Share on Facebook

Main News Page

ਜਦ ਤਕ ਸਾਡੇ ਆਪਣੇ ਸਾਨੂੰ ਇਨਸਾਫ਼ ਦੇਣ ਲਈ ਤਿਆਰ ਨਹੀਂ ਉਤਨੀ ਦੇਰ ਦੁਸ਼ਮਣ ਤੋਂ ਇਨਸਾਫ ਦੀ ੳਮੀਦ ਰੱਖਣੀ ਬੇਮਾਣੀ

* ਆਪਣਿਆਂ ਨੂੰ ਇਨਸਾਫ਼ ਦੇਣ ਦੇਣ ਦੀ ਹਦਾਇਤ ਦੇਣ ਦੀ ਥਾਂ, ਜਥੇਦਾਰ ਬ੍ਰਾਹਮਣੀ ਕ੍ਰਮਕਾਂਡਾਂ ਰਾਹੀਂ ਸਾਰਨਾ ਚਾਹੁੰਦੇ ਹਨ ਬੁੱਤਾ
* ਪੰਜਾਬ ਵਿੱਚ ਭਾਈ ਰਾਜੋਆਣਾ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ: ਬਾਦਲ
* ਇਨ੍ਹਾਂ ਭੋਲਿਆਂ ਨੂੰ ਕੌਣ ਸਮਝਾਏ ਕਿ ਜੇ ਪਟਿਆਲਾ ਦੀ ਥਾਂ ਚੰਡੀਗੜ੍ਹ ਦੀ ਜੇਲ੍ਹ ਵਿੱਚ ਲਿਜਾ ਕੇ ਫਾਂਸੀ ਦੇ ਦਿੱਤੀ ਤਾਂ ਇਸ ਨਾਲ ਸਾਨੂੰ ਕੀ ਫਾਇਦਾ ਹੋਵੇਗਾ

ਜਿਹੜੀ ਭਾਰਤੀ ਪ੍ਰਜਾਤੰਤਰ ਅਤੇ ਸਰਕਾਰ ਸਿੱਖਾਂ ਦੀ ਗ਼ੈਰਤ ਖਤਮ ਕਰਨ ਲਈ ਉਨ੍ਹਾਂ ਤੇ ਆਏ ਦਿਨ ਜੁਲਮ ਕਰ ਰਹੀ ਹੈ ਅਤੇ ਪ੍ਰਸ਼ਾਸ਼ਨ ਤੇ ਅਦਾਲਤੀ ਸਿਸਟਮ ਸਿੱਖਾਂ ਨੂੰ ਇਨਸਾਫ਼ ਦੇਣ ਤੋਂ ਸਿਰਫ ਅਸਮਰਥ ਹੀ ਨਹੀਂ ਬਲਕਿ ਇਨਸਾਫ ਤੇ ਅਜਾਦੀ ਦੀ ਮੰਗ ਕਰ ਰਹੇ ਸਿੰਘਾਂ ਨੂੰ ਫਾਂਸੀ ਤੇ ਲਟਕਾਉਣ ਲਈ ਕਾਨੂੰਨੀ ਰਾਹ ਪੱਧਰਾ ਕਰਨ ਦੇ ਆਹਰ ਵਿੱਚ ਲੱਗੀ ਰਹਿੰਦੀ ਹੈ, ਉਸ ਅੱਗੇ ਕਿਸੇ ਵੀ ਤਰ੍ਹਾਂ ਝੁਕਣ ਜਾਂ ਰਹਿਮ ਦੀਆਂ ਅਪੀਲਾਂ ਕਰਨ ਤੋਂ ਦ੍ਰਿੜਤਾ ਨਾਲ ਕੋਰੀ ਨਾਂਹ ਕਰਕੇ ਸ਼ਹੀਦੀ ਦੇਣ ਨੂੰ ਤਰਜੀਹ ਦੇਣ ਦਾ ਸ਼ਾਲਾਘਾਯੋਗ ਫੈਸਲਾ ਅਤੇ ਕਰਮਕਾਂਡੀ ਸਾਧ ਲਾਣੇ ਨੂੰ ਮਿਲਣ ਤੋਂ ਕੋਰੀ ਨਾਂਹ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਜ਼ਮੀਰ ਦੀ ਆਵਾਜ਼ ਦੇਸ਼ ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਵੱਸ ਰਹੇ ਜਿਸ ਵੀ ਸਿੱਖ ਪਾਸ ਪਹੁੰਚੀ ਹੈ ਉਹ ਤਾਂ ਕੌਮੀ ਫਰਜਾਂ ਪ੍ਰਤੀ ਜਾਗਰੂਕ ਅਤੇ ਸਰਕਾਰੀ ਤੰਤਰ ਵਿਰੁਧ ਰੋਹ ਨਾਲ ਭਰ ਗਿਆ ਹੈ ਪਰ ਸਾਡੇ ਆਗੂ ਤੇ ਅਖੌਤੀ ਜਥੇਦਾਰ ਸਿਰਫ ਬਿਆਨਬਾਜ਼ੀ ਅਤੇ ਬ੍ਰਾਹਮਣੀ ਕਰਮਕਾਂਡਾਂ ਨਾਲ ਹੀ ਬੁੱਤਾ ਸਾਰਨ ਵਿੱਚ ਲੱਗੇ ਹੋਏ ਹਨ।

ਇਸ ਦਾ ਇੱਕ ਸਬੂਤ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤ੍ਰਲੋਚਨ ਸਿੰਘ 19 ਮਾਰਚ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਭਾਈ ਰਾਜੋਆਣਾ ਨੂੰ ਮਿਲਣ ਗਏ। ਭਾਈ ਸਾਹਿਬ ਨੇ ਤਾਂ ਆਪਣੇ ਪੁਰਾਣੇ ਹੀ ਸਟੈਂਡ ਪ੍ਰਤੀ ਹੋਰ ਦ੍ਰਿੜਤਾ ਵਿਖਾਉਂਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਭਾਰਤ ਦੇ ਬੇਇਨਸਾਫ਼ ਅੰਜ਼ਾਮ ਅਗੇ ਉਹ ਕਿਸੇ ਵੀ ਹਾਲਤ ਵਿੱਚ ਝੁਕਣਗੇ ਨਹੀਂ। ਭਾਈ ਸਾਹਿਬ ਨੇ ਜਥੇਦਾਰਾਂ ਅੱਗੇ ਆਪਣਾ ਦ੍ਰਿੜਤਾ ਭਰਪੂਰ ਫੈਸਲਾ ਦੁਹਰਾਅ ਦਿੱਤਾ ਕਿ ਉਨ੍ਹਾਂ ਦੀ ਸਜਾ ਮੁਆਫੀ ਲਈ ਕੋਈ ਵੀ ਜਥੇਬੰਦੀ ਅਪੀਲ ਦਲੀਲ ਜਾਂ ਵਕੀਲ ਨਾ ਕਰੇ ਸਗੋਂ ਕੌਮ ਨੂੰ ਇਨਸਾਫ਼ ਤੇ ਅਜਾਦੀ ਲੈਣ ਲਈ ਤਿਆਰ ਕੀਤਾ ਜਾਵੇ। ਪਰ ਜਥੇਦਾਰ ਸਾਹਿਬਾਨ ਉਹੀ ਬ੍ਰਾਹਮਣੀ ਕ੍ਰਮਕਾਂਡ ਕਰਦੇ ਹੋਏ ਦਰਬਾਰ ਸਾਹਿਬ ਦੇ ਸਰੋਵਰ ਚੋਂ ਦੋ ਕੈਨੀਆਂ ਜਲ ਦੀਆਂ ਲੈ ਗਏ, ਜਿਸ ਵਿੱਚੋਂ ਕੁਝ ਜਲ ਉਨ੍ਹਾਂ ਪਿਲਾਉਣ ਤੋਂ ਇਲਾਵਾ ਬਾਕੀ ਦੇ ਜਲ ਨਾਲ ਉਨ੍ਹਾਂ ਨੂੰ ਫਾਂਸੀ ਤੇ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰਨ ਅਤੇ ਫਾਂਸੀ ਦੇ ਤਖ਼ਤੇ ਤੇ ਉਸ ਜਲ ਦੇ ਛਿੱਟੇ ਮਾਰਨ ਦੀ ਹਦਾਇਤ ਕਰ ਆਏ। ਜੇਲ੍ਹ ਤੋਂ ਬਾਹਰ ਆ ਕੇ ਉਨ੍ਹਾਂ ਨੇ ਪ੍ਰੈੱਸ ਨੂੰ ਬਿਆਨ ਦੇ ਦਿੱਤਾ ਕਿ ਬੇਸ਼ੱਕ ਭਾਈ ਰਾਜੋਆਣਾ ਕਿਸੇ ਅਪੀਲ ਕਰਨ ਤੋਂ ਕੋਰੀ ਨਾਂਹ ਕਰਕੇ ਸ਼ਹੀਦੀ ਦੇਣ ਦੇ ਆਪਣੇ ਫੈਸਲੇ ਤੇ ਕਾਇਮ ਹਨ, ਪਰ ਉਨ੍ਹਾਂ ਦੀ ਜਾਨ ਬਚਾਉਣ ਲਈ ਅਕਾਲ ਤਖ਼ਤ ਆਪਣੇ ਤੌਰ ਤੇ ਅਪੀਲ ਕਰ ਸਕਦਾ ਹੈ। ਇਸ ਸਬੰਧੀ 20 ਮਾਰਚ ਨੂੰ 5 ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਜਾਵੇਗਾ।

ਅੱਜ ਸ਼ਾਮੀ ਇਸ ਫੈਸਲੇ ਦੀ ਜਾਣਕਾਰੀ ਲੈਣ ਲਈ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਕਿਸੇ ਕੰਮ ਵਿੱਚ ਮਸ਼ਰੂਫ ਹੋਣ ਕਰਕੇ ਫ਼ੋਨ ਉਨ੍ਹਾਂ ਦੇ ਪੀ.ਏ. ਪੁੱਤਰ ਨੇ ਸੁਣਿਆ। ਉਨ੍ਹਾਂ ਤੋਂ ਅੱਜ ਦੀ ਮੀਟਿੰਗ ਵਿੱਚ ਹੋਏ ਫੈਸਲੇ ਸਬੰਧੀ ਜਾਣਕਾਰੀ ਮੰਗੀ ਗਈ। ਉਨ੍ਹਾਂ ਦੱਸਿਆ ਕਿ ਪੰਜਾਂ ਦੀ ਮੀਟਿੰਗ ਵਿੱਚ ਭਾਈ ਰਾਜੋਆਣਾ ਵਲੋਂ ਲਏ ਗਏ ਸਟੈਂਡ ਦੀ ਸ਼ਲਾਘਾ ਕੀਤੀ ਗਈ। 23 ਮਾਰਚ ਨੂੰ ਸਾਰੇ ਗੁਰਦੁਆਰਿਆਂ ਵਿੱਚ ਆਖੰਡਪਾਠ ਦਾ ਪ੍ਰਕਾਸ਼ ਕਰਕੇ 25 ਮਾਰਚ ਨੂੰ ਭੋਗ ਪਾ ਕੇ ਅਰਦਾਸ ਕੀਤੀ ਜਾਵੇਗੀ। 23 ਮਾਰਚ ਨੂੰ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਸੱਦ ਲਈ ਗਈ ਹੈ ਜਿਨ੍ਹਾਂ ਦੇ ਸੁਝਾਉ ਆਉਣ ਤੇ ਅਗਲਾ ਫੈਸਲਾ ਲਿਆ ਜਾਵੇਗਾ।

ਸੋਚਣ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਚੰਡੀਗੜ੍ਹ ਦੀ ਅਦਾਲਤ ਨੇ ਅੱਜ ਭਾਈ ਬਲਵੰਤ ਸਿੰਘ ਰਾਜੋਆਣਾ ਦੀ 31 ਮਾਰਚ ਨੂੰ ਫਾਂਸੀ ਤੇ ਪੱਕੀ ਮੋਹਰ ਲਾਉਂਦਿਆਂ ਮੁੜ ਇਹ ਹੁਕਮ ਜਾਰੀ ਕਰ ਦਿੱਤਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਹਰ ਹਾਲਤ ਵਿਚ 31 ਮਾਰਚ ਨੂੰ ਸਵੇਰੇ 9 ਵਜੇ ਫਾਂਸੀ ਤੇ ਲਟਕਾ ਦਿਤਾ ਜਾਵੇ। ਅਦਾਲਤ ਨੇ ਕਿਸੇ ਹੋਰ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਚੰਡੀਗੜ੍ਹ ਅਦਾਲਤ ਦੇ ਮਾਮਲੇ ਵਿਚ ਕਿਸੇ ਹੋਰ ਜੇਲ੍ਹ ਵਿਚ ਵੀ ਫਾਂਸੀ ਦਿਤੀ ਜਾ ਸਕਦੀ ਹੈ, ਜਿਥੇ ਮੁਜ਼ਰਮ ਬੰਦ ਹੋਵੇ। ਚੰਡੀਗੜ੍ਹ ਦੀ ਅਦਾਲਤ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੁੜ ਤੋਂ ਫਾਂਸੀ ਲਈ ਹੁਕਮ ਜਾਰੀ ਹੋਣ ਨਾਲ ਹੁਣ ਇਹ ਅਟਕਲਾਂ ਖਤਮ ਹੋ ਗਈਆਂ ਹਨ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੀ ਜਾਵੇਗੀ ਜਾਂ ਨਹੀਂ? ਪਰ ਦੂਸਰੇ ਪਾਸੇ ਸਾਡੇ ਜਥੇਦਾਰ ਬ੍ਰਹਮਣਾਂ ਵਾਂਗ ਸਭ ਦੁੱਖਾਂ ਦੀ ਦਾਰੂ ਗੰਗਾ ਜਲ ਅਤੇ ਮੰਤਰ ਪੜ੍ਹਨ ਨੂੰ ਹੀ ਸਮਝਣ ਦੀ ਤਰ੍ਹਾਂ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਵਾ ਕੇ ਅਤੇ ਅਖੰਡਪਾਠਾਂ ਦੇ ਰਸਮੀ ਭੋਗਾਂ ਦਾ ਐਲਾਨ ਕਰਕੇ ਬ੍ਰਾਹਮਣਵਾਦ ਤੇ ਪੱਕੀ ਮੋਹਰ ਲਾ ਰਹੇ ਹਨ।
ਪੀਏ ਸਾਹਿਬ ਨੂੰ ਮੈਂ ਆਪਣੇ ਵਲੋਂ ਇਹ ਸੁਝਾਉ ਜਥੇਦਾਰ ਸਾਹਿਬ ਤੱਕ ਪਹੁੰਚਾਉਣ ਦੀ ਬੇਨਤੀ ਕੀਤੀ ਕਿ ਬ੍ਰਹਮਣੀ ਕਰਮਕਾਂਡ ਦਾ ਤਿਆਗ ਕਰਕੇ ਜੇ ਕਰ ਕੋਈ ਠੋਸ ਕਾਰਵਾਈ ਕਰਨ ਚਾਹੁੰਦੇ ਹੋ ਤਾਂ:

  1. ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਹਦਾਇਤ ਕੀਤੀ ਜਾਵੇ ਕਿ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਵਿੱਚ ਤੁਰੰਤ ਇਹ ਮਤਾ ਪਾਸ ਕਰਵਾਉਣ ਕਿ ਜਿਹੜੀ ਸਰਕਾਰ ਅਤੇ ਅਦਾਲਤਾਂ 27 ਸਾਲਾਂ ਤੋਂ ਸਿੱਖਾਂ ਨੂੰ ਕੋਈ ਇਨਸਾਫ ਦਿਵਾਉਣ ਵਿੱਚ ਅਸਮਰਥ ਹਨ ਉਸ ਨੂੰ ਕੋਈ ਹੱਕ ਨਹੀਂ ਕਿ ਉਹ ਬੇਅੰਤ ਸਿੰਘ ਵਰਗੇ ਸਰਕਾਰੀ ਅਤਿਵਾਦ ਫੈਲਾਉਣ ਵਾਲੇ ਵਿਅਕਤੀ ਨੂੰ ਕਤਲ ਕਰਨ ਵਾਲੇ ਸਿੱਖ ਨੂੰ ਫਾਂਸੀ ਤੇ ਲਟਕਾਉਣ। ਸਿੱਖਾਂ ਨੂੰ ਇਨਸਾਫ ਦੇਣ ਦੀ ਥਾਂ ਜੇ ਕਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੀ ਗਈ ਤਾਂ ਸਿੱਖਾਂ ਦੇ ਜ਼ਜ਼ਬਾਤ ਭੜਕ ਸਕਦੇ ਹਨ ਜਿਸ ਨੂੰ ਕਾਬੂ ਕਰਨਾ ਇਕ ਕੌਮੀ ਸਮੱਸਿਆ ਬਣ ਜਾਵੇਗੀ। ਇਸ ਲਈ ਦੇਸ਼ ਦੇ ਹਿੱਤ ਵਿਚ ਹੋਵੇਗਾ ਕਿ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕੀਤੀ ਜਾਵੇ।

  2. ਸਾਡਾ ਦੋਸ਼ ਹੈ ਕਿ ਕੇਂਦਰ ਸਰਕਾਰ ਸਿੱਖਾਂ ਦੇ ਕਾਤਲਾਂ ਨੂੰ ਸਜਾ ਦੇਣ ਦੀ ਥਾਂ ਉਨ੍ਹਾਂ ਨੂੰ ਉਚ ਅਹੁੱਦਿਆਂ ਨਾਲ ਨਿਵਾਜ਼ ਕੇ ਸਿੱਖਾਂ ਵਿੱਚ ਬੇਗਾਨਗੀ ਦਾ ਅਹਿਸਾਸ ਪੈਦਾ ਕਰ ਰਹੀ ਹੈ। ਪਰ ਕੀ ਇਹ ਸੱਚ ਨਹੀਂ ਕਿ ਸਾਡੀ ਆਪਣੀ ਅਕਾਲੀ ਸਰਕਾਰ 1997 ਦੀਆਂ ਚੋਣਾਂ ਵਿੱਚ ਚੋਣ ਵਾਅਦਾ ਕਰਨ ਪਿਛੋਂ ਵੀ ਹਜਾਰਾਂ ਸਿੱਖਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਖੁਰਦ ਬੁਰਦ ਕਰਨ ਵਾਲਿਆਂ ਨੂੰ ਸਜਾਵਾਂ ਦੇਣ ਦੀ ਥਾਂ ਉਨ੍ਹਾਂ ਨੂੰ ਅਹੁੱਦਿਆਂ ਅਤੇ ਸੇਵਾ ਮੁਕਤੀ ਪਿੱਛੋਂ ਟਿਕਟਾਂ ਨਾਲ ਨਿਵਾਜ ਰਹੀ ਹੈ। ਸਾਡੇ ਆਪਣਿਆਂ ਦਾ ਇਹ ਵਤੀਰਾ ਵੇਖ ਕੇ ਸਾਡੀ ਦੁਸ਼ਮਣ ਕਾਂਗਰਸ ਪਾਰਟੀ ਦਾ ਮਨੋਬਲ ਹੋਰ ਉੱਚਾ ਹੋ ਰਿਹਾ ਕਿ ਸਿੱਖ ਤਾਂ ਸਿਆਸੀ ਕਾਰਣਾਂ ਕਰਕੇ ਕਾਂਗਰਸ ਵਿਰੋਧੀ ਬਿਆਨਬਾਜ਼ੀ ਕਰ ਰਹੇ ਹਨ। ਜੇ ਸਿੱਖਾਂ ਦੇ ਕਾਤਲਾਂ ਨੂੰ ਪੰਜਾਬ ਵਿੱਚ ਹੀ ਅਹੁੱਦਿਆਂ ਨਾਲ ਨਿਵਾਜ਼ਿਆ ਜਾ ਰਿਹਾ ਹੈ ਤਾਂ ਇਨ੍ਹਾਂ ਨੂੰ ਕੇਂਦਰ ਵਿੱਚ ਕਾਂਗਰਸ ਪਾਰਟੀ ਵਲੋਂ ਨਿਵਾਜ਼ੇ ਜਾ ਰਹੇ ਕਾਤਲਾਂ ਪ੍ਰਤੀ ਵੀ ਕੋਈ ਰੋਸ ਨਹੀਂ ਹੈ। ਇਨ੍ਹਾਂ ਹਾਲਤਾਂ ਵਿੱਚ ਜਦ ਤਕ ਸਾਡੇ ਆਪਣੇ ਸਾਨੂੰ ਇਨਸਾਫ਼ ਦੇਣ ਲਈ ਤਿਆਰ ਨਹੀਂ ਉਤਨੀ ਦੇਰ ਦੁਸ਼ਮਣ ਤੋਂ ਇਨਸਾਫ ਦੀ ੳਮੀਦ ਰੱਖਣੀ ਬੇਮਾਹਣੀ ਹੈ। ਸੋ ਇਹ ਭ੍ਰਮ ਦੂਰ ਕਰਨ ਲਈ ਮੁੱਖ ਮੰਤਰੀ ਨੂੰ ਹਦਾਇਤ ਕੀਤੀ ਜਾਵੇ ਕਿ ਸੁਮੇਧ ਸੈਣੀ ਨੂੰ ਤੁਰੰਤ ਡੀਜੀਪੀ ਦੇ ਅਹੁੱਦੇ ਤੋਂ ਹਟਾਇਆ ਜਾਵੇ ਅਤੇ ਹਾਈ ਕੋਰਟ ਦੀਆਂ ਹਦਾਇਤਾਂ ਉਪ੍ਰੰਤ ਸੀਬੀਆਈ ਵੱਲੋਂ ਪੜਤਾਲ ਕਰਕੇ ਪਹਿਲਾਂ ਤੋਂ ਦਰਜ ਹੋਏੇ ਕੇਸ ਨੂੰ ਚਲਾਉਣ ਦੀ ਆਗਿਆ ਦਿੱਤੀ ਜਾਵੇ। ਐਡਵੋਕੇਟ ਜਸਵੰਤ ਸਿੰਘ ਖਾਲੜਾ ਅਤੇ ਭਾਈ ਗੁਰਦੇਵ ਸਿੰਘ ਕਾਉਂਕੇ ਸਮੇਤ 25 ਹਜਾਰ ਲਾਵਰਸ ਲਾਸ਼ਾਂ ਬਣਾਉਣ ਵਾਲੇ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਵਿਰੁਧ ਕੇਸ ਚਲਾਏ ਜਾਣ।

ਜੇ ਕਰ ਅਸੀਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਤੋਂ ਇਹ ਦੋਵੇਂ ਗੱਲਾਂ ਮਨਾਉਣ ਵਿੱਚ ਕਾਮਯਾਬ ਹੋ ਗਏ ਤਾਂ ਇਸ ਦਾ ਅਸਰ ਸਾਡੀ ਦੁਸ਼ਮਣ ਕਾਂਗਰਸ ਪਾਰਟੀ ਦੀ ਸਰਕਾਰ ਤੇ ਵੀ ਪਵੇਗਾ ਜਿਸ ਸਦਕਾ ਉਹ ਸਾਨੂੰ ਇਨਸਾਫ਼ ਦੇਣ ਲਈ ਮਜ਼ਬੂਰ ਹੋਣਗੇ। ਪਰ ਜੇ ਕਰ ਅਸੀਂ ਆਪਣੇ ਹੀ ਮੁੱਖ ਮੰਤਰੀ ਸ: ਬਾਦਲ ਤੋਂ ਇਹ ਫੈਸਲੇ ਨਾ ਕਰਵਾ ਸਕੇ ਤਾਂ ਕੇਂਦਰ ਸਰਕਾਰ ਵੀ ਸਮਝ ਜਾਵੇਗੀ ਕਿ ਅਕਾਲੀ ਆਗੂਆਂ ਅਤੇ ਜਥੇਦਾਰਾਂ ਦੇ ਬਿਆਨਾਂ ਵਿੱਚ ਕੋਈ ਤੰਤ ਨਹੀਂ ਹੈ ਤੇ ਇਹ ਕੇਵਲ ਮੂੰਹ ਕਾ ਕਹਿਆ ਵਾਉ ਦੀ ਤਰ੍ਹਾਂ ਹੀ ਹਨ। ਇਸ ਹਾਲਤ ਵਿੱਚ ਅਸੀਂ ਕੁਝ ਦਿਨਾਂ ਦੀ ਕਾਵਾਂ ਰੌਲੀ ਪਾਉਣ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਕਰ ਸਕਾਂਗੇ।
ਇਹ ਸੁਝਾਉ ਸੁਣ ਕੇ ਪੀਏ ਸਾਹਿਬ ਕਹਿਣ ਲੱਗੇ ਕਿ ਇਹ ਕੰਮ ਬਾਅਦ ਵਿੱਚ ਹੋ ਜਾਣਗੇ ਪਹਿਲਾਂ ਭਾਈ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕਰਵਾ ਲਈਏ। ਉਸ ਨੂੰ ਦੱਸਿਆ ਗਿਆ ਕਿ ਜੇ ਅਸੀਂ ਆਪਣਿਆਂ ਤੋਂ ਹੀ ਇਨਸਾਫ਼ ਨਾ ਲੈ ਸਕੇ ਤਾਂ ਬੇਗਾਨਿਆਂ ਤੋਂ ਇਨਸਾਫ਼ ਲੈਣ ਦੀ ਉਮੀਦ ਸਿਰਫ ਬੇ-ਮਾਅਣੀ ਹੀ ਨਹੀਂ ਸਗੋਂ ਸ਼ੇਖ਼ ਚਿੱਲੀ ਵਾਲੀ ਮੂਰਖਤਾ ਵੀ ਹੈ। ਪੀਏ ਸਾਹਿਬ ਕਹਿਣ ਲੱਗੇ ਬਾਦਲ ਸਾਹਿਬ ਦਾ ਅੱਜ ਦਾ ਬਿਆਨ ਪੜ੍ਹ ਕੇ ਵੇਖੋ! ਉਨ੍ਹਾਂ ਕਹਿ ਦਿੱਤਾ ਹੈ ਕਿ ਪੰਜਾਬ ਵਿੱਚ ਭਾਈ ਰਾਜੋਆਣਾ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ।

ਹੁਣ ਇਨ੍ਹਾਂ ਭੋਲ਼ਿਆਂ ਨੂੰ ਕੌਣ ਸਮਝਾਏ ਕਿ ਜੇ ਪਟਿਆਲਾ ਦੀ ਥਾਂ ਚੰਡੀਗੜ੍ਹ ਦੀ ਜੇਲ੍ਹ ਵਿੱਚ ਲਿਜਾ ਕੇ ਫਾਂਸੀ ਦੇ ਦਿੱਤੀ ਤਾਂ ਇਸ ਨਾਲ ਸਾਨੂੰ ਕੀ ਫਾਇਦਾ ਹੋਵੇਗਾ।

ਕਿਰਪਾਲ ਸਿੰਘ ਬਠਿੰਡਾ
(ਮੋਬ:) 9855480797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top