Share on Facebook

Main News Page

ਸਮੁੱਚੀਆਂ ਪੰਥਕ ਧਿਰਾਂ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਣ ਲਈ ਇੱਕ ਨੁਮਾਇੰਦਾ ਪੰਥਕ ਇੱਕੱਠ 21 ਮਾਰਚ ਨੂੰ

* ਫਾਂਸੀ ਦੀ ਸਜਾ ਨੂੰ ਪ੍ਰਵਾਨ ਕਰਨ ਤੋਂ ਪਿਛੋਂ ਪੈਦਾ ਹੋਈ ਸਥਿਤੀ ਦੀ ਗੰਭੀਰਤਾ ਨੂੰ ਡੂੰਘਾਈ ਨਾਲ ਸਮਝ ਕੇ ਕੌਮ ਦੇ ਉੱਜਲੇ ਭਵਿਖ ਅਤੇ ਸਦੀਵੀ ਇਨਸਾਫ ਵਾਸਤੇ ਕੋਈ ਠੋਸ ਪ੍ਰੋਗਰਾਮ ਉਲੀਕਿਆ ਜਾਏ

ਬਠਿੰਡਾ, 19 ਮਾਰਚ (ਕਿਰਪਾਲ ਸਿੰਘ) ਬੀਤੇ ਦਿਨ ਭਾਈ ਗੁਰਦਾਸ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਹੋਈ ਪੰਥਕ ਜਥੇਬੰਦੀਆਂ ਦੀ ਸਾਂਝੀ ਇਕੱਤਰਤਾ ਨੇ ਮਹਿਸੂਸ ਕੀਤਾ ਹੈ ਕਿ ਭਾਈ ਰਾਜੋਆਣਾ ਦੀ ਫਾਂਸੀ ਸਬੰਧੀ ਪੈਦਾ ਹੋਈ ਆਪਾ ਧਾਪੀ ਨੂੰ ਖ਼ਤਮ ਕਰਕੇ ਭਾਈ ਰਾਜੋਆਣਾ ਵੱਲੋਂ ਹਿੰਦ ਹਕੂਮਤ ਦੇ ਅਨਿਆ ਵਿਰੁਧ ਰੋਸ ਪ੍ਰਗਟ ਕਰਦਿਆਂ ਕੋਈ ਅਪੀਲ ਨਾ ਕਰਕੇ, ਫਾਂਸੀ ਦੀ ਸਜਾ ਨੂੰ ਪ੍ਰਵਾਨ ਕਰਨ ਤੋਂ ਪਿਛੋਂ ਪੈਦਾ ਹੋਈ ਸਥਿਤੀ ਦੀ ਗੰਭੀਰਤਾ ਨੂੰ ਡੂੰਘਾਈ ਨਾਲ ਸਮਝ ਕੇ ਕੌਮ ਦੇ ਉੱਜਲੇ ਭਵਿਖ ਅਤੇ ਸਦੀਵੀ ਇਨਸਾਫ ਵਾਸਤੇ ਕੋਈ ਠੋਸ ਪ੍ਰੋਗਰਾਮ ਉਲੀਕਿਆ ਜਾਏ।

ਇਸ ਇਕੱਤਰਤਾ ਵਲੋਂ ਲਏ ਗਏ ਫੈਸਲੇ ਦੀ ਜਾਣਕਾਰੀ ਦਿੰਦਿਆਂ ਗਿਆਨੀ ਜਗਤਾਰ ਸਿੰਘ ਜਾਚਕ ਨੇ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਹਿੰਦ ਨਜ਼ਾਮ ਵੱਲੋਂ ਫਾਂਸੀ ਦੀ ਸਜਾ ਦੇ ਹੁਕਮ ਸੁਣਾਏ ਜਾਣ ਉਪਰੰਤ ਪੂਰੇ ਸਿੱਖ ਜਗਤ ਅੰਦਰ ਰੋਹ ਦੀ ਜਵਾਲਾ ਪ੍ਰਬਲ ਹੋ ਉਠੀ ਹੈ। ਸਾਰੀਆਂ ਪੰਥਕ ਜਥੇਬੰਦੀਆਂ ਅਤੇ ਸੁਚੇਤ ਸਿੱਖ ਆਪਣਾ ਰੋਹ ਪ੍ਰਗਟ ਕਰਨ ਲਈ ਵਖਰੇ ਵਖਰੇ ਤੌਰ ਤੇ ਜਦੋ ਜਹਿਦ ਆਰੰਭ ਕਰ ਚੁੱਕੇ ਹਨ। ਲੇਕਿਨ ਭਾਈ ਰਾਜੋਆਣਾ ਦਾ ਕੌਮੀ ਕਾਰਜ ਅਤੇ ਉਨ੍ਹਾ ਨੂੰ ਮਿਲੀ ਫਾਂਸੀ ਦੀ ਸਜਾ ਦਾ ਸਬੰਧ ਸਮੁੱਚੇ ਸਿੱਖਾਂ ਦੀਆਂ ਭਾਵਨਾਂ ਨਾਲ ਜੁੜਿਆ ਹੋਣ ਕਰਕੇ, ਇੱਕਠੇ ਹੋ ਕੇ ਹੰਭਲਾ ਮਾਰਨ ਦੀ ਵੰਗਾਰ ਦੇ ਰਿਹਾ ਹੈ।
ਇਸ ਲਈ ਸਮੁਚੀਆਂ ਪੰਥਕ ਧਿਰਾਂ, ਜਿਵੇਂ ਤਖ਼ਤ ਸਾਹਿਬਾਨਾਂ ਦੇ ਮਜੂਦਾ ਤੇ ਸਾਬਕਾ ਜਥੇਦਾਰ ਸਹਿਬਾਨ, ਸ੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸਾਰੇ ਅਕਾਲੀ ਧੜੇ, ਸਾਰੀਆਂ ਟਕਸਾਲਾਂ, ਸਿੰਘ ਸਭਾਵਾਂ, ਸਿੱਖ ਫੈਡਰੇਸ਼ਨਾਂ, ਕਿਸਾਨ ਯੂਨੀਅਨਾਂ, ਨਿਹੰਗ ਜਥੇਬੰਦੀਆਂ, ਸਿੱਖ ਵਿਦਵਾਨਾਂ ਅਤੇ ਗੁਰੂ ਪਿਆਰ ਰੰਗੀਆਂ ਰੂਹਾਂ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਣ ਲਈ ਇੱਕ ਨੁਮਾਇੰਦਾ ਪੰਥਕ ਇੱਕੱਠ 21 ਮਾਰਚ ਬੁਧਵਾਰ ਨੂੰ ਭਾਈ ਗੁਰਦਾਸ ਹਾਲ, ਸ਼੍ਰੀ ਅੰਮ੍ਰਿਤਸਰ ਵਿਖੇ ਸਵੇਰੇ 11 ਵਜੇ ਬੁਲਾਇਆ ਗਿਆ ਹੈ।

ਇਸ ਇਕੱਠ ਦੀ ਤਿਆਰੀ ਅਤੇ ਤਾਲਮੇਲ ਕਰਨ ਸਬੰਧੀ ਇੱਕ ਨੌ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸ੍ਰੀ ਅੰਮ੍ਰਿਤਸਰ ਦੇ ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਜਸਬੀਰ ਸਿੰਘ ਖੰਡੂਰ, ਸੁਤੰਤਰ ਅਕਾਲੀ ਦਲ ਦੇ ਭਾਈ ਪਰਮਜੀਤ ਸਿੰਘ ਸਹੋਲੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਰਨੈਲ ਸਿੰਘ ਮੀਰ ਮੁਹੰਮਦ, ਦਿੱਲੀ ਅਕਾਲੀਦਲ ਪੰਜਾਬ ਦੇ ਬਲਵਿੰਦਰ ਸਿੰਘ ਭੁੱਲਰ, ਸਿੱਖ ਐਮ.ਪੀਜ਼ ਵੱਲੋਂ ਭਾਈ ਧਿਆਨ ਸਿੰਘ ਮੰਡ, ਸਿੱਖ ਬੁਧੀਜੀਵੀ ਵਰਗ ਵਲੋਂ ਗਿਆਨੀ ਜਗਤਾਰ ਸਿੰਘ ਜਾਚਕ, ਯੂਨਾਈਟਿਡ ਸਿੱਖ ਮੂਵਮੈਂਟ ਦੇ ਭਾਈ ਸੂਰਤ ਸਿੰਘ ਖ਼ਾਲਸਾ ਅਤੇ ਸੰਤ ਸਮਾਜ ਵੱਲੋਂ ਭਾਈ ਸ਼ਮਸ਼ੇਰ ਸਿੰਘ ਜਗੇੜਾ ਨੂੰ ਸ਼ਾਮਲ ਕੀਤਾ ਗਿਆ ਹੈ।

ਗਿਆਨੀ ਜਗਤਾਰ ਸਿੰਘ ਜਾਚਕ ਨੇ ਦੱਸਿਆ ਕਿ ਇਹ ਕਮੇਟੀ ਜਥੇਬੰਦਕ ਤਾਲਮੇਲ ਲਈ ਪੰਜਾਬ ਭਰ ਦਾ ਦੌਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਸਿੱਖ ਧਾਰਮਿਕ ਮੁਖੀਆਂ ਤੋਂ ਇਲਾਵਾ ਬਾਦਲ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਅਵਤਾਰ ਸਿੰਘ ਅਤੇ ਕਾਂਗਰਸ ਪ੍ਰਧਾਨ ਕੈਪਟਨ ਅਰਮਿੰਦਰ ਸਿੰਘ ਹੁਰਾਂ ਤੇ ਅਖਬਾਰਾਂ ਦੇ ਸਿੱਖ ਐਡੀਟਰਜ਼ ਨੂੰ ਵੀ ਮਿਲਣ ਦਾ ਯਤਨ ਕਰੇਗੀ। ਉਨ੍ਹਾਂ ਨੇ ਸਮੂਹ ਸਿੱਖ ਜਥੇਬੰਦੀਆਂ ਦੇ ਮੁਖੀਆਂ ਨੂੰ ਮੀਟਿੰਗ ਵਿੱਚ ਪਹੁੰਚਣ ਦੀ ਬੇਨਤੀ ਕਰਦਿਆਂ ਆਖਿਆ ਹੈ ਕਿ ਉਹ ਸਾਰੇ ਪੰਥ ਦਰਦੀ ਵੀਰਾਂ ਨੂੰ ਮਿਲਣ ਲਈ ਯਤਨਸ਼ੀਲ ਹਨ। ਪਰ, ਜੇ ਸਮੇਂ ਦੀ ਘਾਟ ਜਾਂ ਹੋਰ ਕਿਸੇ ਕਾਰਣ ਮੇਲ ਨਹੀਂ ਹੁੰਦਾ, ਤਾਂ ਵੀ ਉਹ ਗੁਰਸਿੱਖ ਹੋਣ ਨਾਤੇ ਆਪਣਾ ਫ਼ਰਜ਼ ਸਮਝਣ ਤੇ ਸਮੇਂ ਸਿਰ ਮੀਟਿੰਗ ਵਿੱਚ ਪਹੰਚਣ ਦੀ ਕ੍ਰਿਪਾਲਤਾ ਕਰਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top