Share on Facebook

Main News Page

ਪੰਥਕ ਏਕਤਾ ਦਾ ਪੈਗਾਮ ਹੈ ਭਾਈ ਰਾਜੋਆਣਾ ਦਾ ਸ਼ਹਾਦਤ ਦਾ ਸੰਕਲਪ

'ਰਾਜੋਆਣਾ ਵਰਗਾ ਸੂਰਮਾ ਹੱਸ ਕੇ ਸ਼ਹੀਦੀਆਂ ਪਾਉਣ ਚੱਲਾ, ਖਾਲਸਾਈ ਕੌਮ ਦਾ ਝੰਡਾ ਸ਼ਾਨ ਨਾਲ ਉਚਾ ਝੁਲਾਉਣ ਚੱਲਾ'

ਨਾ ਅਪੀਲ, ਨਾ ਦਲੀਲ, ਨਾ ਫਰਿਆਦ, ਨਾ ਇੱਛਾ, ਕੁਝ ਵੀ ਨਹੀਂ ਮੰਗਿਆ ਭਾਈ ਰਾਜੋਆਣਾ ਨੇ ਆਪਣੇ 'ਤੇ ਸ਼ਹਾਦਤ ਢਾਹੁਣ ਵਾਲਿਆਂ ਤੋਂ। ਗੁਰਬਾਣੀ ਵਿਚ ਦਰਸਾਏ ਸ਼ਹਾਦਤ ਦੇ ਸੰਕਲਪ 'ਤੇ ਖਰਾ ਉਤਰਨ ਵਾਲਾ ਪੰਜਾਬ ਦਾ ਇਹ ਸੂਰਮਾ ਸਿੱਖੀ ਨੂੰ ਸਵਾਸਾਂ ਸੰਗ ਨਿਭਾਉਣ ਦਾ ਉਹ ਦਮ ਰੱਖਦਾ ਹੈ ਜੋ ਗੁਰੂ ਸਾਹਿਬ ਨੇ ਸਾਨੂੰ ਆਪ ਸ਼ਹੀਦੀਆਂ ਪਾ ਕੇ ਇਸ ਰਾਹ ਤੁਰਨ ਦਾ ਸੁਨੇਹਾ ਦਿੱਤਾ ਸੀ। ਜਿਸ ਦਿਨ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ 'ਤੇ ਲਟਕਾਉਣ ਦਾ ਫੈਸਲਾ ਸਾਹਮਣੇ ਆਇਆ ਹੈ, ਉਸ ਦਿਨ ਤੋਂ ਪੰਥਕ ਧਿਰਾਂ ਜਿੱਥੇ ਰੋਹ ਤੇ ਚਿੰਤਾ ਵਿਚ ਦਿਖੀਆਂ ਹਨ ਉਥੇ ਕੌਮ ਦੇ ਸੂਰਮੇ ਰਾਜੋਆਣਾ ਵੱਲੋਂ ਦਿਖਾਏ ਜਜਬੇ ਅਤੇ ਸਿਦਕ ਦਾ ਨਤੀਜਾ ਜੋ ਸਾਹਮਣੇ ਆਇਆ ਉਹ ਕੌਮ ਨੂੰ ਹਲੂਣਾ ਦੇਣ ਵਾਲਾ ਤੇ ਮੁੜ ਇਕਜੁੱਟ ਹੋ ਕੇ ਖੜਾ ਕਰਨ ਵਾਲਾ ਹੈ। ਇਸ ਸੂਰਮੇ ਨੇ ਆਪਣੀ ਫਾਂਸੀ ਮੁਆਫ਼ੀ ਲਈ ਨਾ ਤਾਂ ਅਪੀਲ ਕੀਤੀ ਬਲਕਿ ਆਪਣੇ ਸਰੀਰ ਦਾ ਅੰਗ-ਅੰਗ ਇਨਸਾਨੀਅਤ ਦੇ ਨਾਂ ਕਰਨ ਦਾ ਐਲਾਨ ਕਰ ਦਿੱਤਾ ਹੈ। ਅੱਜ ਲੋੜ ਹੈ ਸਮੁੱਚੀ ਸਿੱਖ ਕੌਮ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਵਰਗੀ ਸਿੱਖ ਸ਼ਖ਼ਸੀਅਤ ਤੋਂ ਕੌਮੀ ਜਜ਼ਬਾ ਹਾਸਲ ਕਰਨ ਅਤੇ ਸਾਰੇ ਛੋਟੇ-ਮੋਟੇ ਮਤਭੇਦ ਤੇ ਸ਼ੰਕੇ-ਸੁਬਹ ਭੁਲਾ ਕੇ ਇਕ ਖ਼ਾਲਸਈ ਨਿਸ਼ਾਨ ਹੇਠਾਂ ਇਕੱਤਰ ਹੋਣ ਦੀ।

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਭਾਰਤੀ ਹਕੂਮਤ ਵਲੋਂ ਫ਼ਾਂਸੀ ਦੀ ਸਜ਼ਾ ਸੁਣਾਉਣਾ ਜਿੰਨੀ ਮੰਦਭਾਗੀ ਗੱਲ ਹੈ, ਓਨਾ ਹੀ ਭਾਈ ਰਾਜੋਆਣਾ ਦਾ ਭਾਰਤੀ ਸਟੇਟ ਤੋਂ ਜੀਵਨ ਦੀ ਭੀਖ ਮੰਨਣ ਤੋਂ ਇਨਕਾਰ ਕਰਕੇ ਕੌਮੀ ਜਜ਼ਬੇ ਦਾ ਪ੍ਰਗਟਾਵਾ ਕਰਨਾ ਸਿੱਖ ਕੌਮ ਲਈ ਫ਼ਖ਼ਰ ਵਾਲੀ ਗੱਲ ਹੈ। ਭਾਈ ਰਾਜੋਆਣਾ ਵਰਗੀਆਂ ਸ਼ਖ਼ਸੀਅਤਾਂ ਇਤਿਹਾਸ ਵਿਚ ਬਹੁਤ ਲੰਬੇ ਸਮਿਆਂ ਬਾਅਦ ਆਉਂਦੀਆਂ ਹਨ, ਜਿਹੜੀਆਂ ਸੁੱਤੀਆਂ ਹੋਈਆਂ ਕੌਮਾਂ ਨੂੰ ਜਗਾਉਣ ਦਾ ਕੰਮ ਕਰਦੀਆਂ ਹਨ।

ਭਾਈ ਬਲਵੰਤ ਸਿੰਘ ਰਾਜੋਆਣਾ ਦਾ ਕੌਮੀ ਜਜ਼ਬਾ, ਫ਼ਾਂਸੀ ਦੀ ਸਜ਼ਾ ਨੂੰ ਹੱਸ ਕ ਕਬੂਲ ਕਰਨਾ ਅਤੇ ਭਾਰਤੀ ਹਕੂਮਤ ਅੱਗੇ ਜੀਵਨ ਦਾਨ ਦੀ ਭੀਖ ਮੰਨਣ ਤੋਂ ਇਨਕਾਰੀ ਹੋਣ ਦਾ ਸਮੁੱਚਾ ਅਮਲ ਅਤੇ ਫ਼ੈਸਲਿਆਂ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਸਿੱਖ ਧਰਮ ਵਿਚ ਸ਼ਹਾਦਤ ਦੇ ਸੰਕਲਪ 'ਤੇ ਨਜ਼ਰ ਪਾਉਣੀ ਚਾਹੀਦੀ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਵਿਚ ਸ਼ਹੀਦਾਂ ਦੇ ਸਿਰਤਾਜ ਅਖਵਾਉਂਦੇ ਹਨ, ਜਿਨਾ ਨੇ ਸਿੱਖ ਧਰਮ ਵਿਚ ਸਭ ਤੋਂ ਪਹਿਲਾਂ ਸ਼ਹਾਦਤ ਦਾ ਸੰਕਲਪ ਅਮਲੀ ਰੂਪ ਵਿਚ ਪ੍ਰਗਟ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ 'ਮਾਲਾ' ਦੇ ਨਾਲ 'ਤਲਵਾਰ' ਵੀ ਚੁੱਕਣ ਲਈ ਮਜ਼ਬੂਰ ਕੀਤਾ ਤੇ ਇਸੇ ਕਰਕੇ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 'ਮੀਰੀ-ਪੀਰੀ' ਦਾ ਸਿਧਾਂਤ ਦੇ ਕੇ ਸਿੱਖਾਂ ਨੂੰ ਧਰਮ ਦੀ ਰੱਖਿਆ ਲਈ ਹਥਿਆਰ ਹੱਥ 'ਚ ਫੜਨ ਦਾ ਵੀ ਆਦੇਸ਼ ਦਿੱਤਾ। ਉਸ ਤੋਂ ਬਾਅਦ ਚੱਲ-ਸੋ-ਚੱਲ ਸਿੱਖ ਧਰਮ ਵਿਚ ਹਜ਼ਾਰਾਂ ਮਰਜੀਵੜਿਆਂ ਨੇ ਧਰਮ, ਮਜ਼ਮ, ਇਨਸਾਨੀਅਤ ਅਤੇ ਦੇਸ਼-ਕੌਮ ਦੀ ਰਾਖ਼ੀ ਲਈ ਜਾਨਾਂ ਵਾਰੀਆਂ ਅਤੇ ਅੱਜ ਤੱਕ ਭਾਈ ਬਲਵੰਤ ਸਿੰਘ ਰਾਜੋਆਣਾਂ ਵਰਗੇ ਕੌਮੀ ਸੂਰਬੀਰ ਉਸ ਸ਼ਹਾਦਤ ਦੇ ਨਾਯਾਬ ਸੰਕਲਪ ਨੂੰ ਜ਼ਿਊਂਦਾ ਰੱਖ ਰਹੇ ਹਨ।

ਅੱਜ ਕਿਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫ਼ਾਂਸੀ ਤੋਂ ਬਚਾਉਣ ਲਈ ਅਦਾਲਤਾਂ ਵਿਚ ਅਪੀਲਾਂ ਕਰਨ ਦੀਆਂ ਵਿਚਾਰਾਂ ਹੋ ਰਹੀਆਂ ਹਨ, ਕਿਤੇ ਭਾਰਤੀ ਹਕੂਮਤ ਦੀ ਥੂਹ-ਥੂਹ ਕੀਤੀ ਜਾ ਰਹੀ ਹੈ। ਪਰ ਇਹਨਾ ਸਾਰੀਆਂ ਗੱਲਾਂ ਦੇ ਬਾਵਜੂਦ ਇਕ ਗੱਲ ਦੁਨੀਆਂ ਦੇ ਇਤਿਹਾਸ ਵਿਚ ਇਕ ਵਾਰ ਫ਼ਿਰ ਰੂਪਮਾਨ ਹੋਣ ਜਾ ਰਹੀ ਹੈ ਕਿ ਸਿੱਖ ਕੌਮ ਵਿਚ ਹੱਸ ਕੇ ਮਰਨ ਦਾ ਜਜ਼ਬਾ ਕਿੰਨਾ ਜ਼ਾਆਦਾ ਪ੍ਰਬਲ ਹੈ। ਇਹ ਗੱਲ ਤਾਂ ਭਾਰਤ ਦੀ ਆਜ਼ਾਦੀ ਦੀ ਲਹਿਰ ਲਈ 96 ਫ਼ੀਸਦੀ ਤੋਂ ਵੱਧ ਸਿਰ ਦੇ ਕੇ ਸਿੱਖਾਂ ਨੇ ਪਹਿਲਾਂ ਹੀ ਇਤਿਹਾਸ ਵਿਚ ਦਰਜ ਕਰਵਾ ਲਈ ਸੀ, ਪਰ ਭਾਰਤ ਦੀ ਅਕ੍ਰਿਤਘਣ ਹਕੂਮਤ ਦੇ ਮੱਥੇ 'ਤੇ ਇਕ ਹੋਰ ਕਲੰਕ ਲੱਗਣ ਜਾ ਰਿਹਾ ਹੈ ਕਿ ਜਿਹਨਾ ਸਿੱਖਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦੇਸ਼ ਵਿਚ ਆਪਣੀ 2 ਫ਼ੀਸਦੀ ਆਬਾਦੀ ਹੋਣ ਦੇ ਬਾਵਜੂਦ 96 ਫ਼ੀਸਦੀ ਸਿਰ ਦਿੱਤੇ, ਆਜ਼ਾਦ ਭਾਰਤ ਦੀ ਹਕੂਮਤ ਵੀ ਉਹਨਾ ਨੂੰ ਮੁਗਲਾਂ ਤੇ ਫ਼ਿਰੰਗੀਆਂ ਵਾਂਗ ਫ਼ਾਂਸੀਆਂ ਦੇ ਤਖਤਿਆਂ 'ਤੇ ਚਾੜਨ ਤੋਂ ਟਲੀ ਨਹੀਂ ਹੈ। ਇਕ ਇਹ ਤੱਥ ਵੀ ਰੌਸ਼ਨ ਹੋਣ ਜਾ ਰਿਹਾ ਹੈ ਕਿ ਬਸ਼ੱਕ ਵਕਤੀ ਤੌਰ 'ਤੇ ਸਿੱਖ ਲੀਡਰਸ਼ਿਪ ਘਸਿਆਰੀ ਬਣ ਕੇ ਭਾਰਤੀ ਹਕੂਮਤ ਦੀ ਗੁਲਾਮੀ ਕਬੂਲ ਕਰਕੇ ਆਪਣੇ ਕੌਮੀ ਜਜ਼ਬੇ ਨੂੰ ਮਾਰ ਮੁਕਾਉਣ 'ਤੇ ਤੁਲੀ ਹੋਈ ਹੈ, ਪਰ ਹਾਲੇ ਵੀ ਸਿੱਖਾਂ ਅੰਦਰ ਕੌਮੀ ਜਜ਼ਬਾ ਤੇ ਸਿੱਖੀ ਮਸ਼ਾਲ ਜਗਦੀ ਹੈ ਤੇ ਇਹ ਰਹਿੰਦੀ ਦੁਨੀਆ ਤੱਕ ਜਗਦੀ ਹੀ ਰਹਗੀ। ਭਾਵੇ ਕਿ ਸਿੱਖਾਂ ਨੂੰ ਜਿੰਨਾ ਮਰਜ਼ੀ ਫ਼ਾਂਸੀ ਦੇ ਫ਼ੰਦਿਆਂ 'ਤੇ ਝੁਲਾ ਦਿੱਤਾ ਜਾਵੇ।

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਫ਼ਾਂਸੀ ਦੀ ਸਜ਼ਾ ਦੇ ਖਿਲਾਫ਼ ਭਾਰਤੀ ਹਕੂਮਤ ਕੋਲ ਕੋਈ ਦਲੀਲ, ਅਪੀਲ ਜਾਂ ਵਕੀਲ ਨਾ ਕੀਤਾ ਜਾਵੇ, ਕਿਉਂਕਿ ਜਿਸ ਭਾਰਤੀ ਹਕੂਮਤ ਦੀ ਗੁਲਾਮੀ ਨੂੰ ਉਹ ਝੱਲਣ ਲਈ ਤਿਆਰ ਨਹੀਂ ਹਨ, ਜਿਸ ਭਾਰਤੀ ਹਕੂਮਤ ਦੇ ਨਿਆਂ 'ਤ ਉਹਨਾ ਨੂੰ ਭਰੋਸਾ ਹੀ ਨਹੀਂ ਹੈ, ਜਿਥੇ ਸਿੱਖਾਂ ਲਈ ਆਜ਼ਾਦੀ ਹੀ ਨਹੀਂ ਹੈ, ਉਸ ਕੋਲ ਫ਼ਿਰ ਫ਼ਰਿਆਦ ਕਿਉਂ ਕੀਤੀ ਜਾਵੇ। ਭਾਈ ਰਾਜੋਆਣਾ ਨੇ ਆਪਣੀ ਸ਼ਹਾਦਤ ਵਾਲੇ ਦਿਨ ਸਮੁੱਚੀ ਸਿੱਖ ਕੌਮ ਨੂੰ ਆਪੋ-ਆਪਣੇ ਘਰਾਂ 'ਤੇ ਖ਼ਾਲਸਈ ਨਿਸ਼ਾਨ ਸਾਹਿਬ ਝੁਲਾਉਣ ਦੀ ਅਪੀਲ ਕੀਤੀ ਹੈ। 'ਤੇ ਇਸ ਅਪੀਲ 'ਤੇ ਹੁਣੇ ਤੋਂ ਹੀ ਪੰਜਾਬ ਦੇ ਘਰਾਂ ਉਤੇ ਝੂਲਦੇ ਖ਼ਾਲਸਈ ਝੰਡੇ ਇਸ ਗੱਲ ਦਾ ਗਵਾਹ ਬਣ ਰਹੇ ਹਨ ਕਿ ਜਿੰਨੀਆਂ ਮਰਜ਼ੀ ਬਇਨਸਾਫੀਆਂ ਕਰ ਲਵੋ, ਜਿੰਨਾ ਮਰਜ਼ੀ ਸਿੱਖ ਕੌਮ ਨਾਲ ਧੱਕਾ ਕਰ ਲਵੋ ਇਸ ਦਾ ਝੰਡਾ ਬੁਲੰਦ ਹੀ ਰਹੇਗਾ।

''ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤ ਚੜੇ...'' ਇਹ ਵਾਕ ਅਰਦਾਸ ਵਿਚ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਬੋਲਣੇ ਬਹੁਤ ਆਸਾਨ ਹਨ। ਪਰ ਇਸ ਨੂੰ ਹਕੀਕੀ ਰੂਪ ਦਣਾ ਕੌਮ ਦੇ ਸਰੂਮਿਆਂ ਨੂੰ ਹੀ ਨਸੀਬ ਹੁੰਦਾ ਹੈ। ਇਹਨਾ ਵਾਕਾਂ 'ਤੇ ਇਕ ਵਾਰ ਫਿਰ ਕੌਮ ਦਾ ਸ਼ੇਰ ਭਾਈ ਬਲਵੰਤ ਸਿੰਘ ਰਾਜੋਆਣਾ ਖਰਾ ਉਤਰਨ ਜਾ ਰਿਹਾ ਹੈ। ਕਾਤਲਾਂ ਨੂੰ ਸਜ਼ਾ ਦੇਣਾ ਜੇ ਗੁਨਾਹ ਹੈ ਤਾਂ ਇਸ ਗੁਨਾਹ ਨੂੰ ਹੱਸ ਕੇ ਕਬੂਲਦਿਆਂ ਰਾਜੋਆਣਾ ਨੇ ਕਿਹਾ ਸੀ ਕਿ ਕੌਮ ਦੇ ਕਾਤਲਾਂ ਨੂੰ ਸਜ਼ਾ ਦੇਣ ਲਈ ਅਜਿਹਾ ਗੁਨਾਹ ਮੈਂ ਵਾਰ-ਵਾਰ ਕਰਦਾ ਰਹਾਂਗਾ ਪਰ ਆਪਣੀ ਫਾਂਸੀ ਮੁਆਫ਼ੀ ਲਈ ਕੋਈ ਫਰਿਆਦ ਨਹੀਂ ਕਰਾਂਗਾ। ਇਸ ਤੋਂ ਵੀ ਅਗਾਂਹ ਵਧਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਜੋ ਵਸੀਅਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਭੇਜੀ, ਉਸ ਵਿਚ ਉਹਨਾ ਆਪਣੇ ਸਰੀਰ ਦਾ ਇਕ-ਇਕ ਅੰਗ ਦਾਨ ਕਰ ਦਿੱਤਾ।

ਭਾਈ ਬਲਵੰਤ ਸਿੰਘ ਰਾਜੋਆਣਾ ਦੀ ਵਸੀਅਤ ਲੈ ਕੇ ਉਹਨਾ ਦੀ ਧਰਮ ਭੈਣ ਕਮਲਦੀਪ ਕੌਰ, ਭਰਾ ਕੁਲਵੰਤ ਸਿੰਘ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਜਦੋਂ ਪਟਿਆਲੇ ਤੋਂ ਕਾਫਲੇ ਦੇ ਰੂਪ ਵਿਚ ਅੰਮ੍ਰਿਤਸਰ ਲਈ ਰਵਾਨਾ ਹੋਏ ਤਾਂ ਉਹ ਜਿਸ ਵੀ ਰਾਹ ਤੋਂ ਗੁਜਰੇ ਉਸ ਰਾਹ 'ਤੇ ਕੇਸਰੀ ਦਸਤਾਰਾਂ ਅਤੇ ਕੇਸਰੀ ਚੁੰਨੀਆਂ 'ਚ ਸਜੀ ਪੰਜਾਬ ਦੀ ਜਵਾਨੀ ਨੇ ਕੇਸਰੀ ਝੰਡੇ ਲੈ ਕ ਇਹਨਾ ਦਾ ਸਵਾਗਤ ਕੀਤਾ। ਜਦੋਂ ਇਹ ਕਾਫ਼ਲਾ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ ਤਦ ਉਥੇ ਸ਼ਾਇਦ ਲੰਬੇ ਅਰਸੇ ਬਾਅਦ ਇਹ ਸੁਭਾਗ ਬਣਿਆ ਕਿ ਆਪ ਮੁਹਾਰੇ ਇਕੱਤਰ ਭਾਰੀ ਗਿਣਤੀ ਵਿਚ ਮੌਜੂਦ ਸੰਗਤ ਨੇ ਬਾਹਾਂ ਉਲਾਰ ਕੇ ਖਾਲਿਸਤਾਨੀ ਨਾਅਰਿਆਂ ਨਾਲ ਅਕਾਸ਼ ਗੁੰਜਾ ਦਿੱਤਾ। ਦੂਜੇ ਪਾਸੇ 17 ਜੂਨ 2008 ਨੂੰ ਚੰਡੀਗੜ ਦੀ ਬੁੜੈਲ ਜੇਲ ਵਿਚ ਰਜਿਸਟਰਡ ਕਰਵਾਈ ਜੋ ਵਸੀਅਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪੀ ਗਈ ਉਸ ਵਿਚ ਰਾਜੋਆਣਾ ਨੇ ਆਪਣੀਆਂ ਅੱਖਾਂ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੋ ਸੂਰਦਾਸ ਹਨ ਨੂੰ ਦਿੱਤੇ ਜਾਣ ਦੀ ਇੱਛਾ ਪ੍ਰਗਟਾਉਂਦਿਆਂ ਕਿਹਾ ਕਿ ਮੇਰੀਆਂ ਅੱਖਾਂ ਬਾਅਦ 'ਚ ਵੀ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਦੀਆਂ ਰਹਿਣਗੀਆਂ।

ਖ਼ਾਲਸਾ ਜੀ, ਹੱਸ ਕੇ ਮਰਨ, ਹੱਕ ਤੇ ਸੱਚ ਲਈ ਫ਼ਾਂਸੀ ਦ ਰੱਸੇ ਚੁੰਮਣ ਦਾ ਇਲਾਹੀ ਇਤਫ਼ਾਕ ਸਿਰਫ਼ ਸਿੱਖ ਕੌਮ ਦੇ ਹਿੱਸੇ ਹੀ ਆਇਆ ਹੈ। ਦੁਨੀਆ ਦਾ ਇਤਿਹਾਸ ਫ਼ਰੋਲ ਕੇ ਦੇਖ ਲਵੋ, ਵੱਡੇ-ਵੱਡੇ ਸੂਰਬੀਰ ਮੌਤ ਨੂੰ ਸਾਹਮਣੇ ਦੇਖ ਕੇ ਘਾਬਰ ਜਾਂਦੇ ਹਨ। ਮੌਤ ਦਾ ਫ਼ੰਦਾ ਹੱਸ ਕੇ ਗਲ ਵਿਚ ਪਾਉਣਾ ਇਲਾਹੀ ਅਤੇ ਰੱਬੀ ਜੋਤਾਂ ਤੋਂ ਬਿਨਾ ਆਮ ਬਹਾਦਰਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਫ਼ਾਂਸੀ ਦੀ ਸਜ਼ਾ ਦੇ ਹੁਕਮ ਤੋ ਬਾਵਜੂਦ ਆਪਣੇ ਅੰਦਰਲੇ ਕੌਮੀ ਜਜ਼ਬੇ ਨੂੰ ਹੋਰ ਪ੍ਰਬਲ ਤੇ ਵਿਸ਼ਾਲ ਰੂਪ ਵਿਚ ਪ੍ਰਗਟ ਕਰਨਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ 'ਤੇ ਚੱਟਾਨ ਤੋਂ ਵੀ ਜ਼ਿਆਦਾ ਅਡੋਲ ਭਰੋਸਾ ਅਤੇ ਸਿੱਖਾਂ ਦੀ ਕੌਮੀ ਆਜ਼ਾਦੀ ਲਈ 'ਅੱਗ ਵਿਚ ਸੜਣ ਵਾਲੇ ਪ੍ਰਵਾਨੇ' ਵਰਗੀ ਦੀਵਾਨਗੀ ਪਿਛਲੇ ਰੱਬੀ ਸਰੋਤ ਨੂੰ ਸਮਝਣ ਤੇ ਮਹਿਸੂਸ ਕਰਨ ਦੀ ਲੋੜ ਹੈ। ਅੱਜ ਸਾਨੂੰ ਸਾਰਿਆਂ ਨੂੰ ਭਾਈ ਰਾਜੋਆਣਾ ਦੀ ਕੌਮੀ ਭਾਵਨਾ ਤੋਂ ਸਬਕ ਸਿੱਖਦਿਆਂ ਸਿੱਖ ਕੌਮ ਦੀ ਏਕਤਾ, ਪ੍ਰਚਾਰ ਤੇ ਪ੍ਰਸਾਰ, ਮਨੁੱਖਤਾ ਤੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਇਕ ਕਾਫ਼ਲੇ ਦੇ ਰੂਪ ਵਿਚ ਤੁਰਨਾ ਪਵੇਗਾ। ਇਹੀ ਭਾਈ ਰਾਜੋਆਣਾ ਪ੍ਰਤੀ ਸਾਡੀ ਸ਼ਰਧਾ, ਸਤਿਕਾਰ ਅਤੇ ਪਿਆਰ ਹੋਵੇਗਾ।

ਜੰਗ ਬਹਾਦਰ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top