Share on Facebook

Main News Page

ਜੈ ਲਲਿਤਾ ਵਾਂਗ ਜੇ ਵਿਧਾਨ ਸਭਾ ਵਿੱਚ ਮਤਾ ਪਾਸ ਨਹੀਂ ਕਰਵਾ ਸਕਦੇ ਤਾਂ ਮਗਰ ਮੱਛ ਵਾਲੇ ਹੰਝੂ ਵਹਾਉਣ ਦਾ ਕੋਈ ਫਾਇਦਾ ਨਹੀਂ ਹੈ: ਭਾਈ ਪੰਥਪ੍ਰੀਤ ਸਿੰਘ

* ਜੇ ਭਾਈ ਦਿਲਾਵਰ ਸਿੰਘ, ਬਲਵੰਤ ਸਿੰਘ ਜਾਲਮ ਬੇਅੰਤ ਦਾ ਅੰਤ ਨਾ ਕਰਦੇ ਤਾਂ ਅੱਜ ਮੇਰੇ ਸਮੇਤ ਇਸ ਦੀਵਾਨ ਵਿੱਚ ਬੈਠੇ ਅੱਧੇ ਤੋਂ ਵੱਧ ਸਿੱਖ ਨਾ ਹੁੰਦੇ
* ਇਸ ਦੇਸ਼ ਵਿੱਚ ਘੱਟ ਗਿਣਤੀ ਅਤੇ ਦਲਿਤਾਂ ਨਾਲ ਹਮੇਸ਼ਾਂ ਧੱਕਾ ਹੁੰਦਾ ਹੈ ਅਤੇ ਇਨ੍ਹਾਂ ਵਾਸਤੇ ਕਾਨੂੰਨ ਵੀ ਜਾਤੀ ਅਧਾਰ ਤੇ ਹੁੰਦਾ ਹੈ
* ਜਥੇਦਾਰ ਭਾਈ ਦਿਲਾਵਰ ਸਿੰਘ, ਬਲਵੰਤ ਸਿੰਘ ਨੂੰ ਵੀ ਪੰਥ ਰਤਨ, ਫ਼ਖ਼ਰ-ਏ-ਕੌਮ ਦੇਣਗੇ ਜਾਂ ਪਾਣੀ ਦੀਆਂ ਦੋ ਕੇਨੀਆਂ ਨਾਲ ਸਾਰ ਦੇਣਗੇ
* ਸਾਡੇ ਤਾਂ ਆਪਣੇ ਵੀ ਸਾਨੂੰ ਇਨਸਾਫ ਨਹੀਂ ਦੇ ਰਹੇ

ਬਠਿੰਡਾ, 21 ਮਾਰਚ (ਕਿਰਪਾਲ ਸਿੰਘ): ਜਿਨ੍ਹਾਂ ਨੂੰ ਅੱਜ ਪੰਥ ਨੇ ਤਾਕਤ ਦਿਤੀ ਹੈ, ਜੇ ਉਹ ਜੈ ਲਲਿਤਾ ਵਾਂਗ ਵਿਧਾਨ ਸਭਾ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਵਾਉਣ ਲਈ ਮਤਾ ਪਾਸ ਨਹੀਂ ਕਰਵਾਉਂਦੇ ਤਾਂ ਮਗਰ ਮੱਛ ਵਾਲੇ ਹੰਝੂ ਵਹਾਉਣ ਦਾ ਕੋਈ ਫਾਇਦਾ ਨਹੀਂ ਹੈ। ਇਹ ਸ਼ਬਦ ਬਠਿੰਡਾ ਦੇ ਨਜ਼ਦੀਕ ਪਿੰਡ ਗਿੱਲ ਪੱਤੀ ਵਿਖੇ ਚੱਲ ਰਹੇ ਤਿੰਨ ਦਿਨਾਂ ਦੀਵਾਨ ਦੇ ਦੂਸਰੇ ਦਿਨ ਬੀਤੀ ਰਾਤ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਕਹੇ। ਉਨ੍ਹਾਂ ਕਿਹਾ ਜੁਲਮ ਕਰਨਵਾਲੇ ਨੂੰ ਮਾਰ ਦੇਣਾ ਜੁਲਮ ਨਹੀਂ ਬਲਕਿ ਮਨੁਖਤਾ ਦੀ ਸੇਵਾ ਹੈ।

ਉਨ੍ਹਾਂ ਸਮਿਆਂ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਤੇ ਡੀਜੀਪੀ ਕੇ ਪੀ ਐੱਸ ਗਿੱਲ ਦੀ ਜੁੰਡਲੀ ਮਿਲ ਕੇ 18 ਤੋਂ 35 ਸਾਲ ਦੇ ਸਿੱਖ ਨੌਜਵਾਨਾਂ ਨੂੰ ਖਤਮ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਕੰਮ ਕਰ ਰਹੇ ਸਨ। ਜਦੋਂ ਇਨ੍ਹਾਂ ਦਾ ਹੰਕਾਰ ਸਿਰ ਚੜ੍ਹ ਕੇ ਇਹ ਦਾਅਵਾ ਕਰਨ ਲੱਗ ਪਿਆ ਕਿ ਉਨ੍ਹਾਂ ਸਾਰੇ ਅਤਿਵਾਦੀ ਖਤਮ ਕਰਕੇ ਪੰਜਾਬ ਵਿੱਚ ਸ਼ਾਤੀ ਬਹਾਲ ਕਰ ਦਿੱਤੀ ਹੈ ਤਾਂ ਉਸ ਸਮੇਂ ਭਾਈ ਦਿਲਾਵਰ ਸਿੰਘ, ਬਲਵੰਤ ਸਿੰਘ ਰਾਜੋਆਣਾ ਨੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਤੋਂ ਪ੍ਰੇਰਣਾ ਲੈ ਕੇ ਬੇਅੰਤੇ ਦਾ ਅੰਤ ਕਰਕੇ ਸਿੱਖ ਸੋਚ ਦੀ ਹੋਂਦ ਨੂੰ ਬਚਾਇਆ। ਇਸ ਲਈ ਇਹ ਸਿੱਖ ਕੌਮ ਦੇ ਫ਼ਖ਼ਰ ਹਨ। ਸਿੱਖ ਕੌਮ ਨੇ ਹਮੇਸ਼ਾਂ ਕੌਮ ਦਾ ਫ਼ਖ਼ਰ ਉਨ੍ਹਾਂ ਵਿਅਕਤੀਆਂ ਨੂੰ ਮੰਨਿਆ ਹੈ ਜਿਨ੍ਹਾਂ ਨੇ ਆਪਾ ਕੌਮ ਤੋਂ ਨਿਸ਼ਾਵਰ ਕੀਤਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਸੰਬੋਧਨ ਹੁੰਦੇ ਪੁੱਛਿਆ ਕਿ ਕੀ ਉਹ ਭਾਈ ਦਿਲਾਵਰ ਸਿੰਘ ਬਲਵੰਤ ਸਿੰਘ ਰਾਜੋਆਣਾ ਜਗਤਾਰ ਸਿੰਘ ਹਵਾਰਾ, ਸੁਖਦੇਵ ਸਿੰਘ ਸੁੱਖਾ ਹਰਜਿੰਦਰ ਸਿੰਘ ਜਿੰਦਾ, ਬੇਅੰਤ ਸਿੰਘ ਸਤਵੰਤ ਸਿੰਘ ਆਦਿ ਨੂੰ ਵੀ ਪੰਥ ਰਤਨ, ਫ਼ਖ਼ਰ-ਏ-ਕੌਮ ਦਾ ਅਵਾਰਡ ਦੇਣਗੇ ਜਾਂ ਪਾਣੀ ਦੀਆਂ ਦੋ ਕੇਨੀਆਂ ਦੇ ਕੇ ਹੀ ਸਾਰ ਦੇਣਗੇ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰ ਇਨ੍ਹਾਂ ਨੂੰ ਪੰਥ ਰਤਨ ਨਾ ਵੀ ਦੇਣਗੇ ਤਾਂ ਵੀ ਕੌਮ ਨੇ ਤਾਂ ਇਨ੍ਹਾਂ ਨੂੰ ਹੀ ਪੰਥ ਰਤਨ ਮੰਨਣਾ ਹੈ ਤੇ ਕਦੀ ਵੀ ਬਾਹਾਂ ਖੜ੍ਹੀਆਂ ਕਰਕੇ ਲਾਸ਼ਾਂ ਤੋਂ ਲੰਘਣ ਵਾਲਿਆਂ ਨੂੰ ਪੰਥ ਰਤਨ ਨਹੀਂ ਮੰਨਣਾ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜੇ ਭਾਈ ਦਿਲਾਵਰ ਸਿੰਘ ਬਲਵੰਤ ਸਿੰਘ, ਜਗਤਾਰ ਸਿੰਘ ਹਵਾਰਾ ਆਦਿ ਨਾਲ ਮਿਲ ਕੇ ਜਾਲਮ ਬੇਅੰਤ ਦਾ ਅੰਤ ਨਾ ਕਰਦੇ ਤਾਂ ਅੱਜ ਮੇਰੇ ਸਮੇਤ ਇਸ ਦੀਵਾਨ ਵਿੱਚ ਬੈਠੇ ਅੱਧੇ ਤੋਂ ਵੱਧ ਸਿੱਖ ਨਾ ਹੁੰਦੇ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਤਾਂ ਆਪਣਾ ਦ੍ਰਿੜ ਫੈਸਲਾ ਕਰ ਲਿਆ ਹੈ ਕਿ ਉਹ ਘੱਟ ਗਿਣਤੀਆਂ ਨਾਲ ਬੇਇਨਸਾਫੀਆਂ ਕਰਨ ਵਾਲੇ ਇਸ ਭਾਰਤੀ ਸਿਸਟਮ ਅੱਗੇ ਨਾ ਸਿਰ ਝੁਕਾਉਣਗੇ ਅਤੇ ਨਾ ਹੀ ਆਪਣੀ ਜਾਨ ਬਖ਼ਸ਼ੀ ਲਈ ਕਿਸੇ ਅਦਾਲਤ ਵਿੱਚ ਸਜਾ ਮੁਆਫੀ ਲਈ ਕੋਈ ਅਪੀਲ ਦਲੀਲ ਜਾਂ ਵਕੀਲ ਕਰਨਗੇ। ਪਰ ਸਾਡਾ ਸਾਰਿਆਂ ਦਾ ਤਾਂ ਫ਼ਰਜ ਬਣਦਾ ਹੈ ਕਿ ਅਸੀਂ ਸਾਰੇ ਮਿਲ ਕੇ ਆਪਣੇ ਆਪਣੇ ਹਲਕੇ ਦੇ ਵਿਧਾਇਕਾਂ ਨੂੰ ਕਹੀਏ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਉਸੇ ਤਰਜ਼ ਤੇ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਵਿੱਚ ਮਤਾ ਪਾਸ ਕਰਨ, ਜਿਸ ਤਰ੍ਹਾਂ ਤਾਮਿਲਨਾਡੂ ਦੀ ਮੁੱਖ ਮੰਤਰੀ ਜੈ ਲਲਿਤਾ ਨੇ ਰਜੀਵ ਗਾਂਧੀ ਦੇ ਕਾਤਲ ਤਾਮਿਲਾਂ ਦੀ ਸਜਾ ਰੱਦ ਕਰਵਾਉਣ ਲਈ ਮਤਾ ਪਾਸ ਕਰਵਾ ਦਿੱਤਾ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜੇ ਇਹ ਨਹੀਂ ਕਰਵਾ ਸਕਦੇ ਤਾਂ ਸਾਫ ਕਹਿ ਦੇਣ ਕਿ ਇਨ੍ਹਾਂ ਦੀ ਕੌਮੀਅਤ ਅਤੇ ਜ਼ਮੀਰ ਮਰ ਚੁੱਕੀ ਹੈ, ਇਸ ਲਈ ਮਰੀ ਹੋਈ ਜ਼ਮੀਰ ਵਾਲਿਆਂ ਵਲੋਂ ਮਗਰਮੱਛ ਦੇ ਹੰਝੂ ਵਹਾਉਣ ਦਾ ਕੋਈ ਫਾਇਦਾ ਨਹੀਂ ਹੈ।

 

ਭਾਈ ਪੰਥਪ੍ਰੀਤ ਸਿੰਘ ਨੇ ਮਿਸਾਲਾਂ ਦੇ ਦੇ ਕੇ ਦੱਸਿਆ ਕਿ ਇਸ ਦੇਸ਼ ਵਿੱਚ ਘੱਟ ਗਿਣਤੀ ਅਤੇ ਦਲਿਤਾਂ ਨਾਲ ਹਮੇਸ਼ਾਂ ਧੱਕਾ ਹੁੰਦਾ ਹੈ ਅਤੇ ਇਨ੍ਹਾਂ ਵਾਸਤੇ ਕਾਨੂੰਨ ਵੀ ਧਰਮ ਅਤੇ ਜਾਤੀ ਅਧਾਰ ਤੇ ਵੱਖਰਾ ਵੱਖਰਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ 1984 ਅਤੇ ਉਸ ਤੋਂ ਬਾਅਦ ਪੰਜਾਬ ਵਿੱਚ ਇੱਕ ਦਹਾਕੇ ਤੱਕ ਚੱਲੀ ਖੂਨੀ ਹਨੇਰੀ ਦੌਰਾਨ ਹਜਾਰਾਂ ਸਿੱਖਾਂ ਦੇ ਕਾਤਲਾਂ ਨੂੰ ਕੋਈ ਸਜਾ ਨਹੀਂ ਪਰ ਇੱਕ ਜਾਲਮ ਦੇ ਕਾਤਲ ਭਾਈ ਸਤਵੰਤ ਸਿੰਘ ਕਿਹਰ ਸਿੰਘ; ਸੁੱਖਾ ਜਿੰਦਾ ਨੂੰ ਫਾਂਸੀ ਦੇ ਦਿੱਤੀ ਗਈ ਹੈ ਜਦੋਂ ਕਿ ਪ੍ਰੋ: ਭੁੱਲਰ ਅਤੇ ਭਾਈ ਰਾਜੋਆਣਾ ਫਾਂਸੀ ਦੇ ਤਖ਼ਤੇ ਤੇ ਖੜ੍ਹੇ ਹਨ। ਉਨ੍ਹਾਂ ਕਿਹਾ ਵੈਸੇ ਤਾਂ ਇਹ ਅਤਿਵਾਦੀ ਨਹੀ ਬਲਕਿ ਗੁਰੂ ਦੇ ਆਸ਼ੇ ਅਨੁਸਾਰ ਕੰਮ ਕਰਨ ਵਾਲੇ ਗੁਰਸਿੱਖ ਹਨ ਪਰ ਮੰਨ ਲਓ ਕਿ ਇਹ ਅਤਿਵਾਦੀ ਹਨ ਇਨ੍ਹਾਂ ਨੇ ਬੇਅੰਤ ਸਿੰਘ ਦਾ ਕਤਲ ਕੀਤਾ ਹੈ।

ਪਰ ਭਾਈ ਜਸਵੰਤ ਸਿੰਘ ਖਾਲੜਾ ਤਾਂ ਕੋਈ ਅਤਿਵਾਦੀ ਨਹੀਂ ਸੀ ਉਸ ਨੇ ਤਾਂ ਕੋਈ ਬੰਦਾ ਨਹੀਂ ਮਾਰਿਆ ਸਿਰਫ ਦੋ ਜਿਲ੍ਹਿਆਂ ਦੇ ਥੋਹੜੇ ਜਿਹੇ ਏਰੀਏ ਵਿੱਚ ਤੁਰ ਫਿਰ ਕੇ 25 ਕੁ ਹਜਾਰ ਉਨ੍ਹਾਂ ਵਿਅਕਤੀਆਂ ਦੀ ਸੂਚੀ ਹੀ ਬਣਾਈ ਸੀ ਜਿਨ੍ਹਾਂ ਨੂੰ ਅਣਪਛਾਤੀਆਂ ਲਾਵਾਰਸ ਲਾਸ਼ਾਂ ਬਣਾ ਕੇ ਖੁਰਦ ਬੁਰਦ ਕਰ ਦਿੱਤਾ ਗਿਆ ਸੀ। ਦੱਸੋ ਭਾਈ ਖਾਲੜਾ ਨੂੰ ਅਣਪਛਾਤੀ ਲਾਸ਼ ਬਣਾਉਣ ਵਾਲੇ ਨੂੰ ਫਾਂਸੀ ਕੌਣ ਦੇਵੇਗਾ? ਜੇ 30 ਤੋਂ ਵੱਧ ਸਿੱਖ ਕਤਲ ਕਰਨ ਵਾਲੇ ਕਸਾਈ ਕਿਸ਼ੋਰੀ ਲਾਲ, ਜਿਸ ਨੂੰ ਅਦਾਲਤ ਨੇ 7 ਵਾਰ ਫਾਂਸੀ ਦੀ ਸਜਾ ਸੁਣਾਈ ਹੈ, ਦੀ ਸਜਾ ਉਮਰ ਕੈਦ ਵਿੱਚ ਬਦਲ ਸਕਦੀ ਹੈ ਤਾਂ ਭਾਈ ਰਾਜੋਆਣਾ ਤੇ ਪ੍ਰੋ: ਭੁੱਲਰ ਦੀ ਕਿਉਂ ਨਹੀਂ? ਕਸਾਈ ਕਿਸ਼ੋਰੀ ਲਾਲ ਨੂੰ ਤਾਂ ਜੇਲ੍ਹ ਚ ਚੰਗੇ ਵਿਵਹਾਰ ਦਾ ਬਹਾਨਾ ਬਣਾ ਕੇ ਛੱਡਣ ਦੀ ਵੀ ਤਿਆਰੀ ਕਰ ਲਈ ਸੀ ਪਰ ਖ਼ਬਰ ਪਹਿਲਾਂ ਲੀਕ ਹੋਣ ਕਰਕੇ ਉਹ ਟਲ਼ ਗਈ।

ਮੰਨ ਲੈਂਦੇ ਹਾਂ ਕਿ ਭਾਈ ਰਾਜੋਆਣਾ ਤੇ ਪ੍ਰੋ: ਭੁੱਲਰ ਅਤਿਵਾਦੀ ਹਨ ਇਨ੍ਹਾਂ ਨੇ ਬੰਬ ਧਮਾਕੇ ਕਰਕੇ ਮਨੁੱਖੀ ਜਾਨਾਂ ਲਈਆਂ ਇਸ ਲਈ ਇਨ੍ਹਾਂ ਨੂੰ ਫਾਂਸੀ ਲੱਗਣੀ ਚਾਹੀਦੀ ਹੈ। ਪਰ ਸਾਧਵੀ ਪ੍ਰਤਿਗਿਆ ਠਾਕੁਰ, ਕਰਨਲ ਪ੍ਰੋਹਿਤ ਅਤੇ ਸ਼ੰਕਰਾਚਾਰੀਆ ਦਯਾ ਨੰਦ ਪਾਂਡੇ ਨੇ ਵੀ ਮਸਜ਼ਿਦਾਂ ਅਤੇ ਸਮਝੌਤਾ ਐਕਪ੍ਰੈੱਸ ਰੇਲ ਵਿੱਚ ਬੰਬ ਧਮਾਕੇ ਕੀਤੇ ਜਿਸ ਦੌਰਾਨ ਸੈਂਕੜੇ ਵਿਅਕਤੀ, ਜਿਨ੍ਹਾਂ ਵਿੱਚ ਬਹੁ ਗਿਣਤੀ ਮੁਸਲਮਾਨਾਂ ਦੀ ਸੀ, ਮਾਰੇ ਗਏ ਪਰ ਇਨ੍ਹਾਂ ਦੇ ਕਾਤਲਾਂ ਨੂੰ ਫਾਂਸੀ ਕੌਣ ਦੇਵੇਗਾ? ਇਥੇ ਮਾਰੇ ਵੀ ਮੁਸਲਮਾਨ ਗਏ ਤੇ ਸ਼ੱਕ ਦੇ ਅਧਾਰ ਤੇ ਫੜੇ ਵੀ ਮੁਸਲਮਾਨ ਹੀ ਗਏ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਈਸਾਈ ਮਿਸ਼ਨਰੀ ਗ੍ਰਾਹਮ ਸਟੇਨਜ਼ ਤਾਂ ਕੋਈ ਅਤਿਵਾਦੀ ਨਹੀਂ ਸੀ। ਉਹ ਤਾਂ ਆਪਣੇ ਧਰਮ ਦਾ ਪ੍ਰਚਾਰ ਕਰ ਰਿਹਾ ਸੀ, ਉਸ ਦੇ ਬੱਚਿਆਂ ਸਮੇਤ ਗੱਡੀ ਵਿੱਚ ਸੁੱਤਿਆਂ ਪਿਆਂ ਨੂੰ ਦਾਰਾ ਸਿੰਘ ਨਾਮੀ ਇੱਕ ਕੱਟੜ ਜਨੂੰਨੀ ਹਿੰਦੂ ਨੇ ਅੱਗ ਲਾ ਕੇ ਸਾੜ ਦਿੱਤਾ। ਪਰ ਫਿਰ ਵੀ ਦਾਰਾ ਸਿੰਘ ਨੂੰ ਫਾਂਸੀ ਨਹੀਂ ਦਿੱਤੀ ਗਈ।

ਫੂਲਨ ਦੇਵੀ ਇੱਕ ਦਲਿਤ ਔਰਤ ਸੀ। ਉਸ ਨੂੰ ਉਚ ਜਾਤੀ ਚੌਧਰੀਆਂ ਨੇ ਨਿਰਵਸਤਰ ਕਰਕੇ ਘੁਮਾਇਆ। ਫੂਲਨ ਦੇਵੀ ਥਾਣੇ ਵਿੱਚ ਰੀਪੋਰਟ ਦਰਜ ਕਰਵਾਉਣ ਗਈ। ਪਰ ਰੀਪੋਰਟ ਦਰਜ ਕਰਨ ਦੀ ਥਾਂ ਉਥੋਂ ਵੀ ਉਸ ਨੂੰ ਬੇਇਜਤ ਕਰਕੇ ਵਾਪਸ ਭੇਜ ਦਿੱਤਾ ਗਿਆ। ਆਪਣੀ ਬੇਇਜ਼ਤੀ ਦਾ ਬਦਲਾ ਲੈਣ ਲਈ ਉਹ ਡਾਕੂਆਂ ਨਾਲ ਰਲ ਗਈ ਤੇ ਉਨ੍ਹਾਂ ਚੌਧਰੀਆਂ ਨੂੰ ਮਾਰ ਕੇ ਆਪਣਾ ਬਦਲਾ ਲਿਆ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਮੈਂ ਕਿਸੇ ਵਲੋਂ ਡਾਕੂ ਬਣਨ ਦੀ ਪ੍ਰੋੜਤਾ ਨਹੀਂ ਕਰਦਾ ਪਰ ਡਾਕੂ ਨੂੰ ਤਾਂ ਡਾਕੂ ਸਮਝ ਕੇ ਇੱਕੋ ਜਿਹਾ ਸਮਝ ਕੇ, ਇੱਕੋ ਜਿਹਾ ਵਿਉਹਾਰ ਕਰਨਾ ਚਾਹੀਦਾ ਹੈ। ਪਰ ਇੱਥੇ ਵੀ ਡਾਕੂਆਂ ਦੀ ਜਾਤ ਦੇ ਅਧਾਰ ਤੇ ਫੈਸਲੇ ਹੁੰਦੇ। ਇਸ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਮੱਧ ਪ੍ਰਦੇਸ਼ ਦੇ ਚੰਬਲ ਘਾਟੀ ਦੇ ੳਚ ਜਾਤੀ ਦੇ ਡਾਕੂ ਸਨ। ਉਨ੍ਹਾਂ ਸਬੰਧੀ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਕੋਲ ਜਮੀਨਾਂ ਨਾ ਹੋਣ ਕਰਕੇ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਸੀ ਇਸ ਲਈ ਇਨ੍ਹਾਂ ਦੇ ਗੁਨਾਹ ਮੁਆਫ਼ ਕਰਕੇ ਇਨ੍ਹਾਂ ਨੂੰ ਜਮੀਨਾਂ ਅਲਾਟ ਕਰ ਦਿੱਤੀਆਂ ਜਾਣ ਤਾਂ ਕਿ ਇਹ ਦੇਸ਼ ਦੀ ਮੁੱਖਧਾਰਾ ਵਿੱਚ ਸ਼ਾਮਲ ਹੋ ਜਾਣ। ਮੁਲਾਇਮ ਸਿੰਘ ਯਾਦਵ ਨੇ ਮੰਗ ਕੀਤੀ ਕਿ ਮੱਧ ਪ੍ਰਦੇਸ਼ ਦੀ ਤਰ੍ਹਾਂ ਫੂਲਨ ਦੇਵੀ ਨੂੰ ਵੀ ਮੁਆਫ ਕਰਕੇ ਇਸ ਨੂੰ ਵੀ ਜ਼ਮੀਨ ਅਲਾਟ ਕਰ ਦਿਤੀ ਜਾਵੇ ਤਾਂ ਇਸ ਮੰਗ ਨੂੰ ਠੁਕਰਾ ਦਿੱਤਾ ਗਿਆ ਕਿ ਇਹ ਤਾਂ ਦਲਿਤ ਹੈ, ਇਸ ਨੂੰ ਜਮੀਨ ਅਲਾਟ ਨਹੀਂ ਕੀਤੀ ਜਾ ਸਕਦੀ।

ਬਾਬਾ ਰਾਮਦੇਵ ਦੀ ਮਿਸਾਲ ਦਿੰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਹਮਾਇਤੀਆਂ ਨੂੰ ਅੱਧੀ ਰਾਤ ਨੂੰ ਧਰਨੇ ਵਾਲੀ ਜਗ੍ਹਾ ਤੋਂ ਖਦੇੜ ਦਿੱਤਾ ਤਾਂ ਅਗਲੇ ਦਿਨ ਹੀ ਅਦਾਲਤ ਵੱਲੋਂ ਉਸ ਨੂੰ ਮਨੁਖੀ ਅਧਿਕਾਰਾਂ ਦਾ ਘਾਣ ਦੱਸ ਕੇ ਦਿੱਲੀ ਸਰਕਾਰ ਅਤੇ ਪੁਲਿਸ ਨੂੰ ਨੋਟਿਸ ਜਾਰੀ ਕਰ ਦਿੱਤਾ ਪਰ ਇਸੇ ਦਿੱਲੀ ਵਿੱਚ ਲਗਾਤਾਰ 72 ਘੰਟੇ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ; ਘਰ ਘਾਟ ਅਤੇ ਜਿਉਂਦੇ ਸਿੱਖਾਂ ਨੂੰ ਅੱਗ ਲਾ ਕੇ ਸਾੜਿਆ ਗਿਆ; ਬੀਬੀਆਂ ਦੀ ਬੇਪਤੀ ਹੁੰਦੀ ਰਹੀ, ਗੁਜਰਾਤ ਚ ਲਗਾਤਾਰ ਮਹੀਨੇ ਤੋਂ ਵੱਧ ਸਮੇਂ ਤੱਕ ਮੁਸਲਮਾਨਾਂ ਅਤੇ ਕਰਨਾਟਕਾ ੳੜੀਸਾ ਵਿੱਚ ਈਸਾਈਆਂ ਨਾਲ ਇਹੀ ਕੁਝ ਵਾਪਰਿਆ ਪਰ ਉਸ ਸਮੇਂ ਇਹੀ ਅਦਾਲਤਾਂ ਬਿਲਕੁਲ ਖਾਮੋਸ਼ ਰਹੀਆਂ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਸਿਖਾਂ, ਗੁਜਰਾਤ ਵਿੱਚ ਮੁਸਲਮਾਨਾਂ, ਕਰਨਾਟਕਾ ਉੜੀਸਾ ਵਿੱਚ ਈਸਾਈਆਂ ਦੇ ਕਿਸੇ ਕਾਤਲ ਅਤੇ ਬਾਬਰੀ ਮਸਜ਼ਿਦ ਢਾਹੁਣ ਵਾਲੇ ਕਿਸੇ ਕਸੂਰਵਾਰ ਨੂੰ ਫਾਂਸੀ ਨਹੀਂ ਦਿੱਤੀ ਗਈ ਤਾਂ ਸਿਰਫ ਸਿੱਖਾਂ ਮੁਸਲਮਾਨਾਂ ਨੂੰ ਹੀ ਕਿਉਂ? ਉਨ੍ਹਾਂ ਕਿਹਾ ਕਿ ਹੁਣ ਸਮਝ ਆ ਗਈ ਹੈ ਕਿ ਦੇਸ਼ ਦੀਆਂ ਘੱਟ ਗਿਣਤੀ ਸਿੱਖਾਂ, ਮੁਸਲਮਾਨਾਂ, ਈਸਈਆਂ ਅਤੇ ਦਲਿਤਾਂ ਨਾਲ ਹੀ ਧੱਕੇ ਤੇ ਬੇਇਨਸਾਫੀਆਂ ਹੋ ਰਹੀਆਂ ਹਨ ਤਾਂ ਜੇ ਕਦੀ ਇਹ ਇਕੱਠੇ ਹੋ ਜਾਣ ਤਾਂ ਧੱਕੇ ਕਰਨ ਵਾਲੇ ਤਾਂ ਸਿਰਫ 10-15% ਹੀ ਰਹਿ ਜਾਣਗੇ, ਇਸ ਲਈ ਉਹ ਕਿਸੇ ਦਾ ਵੀ ਕੁਝ ਨਹੀਂ ਵਿਗਾੜ ਸਕਣਗੇ।

ਪਰ ਸਾਡੀ ਤਾਂ ਸਥਿਤੀ ਹੀ ਹੋਰ ਹੈ। ਸਾਡੇ ਤਾਂ ਆਪਣੇ ਵੀ ਸਾਨੂੰ ਇਨਸਾਫ ਨਹੀਂ ਦੇ ਰਹੇ। ਸਾਧ ਧੰਨਵੰਤ ਸਿੰਘ ਅਤੇ ਕਈ ਹੋਰ ਕੇਸਾਂ ਵਿੱਚ ਅਕਾਲ ਤਖ਼ਤ ਤੋਂ ਹੀ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਗੁਰੂ ਗੋਬਿੰਦ ਸਿੰਘ ਜੀ 2016 ਵਿੱਚ ਦੁਬਾਰਾ ਜਨਮ ਲੈਣਗੇ ਵਰਗੇ ਬਿਆਨ ਦੇਣ ਵਾਲੇ ਨੂੰ ਭਾਈ ਪੰਥਪ੍ਰੀਤ ਸਿੰਘ ਨੇ ਨਕਲੀ ਜਥੇਦਾਰ ਦਸਦਿਆਂ ਕਿਹਾ ਕਿ ਜਿਹੜਾ ਅਜਿਹੇ ਨਕਲੀ ਬਿਆਨ ਦਿੰਦਾ ਹੈ ਉਸ ਨੂੰ ਨਕਲੀ ਜਥੇਦਾਰ ਹੀ ਕਿਹਾ ਜਾ ਸਕਦਾ ਹੈ। ਉਨ੍ਹਾਂ ਅੱਗੇ ਹੋਰ ਕਿਹਾ ਅਸੀਂ ਦੋਸ਼ ਲਾਉਂਦੇ ਹਾਂ ਕਿ ਕਾਂਗਰਸ ਸਿੱਖਾਂ ਦੇ ਕਾਤਲਾਂ ਨੂੰ ਇਨਾਮ ਵਜੋਂ ਅਹੁੱਦੇ ਦਿੰਦੇ ਹਨ ਪਰ ਧਿਆਨ ਮਾਰ ਕੇ ਵੇਖੋ ਕਿ ਉਚੀ ਅਵਾਜ਼ ਚ ਇਹ ਦੋਸ਼ ਲਾਉਣ ਵਾਲੇ ਸਾਡੇ ਆਗੂ ਕੀ ਪੰਜਾਬ ਵਿੱਚ ਸਿਖਾਂ ਦੇ ਕਾਤਲਾਂ ਨੂੰ ਉਚ ਅਹੁਦੇ ਤੇ ਟਿਕਟਾਂ ਨਹੀ ਦੇ ਰਹੇ? ਜੇ ਸਾਡੇ ਆਪਣੇ ਹੀ ਸਾਨੂੰ ਇਨਸਾਫ ਦੇਣ ਲਈ ਤਿਆਰ ਨਹੀਂ ਤਾਂ ਅਸੀਂ ਦੁਸ਼ਮਣਾਂ ਤੋਂ ਇਨਸਾਫ ਦੀ ਕੀ ਉਮੀਦ ਰੱਖ ਸਕਦੇ ਹਾਂ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵਰਗੇ ਤਾਂ ਸਿਰਫ ਹਾਅ ਦਾ ਨਾਹਰਾ ਮਾਰ ਸਕਦੇ ਹਾਂ, ਪਰ ਜਿਨ੍ਹਾਂ ਆਗੂਆਂ ਕੋਲ ਤਾਕਤ ਹੈ ਜੇ ਉਹ ਵੀ ਕਰਦੇ ਕੁਝ ਨਹੀਂ ਤੇ ਸਿਰਫ ਫੋਕੀ ਬਿਆਨਬਾਜ਼ੀ ਕਰਕੇ ਹਾਅ ਦਾ ਨਾਹਰਾ ਮਾਰਨ ਤੱਕ ਹੀ ਸੀਮਤ ਹਨ ਤਾਂ ਇਹ ਉਨ੍ਹਾਂ ਦੇ ਮਗਰਮੱਛ ਵਾਲੇ ਹੰਝੂ ਹੀ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top