Share on Facebook

Main News Page

ਭਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਂ ਖੁੱਲਾ ਖਤ.?

ਭਾਈ ਗੁਰ ਫਤਹਿ ਪ੍ਰਵਾਨ ਕਰਨੀ,

ਭਾਈ ਬਲਵੰਤ ਸਿੰਘ ਤੁਸੀਂ ਤੇ ਤੁਹਾਡੇ ਵਰਗੇ ਸੈਂਕੜ੍ਹੇ ਯੋਧ੍ਹਿਆਂ ਨੇ ਕੌਮ ਲਈ ਆਪਾ ਹੀ ਨਹੀਂ ਵਾਰਿਆ, ਬਲਕਿ ਪਿਛੇ, ਆਪਣੇ ਪ੍ਰਵਾਰਾਂ ਨੂੰ ਭੀਖ ਮੰਗਣ ਵਾਲਿਆਂ ਦੀ ਪੰਗਤ ਵਿੱਚ ਲਾ ਦਿੱਤਾ ਹੈ। ਭਾਈ ਬੇਅੰਤ ਸਿੰਘ, ਇੰਦਰਾ ਨੂੰ ਉਸ ਦੇ ਕੀਤੇ ਦਾ ਫਲ ਦੇਕੇ, ਸਦਾ ਲਈ ਅਮਰ ਹੋ ਗਏ, ਉਸ ਤੋਂ ਬਾਅਦ ਉਸ ਦੀ ਪਤਨੀ ਮਾਤਾ ਬਿਮਲ ਕੌਰ ਨੂੰ, ਜਿਹਨਾਂ ਹਾਲਾਤਾਂ ਵਿੱਚੋਂ ਗੁਜਰ ਦੇ ਹੋਏ ਆਪਣੀ ਜਿੰਦਗੀ ਤੋਂ ਹੱਥ ਧੋਣੇ ਪਏ, ਉਸ ਦੇ ਪੁਤਰ ਭਾਈ ਸਰਬਜੀਤ ਸਿੰਘ ਨੂੰ, ਜਿੰਨਾ ਕੁ ਮਾਣ ਸਤਿਕਾਰ ਪੰਥ ਨੇ ਦਿੱਤਾ ਹੈ, ਸਭ ਦੇ ਸਾਹਮਣੇ ਹੈ। ਭਾਈ ਸਤਵੰਤ ਸਿੰਘ ਦੇ ਪਿਤਾ ਨੇ ਪੁਤਰ ਦਾ ਕੇਸ ਅਦਾਲਤ ਵਿੱਚ ਲੜਨ 'ਤੇ ਆਪਣਾ ਘਰ ਘਾਟ ਵੇਚ ਕੇ ਲਾ ਦਿੱਤਾ, ਕਿਸੇ ਨੇ ਬਾਂਹ ਨਹੀਂ ਫੜ੍ਹੀ। ਭਾਈ ਕੇਹਰ ਸਿੰਘ ਬਾਰੇ ਵੀ ਨਵੀਂ ਗੱਲ ਨਹੀਂ ਹੋਈ। ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਪਰਵਾਰਾਂ ਨੇ ਜਿਹੜ੍ਹੇ ਦੁੱਖ ਸਹੇ, ਉਹਨਾਂ ਨੂੰ ਵੀ ਸਾਰਾ ਪੰਥ ਜਾਣਦਾ ਹੈ। ਸ਼ੀ ਅਕਾਲ ਤਖਤ ਸਾਹਿਬ ਦੇ ਸਤਿਕਾਰ ਯੋਗ ਜਥੇਦਾਰ ਰਹੇ, ਭਾਈ ਗੁਰਦੇਵ ਸਿੰਘ ਕਾਂਉਕੇ, ਭਾਈ ਗੁਰਬਚਨ ਸਿੰਘ ਮਾਨੋਚਾਹਲ ਨਾਲ ਤੇ ਉਹਨਾਂ ਦੇ ਪਰਵਾਰਾਂ ਦੀ ਬਾਂਹ ਫੜਨ ਵਾਲਿਆਂ ਨੂੰ ਵੀ ਸਾਰਾ ਪੰਥ ਹੀ ਜਾਣਦਾ ਹੈ।

ਭਾਈ ਤੇਰੇ ਵੀ ਪਰਿਵਾਰ ਦਾ ਹਾਲ ਇਹਨਾਂ ਤੋਂ ਵੱਖਰਾ ਨਹੀਂ ਹੋਵੇਗਾ। ਤੇਰੇ ਤੋਂ ਕੁਰਬਾਨ ਹੋਣ ਨੂੰ ਦਿਲ ਕਰਦਾ। ਕਿੰਨਾਂ ਭੋਲ੍ਹਾ ਹੈ, ਵਿਚਾਰਾ ਭਾਈ ਬਲਵੰਤ ਸਿੰਘ ਰਾਜੋਆਣਾ। ਅਖਬਾਰਾਂ ਤੇ ਟੈਲੀਵਿਜ਼ਨ ਵਾਲਿਆਂ ਨੂੰ ਕੁੱਝ ਦਿਨ ਲਈ ਚੱਟ ਪਟੀਆਂ ਖਬਰਾਂ ਤੇ ਕਾਫੀ ਸਾਰੇ ਇਸ਼ਤਿਹਾਰ ਮਿਲ ਜਾਣਗੇ। ਲੀਡਰਾਂ ਨੂੰ ਵੀ ਚਾਰ ਦਿਨਾਂ ਲਈ ਤੇਰੇ ਪੱਖ ਅਤੇ ਵਿਰੋਧ ਵਿੱਚ ਬੋਲਣ ਲਈ ਮਸਾਲਾ ਮਿਲ ਗਿਆ ਹੈ। ਕੋਈ ਗੁਰਦਵਾਰੇ ਵਿੱਚ ਤੇਰੇ ਸ਼ਹੀਦ ਹੋਣ ਦੇ ਨਾਂ 'ਤੇ ਚੜ੍ਹਦੀ ਕਲਾ ਵਿੱਚ ਰੱਖਣ ਦੇ ਨਾਂ, ਪਰ ਗੁਰਦਵਾਰੇ ਦੇ ਚੜ੍ਹਾਵੇ ਵਿੱਚ ਵਾਧਾ ਕਰਨ ਦੀ ਸੋਚੀ ਬੈਠਾ ਹੈ, ਕੋਈ ਆਪਣੇ ਆਪਣੇ ਘਰ ਉਪਰ ਖਾਲਸਤਾਨੀ ਝੰਡੇ ਝੂਲਾਉਣ ਦੇ ਨਾਂ ਉਪਰ, ਹਜ਼ਾਰਾਂ ਮੀਟਰ ਕੱਪੜਾ ਵੇਚ ਲਵੇਗਾ, ਬਹੁਤ ਸਾਰੇ ਫੋਕੇ ਬਹਿਕਾਵਿਆਂ ਵਿੱਚ ਆਕੇ ਕੋਰਟ ਕਚਿਹਰੀ ਦੇ ਚੱਕਰ ਲਾਉਣਗੇ ਤੇ ਵਕੀਲਾਂ ਨੂੰ ਆਪਣੇ ਆਪਣੇ ਘਰ ਲਟਾਉਣਗੇ। ਕਈ ਮੇਰੇ ਵਰਗਿਆਂ ਨੂੰ ਤੇਰੇ ਬਾਰੇ ਲਿੱਖਣ ਨੂੰ ਮਿਲ ਜਾਵੇਗਾ, ਫਿਰ ਢੇਰ ਸਾਰੀਆਂ ਕਿਤਾਬਾਂ ਤੇਰੇ ਨਾਂ 'ਤੇ ਲਿੱਖਕੇ, ਜਨਤਾ ਦੇ ਜਜ਼ਬਾਤਾਂ ਨੂੰ ਕੈਸ਼ ਕਰਨ ਦਾ ਸੁਭਾਗ ਪਰਾਪਤ ਹੋ ਜਾਵੇਗਾ। ਤੇਰੇ ਪਰਵਾਰ ਦੀ ਮੱਦਦ ਕਰਨ ਦੇ ਬਹਾਨੇ ਨਵੀਆਂ ਗੋਲਕਾਂ ਬਣਕੇ ਤਿਆਰ ਹੋਈਆਂ ਪਈਆਂ ਹਨ, ਤੂੰ ਇੱਕ ਵਾਰੀ ਸ਼ਹੀਦ ਤਾਂ ਹੋ, ਕਈਆਂ ਨੇ ਕਾਪੀਆਂ ਛਪਵਾਕੇ ਤੇਰੇ ਪਰਵਾਰ ਦੀ ਮੱਦਦ ਦੇ ਨਾਂ 'ਤੇ ਚੰਦੇ ਇਕੱਠੇ ਕਰ ਲੈਣੇ ਹਨ। ਪਰ ਤੇਰੇ ਪਰਵਾਰ ਨੂੰ ਨਾ ਪਹਿਲਾਂ ਕਿਸੇ ਪੁਛਿਆ ਤੇ ਨਾ ਅੱਗੋਂ ਵਾਸਤੇ ਕੋਈ ਪੁਛੇਗਾ। ਮੈਂ ਚਾਹੁੰਦਾ ਹਾਂ, ਸਰਕਾਰ ਇੱਕ ਵਾਰੀ ਤੈਨੂੰ ਝੂੱਠੀ ਮੂੱਠੀ ਦਾ ਫਾਂਸੀ ਉਪਰ ਜਰੂਰ ਲਟਕਾ ਦੇਵੇ, ਤਾਂ ਜੋ ਤੂੰ ਵੀ ਸਾਰੇ ਲੋਕਾਂ ਦਾ ਹਾਲ ਖੁੱਦ ਦੇਖ ਲਵੇਂ। ਭਾਈ ਬਲਵੰਤ ਸਿੰਘਾ, ਤੇਰੇ ਲਈ ਮੇਰੇ ਵੱਲੋਂ ਇਹ ਹੀ ਅਰਦਾਸ ਹੈ, ਕਿ ਜਿਸ ਤਰਾਂ ਹੁਣ ਤੱਕ ਅਡੋਲ ਹੈਂ, ਇਸੇ ਤਰਾਂ ਅਡੋਲ ਹੀ ਰਹੇਂ। ਤੇਰੀ ਕੁਰਬਾਨੀ ਲਈ ਕੌਮ ਵੱਲੋਂ ਵਾਰੇ ਵਾਰੇ ਜਾਵਾਂ।

ਪਰ ਮੈਂ ਵੀ ਨਾਸ਼ੁਕਰੀ ਕੌਮ ਦਾ ਹਿਸਾ ਹਾਂ ..

ਡਾ: ਪਰਮਜੀਤ ਸਿੰਘ

ਫੋਨ ਨੰ: 001 416 704 7373, ਕਨੇਡਾ, 0091 9855060247, ਭਾਰਤ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top