨਾਲ 31 ਮਾਰਚ ਵਾਲੇ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਅਤੇ ਫਾਂਸੀ ਵਾਲੇ ਤਖਤੇ ਉੱਪਰ ਛਿੜਕਾ ਕਰਕੇ ‘ਫ਼ਾਂਸੀ’ ਚੜ੍ਹਨ ਦੀ ਹਦਾਇਤ/ਪ੍ਰੇਰਨਾ ਕਰਕੇ ਆਏ ਹਨ। ਮਾਨੋ! ਸਿੱਖਾਂ ਦੇ ਸਿਰਮੌਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ‘ਚੜ੍ਹ ਜਾ ਬੱਚਾ ਸੂਲੀ’ ਦੇ ਉਪਦੇਸ਼ ਨਾਲ ‘ਅੰਤਮ ਵਿਦਾਇਗੀ’ ਦੇ ਦਿੱਤੀ ਗਈ ਹੈ। ਅਫ਼ਸੋਸ, ਅਤੀ ਅਫਸੋਸ! ਬਸ ਇਹੋ ਸਿੱਖਾਂ ਦੀ ਲਿਆਕਤ ਅਤੇ ਦੂਰ-ਅੰਦੇਸ਼ੀ ਦਾ ਜ਼ਨਾਜਾ ਬਾਕੀ ਰਹਿ ਗਿਆ ਸੀ। ਇਸ ਘਟਨਾ-ਕ੍ਰਮ ਦੇ ਪ੍ਰਪੇਖ ਵਿੱਚ ਸੁਪ੍ਰਸਿੱਧ ਕਵੀ ਸਾਕਬ ਸਾਹਿਬ ਜੀ ਦਾ ਇਕ ਸ਼ਿਅਰ ਯਾਦ ਆਇਆ:-

ਮੁੱਠੀਓਂ ਮੇ ਖ਼ਾਕ ਲੇ ਕਰ ਦੋਸਤ ਆਏ ਵਕਤਿ ਦਫ਼ਨ, ਜਿੰਦਗੀ ਭਰ ਕੀ ਮੁੱਹਬਤ ਕਾ, ਸਿੱਲ਼ਾ ਦੇਨੇ ਲਗੇ’

ਭਾਈ ਬਲਵੰਤ ਸਿੰਘ ਜੀ ਨਾਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਮੁਲਾਕਾਤ ਦੀ ਖ਼ਬਰ ਪੜ੍ਹ ਕੇ ਨੀਦ ਨਹੀਂ ਸੀ ਆ ਰਹੀ। ਅੱਧੀ ਰਾਤ ਆਰ ਅਤੇ ਅੱਧੀ ਰਾਤ ਪਾਰ ਹੋਵੇਗੀ ਕਿ ਕਿਸੇ…ਆਣ ਹਲੂਣਿਆ ਅਤੇ ਕਿਹਾ, ਐ ਖਾਲਸਾ ਜੀਓ! ਯੂੰ ਉਦਾਸ ਨਾ ਹੋ। ਇਹ ਵਕਤ ‘ ਕੀ ਠੀਕ ਅਤੇ ਕੀ ਗਲਤ’ ਦੇ ਫੈਸਲੇ ਦਾ ਨਹੀਂ ਹੈ। ਜੋ ਹੋ ਰਿਹਾ ਹੈ ਸਭ “ਅਕਾਲ-ਪੁਰਖ” ਦੇ ਭਾਣੇ ਵਿੱਚ ਹੋ ਰਿਹਾ ਹੈ। ਮੇਰੇ ਭਾਈ ! ਬਲਵੰਤ ਸਿੰਘ ਹੋਰਾਂ ਭਾਵੇਂ ਸਤਾਰ੍ਹਾਂ ਵਰ੍ਹੇ ਜੇਲ਼ ਦਾ ਸੰਤਾਪ ਭੋਗਿਆ, ਬੇ-ਤਹਾ ਤਸੀਹੇ ਝੱਲੇ, ਪਰ ਕਿਸੇ ਕੋਲੋਂ ਜਿੰਦਗੀ ਦੀ ਭੀਖ਼ ਨਹੀਂ ਮੰਗੀ। ਕਿਸੇ ਭੜੂਏ ਨੇ ਸਾਰ ਵੀ ਨਹੀਂ ਲਈ। ਭਾਈ ਸਾਹਿਬ ਚੜ੍ਹਦੀ ਕਲ੍ਹਾ’ਚ ਹਨ। ਕੀਤੇ-ਕਰਾਏ ਦਾ ਰੱਤੀ ਭਰ ਵੀ ਅਫਸੋਸ ਨਹੀਂ। ਆਦਿ ਤੋਂ ਹੀ ਸਿੱਖ ਜਬਰ ਅਤੇ ਜ਼ੁਲਮ ਦੇ ਵਿਰੁੱਧ ਲੜ੍ਹਦਾ ਆ ਰਿਹਾ ਹੈ। ਜਾਣਦੇ ਨਹੀਂ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਕੀ ਹੁਕਮ ‘ਜਫ਼ਰਨਾਮੇ’ ਵਿੱਚ ਅੰਕਿਤ ਹੈ:-

ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ। ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ

ਸਿੱਖ ਚਿੰਤਕਾਂ ਅਤੇ ਪੰਥ ਦਰਦੀਆਂ ਦੇ ਕੁਲ ਅਨੁਮਾਨਾਂ ਮੁਤਾਬਕ ਅਪਰੈਲ਼ 13,1978 (ਖ਼ਾਲਸੇ ਦਾ ਜਨਮ ਦਿਨ-ਵਿਸਾਖੀ ਦਿਹਾੜਾ ) ਤੋਂ ਸਾਕਾ ਨੀਲਾ ਤਾਰਾ, ਨਵੰਬਰ-84, ਕਾਲੀ ਗਰਜ ਸਮੇਤ ਸਰਕਾਰੀ-ਵ-ਸ਼ਾਹੀ ਅਤਿਵਾਦ ਨੇ ਦੋ ਲੱਖ ਤੋਂ ਵੱਧ ਸਿੱਖ-ਜੁਵਾਨੀ ਦਾ ਘਾਣ ਕੀਤਾ,ਜਿਸ ਵਿਚੋਂ ਇੱਕ ਲੱਖ ਤੋਂ ਜਿਆਦਾ ਬੇ-ਕਸੂਰ ਸਿੱਖ, ਸਿੱਖਣੀਆਂ, ਭੂਜੰਗੀਆਂ ਤੇ ਬ੍ਰਿਧ ਬਾਬਿਆਂ ਨੂੰ ਇਸ ਦੁਸ਼ਟ ਦੀ ਹਕੂਮਤ ਨੇ ਗੋਲੀਆਂ ਦਾ ਨਿਸ਼ਾਨਾ ਬਣਾਇਆ ਸੀ। ਮਾਸੂਮਾਂ ਅਤੇ ਮਜ਼ਲੂਮਾਂ ਉੱਤੇ ਜੁਲਮ ਦੀ ਇੰਤਹਾ ਸੀ, ਜਿਸ ਕਾਰਨ ਇਹ ਹਾਲਾਤ ਬਣੇ। ਉਨ੍ਹਾਂ ਦਿਨ੍ਹਾਂ ਵਿੱਚ ਵੀ ਸਿਆਸਤ ਦੀ ਕੰਬਲੀ ਓੜੀ ਅਰਦਾਸ ਤੋਂ ਬਾਗੀ ’ਕਾਲੀ, ਸੰਤ, ਮਹੰਤ, ਕਹਿੰਦੇ-ਕਹਾਉਂਦੇ ਸਾਡੇ ਸਿਪਾ-ਸਲਾਰ ਸਿੱਖੀ ਦੇ ਅਲੰਬਰਦਾਰਾਂ ਦੇ ਮੋਰਚੇ ਧਰਮ ਦੇ, ਪ੍ਰਾਪਤੀਆਂ ਰਾਜਸੀ, ਘਾਣ ਇਮਾਨ ਦਾ, ਮੌਜ-ਮੇਲ਼ਾ ਕਾਇਰਾਂ ਅਤੇ ਗੱਦਾਰਾਂ ਦਾ ਜੋਬਨ ਤੇ ਸੀ। ਪੰਥ ਖਾਲਸਾ ਜੀ! ਉਕਤ ਫ਼ੱਫੇ-ਕੁੱਟਣੀਆਂ ਦੇ ਅਥਰੂ ਕੌਮ ਦਾ ਕੁਝ ਨਾ ਸਵਾਰ ਸਕੇ। ਬਸ, ਗੁਰੂ-ਆਸਰੇ ਦ੍ਰਿੜ ਇਰਾਦੇ ਨਾਲ ਸੋਚਿਆ ਕਿ ‘ਜੋ ਉਠ ਸਕੋ ਤੋ ਉਠੋ, ਆਂਧੀਉਂ ਕੀ ਸੂਰਤ ਤੁਮ, ਬਦਲ ਸਕੋ ਤੋ ਬਦਲ ਦੋ ਫਜ਼ਾਂ ਜ਼ਮਾਨੇ ਕੀ’। ਬਸ,ਜਾ ਕੇ ਉਨ੍ਹਾਂ ਨੂੰ ਕਹਿ ਦਿਓ ਕਿ ਦਾਦੀ-ਮਾਂ ਦੀਆਂ ਬਾਤਾਂ ਨਾਲ ਨਾ ਮੇਰੀ ਫ਼ਾਂਸੀ ਰੁਕ ਸਕੇਗੀ ਅਤੇ ਨਾ ਹੀ ਮੈਂ ਅਜੇਹਾ ਕਰਕੇ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਵਿਚਾਰਧਾਰਾ, ਸਿੱਖ ਜੂਝਾਰੂਆਂ ਦੇ ਪੈੜ ਅਤੇ ਸਿੱਖ ਪੰਥ ਨੂੰ ਕਲੰਕਤ ਹੀ ਕਰਨਾਂ ਚਾਹੂੰਦਾ ਹਾਂ।

ਸ਼ਾਬਾਸ਼! ਪੰਥ ਖਾਲਸੇ ਦਿਆ ਸ਼ੇਰ-ਦੁਲਾਰਿਆ, ਕਹਿ ਕੇ ਮੇਰੀਆਂ ਨਮ-ਅੱਖੀਆਂ ਸਾਹਵੇਂ ਹਮਰਾਜ਼ ਦੀ ਸਾਰੀ ਕਵਿਤਾ ‘ਅੰਤਿਮ ਜੋਦੜੀ’ ਫਿਲਮ ਦੀ ਰੀਲ ਵਾਂਗੂੰ ਘੁੰਮ ਗਈ:

ਇਤਨਾ ਤੂੰ ਕਰ ਗੁਰੂ ਜੀ, ਜਬ ਜਾਨ ਤਨ ਸੇ ਨਿਕਲੇ, ਤੇਰਾ ਹੀ ਨਾਮ ਲੇਤੇ, ਯੇਹ ਪ੍ਰਾਣ ਤਨ ਸੇ ਨਿਕਲੇ ।
ਤੇਰਾ ਹੀ ਦਰ ਹੋ ਦਾਤਾ, ਅਉਰ ਮੇਰਾ ਝੁਕਾ ਹੋ ਮਾਥਾ, ਤੇਰੇ ਦੀਦਾਰ ਕੀ ਧੁਨ ਲਗੀ ਹੋ, ਜਬ ਜਾਨ ਤਨ ਸੇ ਨਿਕਲੇ।
“ਅੰਮ੍ਰਿਤ ਕੇ ਸਰ” ਕਾ ਤੱਟ ਹੋ, ਬਾਣੀ ਕੀ ਧੁਨ ਕਾ ਰੱਟ ਹੋ, ਹੋ ਨਾਦ ਗੁਰ ਕੀ ਛਹਬਰ, ਜਬ ਜਾਨ ਤਨ ਸੇ ਨਿਕਲੇ ।
ਨ ਹੂੰ ਤਾਲਿਬਿ ਅਮਾਰਤ, ਬੇਜ਼ਾਰ ਹੁਸਨੋ - ਜ਼ਰ ਸੇ, ਨਾਮਿ ਮੌਲਾ ਸੇ ਹੂੰ ਸੁਭਰ ਮੈਂ, ਜਬ ਜਾਨ ਤਨ ਸੇ ਨਿਕਲੇ।
ਆਨਾ ਮੇਰਾ ਮੁਬਾਰਿਕ, ਅਰ ਜਾਨਾਂ ਹੋ ਜਸ਼ਨਿ ਸੰਗਤ, ਹੋ ਕਿਰਦਾਰ ਮਾਲਾ ਜਗ ਮੇਂ, ਜਬ ਜਾਨ ਤਨ ਸੇ ਨਿਕਲੇ।
ਉਮਰ ਭਰ ਰਹਾ ਹੂੰ ਕੋਸ਼ਾਂ, ਰਹੇ ਪੰਥ ਤੇਰਾ ਨਿਰਮਲ, ਹੋ ਬੇਦਾਰ ਪੰਥ ਤੇਰਾ, ਜਬ ਜਾਨ ਤਨ ਸੇ ਨਿਕਲੇ ।
ਬਨੂੰ ਤੇਰੇ ਦਰ ਕਾ ਕੂਕਰ, ਅਉਰ ਬਾਰ ਬਾਰ ਆਉਂ, ਮੇਰੀ ਹੋ ਜਿਹ ਤਮੰਨਾ, ਜਬ ਜਾਨ ਤਨ ਸੇ ਨਿਕਲੇ।
ਰਹੂੰ ਮੁਸ਼ਤਾਕ ਤੇਰੇ ਦੀਦਾਰ ਕਾ, ਮੁਝੇ ਤਜਿ ਸਿਕੰਦਰ ਸੇ ਕਿਆ ਵਾਸਤਾ, ਹਰੀ “ ਨਾਮ ” ਹੋ ਮੇਰਾ ਤੂੰਬਾ, ਜਬ ਜਾਨ ਤਨ ਸੇ ਨਿਕਲੇ ।
ਯਾ ਰਬ ਮੁਝੇ ਬਚਾਅਲ, ਮਾਇਆ ਕੇ ਕਪਟ ਛਲ ਸੇ, ਸੁਗਿਆਨ ਹੋ ਮੇਰੀ ਨੋ ਨਿਧਿ, ਜਬ ਜਾਨ ਤਨ ਸੇ ਨਿਕਲੇ।
ਰਹਮਤ ਸੇ ਤੇਰੀ ਅਲਹ, ਮੈਨੇ ਪਾਇਆ ਹੈ ਦਰ ਤੇਰਾ, ਬਸ ਰਹੂੰ ਸਰ-ਬ-ਸਜਦਾ, ਜਬ ਜਾਨ ਤਨ ਸੇ ਨਿਕਲੇ।

ਨਿੱਜੀ ਰਾਏ ਮੁਤਾਬਕ ਭਾਈ ਬਲਵੰਤ ਸਿੰਘ ਨੂੰ ਫ਼ਾਂਸੀ ਦੇ ਫੰਦੇ ਤੋਂ ਬਚਾਉਂਣ ਲਈ ਸਿੱਖ ਪੰਥ ਕੋਲ ਅਜੇ ਵੀ ਕਈ ਵਸੀਲੇ ਮੌਜੂਦ ਹਨ। ਕੇਹਾ ਚੰਗਾ ਹੁੰਦਾ, ਪੰਥਕ ਪੀੜਾ ਨੂੰ ਅਨੁਭਵ ਕਰਦੇ ਹੋਏ ਜੇ ਸ੍ਰੀ ਸ੍ਰੀ ਜਥੇਦਾਰ ਸਾਹਿਬ ਜੀ ਦਲੇਰੀ ਵਿਖਾ ਕੇ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ (ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਦੀ ਤਰਜ਼ ਉੱਤੇ) ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਸੌੰਪਣ ਦਾ ਐਲਾਨ ਕਰ ਦੇਂਦੇ ਅਤੇ ‘ਵਿਵਾਦਿਤ ਪਾਤਸ਼ਾਹੀ ਲਿਬਾਸ’ ਦੀ ਥਾਂ ਜੇਲ੍ਹ ਅੰਦਰ ਮੁਲਾਕਾਤ ਵੇਲੇ, ਆਪਣੇ ਹੱਥੀਂ ‘ਜਥੇਦਾਰੀ ਦੀ ਤਾਜ-ਪੋਸ਼ੀ’ ਕਰਕੇ ‘ਖਾਲਸਾਈ ਜੈਕਾਰਾ’ ਗਜਾ ਆਉਂਦੇ, ਤਾਂ ਜਿਥੇ ਸਿੱਖ ਜਗਤ ਨੇ ਇਹ ਖਿੜ੍ਹੇ ਮੱਥੇ ਪ੍ਰਵਾਨ ਕਰ ਲੈਣਾ ਸੀ, ਉਥੇ ਸਰਕਾਰ ਲਈ ਵੀ ਬੜੀ ਗੰਭੀਰ ਸਮਸਿਆ ਪੈਦਾ ਹੋ ਜਾਣੀ ਸੀ। ਤੁਹਾਡੀ ਉਹਦੇਦਾਰੀ ਦੀ ਕੁਰਬਾਨੀ ਅਜਾਂਈਂ ਨਹੀਂ ਸੀ ਜਾਣੀ। ਇਕ ਹੋਰ, ਕੁਝ ਹੱਦ ਤਕ ਨਿੰਦਨੀਯ ਰਾਜਨੀਤਕ ਪਾਰਟੀ ਕੋਲ ਵੀ ਬੁਰਛਾ-ਗਰਦੀ ਨਾਲ ਦੂਰ-ਦੂਰ ਤੱਕ ਖਿਲਾਰੇ ਖੂੰਨ ਦੇ ਦਾਗ ਧੋਣ ਦਾ ਇੱਕ ਸੁਨੈਹਰੀ ਮੌਕਾ ਹੈ, ਕਿ ਮਿ :ਮਾਕਨ ਕਤਲ ਕਾਂਡ ਵਾਂਗ, ਇਸ ਪ੍ਰੀਵਾਰ ਵਲੋਂ ਵੀ ਸੁਹੇਲੇ ਬਿਆਨ ਨਾਲ ਮਸਲਾ ਕਾਫੀ ਹੱਦ ਤਕ ਸੁਲਝਾਇਆ ਜਾ ਸਕਦਾ ਹੈ। ਪਰ ਕੀ ਕਰੀਏ, ਸਿੱਖ ਸਿਧਾਤਾਂ ਦੇ ਗੱਦਾਰ ਕਾਬਜ਼ ਸਿੱਖ ਧਾਰਮਿਕ ਆਗੂਆਂ ਨੇ ਇਕ ਬਾਦਸ਼ਾਹ ਦੀ ਪੜਪੋਤੀ ਦੀ ਅਰਜ਼ ਰੱਦ ਕਰਕੇ, ਉਸ ਦੇ ਵਡੇਰਿਆਂ ਨੂੰ ਨਹੀਂ ਸੀ ਬਖ਼ਸ਼ਿਆ। ਖੈਰ!

ਇਸ ਵੇਲੇ ਅਸੀਂ ਗੁਰੂ ਸਨਮੁੱਖ ਚੜ੍ਹਦੀ ਕਲ੍ਹਾ ਦੀ ਅਰਦਾਸ ਕਰਦੇ ਰਹੀਏ ਕਿ ਭਾਈ ਬਲਵੰਤ ਸਿਹਾਂ ! ਤੇਰੀ “ਸਫਲ ਸਫਲ ਭਈ ਸਫਲ ਜਾਤ੍ਰਾ ”॥

ਤਰਲੋਕ ਸਿੰਘ ‘ਹੁੰਦਲ’
ਟੋਰਾਂਟੋ, ਕਨੇਡਾ
(ਫੁਨ:905-794-2887)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top