Share on Facebook

Main News Page

ਭਾਈ ਰਣਜੀਤ ਸਿੰਘ ਵਾਂਗ ਭਾਈ ਰਾਜੋਆਣਾ ਦੀ ਰਿਹਾਈ ਵੀ, ਬਿਨਾਂ ਉਨ੍ਹਾਂ ਦੇ ਦਸਖ਼ਤ ਕਰਵਾਇਆਂ ਸੰਭਵ ਬਣਾਈ ਜਾਵੇ

ਬਠਿੰਡਾ, 20 ਮਾਰਚ (ਕਿਰਪਾਲ ਸਿੰਘ): ਬੀਤੇ ਸ਼ਨੀਵਾਰ ਹੋਂਦ ਵਿੱਚ ਆਈ ਨੌ ਮੈਂਬਰੀ ਕਮੇਟੀ ਵੱਲੋਂ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਅੱਜ ਇੱਕ ਪੱਤਰ ਲਿਖਿਆ ਗਿਆ ਜਿਸ ਵਿੱਚ ਉਨ੍ਹਾਂ ਸਲਾਹ ਦਿੱਤੀ ਹੈ ਕਿ ਬੇਸ਼ੱਕ ਭਾਈ ਬਲਵੰਤ ਸਿੰਘ ਰਾਜੋਆਣਾ ਗੁਰੂ ਰਾਹ ਦਾ ਪਾਂਧੀ ਬਣ ਕੇ ਸਿੱਖੀ ’ਚ ਸ਼ਹਾਦਤ ਦੀ ਰਵਾਇਤ ਨੂੰ ਕਾਇਮ ਰਖਦਿਆਂ ਹੱਸ ਕੇ ਫਾਂਸੀ ਦਾ ਰੱਸਾ ਚੁੰਮਣਾ ਚਹੁੰਦਾ ਹੈ, ਜਿਸ ’ਤੇ ਸਮੁੱਚੇ ਸਿੱਖ ਪੰਥ ਨੂੰ ਇਸ ਮਹਾਨ ਜੋਧੇ ਦੀ ਅਜਿਹੀ ਸ਼ਿਦਤ, ਦਲੇਰੀ ਅਤੇ ਕੌਮ ਲਈ ਕੁਰਬਾਨੀ ਦੀ ਭਾਵਨਾ ਤੇ ਬੜਾ ਵੱਡਾ ਮਾਣ ਹੈ। ਲੇਕਿੰਨ ਫਿਰ ਵੀ ਹਰ ਸਿੱਖ ਦੀ ਲੋਚਾ ਹੈ ਕਿ ਭਾਈ ਰਾਜੋਆਣਾ ਨੂੰ ਫਾਂਸੀ ਦੇ ਫੰਧੇ ਤੋਂ ਹਰ ਹਾਲਤ ਬਚਾਇਆ ਜਾਏ। ਉਨ੍ਹਾਂ ਸਲਾਹ ਦਿੱਤੀ ਕਿ ਜਿਸ ਤਰ੍ਹਾਂ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਕਿਸੇ ਅਪੀਲ’ਤੇ ਦਸਖਤ ਬਿਨਾਂ ਹੀ ਪੰਥ ਵੱਲੋਂ ਆਪਣੇ ਤੌਰ ’ਤੇ ਕੀਤੇ ਗਏ ਯਤਨਾਂ ਸਦਕਾ ਉਨ੍ਹਾਂ ਦੀ ਰਿਹਾਈ ਕਰਵਾ ਲਈ ਸੀ ਉਸੇ ਤਰ੍ਹਾਂ ਹੁਣ ਵੀ ਭਾਈ ਰਾਜੋਆਣਾ ਦੀ ਰਿਹਾਈ ਸੰਭਵ ਬਣਾਉਣ ਲਈ ਅਕਾਲ ਤਖ਼ਤ ਵਲੋਂ ਕੋਈ ਪ੍ਰੋਗਰਾਮ ਉਲੀਕਿਆ ਜਾਵੇ।

ਲਿਖੇ ਗਏ ਪੱਤਰ ’ਤੇ ਸਿੱਖ ਬੁਧੀਜੀਵੀ ਵਰਗ ਵਲੋਂ,ਗਿ: ਜਗਤਾਰ ਸਿੰਘ ਸਿੰਘ ਜਾਚਕ, ਸਾਬਕ ਸਿੱਖ ਐਮ. ਪੀ. ਭਾਈ ਧਿਆਨ ਸਿੰਘ ਮੰਡ, ਯੂਨਾਈਟਿੱਡ ਸਿੱਖ ਮੂਵਮੈਂਟ ਵਲੋਂ ਭਾਈ ਸੂਰਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਗੁਰਿੰਦਰਪਾਲ ਸਿੰਘ ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਜਸਬੀਰ ਸਿੰਘ ਖੰਡੂਰ, ਅਕਾਲੀ ਦਲ ਦਿੱਲੀ ਦੇ ਭਾਈ ਭਾਈ ਬਲਵਿੰਦਰ ਸਿੰਘ ਭੁੱਲਰ, ਸੁਤੰਤਰ ਅਕਾਲੀ ਦਲ ਦੇ ਭਾਈ ਪਰਮਜੀਤ ਸਿੰਘ ਸਹੋਲੀ, ਸਿੱਖ ਸਟੂਡੈਂਟ ਫੈਡਰੇਸ਼ਨ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸੰਤ ਸ਼ਮਸ਼ੇਰ ਸਿੰਘ ਪ੍ਰਧਾਨ ਸੰਤ ਸਮਾਜ ਦੇ ਦਸਖ਼ਤ ਹਨ ਜਿਸ ਵਿੱਚ ਲਿਖੀ ਗਈ ਪੂਰੀ ਇਬਾਰਤ ਹੇਠ ਲਿਖੇ ਅਨੁਸਾਰ ਹੈ:-

ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀਉ,

ਸਨਿਮਰ ਬੇਨਤੀ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸੁਣਾਏ ਗਏ ਫਾਂਸੀ ਦੇ ਹੁਕਮਾਂ ਉਪਰੰਤ ਪੈਦਾ ਹੋਏ ਰੋਹ ਭਰੇ ਤੇ ਚਿੰਤਾਜਨਕ ਕੌਮੀ ਹਲਾਤਾਂ ਤੋਂ ਆਪ ਭਲੀਭਾਂਤ ਜਾਣੂ ਹੋ। ਬੀਤੇ ਦਿਨੀਂ ਕੁਝ ਪੰਥਕ ਜਥੇਬੰਦੀਆਂ ਵਲੋਂ 21 ਮਾਰਚ ਨੂੰ ਭਾਈ ਗੁਰਦਾਸ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਨੁਮਾਇੰਦਾ ਪੰਥਕ ਇਕੱਠ ਬੁਲਾਉਣ ਲਈ, ਜੋ ਕਮੇਟੀ ਨਾਮਜਦ ਕੀਤੀ ਗਈ ਸੀ, ਉਸ ਕਮੇਟੀ ਵਲੋਂ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ ਅਤੇ ਪੰਥ-ਦਰਦੀਆਂ ਨਾਲ ਮੁਲਾਕਾਤ ਕੀਤੀ ਗਈ।

ਹਰ ਸਿੱਖ ਹਿਰਦਾ ਭਾਈ ਰਾਜੋਆਣਾ ਨਾਲ ਹੋਏ ਅਨਿਆ ਨੂੰ ਲੈ ਕੇ ਡੂੰਘੀ ਪੀੜਾ ਵਿੱਚ ਹੈ। ਹਰ ਚਿਹਰੇ ’ਤੇ ਇੱਕ ਹੀ ਸੁਆਲ ਹੈ ਕਿ ਬੇਸ਼ਕ ਭਾਈ ਰਾਜੋਆਣਾ ਗੁਰੂ ਰਾਹ ਦਾ ਪਾਂਧੀ ਬਣ ਕੇ ਸਿੱਖੀ ’ਚ ਸ਼ਹਾਦਤ ਦੀ ਰਵਾਇਤ ਨੂੰ ਕਾਇਮ ਰਖਦਿਆਂ ਹੱਸ ਕੇ ਫਾਂਸੀ ਦਾ ਰੱਸਾ ਚੁੰਮਣਾ ਚਹੁੰਦਾ ਹੈ। ਸਮੁੱਚੇ ਸਿੱਖ ਪੰਥ ਨੂੰ ਇਸ ਮਹਾਨ ਜੋਧੇ ਦੀ ਅਜਿਹੀ ਸ਼ਿਦਤ, ਦਲੇਰੀ ਅਤੇ ਕੌਮ ਲਈ ਕੁਰਬਾਨੀ ਦੀ ਭਾਵਨਾ ਤੇ ਬੜਾ ਵੱਡਾ ਮਾਣ ਹੈ। ਲੇਕਿੰਨ ਫਿਰ ਵੀ ਹਰ ਸਿੱਖ ਦੀ ਲੋਚਾ ਹੈ ਕਿ ਭਾਈ ਰਾਜੋਆਣਾ ਨੂੰ ਫਾਂਸੀ ਦੇ ਫੰਧੇ ਤੋਂ ਹਰ ਹਾਲਤ ਬਚਾਇਆ ਜਾਏ।

ਇਸ ਕੌਮੀ ਕਾਰਜ ਨੂੰ ਨੇਪਰੇ ਚਾੜ੍ਹਣ ਲਈ ਸਮੂਹ ਸਿੱਖ ਪੰਥ ਦੀ ਜੋ ਰਾਇ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਔਖੀ ਘੜੀ ਵਿੱਚ ਸਿੱਖਾਂ ਦਾ ਮਾਰਗ ਦਰਸ਼ਨ ਕਰੇ। ਸੂਝਵਾਨ ਗੁਰਸਿਖਾਂ ਵੱਲੋਂ ਮਿਲੀਆਂ ਸਲਾਹਾਂ ਅਨੁਸਾਰ ਬੇਨਤੀ ਹੈ ਕਿ ਭਾਈ ਰਾਜੋਆਣਾ ਵੱਲੋਂ ਪੱਖਪਾਤੀ ਹਿੰਦੂ ਨਿਜ਼ਾਮ ਸਾਹਮਣੇ ਕੋਈ ਅਪੀਲ ਦਲੀਲ ਨਾ ਕੀਤੇ ਜਾਣਾ, ਸ਼ਲਾਘਾ ਯੋਗ ਅਤੇ ਕੌਮ ਦਾ ਸਿਰ ਉੱਚ ਕਰਨ ਵਾਲੀ ਦਲੇਰੀ ਹੈ। ਲੇਕਿੰਨ ਪਿਛੋਕੜ ਵਿੱਚ ਵਾਪਰੀਆਂ ਕੁਝ ਅਹਿਮ ਘਟਨਾਵਾਂ ਸੰਕੇਤ ਦਿੰਦੀਆਂ ਹਨ ਕਿ ਭਾਈ ਰਾਜੋਆਣਾ ਵੱਲੋਂ ਕਿਸੇ ਅਪੀਲ ਜਾਂ ਮੁਆਫ਼ੀਨਾਮੇ ਤੇ ਦਸਤਖ਼ਤ ਕੀਤੇ ਬਗੈਰ ਵੀ ਉਨ੍ਹਾਂ ਦੀ ਫਾਂਸੀ ਦੀ ਸਜਾ ਖ਼ਤਮ ਕਰਵਾਈ ਜਾ ਸਕਦੀ ਹੈ। ਮਿਸਾਲ ਦੇ ਤੌਰ ’ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੇ ਅਕਾਲ ਤਖ਼ਤ ਸਾਹਿਬ ਜਥੇਦਾਰ ਹੁੰਦਿਆਂ ਹਿੰਦ ਹਕੂਮਤ ਵੱਲੋਂ ਦਰਜ ਮੁਕਦਮਿਆਂ ਵਿੱਚ ਸਿਘ ਸਾਹਿਬ ਮੁਆਫ਼ੀ ਮੰਗਣ ਜਾਂ ਕੋਈ ਦਰਖ਼ਾਸਤ ਪੇਸ਼ ਕਰਨ ਤੋਂ ਇਨਕਾਰ ਕਰਨ ’ਤੇ ਸਮੇ ਦੀ ਸਿੱਖ ਲੀਡਰਸ਼ਿਪ ਨੇ ਖ਼ੁਦ ਪਟੀਸ਼ਨਾਂ ਤੇ ਦਰਖ਼ਾਸਤਾਂ ਦਾਇਰ ਕਰਕੇ ਕੇਸ ਖ਼ਤਮ ਕਰਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਸੀ।

ਸੋ ਇਸ ਸਮੇਂ ਵੀ ਸਿੱਖ ਜਜ਼ਬਾਤ ਮੰਗ ਕਰਦੇ ਹਨ ਕਿ ਸਮੁੱਚਾ ਪੰਥ ਇੱਕ ਜੁੱਟ ਹੋ ਕੇ ਕੌਮੀ ਹੀਰੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਨੂੰ ਰੱਦ ਕਰਵਾਏ। ਇਹ ਕੌਮੀ ਤਰਾਸਦੀ ਹੈ ਕਿ ਸਿੱਖਾਂ ਦੀ ਸ਼ਕਤੀ ਧਾਰਮਿਕ ਤੇ ਰਾਜਨੀਤਕ ਤੌਰ ’ਤੇ ਖੇਰੂੰ ਖੇਰੂੰ ਹੋਈ ਨਜ਼ਰ ਆ ਰਹੀ ਹੈ। ਐਸੀ ਆਪਾ ਧਾਪੀ ਵਿੱਚ ਸਰਵਉੱਚ ਤੇ ਸਿਰਮੌਰ ਸਿੱਖ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਦੀ ਰੌਸ਼ਨੀ ਵਿੱਚ ਨਿਗਰ ਤੇ ਯੋਗ ਅਗਵਾਈ ਦੇ ਸਕਦਾ ਹੈ।

ਸੋ ਸਮੁੱਚੇ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਆਪ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਦੀ ਅਕਾਲੀ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਸਮੇਤ ਹੋਰ ਧਾਰਮਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਨੁਮਾਇੰਦੇ ਲੈ ਕੇ ਤੁਰੰਤ ਇੱਕ ਕਮੇਟੀ ਦਾ ਗਠਨ ਕਰਕੇ ਅਦੇਸ਼ ਜਾਰੀ ਕਰੋ ਕਿ ਉਹ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਨੂੰ ਖ਼ਤਮ ਕਰਨ ਲਈ ਹਰ ਪੱਧਰ ’ਤੇ ਲੁੜੀਂਦੇ ਕਦਮ ਚੁੱਕਣ। ਤਾਂ ਕਿ ਜਿਥੇ ਸਿੱਖਾਂ ਨਾਲ ਹੋ ਰਹੀਆਂ ਨਿੱਤ ਦੀਆਂ ਬੇਇਨਸਾਫ਼ੀਆਂ ਨੂੰ ਠੱਲ ਪਾਈ ਜਾਏ ਅਤੇ ਪੰਜਾਬ ਦੇ ਮਹੌਲ ਨੂੰ ਸਦਾ ਲਈ ਖੁਸ਼ਗਵਾਰ ਬਣਾਇਆ ਜਾ ਸਕੇ। ਸਿੱਖਾਂ ਨੂੰ ਬੁਨਿਆਦੀ ਅਧਿਕਾਰਾਂ ਅਤੇ ਮਨੁਖੀ ਹੱਕਾਂ ਦੀ ਅਜ਼ਾਦੀ ਮਾਨਣ ਦਾ ਮੌਕਾ ਮਿਲੇ। ਉਮੀਦ ਕਰਦੇ ਹਾਂ ਕਿ ਆਪ ਜੀ ਸਮੁੱਚੇ ਸਿੱਖ ਜਗਤ ਦੀ ਭਾਵਨਾਵਾਂ ਤੇ ਪੰਥਕ ਜਜ਼ਬਾਤਾਂ ਦੇ ਮੱਦੇਨਜ਼ਰ ਤੁਰੰਤ ਇਸ ਕਾਰਜ ਨੂੰ ਨੇਪਰੇ ਚਾੜ੍ਹਣ ਲਈ ਉਦਮ ਕਰੋਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top