Share on Facebook

Main News Page

ਭਾਈ ਰਾਜੋਆਣਾ ਦੀ ਸੰਭਾਵੀ ਸ਼ਹੀਦੀ ਕਰ ਰਹੀ ਹੈ ਪੁਰਾਤਨ ਸਿੱਖ ਇਤਿਹਾਸ ਨੂੰ ਤਰੋਤਾਜਾ

* ਸਾਡੇ ਕੌਮੀ ਸਿੱਖ ਆਗੂ ਇਸ ਸੰਭਾਵੀ ਸ਼ਹੀਦੀ ਰੋਕਣ ਲਈ ਦਬਾਉ ਬਣਾਉਣ ਲਈ ਕੌਮ ਨੂੰ ਕੋਈ ਪ੍ਰੋਗਰਾਮ ਦੇਣ ਦੀ ਥਾਂ ਅਖ਼ਬਾਰੀ ਬਿਆਨਬਾਜ਼ੀ ਕਰਕੇ ਅਤੇ ਅਰਦਾਸ ਦਿਵਸ ਮਨਾ ਕੇ ਕਰ ਰਹੇ ਹਨ ਖਾਨਾਪੂਰਤੀ
* ਜਿਹੜੀ ਬਾਦਲ ਸਰਕਾਰ ਮਾਨਸਕ ਰੋਗ ਤੋਂ ਪੀੜਤ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਅਰਜ਼ੀ ਵੀ ਉਸ ਨੂੰ ਖਤਰਨਾਕ ਅਪਰਾਧੀ ਦੱਸ ਕੇ ਨਾ-ਮਨਜੂਰ ਕਰਦੀ ਹੈ, ਕੀ ਉਸ ਤੋਂ ਕੋਈ ਆਸ ਰੱਖੀ ਜਾ ਸਕਦੀ ਹੈ, ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਵਾਉਣ ਲਈ ਕੋਈ ਕਦਮ ਉਠਾ ਸਕੇ

14 ਮਾਰਚ, ਜਿਸ ਦਿਨ ਬਾਦਲ ਦੀ ਅਖੌਤੀ ਪੰਥਕ (ਹੁਣ ਤਾਂ ਅਖੌਤੀ ਪੰਥਕ ਸ਼ਬਦ ਲਿਖਣ ਦੀ ਲੋੜ ਵੀ ਨਹੀਂ ਰਹੀ ਕਿਉਂਕਿ ਬਾਦਲ ਦਲ ਖੁਦ ਹੀ ਪੰਥਕ ਹੋਣ ਦਾ ਦਾਅਵਾ ਛੱਡ ਚੁੱਕਾ ਹੈ) ਪੰਜਾਬ ਦਾ 46 ਸਾਲਾ ਚੋਣ ਇਤਿਹਾਸ ਬਦਲਦਿਆਂ ਲਗਾਤਾਰ ਦੂਜੀ ਵਾਰ ਅਹੁੱਦੇ ਦੀ ਸਹੁੰ ਚੁੱਕ ਰਹੀ ਸੀ, ਦੇ ਸਵੇਰ ਦੇ ਅਖ਼ਬਾਰਾਂ ਵਿੱਚ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਕਤਲ ਕਾਂਡ ਦੇ ਨਾਇਕ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਦਾਲਤ ਵਲੋਂ ਫਾਂਸੀ ਦੇਣ ਦੀ 31 ਮਾਰਚ ਨਿਸਚਤ ਹੋਣ ਦੀ ਹਿਰਦੇਵੇਦਕ ਖ਼ਬਰ ਪੜ੍ਹਨ ਨੂੰ ਮਿਲੀ। ਅਤੇ ਅਹੁੱਦੇ ਦੀ ਸਹੁੰ ਚੁੱਕਣ ਦੇ ਤੁਰੰਤ ਬਾਅਦ ਕੀਤੀ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ, ਸਿੱਖਾਂ ਦੇ ਕਾਤਲ ਵਜੋਂ ਵਿਵਾਦਾਂ ਵਿੱਚ ਘਿਰੇ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਪੁਲਿਸ ਮੁਖੀ ਦੇ ਅਹੁੱਦੇ ਤੇ ਨਿਯੁਕਤ ਕੀਤੇ ਜਾਣ ਦੀ ਦੂਸਰੀ ਖ਼ਬਰ ਆ ਗਈ। ਇਹ ਦੋਵੇਂ ਖ਼ਬਰਾਂ ਸਿੱਖਾਂ ਦੇ 2-3 ਦਹਾਕੇ ਪੁਰਾਣੇ ਰਿਸਦੇ ਜਖ਼ਮਾਂ ਨੂੰ ਕੁਰੇਦ ਕੇ ਲੂਣ ਭੁੱਕਣ ਵਾਲੀਆਂ ਸਨ। ਪਰ ਬੀਤੇ ਸਮੇ ਵਿੱਚ ਕਾਂਗਰਸ ਸਰਕਾਰ ਵਲੋਂ ਸਿੱਖਾਂ ਤੇ ਵਹਿਸ਼ੀਆਣਾ ਜੁਲਮਾਂ ਸਬੰਧੀ ਮਗਰਮੱਛਾਂ ਵਾਲੇ ਹੰਝੂ ਕੇਰ ਕੇ ਵੋਟ ਵਟੋਰਨ ਵਾਲੇ ਉਹ ਅਕਾਲੀ ਆਗੂ ਧੰਨ ਹਨ ਜਿਹੜੇ ਇਸ ਦੁੱਖ ਨੂੰ ਮਹਿਸੂਸ ਕਰਨ ਦੀ ਥਾਂ ਬਾਦਲ ਨੂੰ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਦੀਆਂ ਵਧਾਈਆਂ ਦੇ ਰਹੇ ਸਨ ਤੇ ਸਾਰੇ ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਛਪਵਾਉਣ ਦੇ ਆਹਰ ਲੱਗੇ ਹੋਏ ਸਨ। ਇਸ ਅਤਿ ਅਫਸੋਸਨਾਕ ਵਰਤਾਰੇ ਨੂੰ ਵੇਖਦੇ ਹੋਏ, ਮੈਂ ਚਾਹੁੰਦੇ ਹੋਏ ਵੀ ਕੁਝ ਨਾ ਲਿਖ ਸਕਿਆ। ਕਾਰਣ ਇਹ ਸੀ ਕਿ ਇਨ੍ਹਾਂ ਦੋਵੇਂ ਕੇਸਾਂ ਸਬੰਧੀ ਪਹਿਲਾਂ ਹੀ ਬਹੁਤ ਕੁਝ ਲਿਖਿਆ ਜਾ ਚੁੱਕਾ ਸੀ ਪਰ ਜਿਨ੍ਹਾਂ ਲਈ ਵੈਣ ਪਾਉਂਦੇ ਇਹ ਲੇਖ ਤੇ ਪੁਸਤਕਾਂ ਲਿਖੀਆਂ ਗਈਆਂ ਸਨ, ਉਨ੍ਹਾਂ ਵਿੱਚੋਂ ਕਿਸੇ ਵੀ ਧਿਰ ਤੇ ਰੱਤੀ ਭਰ ਵੀ ਅਸਰ ਨਹੀਂ ਸੀ ਹੋਇਆ ਤੇ ਨਾ ਹੀ ਅੱਗੇ ਤੋਂ ਕੋਈ ਹੋਣ ਦੀ ਕੁਝ ਸੰਭਾਵਨਾ ਸੀ।

ਫੇਸ ਬੁੱਕ ਅਤੇ ਨਿਜੀ ਤੌਰ ਤੇ ਸੁਹਿਰਦ ਵੀਰਾਂ ਨੇ ਤਾਹਨੇ ਮਿਹਣੇ ਮਾਰਨ ਤੋਂ ਇਲਾਵਾ ਮੇਰਾ ਨਾ ਲੈ ਕੇ ਲਿਖਿਆ ਕਿ ਕਿਰਪਾਲ ਸਿੰਘ ਜੀ! ਤੁਹਾਡੇ ਕੋਲ ਤਾਂ ਤਕਰੀਬਨ ਸਾਰੇ ਹੀ ਕੌਮੀ ਆਗੂਆਂ ਤੇ ਜਥੇਦਾਰਾਂ ਦੇ ਫ਼ੋਨ ਨੰ: ਵੀ ਹਨ ਤੁਸੀਂ ਹੀ ਉਨ੍ਹਾਂ ਦੇ ਬਿਆਨ ਲੈ ਕੇ ਛਪਵਾਓ ਕਿ ਕੌਮ ਦੇ ਇਸ ਹੀਰੇ ਨੂੰ ਫਾਂਸੀ ਤੇ ਚੜ੍ਹਣ ਤੋਂ ਬਚਾਉਣ ਲਈ ਕੋਈ ਲਹਿਰ ਪੈਦਾ ਕੀਤੀ ਜਾਵੇ। ਮੈਨੂੰ ਪਤਾ ਸੀ ਕਿ ਜਿਸ ਤਰ੍ਹਾਂ ਦੀ ਲਹਿਰ ਭਾਈ ਬਲਵੰਤ ਸਿੰਘ ਜੀ ਰਾਜੋਮਾਜਰਾ ਖੜ੍ਹੀ ਕਰਨਾ ਚਾਹੁੰਦੇ ਹਨ ਉਹ ਲਹਿਰ ਖੜ੍ਹੀ ਕਰਨ ਦੀ, ਨਾ ਤਾਂ ਕਿਸੇ ਆਗੂ ਦੀ ਸਮਰੱਥਾ ਹੈ ਤੇ ਨਾ ਹੀ ਦਿਲਚਸਪੀ। ਮੈਨੂੰ ਇਹ ਵੀ ਪਤਾ ਹੈ ਕਿ ਜਿਹੜੇ ਆਗੂਆਂ ਦੀ ਜਮੀਰ ਨੂੰ ਭਾਈ ਰਾਜੋਆਣਾ ਵੱਲੋਂ ਅਦਾਲਤਾਂ ਵਿੱਚ ਦਿਤੇ ਬਿਆਨ ਅਤੇ ਲਿਖੀਆਂ ਜੇਲ੍ਹ ਚਿੱਠੀਆਂ ਨਹੀਂ ਜਗਾ ਸਕੀਆਂ ਉਨ੍ਹਾਂ ਦੀ ਮਰੀ ਹੋਈ ਜਮੀਰ ਨੂੰ ਮੇਰੇ ਵਰਗੇ ਨਾਚੀਜ਼ ਪੱਤਰਕਾਰਾਂ ਵੱਲੋਂ ਛਪਵਾਏ ਬਿਆਨਾਂ ਤੇ ਲੇਖਾਂ ਦਾ ਕੀ ਅਸਰ ਹੋਣਾ ਹੈ! ਇਸ ਸੰਭਾਵੀ ਸ਼ਹੀਦੀ ਦੇ ਮੱਦੇਨਜ਼ਰ ਕੌਮ ਨੂੰ ਕੋਈ ਪ੍ਰੋਗਰਾਮ ਦੇਣ ਦੀ ਥਾਂ ਇਨ੍ਹਾਂ ਆਗੂਆਂ ਨੇ ਵੱਧ ਤੋਂ ਵੱਧ ਜੋ ਕਰਨਾ ਹੈ ਅਖ਼ਬਾਰੀ ਬਿਆਨਬਾਜ਼ੀ ਕਰਕੇ ਅਤੇ ਅਰਦਾਸ ਦਿਵਸ ਮਨਾ ਕੇ ਖਾਨਾਪੂਰਤੀ ਹੀ ਕਰਨੀ ਹੈ। ਅਖੀਰ ਤੇ ਸੱਚੇ ਹੋਣ ਲਈ ਕਹਿਣਾ ਹੈ ਕਿ ਅਸੀਂ ਤਾਂ ਬਹੁਤ ਜੋਰ ਲਾਇਆ ਪਰ ਸਿੱਖਾਂ ਦੀ ਦੁਸ਼ਮਣ ਕੇਂਦਰ ਕਾਂਗਰਸ ਸਰਕਾਰ ਹੀ ਸਾਨੂੰ ਇਨਸਾਫ ਦੇਣ ਲਈ ਤਿਆਰ ਨਹੀਂ ਹੈਂ।

ਆਖਰ ਹੋਇਆ ਉਹੀ ਜਿਸ ਦੀ ਆਗੂਆਂ ਤੋਂ ਉਮੀਦ ਰੱਖੀ ਜਾ ਰਹੀ ਸੀ। ਉਨ੍ਹਾਂ ਵਲੋਂ 18 ਮਾਰਚ ਨੂੰ ਸਾਰੇ ਗੁਰਦੁਆਰਿਆਂ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜ੍ਹਦੀਕਲਾ ਲਈ ਅਰਦਾਸ ਕਰਨ ਦਾ ਫੈਸਲਾ ਕਰ ਲਿਆ ਗਿਆ। ਇਹ ਖ਼ਬਰ ਪੜ੍ਹ ਕੇ ਮੈਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਸੰਪਰਕ ਕਰਕੇ ਪੁੱਛਿਆ ਕਿ ਭਾਈ ਰਾਜੋਆਣਾ ਸਬੰਧੀ ਕੌਮ ਨੂੰ ਕੀ ਪ੍ਰੋਗਰਾਮ ਦੇ ਰਹੇ ਹੋ? ਉਨ੍ਹਾਂ ਬੜੇ ਮਾਣ ਨਾਲ ਦੱਸਿਆ ਕਿ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾ ਰਹੀ ਹੈ। ਪੁੱਛਿਆ ਗਿਆ ਅਰਦਾਸ ਤਾਂ ਇੱਕ ਵਿਖਾਵਾ ਹੈ। ਉਨ੍ਹਾਂ ਦੀ ਚੜ੍ਹਦੀ ਕਲਾ ਵਿੱਚ ਹੋਣ ਦਾ ਤਾਂ ਕਿਸੇ ਨੂੰ ਕੋਈ ਛੱਕ ਹੀ ਨਹੀਂ ਹੈ। ਲੋੜ ਹੈ ਆਗੂਆਂ ਅਤੇ ਕੌਮ ਵਿੱਚ ਚੜ੍ਹਦੀ ਕਲਾ ਲਿਆੳਣ ਦੀ। ਤੁਸੀਂ ਆਗੂਆਂ ਤੇ ਕੌਮ ਵਿੱਚ ਚੜ੍ਹਦੀਕਲਾ ਪੈਦਾ ਕਰਨ ਲਈ ਕੌਮ ਨੂੰ ਕੀ ਸੰਦੇਸ਼ ਜਾਂ ਪ੍ਰੋਗਰਾਮ ਦੇਣਾ ਚਾਹੁੰਦੇ ਹੋ? ਉਨ੍ਹਾਂ ਕਿਹਾ ਇਹ ਤਾਂ 18 ਮਾਰਚ ਨੂੰ ਅਰਦਾਸ ਮੌਕੇ ਪੰਥ ਇਕੱਠਾ ਹੋ ਰਿਹਾ ਹੈ, ਅਗਲਾ ਪ੍ਰੋਗਰਾਮ ਤਾਂ ਪੰਥ ਨੇ ਹੀ ਉਲੀਕਣਾ ਹੈ। ਪੁੱਛਿਆ ਗਿਆ ਤੁਸੀਂ ਅਰਦਾਸ ਕਰਨ ਦਾ ਪ੍ਰੋਗਰਾਮ ਕੌਮ ਨੂੰ ਦਿੱਤਾ ਹੈ। ਇਸ ਮੌਕੇ ਇਕੱਠ ਵਿੱਚ ਸ਼ਾਮਲ ਹੋਏ ਪੰਥ ਦੇ ਵੀਚਾਰ ਕਰਨ ਲਈ ਕੋਈ ਸੁਝਾਉ ਤਾਂ ਤੁਹਾਡੇ ਮਨ ਵਿੱਚ ਹੋਣਾ ਹੀ! ਇਸ ਤੋਂ ਮੁਕਰਦਿਆਂ ਉਨ੍ਹਾਂ ਕਿਹਾ ਅਰਦਾਸ ਕਰਨ ਦਾ ਸੱਦਾ ਉਨ੍ਹਾਂ ਵਲੋਂ ਨਹੀਂ ਇਹ ਤਾਂ ਟਕਸਾਲ ਵੱਲੋਂ ਦਿੱਤਾ ਗਿਆ ਹੈ। ਅਸੀਂ ਤਾਂ ਟਕਸਾਲ ਵਲੋਂ ਦਿੱਤੇ ਗਏ ਪ੍ਰੋਗਰਾਮ ਦਾ ਸਮਰਥਨ ਹੀ ਕੀਤਾ ਹੈ। ਪੁੱਛਿਆ ਗਿਆ ਕਿਸੇ ਜਥੇਬੰਦੀ ਨੂੰ ਸਮਰਥਨ ਦੇਣਾ ਤਾਂ ਚੰਗੀ ਗੱਲ ਹੈ ਪਰ ਪੰਥ ਦੀ ਨੁੰਮਾਇਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਕੀ ਪ੍ਰੋਗਰਾਮ ਦੇਣਾ ਚਾਹੁੰਦੇ ਹੋ? ਜਵਾਬ ਵਿੱਚ ਉਨ੍ਹਾਂ ਕਿਹਾ ਮੈਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਸਨ ਕਿ ਕੋਈ ਕਾਰਵਾਈ ਕਰਾਂਗੇ।

ਇਸ ਤੋਂ ਬਾਅਦ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਅੱਗੋਂ ਉਨ੍ਹਾਂ ਦੇ ਪੀਏ ਨੇ ਫ਼ੋਨ ਚੁੱਕਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਟਕਸਾਲ ਜਾਂ ਸੰਤ ਸਮਾਜ ਵੱਲੋਂ ਭਾਈ ਰਾਜੋਆਣਾ ਸਬੰਧੀ ਕੀ ਫੈਸਲਾ ਲਿਆ ਜਾ ਰਿਹਾ ਹੈ, ਇਸ ਸਬੰਧੀ ਬਾਬਾ ਜੀ ਦਾ ਬਿਆਨ ਚਾਹੀਦਾ ਹੈ। ਉਹ ਕਹਿਣ ਲੱਗੇ ਬਾਬਾ ਜੀ ਪ੍ਰੋਗਰਾਮ ਵਿੱਚ ਬੈਠੇ ਹਨ ਜਦੋਂ ਵੀ ਵਿਹਲੇ ਹੋਣਗੇ ਬੈਕ ਕਾਲ ਕਰ ਕੇ ਬਿਆਨ ਦੇ ਦਿੱਤਾ ਜਾਵੇਗਾ। 17 ਮਾਰਚ ਦਾ ਦਿਨ ਉਡੀਕ ਵਿੱਚ ਲੰਘ ਜਾਣ ਪਿੱਛੋਂ ਅੱਜ ਦੁਬਾਰਾ ਫ਼ੋਨ ਕੀਤਾ ਤਾਂ ਬਾਬਾ ਜੀ ਫਿਰ ਕਿਸੇ ਦੀਵਾਨ ਵਿੱਚ ਬੈਠੇ ਹੋਣ ਕਰਕੇ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਹਰੀ ਸਿੰਘ ਰੰਧਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਬੇਵਸੀ ਜਾਹਰ ਕਰਦੇ ਹੋਏ ਕਿਹਾ- ਕੀ ਕਰੀਏ, ਕਿਸ ਦੇ ਮਗਰ ਲੱਗੀਏ, ਜਿਸ ਨੂੰ ਵੀ ਆਗੂ ਚੁਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਹੀ ਵਕਾਊ ਨਿਕਲ ਆਉਂਦਾ ਹੈ। ਕੌਮ ਵਲੋਂ ਪ੍ਰੋਗਰਾਮ ਤਾਂ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਹੀ ਦੇ ਸਕਦੇ ਹਨ। ਉਹ ਨਿਊਜ਼ੀਲੈਂਡ ਦੌਰੇ ਤੋਂ ਵਾਪਸ ਆ ਗਏ ਹਨ ਤੁਸੀਂ ਉਨ੍ਹਾਂ ਨਾਲ ਗੱਲ ਕਰਕੇ ਵੇਖੋ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਸੰਪਰਕ ਨਾ ਹੋ ਸਕਿਆ।

ਜਿਸ ਭਾਈ ਰਾਜੋਵਾਲ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ, ਉਨ੍ਹਾਂ ਦੀ ਚੜ੍ਹਦੀਕਲਾ, ਪੰਥਕ ਜ਼ਜ਼ਬਾ, ਮਾਨਵਤਾ ਅਤੇ ਅਜਾਦੀ ਦੀ ਆਵਾਜ਼ ਤਾਂ ਉਨ੍ਹਾਂ ਵਲੋਂ ਪਿਛਲੇ 17 ਸਾਲਾਂ ਤੋਂ ਅਦਾਲਤਾਂ ਵਿੱਚ ਲਗਾਤਾਰ ਦਿਤੇ ਗਏ ਬਿਆਨ ਅਤੇ ਲਿਖੀਆਂ ਗਈਆਂ ਜੇਲ੍ਹ ਚਿੱਠੀਆਂ ਤੋਂ ਭਲੀ ਭਾਂਤ ਉਜਾਗਰ ਹੋ ਜਾਂਦਾ ਹੈ। ਅਰਦਾਸ ਕਰਨ ਵਾਲੇ ਜੇ ਕਿਸੇ ਨੂੰ ਰੰਚਕ ਮਾਤਰ ਵੀ ਸ਼ੱਕ ਹੈ ਤਾਂ ਉਨ੍ਹਾਂ ਦੀ ਧਰਮ ਭੈਣ ਬੀਬੀ ਕਮਲਦੀਪ ਕੌਰ ਵਲੋਂ http://sangharshdasach.com (ਸੰਘਰਸ਼ ਦਾ ਸੱਚ.ਕਾਮ) ਤੇ ਪਾਈਆਂ ਗਈਆਂ ਚਿੱਠੀਆਂ ਪੜ੍ਹ ਕੇ ਵੇਖ ਲਵੇ। ਉਨ੍ਹਾਂ ਵਲੋਂ ਅਦਾਲਤ ਵਿੱਚ ਦਰਜ ਕਰਵਾਏ ਆਪਣੇ ਬਿਆਨਾਂ ਅਤੇ ਜੇਲ੍ਹ ਚਿੱਠੀਆਂ ਵਿੱਚ ਲਿਖਿਆ ਗਿਆ ਹਰ ਲਫਜ ਹੀ ਧਿਆਨ ਨਾਲ ਪੜ੍ਹਨ ਵਾਲਾ ਹੈ ਪਰ ਬਹੁਤੇ ਵਿਸਥਾਰ ਵਿੱਚ ਜਾਣ ਦੀ ਵਜਾਏ ਉਨ੍ਹਾਂ ਦੇ ਕੁਝ ਅੰਸ਼ ਹੀ ਇੱਥੇ ਦਿੱਤੇ ਜਾ ਰਹੇ ਹਨ। ਮੌਤ ਤੋਂ ਬੇਖੌਫ ਭਾਈ ਰਾਜੋਆਣਾ ਜੀ, ਸ਼ੈਸ਼ਨ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਇੱਕੋ ਬਿਆਨ ਦੇ ਰਹੇ ਹਨ:-

ਜੱਜ ਸਾਹਿਬ ਮੈਂ ਹਿੰਦੋਸਤਾਨ ਦੀ ਇਸ ਅਦਾਲਤ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਸ ਦੇਸ਼ ਨੇ ਸਿੱਖਾਂ ਦੀ ਸਰਵ-ਉੱਚ ਅਦਾਲਤ ''ਸ਼੍ਰੀ ਅਕਾਲ ਤਖ਼ਤ ਸਾਹਿਬ'' ਨੂੰ ਟੈਂਕਾਂ ਤੋਪਾਂ ਨਾਲ ਢਹਿ ਢੇਰੀ ਕੀਤਾ ਹੈ। ਅਤੇ ਜਿਸ ਦੇਸ਼ ਦਾ ਕਾਨੂੰਨ ਹਜ਼ਾਰਾਂ ਨਿਰਦੋਸ਼ ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਦੇ ਕਾਤਲਾਂ ਤੇ ਲਾਗੂ ਨਹੀਂ ਹੁੰਦਾ, ਉਸ ਕਾਨੂੰਨ ਅੱਗੇ ਝੁਕਣ ਤੋਂ ਇਨਕਾਰ ਕਰਦਾ ਹਾਂ। ਇਸ ਦੇਸ਼ ਦੇ ਅਦਾਲਤੀ ਸਿਸਟਿਮ ਅੱਗੇ ਅਤੇ ਕਾਨੂੰਨੀ ਸਿਸਟਿਮ ਅੱਗੇ ਕੋਈ ਵੀ ਅਪੀਲ ਅਤੇ ਕੋਈ ਵੀ ਬੇਨਤੀ ਕਰਨ ਤੋਂ ਇਨਕਾਰ ਕਰਦਾ ਹਾਂ।

ਜੱਜ ਸਾਹਿਬ, ਮੈਂ ਇੱਥੇ ਕਾਨੂੰਨ ਦੇ ਦਾਅਵੇਦਾਰਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ
1. ਕੀ ਇਸ ਦੇਸ਼ ਦੇ ਕਾਨੂੰਨ ਦੇ ਰਖਵਾਲਿਆਂ ਨੂੰ ਕਿਸੇ ਵੀ ਨਿਰਦੋਸ਼ ਸਿੱਖਾਂ ਦਾ ਕਤਲ ਕਰਨ ਦੀ ਇਜ਼ਾਜਤ ਹੈ?
2. ਕੀ ਕਤਲ ਹੋਣ ਵਾਲੇ ਵਿਆਕਤੀ ਇਸ ਦੇਸ਼ ਦੇ ਨਾਗਰਿਕ ਨਹੀ ਸਨ?
3. ਕੀ ਇਸ ਦੇਸ਼ ਵਿੱਚ ਕਤਲ ਦੀ ਸਜ਼ਾ ਢਾਈ ਲੱਖ ਮੁਆਵਜਾ ਹੈ?
4. ਕੀ ਇਸ ਦੇਸ਼ ਦਾ ਕਾਨੂੰਨ ਸਿੱਖਾਂ ਦੇ ਕਾਤਲਾਂ ਤੇ ਲਾਗੂ ਨਹੀ ਹੁੰਦਾ?

ਜੱਜ ਸਾਹਿਬ, ਇਸ ਦੇਸ਼ ਦੇ ਕਾਨੂੰਨ ਦੇ ਰਖਵਾਲਿਆਂ ਨੇ ਨਿਰਦੋਸ਼ ਸਿੱਖਾਂ ਦੇ ਖੂਨ ਦੀ ਹੌਲੀ ਖੇਡ ਕੇ ਇਸ ਕਾਨੂੰਨ ਦਾ ਖੂਬ ਮਜ਼ਾਕ ਉਡਾਇਆ ਹੈ। ਕਾਤਲਾਂ, ਲੁਟੇਰਿਆਂ ਹੱਥੋਂ ਮਜ਼ਾਕ ਬਣੇ ਇਸ ਕਾਨੂੰਨੀ ਸਿਸਟਿਮ ਵਿੱਚ ਮੇਰਾ ਕੋਈ ਵਿਸਵਾਸ਼ ਨਹੀਂ ਹੈ। ਇਸ ਕਾਨੂੰਨ ਦੇ ਤਹਿਤ ਹੋਣ ਵਾਲੀ ਕਿਸੇ ਕਾਰਵਾਈ ਨਾਲ ਮੇਰਾ ਕੋਈ ਸਬੰਧ ਨਹੀਂ ਹੈ।

ਜੱਜ ਸਾਹਿਬ, ਧੱਕੇ ਨਾਲ ਬਣਾਇਆ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ, ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗਣ ਵਾਲਾ ਕਾਂਗਰਸ ਦਾ ਮੁੱਖ ਮੰਤਰੀ ਬੇਅੰਤ ਸਿੰਘ, ਹਜ਼ਾਰਾਂ ਨਿਰਦੋਸ ਸਿੱਖਾਂ ਦਾ ਕਤਲ ਕਰਵਾਉਣ ਤੋਂ ਬਾਅਦ ਸ਼ਾਂਤੀ ਦਾ ਮਸੀਹਾ ਬਣਿਆ ਕਾਂਗਰਸ ਦਾ ਮੁੱਖ ਮੰਤਰੀ ਬੇਅੰਤ ਸਿੰਘ, ਆਪਣੇ ਆਪ ਨੂੰ ਸ੍ਰੀ ਰਾਮ ਦਾ ਅਵਤਾਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਅਖਵਾਉਣ ਵਾਲਾ ਕਾਂਗਰਸ ਦਾ ਮੁੱਖ ਮੰਤਰੀ ਬੇਅੰਤ ਸਿੰਘ, ਜਿਸ ਨੂੰ ਭਾਈ ਦਿਲਾਵਰ ਸਿੰਘ ਨੇ ਸੈਕਟਰੀਏਟ ਵਿੱਚ ਕਤਲ ਕਰਕੇ ਇਸ ਜ਼ਾਲਮ ਮੁੱਖ ਮੰਤਰੀ ਦੇ ਜੁਲਮਾਂ ਦੀ ਕਹਾਣੀ ਨੂੰ ਖਤਮ ਕੀਤਾ। ਉਸ ਦਿਨ ਮੈਂ ਭਾਈ ਦਿਲਾਵਰ ਸਿੰਘ ਦੇ ਨਾਲ ਸੀ। ਸਾਨੂੰ ਆਪਣੇ ਕੀਤੇ ਦਾ ਕੋਈ ਅਫ਼ਸੋਸ ਨਹੀਂ ਹੈ।

ਜੱਜ ਸਾਹਿਬ, ਜੇਕਰ ਸਿੱਖ ਧਰਮ ਤੇ ਟੈਂਕਾਂ, ਤੋਪਾਂ ਨਾਲ ਹਮਲਾ ਕਰਨ ਵਾਲੇ, ''ਸ਼੍ਰੀ ਅਕਾਲ ਤਖ਼ਤ ਸਾਹਿਬ'' ਨੂੰ ਢਹਿ ਢੇਰੀ ਕਰਕੇ ਕਰੋੜਾਂ ਹੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ, ਨਵੰਬਰ 1984 ਨੂੰ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦਾ ਕਤਲ ਕਰਨ ਵਾਲੇ, ਧੀਆਂ-ਭੈਣਾਂ ਦੀਆਂ ਇੱਜ਼ਤਾਂ ਲੁੱਟਣ ਵਾਲੇ, ਹਜ਼ਾਰਾਂ ਹੀ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਉਨ੍ਹਾਂ ਦਾ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਹਿ ਕੇ ਸਾੜਨ ਵਾਲੇ ਦੁਸ਼ਟ ਲੋਕ ਦੇਸ਼ ਭਗਤ ਹਨ ਅਤੇ ਅਜਿਹੇ ਦੇਸ਼ ਭਗਤਾਂ ਦੇ ਖਿਲਾਫ਼ ਲੜਨਾ ਅੱਤਵਾਦ ਹੈ; ਤਾਂ ਜੱਜ ਸਾਹਿਬ! ਹਾਂ ਮੈਂ ਅੱਤਵਾਦੀ ਹਾਂ। ਮੈਨੂੰ ਆਪਣੇ ਅੱਤਵਾਦੀ ਹੋਣ ਤੇ ਮਾਣ ਹੈ। ਇੱਕ ਅੱਤਵਾਦੀ ਅਜਿਹੇ ਦੇਸ਼ ਭਗਤਾਂ ਦੀ ਈਨ ਮੰਨਣ ਤੋਂ ਇਨਕਾਰ ਕਰਦਾ ਹੈ। ਇਹ ਮੌਤ ਦੀ ਸਜਾ ਹੋਰ ਲੋਕਾਂ ਲਈ ਖੌਫ਼ ਹੋ ਸਕਦੀ ਹੈ, ਪਰ ਮੇਰੀ ਤਾਂ ਇਹ ਦੁਲਹਨ ਬਣੇਗੀ।

ਜੱਜ ਸਾਹਿਬ ਜਦ ਇਨ੍ਹਾਂ ਦੇ ਦੂਸਰੇ ਭਰਾਵਾਂ ਨੇ (ਬੀ.ਜੀ.ਪੀ.) ਵਾਲਿਆਂ ਨੇ ਬਾਬਰੀ ਮਸਜ਼ਿਦ ਨੂੰ ਢਹਿ ਢੇਰੀ ਕੀਤਾ, ਕਰੋੜਾਂ ਹੀ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਕਿਸੇ ਕਾਨੂੰਨ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ। ਫਿਰ ਜਦ ਗੁਜਰਾਤ ਵਿੱਚ 'ਗੋਧਰਾ ਕਾਂਡ' ਤੋਂ ਬਾਅਦ ਅਹਿਮਦਾਬਾਦ ਵਿੱਚ ਹਜ਼ਾਰਾਂ ਮੁਸਲਮਾਨ ਕਤਲ ਕਰ ਦਿੱਤੇ ਗਏ, ਸਿਰਫ ਇਸ ਕਸੂਰ ਬਦਲੇ ਕਿ ਉਹ ਮੁਸਲਮਾਨ ਹਨ। ਉਸ ਸਮੇਂ ਵੀ ਸਾਰਾ ਹੀ ਕਾਨੂੰਨੀ ਸਿਸਟਮ ਖ਼ਾਮੋਸ਼ ਹੋ ਜਾਂਦਾ ਹੈ ਅਤੇ ਕਾਤਲਾਂ ਨੂੰ ਮਨ-ਮਾਨੀ ਕਰਨ ਦੀ ਇਜ਼ਾਜ਼ਤ ਦਿੰਦਾ ਹੈ। ਫਿਰ ਇਹੀ ਕਾਤਲ ਜਦ ਉੜੀਸਾ ਵਿੱਚ ਈਸਾਈਆਂ ਦੇ ਧਾਰਮਿਕ ਸਥਾਨਾਂ ਨੂੰ ਢਹਿ ਢੇਰੀ ਕਰਦੇ ਹਨ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਅੱਗਾਂ ਲਾਉਂਦੇ ਹਨ, ਤਦ ਵੀ ਇਹ ਸਿਸਟਮ ਖ਼ਾਮੋਸ਼ ਹੀ ਰਹਿੰਦਾ ਹੈ।*********ਜੱਜ ਸਾਹਿਬ, ਜਿਨ੍ਹਾਂ ਹੁਕਮਰਾਨਾਂ ਨੇ ਸਿੱਖ ਧਰਮ ਤੇ ਹਮਲਾ ਕੀਤਾ, ਜਿਨ੍ਹਾਂ ਨੇ ਬਾਬਰੀ ਮਸ਼ਜਿਦ ਢਾਹੀ, ਜਿਨ੍ਹਾਂ ਨੇ ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ, ਉਨ੍ਹਾਂ ਨੂੰ ''ਭਾਰਤ ਮਾਂ ਦੇ ਸਪੂਤ'' ਅਤੇ ਦੇਸ਼ ਦੇ ਰਖਵਾਲੇ ਵਰਗੇ ਖ਼ਿਤਾਬ ਦਿੱਤੇ ਜਾਂਦੇ ਹਨ। ਪਰ ਜਦ ਕੋਈ ਇਨ੍ਹਾਂ ਕਾਤਲਾਂ ਨੂੰ ਮਾਰਦਾ ਹੈ ਤਾਂ ਉਸ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਇੱਕ ਪਾਸੇ ਸੁਰੱਖਿਆ ਗਾਰਡਾਂ ਵਿੱਚ ਘਿਰੇ ਹੋਏ ਲੋਕ; ਬੁਲਟ ਪਰੂਫ ਗੱਡੀਆਂ; ਜੈਕਟਾਂ ਪਹਿਨੀ ਫਿਰਦੇ ਲੋਕ ਅਤੇ ਇਕ ਪਾਸੇ ਇਨ੍ਹਾਂ ਲੋਕਾਂ ਦੀਆਂ ਬੇਇਨਸਾਫੀਆਂ ਦੇ ਖਿਲਾਫ ਆਪਣੇ ਆਪ ਨੂੰ ਬੰਬ ਬਣਾ ਲੈਣ ਦਾ ਜਜ਼ਬਾ ਰੱਖਣ ਵਾਲੇ ਲੋਕ; ਆਪਣੇ ਆਪ ਨੂੰ ਕੁਰਬਾਨ ਕਰ ਦੇਣ ਵਾਲੇ ਲੋਕ। ਅੱਤਵਾਦੀ ਕੌਣ ਹੈ, ਦੇਸ਼ ਭਗਤ ਕੌਣ ਹੈ? ਇਸ ਬਾਰੇ ਵਿਚਾਰ ਜ਼ਰੂਰ ਕਰ ਲੈਣਾ।

ਇਸੇ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੂੰ ਲਿਖੀ ਚਿੱਠੀ ਵਿੱਚ ਭਾਈ ਰਾਜੋਆਣਾ ਜੀ ਨੇ ਜੂਨ 84, ਨਵੰਬਰ 84 ਦਾ ਸਿੱਖਾਂ ਤੇ ਹੋਏ ਜ਼ੁਲਮਾਂ, 1992 ਵਿੱਚ ਅਡਵਾਨੀ ਦੀ ਅਗਵਾਈ ਹੇਠ ਬਾਬਰੀ ਮਸਜ਼ਿਦ ਢਾਹੁਣ, 2002 ਵਿੱਚ ਗੋਧਰਾ ਕਾਂਡ ਉਪ੍ਰੰਤ ਗੁਜਰਾਤ ਵਿੱਚ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਵਲੋਂ ਮੁਸਲਮਾਨਾਂ ਅਤੇ 2008 ਵਿੱਚ ਕਰਨਾਟਕਾ, ਉੜੀਸਾ ਸੂਬਿਆਂ ਵਿੱਚ ਈਸਾਈਆਂ ਤੇ ਹੋਏ ਅਤਿਆਚਾਰਾਂ ਦਾ ਵਿਸਥਾਰਪੂਰਵਕ ਵੇਰਵਾ ਦਿੰਦਿਆਂ ਉਨ੍ਹਾਂ ਤੋਂ ਪੁੱਛਿਆ ਹੈ: 26 ਨਵੰਬਰ ਨੂੰ ਮੁੰਬਈ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਲਈ ਐਨ.ਐਸ.ਜੀ. ਦੇ ਕਮਾਡੋ ਕੁਝ ਹੀ ਘੰਟਿਆਂ ਵਿੱਚ ਦਿੱਲੀ ਤੋਂ ਮੁੰਬਈ ਪਹੁੰਚ ਗਏ, ਫੌਜ ਵੀ ਤੁਰੰਤ ਹੀ ਹਰਕਤ ਵਿੱਚ ਆ ਗਈ। ਹੋਰ ਸੁਰੱਖਿਆ ਫੋਰਸਾਂ ਨੇ ਵੀ ਬਹੁਤ ਹੀ ਫੁਰਤੀ ਨਾਲ ਕਾਰਵਾਈ ਕੀਤੀ। ਕਿਉਂਕਿ ਅੱਤਵਾਦੀ ਨਿਰਦੋਸ਼ ਲੋਕਾਂ ਨੂੰ ਮਾਰ ਰਹੇ ਸਨ। ਸੁਰੱਖਿਆ ਫੋਰਸਾਂ ਵਿੱਚ ਕਿਸੇ ਵੀ ਮਾੜੀ ਘਟਨਾ ਨੂੰ ਰੋਕਣ ਲਈ ਇੰਨੀ ਫੁਰਤੀ ਹੋਣੀ ਹੀ ਚਾਹੀਦੀ ਹੈ। ਨਿਹੱਥੇ ਅਤੇ ਬੇਕਸੂਰ ਸ਼ਹਿਰੀਆਂ ਨੂੰ ਬਚਾਉਣ ਲਈ ਤੁਸੀਂ ਜੋ ਵੀ ਕਦਮ ਉਠਾਏ, ਉਸ ਲਈ ਸੁਰੱਖਿਆ ਫੋਰਸਾਂ ਅਤੇ ਤੁਹਾਡੀ ਸਰਕਾਰ ਵਧਾਈ ਦੀ ਪਾਤਰ ਹੈ। ਪਰ ਪ੍ਰਧਾਨ ਮੰਤਰੀ ਜੀ! ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਅਜੇਹੀ ਕਾਰਵਾਈ ਉਕਤ ਕੇਸਾਂ ਵਿੱਚ ਕਿਉਂ ਨਹੀਂ ਕੀਤੀ ਗਈ?

ਉਨ੍ਹਾਂ ਅੱਗੇ ਲਿਖਿਆ ਹੈ ਕਿ: ਪ੍ਰਧਾਨ ਮੰਤਰੀ ਜੀ ਕੀ ਤੁਸੀ ਇਸ ਗੱਲ ਤੋਂ ਮੁਨਕਰ ਹੋ ਸਕਦੇ ਹੋ ਕਿ ਜੂਨ ਅਤੇ ਨਵੰਬਰ 1984 ਨੂੰ ਸਿੱਖ ਧਰਮ ਤੇ ਹਮਲਾ ਕਰਨ ਵਾਲੀਆਂ ਤਾਕਤਾਂ ਨੂੰ; ਹਜ਼ਾਰਾਂ ਨਿਰਦੋਸ ਸਿੱਖਾਂ ਦੇ ਕਾਤਲਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜਾ ਕਰਕੇ ਫਾਂਸੀ ਤੇ ਚੜ੍ਹਾਇਆ ਹੁੰਦਾ, ਤਾਂ ਪੰਜਾਬ ਦੀ ਧਰਤੀ ਤੇ ਪਿਛਲੇ ਸਮੇਂ ਦੌਰਾਨ ਜੋ ਦੁਖਾਂਤ ਵਾਪਰਿਆ ਉਹ ਨਾ ਵਾਪਰਦਾ। ............. ਅਗਰ ਤੁਸੀਂ ਬਾਬਰੀ ਮਸਜਿਦ ਨੂੰ ਢਾਹੁਣ ਵਾਲੇ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਹੁੰਦੀਆਂ ਜਾਂ ਤੁਹਾਡੇ ਕਮਾਡੋਆਂ ਨੇ; ਫੌਜਾਂ ਨੇ ਉਨ੍ਹਾਂ ਨੂੰ ਰੋਕਿਆ ਹੁੰਦਾ, ਤਾਂ 1993 ਦੇ ਬੰਬਈ ਬੰਬ ਕਾਂਡ ਨਾ ਹੁੰਦੇ। ਜੇਕਰ ਤੁਸੀਂ ਅਹਿਮਦਾਬਾਦ ਦੇ ਵਿੱਚ ਹੋਏ ਮੁਸਲਮਾਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ, ਤਾਂ 26 ਨਵੰਬਰ ਵਾਲੀਆਂ ਮੁੰਬਈ ਵਰਗੀਆਂ ਘਟਨਾਵਾਂ ਨਾ ਹੁੰਦੀਆਂ।.........ਜਿਹੜਾ ਕੰਮ ਖੁਦ ਭਾਰਤੀ ਹੁਕਮਰਾਨ ਅਤੇ ਤੁਹਾਡੀਆਂ ਸੁਰੱਖਿਆ ਫੋਰਸਾਂ ਕਰਦੀਆਂ ਰਹੀਆਂ ਹਨ ਜਾਂ ਕਰ ਰਹੀਆਂ ਹਨ। ਉਸੇ ਤਰ੍ਹਾਂ ਦੇ ਕੰਮ ਲਈ ਤੁਹਾਨੂੰ ਪਾਕਿਸਤਾਨ ਦੀ ਅਲੋਚਨਾਂ ਕਰਨ ਦਾ ਕੀ ਹੱਕ ਹੈ।

ਅੱਜ ਜਦ ਕੋਈ ਗੈਰਤਮੰਦ ਹੱਥ ਉਨ੍ਹਾਂ ਸਫੈਦਪੋਸ਼ ਅੱਤਵਾਦੀਆਂ ਦੇ ਖਿਲਾਫ ਹਥਿਆਰ ਚੁੱਕ ਲੈਂਦੇ ਹਨ, ਜਿਨ੍ਹਾਂ ਨੂੰ ਸਜ਼ਾਵਾਂ ਦੇਣ ਲਈ ਤੁਹਾਡਾ ਨਿਆਇਕ ਸਿਸਟਿਮ ਅਸਮਰੱਥ ਹੈ, ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਕਮਾਡੋ ਅਤੇ ਫੌਜਾਂ ਅੱਖਾਂ ਬੰਦ ਕਰ ਲੈਂਦੇ ਹਨ। ਇਹ ਅੱਤਵਾਦੀ ਸਰੇਆਮ ਗੁਰਦੁਆਰੇ, ਮਸਜਿਦਾਂ ਅਤੇ ਚਰਚਾਂ ਨੂੰ ਢਾਹ ਦਿੰਦੇ ਹਨ।.....ਇਨ੍ਹਾਂ ਅੱਤਵਾਦੀਆਂ ਦੇ ਖਿਲਾਫ ਜਦ ਕੋਈ ਹਥਿਆਰ ਚੁੱਕਦਾ ਹੈ ਤਾ ਤੁਸੀ ਅੱਤਵਾਦੀ ਅੱਤਵਾਦੀ ਦਾ ਰੌਲਾ ਪਾਉਂਦੇ ਹੋ। ਇਕ ਪਾਸੇ ਆਪਣੇ ਆਪ ਨੂੰ ਬੰਬ ਬਣਾ ਲੈਣ ਦਾ ਜ਼ਜਬਾ ਹੈ, ਆਪਣੇ ਧਰਮ ਤੋਂ, ਕੌਮ ਤੋਂ ਕੁਰਬਾਨ ਹੋਣ ਦਾ ਜ਼ਜਬਾ ਹੈ। ਇਕ ਪਾਸੇ ਤਨਖਾਹ ਲੈ ਕੇ ਦੇਸ ਭਗਤੀ ਦਾ ਦਿਖਾਵਾ ਅਤੇ ਬੁਲਟ ਪਰੂਫ ਜੈਕਟਾਂ ਦੀ ਮੰਗ। ਅੱਤਵਾਦੀ ਕੌਣ ਹੈ, ਦੇਸ ਭਗਤ ਕੌਣ ਹੈ, ਇਸ ਵਾਰੇ ਵੀ ਵਿਚਾਰ ਕਰ ਲੈਣਾ।

ਪ੍ਰਧਾਨ ਮੰਤਰੀ ਜੀ , ਅਸਲ ਅੱਤਵਾਦੀ ਤਾਂ ਉਹ ਹੁਕਮਰਾਨ ਅਤੇ ਸਿਸਟਮ ਹੈ, ਜਿਹੜਾ ਪੀੜਤ ਧਿਰ ਨੂੰ ਇਨਸਾਫ਼ ਨਾ ਦੇ ਕੇ ਵਧੀਕੀਆਂ ਕਰਦਾ ਹੈ ਅਤੇ ਅੱਤਵਾਦ ਦੇ ਬੀਜ ਬੀਜਦਾ ਹੈ। ਫਿਰ ਜਦ ਫ਼ਸਲ ਕੱਟਣ ਦਾ ਸਮਾਂ ਆਉਂਦਾ ਤਾਂ ਕੁਰਲਾ ਉਠਦਾ ਹੈ। ਇਹ ਦੀਵਾਰ ਤੇ ਲਿਖਿਆ ਸੱਚ ਹੈ, ਜਦ ਤੱਕ ਪੀੜਤ ਧਿਰ ਨਾਲ ਬੇਇਨਸਾਫ਼ੀਆਂ ਹੁੰਦੀਆਂ ਰਹਿਣਗੀਆਂ, ਗੈਰਤਮੰਦ ਹੱਥ ਹਥਿਆਰਾਂ ਤੱਕ ਪਹੁੰਚਦੇ ਰਹਿਣਗੇ। ਸਖ਼ਤੀ ਨਾਲ ਅੱਤਵਾਦ ਨੂੰ ਕੁਚਲਿਆ ਨਹੀਂ ਜਾ ਸਕਦਾ। ਇਨਸਾਫ਼ ਦਾ ਮੱਲ੍ਹਮ ਲਾਉਣ ਨਾਲ ਅਤੇ ਹਰ ਘਟਨਾ ਨੂੰ ਇਨਸਾਫ਼ ਦੇ ਤਰਾਜੂ ਵਿੱਚ ਤੋਲ ਕੇ ਹੀ ਅੱਤਵਾਦ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਭਾਈ ਰਾਜੋਆਣਾ ਦੀ ਧਰਮ ਭੈਣ ਬੀਬੀ ਕਮਲਦੀਪ ਕੌਰ ਨੇ ਪਿਛਲੀ ਰਾਤ ਫ਼ੋਨ ਤੇ ਹੋਈ ਨਿਜੀ ਗਲਬਾਤ ਦੌਰਾਨ ਕਿਹਾ ਕਿ ਉਕਤ ਗੱਲਾਂ ਜਦ ਅਕਾਲੀ ਸੰਸਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਵਿੱਚ ਕਹੀਆਂ ਤਾਂ ਬਹੁਤ ਸਾਰੇ ਆਗੂਆਂ ਨੇ ਉਨ੍ਹਾਂ ਦੀ ਪ੍ਰਸੰਸਾ ਵਿੱਚ ਵੱਡੇ ਵੱਡੇ ਇਸ਼ਤਿਹਾਰ ਛਪਵਾਏ, ਪੰਥਕ ਅਖਵਾਉਣ ਵਾਲੇ ਮੀਡੀਏ ਨੇ ਉਸ ਦੀ ਪ੍ਰਸੰਸਾ ਵਿੱਚ ਸੰਪਾਦਕੀਆਂ ਲਿਖੀਆਂ ਪਰ ਜਦ ਮੇਰਾ ਵੀਰ ਆਪਣੇ ਗੱਲ ਵਿੱਚ ਪਿਆ ਫਾਂਸੀ ਦਾ ਫੰਧਾ ਪ੍ਰਤੱਖ ਵੇਖਕੇ ਵੀ ਅਦਾਲਤ ਵਿੱਚ ਜੱਜ ਦੇ ਸਾਹਮਣੇ ਇਹ ਬਿਆਨ ਦਿੰਦਾ ਹੈ ਜਾਂ ਪ੍ਰਧਾਨ ਮੰਤਰੀ ਨੂੰ ਰਹਿਮ ਦੀਆਂ ਅਪੀਲਾਂ ਕਰਨ ਦੀ ਬਜ਼ਾਏ ਚਿੱਠੀਆਂ ਰਾਹੀਂ ਲਿਖਦਾ ਹੈ ਤਾਂ ਉਹ ਇਸ਼ਤਿਹਾਰ ਦੇਣ ਵਾਲੇ ਆਗੂ ਤੇ ਸੰਪਾਦਕੀਆਂ ਲਿਖਣ ਵਾਲੇ ਪੰਜਾਬ ਅਤੇ ਪੰਥ ਦੀ ਆਵਾਜ਼ ਬਣੇ ਸੰਪਾਦਕ ਕਿਉਂ ਨਹੀਂ ਇਹ ਮੁੱਦੇ ਲੋਕਾਂ ਤੱਕ ਲੈ ਕੇ ਜਾਂਦੇ?

ਇਹ ਹਨ ਭਾਈ ਰਾਜੋਆਣਾ ਦੀ ਚੜ੍ਹਦੀ ਕਲਾ ਦੇ ਪ੍ਰਮਾਣ ਪਰ ਜਿਨ੍ਹਾਂ ਨੇ ਉਨ੍ਹਾਂ ਲਈ ਅੱਜ ਚੜ੍ਹਦੀਕਲਾ ਲਈ ਅਰਦਾਸ ਕੀਤੀ ਹੈ ਉਨ੍ਹਾਂ ਸਬੰਧੀ ਭਾਈ ਰਾਜੋਆਣਾ ਦੇ ਆਪਣੇ ਵੀਚਾਰ ਵੀ ਉਨ੍ਹਾਂ ਦੀਆਂ ਜੇਲ੍ਹ ਚਿੱਠੀਆਂ ਵਿੱਚ ਪੜ੍ਹੋ। ਉਹ ਲਿਖਦੇ ਹਨ:

ਮੈਂ ਸਿੱਖ ਕੌਮ ਦੇ ਆਗੂਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਹਾ ਕਿ ਇਕ ਵਿਆਕਤੀ (ਰਾਸ਼ਟਰਪਤੀ) ਦੇ ਮਨ ਵਿੱਚ ਰਹਿਮ ਪੈਦਾ ਕਰਨ ਲਈ ਗੁਰਦੁਆਰਿਆਂ ਵਿੱਚ ਅਰਦਾਸਾਂ ਨਾ ਕਰਨ। ਕਰਮ ਵਿੱਚ ਵਿਸਵਾਸ਼ ਰੱਖਣ ਵਾਲੀ ਸਿੱਖ ਕੌਮ ਦੇ ਮਨਾ ਵਿੱਚ ਅੰਧ ਵਿਸਵਾਸ਼ ਨਾ ਫੈਲਾਉਣ ਕਿਉਂਕਿ ਜੇਕਰ ਕੇਵਲ ਅਰਦਾਸ ਕਰਨ ਨਾਲ ਹੀ ਮਸਲੇ ਹੱਲ ਹੁੰਦੇ ਤਾ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜਾਦਿਆਂ ਨੂੰ ਸ਼ਹਾਦਤ ਦੇ ਜਾਮ ਨਾ ਪੀਣੇ ਪੈਂਦੇ। ਲੀਡਰਾਂ ਨੂੰ ਰਹਿਮ ਲਈ ਨਹੀ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ। ਅਜ਼ਾਦੀ ਲਈ ਲੜਨਾ ਚਾਹੀਦਾ ਹੈ। ਕਿਉਂਕਿ ਇਹ ਲੜਾਈ ਇਨ੍ਹਾਂ ਲੀਡਰਾਂ ਨੇ ਹੀ ਸ਼ੁਰੂ ਕੀਤੀ ਸੀ। ਜਾਂ ਫਿਰ ਇਹ ਸਪੱਸ਼ਟ ਕਰਨ ਕਿ ਉਹ ਪਹਿਲਾਂ ਜੋ ਕਰ ਰਹੇ ਸੀ ਉਹ ਗਲਤ ਸੀ। ਹੁਣ ਅਜ਼ਾਦੀ ਦੀ ਲੋੜ ਨਹੀ ਹੈ।

ਭਾਈ ਰਾਜੋਆਣਾ ਜੀ ਨੇ ਇੱਕ ਜੇਲ੍ਹ ਚਿੱਠੀ ਵਿੱਚ ਲਿਖਿਆ ਹੈ: ਪੰਜਾਬ ਦੀ ਧਰਤੀ ਦੀ ਇੱਟ ਇੱਟ ਉਤੇ ਬੈਠੇ ਸਾਧਾਂ ਸੰਤਾਂ ਦਾ ਕਾਤਲਾਂ ਵਾਰੇ ਮੂੰਹ ਨਾ ਖੋਲ੍ਹਣਾ, ਪੀੜਤਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਨਾ ਮਾਰਨਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਕੌਮੀ ਸ਼ਹੀਦਾਂ ਨੂੰ ਅਤੇ ਪੀੜਤਾਂ ਨੂੰ ਭੁੱਲ ਕੇ ਚੇਤਨਾ ਸਮਾਗਮਾਂ ਦੇ ਵੱਡੇ ਵੱਡੇ ਇਸ਼ਤਿਹਾਰ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕਰਵਾਉਣ ਵਾਲੇ ਇਹ ਲੋਕ ਅਕਸਰ ਤੁਹਾਨੂੰ ਸਟੇਜਾਂ ਤੇ ਸਹਿਬਜਾਦਿਆਂ ਦੀਆਂ ਬਹਾਦਰੀ ਦੀਆਂ ਕਹਾਣੀਆਂ, ਮੁਗਲਾਂ ਦੇ ਜ਼ੁਲਮ ਦੀਆਂ ਕਹਾਣੀਆਂ ਸੁਣਾਉਦੇ ਨਜ਼ਰ ਆਉਣਗੇ, ਕਿਉਂਕਿ ਮੁਗਲ ਹੁਣ ਖ਼ਤਮ ਹੋ ਗਏ, ਉਨ੍ਹਾਂ ਵਾਰੇ ਜੋ ਮਰਜੀ ਕਹੀ ਜਾਵੋ ਕਿਸੇ ਨੂੰ ਕੋਈ ਇਤਰਾਜ ਨਹੀਂ ਹੈ। ਪਰ ਇਹ ਲੋਕ 27 ਸਾਲ ਪਹਿਲਾਂ ਹੋਈਆਂ ਦਿਲ ਕਬਾਊ ਘਟਨਾਵਾਂ ਦਾ ਜ਼ਿਕਰ ਤੱਕ ਨਹੀਂ ਕਰਨਗੇ ਕਿਉਂਕਿ ਅਜਿਹਾ ਕਹਿਰ ਵਰਤਾਉਣ ਵਾਲੇ ਕਾਤਲ ਅਜੇ ਜਿਉਂਦੇ ਹਨ; ਸੱਤਾ ਵਿੱਚ ਹਨ; ਤਾਕਤਵਰ ਹਨ; ਉਨ੍ਹਾਂ ਵਾਰੇ ਕੁਝ ਕਿਹਾ ਤਾਂ ਵਿਦੇਸ਼ਾਂ ਦੇ ਟੂਰ ਬੰਦ ਹੋ ਸਕਦੇ ਹਨ; ਜੇਲ੍ਹ ਯਾਤਰਾ ਦੀ ਵੀ ਸੰਭਵਾਨਾ ਹੈ; ਜਾਨ ਵੀ ਜਾ ਸਕਦੀ ਹੈ। ਕੁਲ ਮਿਲਾ ਕੇ ਪੂਰਾ ਗੋਰਖ ਧੰਦਾ ਹੀ ਬੰਦ ਹੋ ਸਕਦਾ ਹੈ। ਸਿੱਖੀ ਦੇ ਭੇਸ ਵਿੱਚ ਵਿਚਰ ਰਹੇ, ਸੱਚ ਨੂੰ ਸੱਚ ਨਾ ਕਹਿਣ ਵਾਲੇ, ਕਾਤਲਾਂ ਦੀ ਬੁੱਕਲ ਦਾ ਨਿੱਘ ਮਾਣਦੇ ਇਨ੍ਹਾਂ ਸਟੇਜੀ ਕਲਾਕਾਰਾਂ ਨੂੰ ਸੰਤ ਕਹਿਣਾ ਠੀਕ ਨਹੀਂ ਹੈ। ਤਿੰਨ ਤਿੰਨ ਫੁੱਟ ਦੀਆਂ ਕ੍ਰਿਪਾਨਾਂ ਚੁੱਕੀ ਫਿਰਦੇ, ਹਥਿਆਰਬੰਦ ਸੰਘਰਸ਼ ਨਾਲੋਂ ਨਾਤਾ ਤੋੜਨ ਵਾਲੇ ਕੌਮੀ ਨੇਤਾਵਾਂ ਦਾ; ਇਨ੍ਹਾਂ ਸਾਧਾਂ ਦਾ ਸਾਹਿਬਜਾਦਿਆਂ ਨਾਲ, ਬਾਬਾ ਬੰਦਾ ਸਿੰਘ ਬਹਾਦਰ ਨਾਲ, ਬਾਬਾ ਦੀਪ ਸਿੰਘ ਨਾਲ ਸਬੰਧ ਕਿਵੇਂ ਹੋ ਸਕਦਾ ਹੈ? ਜਿਹੜੀਆਂ ਕ੍ਰਿਪਾਨਾਂ ਇੰਨੇ ਜ਼ੁਲਮ ਤੋਂ ਬਾਅਦ ਵੀ ਮਿਆਨ ਵਿਚੋਂ ਬਾਹਰ ਨਾ ਨਿਕਲੀਆਂ ਹੋਣ ਤਾਂ ਫਿਰ ਉਹ ਕਦੋ ਬਾਹਰ ਨਿਕਲਣਗੀਆਂ?

ਇੱਕ ਹੋਰ ਚਿੱਠੀ ਵਿੱਚ ਲਿਖਦੇ ਹਨ: ਜਿੰਦਗੀ ਅਤੇ ਮੌਤ ਦਾ ਕਿਸੇ ਵੀ ਸੰਘਰਸ਼ ਦੌਰਾਨ ਜਿਆਦਾ ਮਹੱਤਵ ਨਹੀ ਹੁੰਦਾ, ਮਹੱਤਵ ਹੈ ਤਾ ਕੇਵਲ ਯੋਧੇ, ਸੂਰਵੀਰਾਂ ਵੱਲੋ ਕਾਇਮ ਕੀਤੇ ਸਿਧਾਂਤਾ, ਪ੍ਰੰਪਰਾਵਾਂ ਅਤੇ ਉਨ੍ਹਾਂ ਪੈੜਾਂ ਦਾ ਹੁੰਦਾ ਹੈ ਜਿਸ ਤੇ ਚੱਲ ਕੇ ਆਉਣ ਵਾਲੀ ਪੀੜ੍ਹੀ ਮਾਣ ਮਹਿਸੂਸ ਕਰਦੀ ਹੈ। ਅਸੀਂ ਵਾਰਸ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ; ਬਾਬਾ ਦੀਪ ਸਿੰਘ ਦੇ ਮੌਜੂਦਾ ਸੰਘਰਸ਼ ਦੌਰਾਨ ਸ਼ਹੀਦ ਹੋਏ ਹਜ਼ਾਰਾਂ ਨੌਜਵਾਨ ਵੀਰਾਂ ਦੇ; ਭਾਈ ਸੁੱਖੇ ਦੇ; ਭਾਈ ਜਿੰਦੇ ਦੇ ਅਤੇ ਭਾਈ ਦਿਲਾਵਰ ਸਿੰਘ ਵਰਗੇ ਸੂਰਵੀਰਾਂ ਦੇ। ਰਹਿਮ ਦੀਆਂ ਅਪੀਲਾਂ ਕਰਕੇ ਤਾਂ ਅਸੀ ਪਹਿਲਾਂ ਵੀ ਕਈ ਇਤਿਹਾਸਕ ਕੁਰਬਾਨੀਆਂ ਤੋਂ ਬਚ ਸਕਦੇ ਸੀ ਪਰ ਯੋਧਿਆਂ ਨੇ ਭੀਖ ਵਿੱਚ ਮਿਲੀ ਜਿੰਦਗੀ ਨਾਲੋਂ ਸ਼ਹਾਦਤ ਦੇ ਜ਼ਾਮ ਪੀਣੇ ਹੀ ਬਿਹਤਰ ਸਮਝੇ ਹਨ। ਅੱਜ ਇੱਕ ਹੋਰ ਇਤਿਹਾਸਕ ਫ਼ੈਸਲਾ ਤੁਹਾਡੇ ਹੱਥ ਵਿਚ ਹੈ।

ਇੱਕ ਹੋਰ ਚਿੱਠੀ ਵਿੱਚ ਲਿਖਦੇ ਹਨ: ਜਿਹੜੇ ਲੋਕ ਕੇਂਦਰ ਸਰਕਾਰ ਵਲੋਂ ਸਿੱਖਾਂ ਤੇ ਕੀਤੇ ਜੁਲਮਾਂ ਦੇ ਕੀਰਨੇ ਵੀ ਪਾਉਂਦੇ ਰਹਿੰਦੇ ਹਨ, ਅਜ਼ਾਦੀ ਦੀ ਮੰਗ ਵੀ ਕਰਦੇ ਹਨ ਪਰ ਉਹ ਸੰਵਿਧਾਨ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਚੋਣਾਂ ਲੜ ਕੇ ਕੁਰਸੀ ਦੀ ਝਾਕ ਵੀ ਰਖਦੇ ਹਨ, ਇਸ ਤੋਂ ਵੱਡਾ ਧੋਖਾ ਹੋਰ ਕੀ ਹੋ ਸਕਦਾ ਹੈ।

ਸੰਘਰਸ਼ ਵਿੱਚ ਲੱਗੇ ਨੌਜਵਾਨਾਂ ਨੂੰ ਸਬੋਧਨ ਹੁੰਦੇ ਉਹ ਲਿਖ ਰਹੇ ਹਨ: ਮੇਰੀ ਸੰਘਰਸ਼ ਦੇ ਰਸਤੇ ਤੇ ਚੱਲਣ ਵਾਲੇ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਇਸ ਰਸਤੇ ਤੇ ਚੱਲਦਿਆਂ ਉਹ ਜੋ ਵੀ ਕਰਨ, ਬਹੁਤ ਹੀ ਸੋਚ ਵਿਚਾਰ ਕਰਨ ਤੋਂ ਬਾਅਦ ਹੀ ਕਰਨ ਅਤੇ ਫਿਰ ਗ੍ਰਿਫਤਾਰ ਹੋਣ ਦੀ ਸੂਰਤ ਵਿੱਚ ਹਿੰਦੋਸਤਾਨੀ ਅਦਾਲਤਾਂ ਵਿੱਚ ਆਪਣੇ ਕੀਤੇ ਹੋਏ ਕੰਮਾਂ ਨੂੰ ਸਵੀਕਾਰ ਕਰਨ। ਇਹ ਦੱਸਣ ਕਿ ਉਨ੍ਹਾਂ ਦਾ ਇਸ ਕੰਮ ਨੂੰ ਕਰਨ ਪਿੱਛੇ ਕੀ ਮਨੋਰਥ ਸੀ। ਨਹੀਂ ਤਾਂ ਹਥਿਆਰ ਚੁੱਕ ਕੇ ਸੰਘਰਸ਼ ਦਾ ਦਾਅਵਾ ਕਰਨਾ, ਅਦਾਲਤਾਂ ਵਿੱਚ ਆ ਕੇ ਆਪਣੇ ਕੀਤੇ ਹੋਏ ਕੰਮਾਂ ਤੋਂ ਮੁਨਕਰ ਹੋ ਜਾਣਾ, ਸੰਘਰਸ਼ ਨਾਲ; ਸ਼ਹੀਦ ਹੋਏ ਵੀਰਾਂ ਨਾਲ ਅਤੇ ਆਪਣੇ ਆਪ ਨਾਲ ਹੀ ਧੋਖਾ ਹੈ।

ਅਕਾਲ ਤਖ਼ਤ ਦੇ ਜਥੇਦਾਰ ਵਲੋਂ ਕੀਤੇ ਜਾ ਰਹੇ ਇੱਕ ਪਾਸੜ ਹੁਕਨਾਮਿਆਂ ਦਾ ਜ਼ਿਕਰ ਕਰਦੇ ਹੋਏ ਭਾਈ ਰਾਜੋਆਣਾ ਜੀ ਲਿਖਦੇ ਹਨ ਕਿ: ਜਿਸ ਤਰ੍ਹਾਂ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਕਾਰਣ ਪੰਜਾਬ ਚ ਉਨ੍ਹਾਂ ਦੀ ਨਾਮ ਚਰਚਾਵਾਂ ਤੇ ਰੋਕ ਲਾਉਣ ਵਾਲਾ ਹੁਕਨਾਮਾ ਜਾਰੀ ਕੀਤਾ ਹੈ ਉਸੇ ਤਰ੍ਹਾਂ ਅਕਾਲ ਤਖ਼ਤ ਸਾਹਿਬ ਜੀ ਨੂੰ ਤੋਪਾਂ ਦੇ ਹਮਲੇ ਰਾਹੀਂ ਢਹਿ ਢੇਰੀ ਕਰਨ ਵਾਲੀ ਅਤੇ ਸਿੱਖਾਂ ਦਾ ਇੱਕ ਦਹਾਕੇ ਤਕ ਨਸਲਘਾਤ ਕਰਨ ਵਾਲੀ ਕਾਂਗਰਸ ਦੀਆਂ ਪੰਜਾਬ ਵਿੱਚ ਰੈਲੀਆਂ ਕਰਨ ਤੇ ਰੋਕ ਕਿਉਂ ਨਹੀਂ ਲਾਈ ਜਾਂਦੀ?

http://sangharshdasach.com (ਸਘੰਰਸ਼ ਦਾ ਸੱਚ.ਕਾਮ) ਦੀ ਪੂਰੀ ਵੈੱਬਸਾਈਟ ਪੜ੍ਹਨ ਉਪ੍ਰੰਤ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਚੜ੍ਹਦੀ ਕਲਾ ਦੀ ਅਰਦਾਸ ਭਾਈ ਰਾਜੋਆਣਾ ਲਈ ਕਰਨ ਦੀ ਲੋੜ ਹੈ ਜਾਂ ਉਨ੍ਹਾਂ ਲਈ ਜਿਹੜੇ ਇਹ ਅਰਦਾਸ ਕਰ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਨੇ ਸਿੱਖਾਂ ਤੇ ਬੇਤਹਾਸ਼ਾ ਜ਼ੁਲਮ ਕੀਤੇ ਅਤੇ ਜੁਲਮ ਦੇ ਪੀੜਤਾਂ ਨੂੰ ਕਿਸੇ ਕੇਂਦਰ ਸਰਕਾਰ, ਪ੍ਰਸ਼ਾਸ਼ਨ, ਅਤੇ ਅਦਾਲਤਾਂ ਤੋਂ ਨਿਆਂ ਨਹੀਂ ਮਿਲ ਰਿਹਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਸਾਡੀ ਸਰਬ ਉਚ ਅਦਾਲਤ ਅਕਾਲ ਤਖ਼ਤ ਤੋਂ ਸਭ ਨੂੰ ਨਿਆਂ ਮਿਲ ਰਿਹਾ ਹੈ? ਜੇ ਕੇਂਦਰੀ ਸਰਕਾਰ ਤੇ ਅਦਾਲਤਾਂ ਦੇ ਇਨਸਾਫ ਦੇਣ ਦੇ ਕਾਨੂੰਨ ਬਹੁ ਗਿਣਤੀ ਅਤੇ ਘੱਟ ਗਿਣਤੀ ਲਈ ਵੱਖ ਵੱਖ ਹਨ ਤਾਂ ਕੀ ਅਕਾਲ ਤਖ਼ਤ ਦੇ ਕਾਨੂੰਨ ਤੇ ਮਰਿਆਦਾ ਬਾਦਲ ਪੱਖੀਆਂ ਤੇ ਬਾਦਲ ਵਿਰੋਧੀ ਸਿੱਖਾਂ ਲਈ ਵੱਖ ਵੱਖ ਨਹੀਂ ਹਨ? ਜੇ ਕਾਂਗਰਸ ਦੀ ਕੇਂਦਰ ਸਰਕਾਰ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦੇਣ ਦੀ ਥਾਂ ਅਹੁੱਦਿਆਂ ਨਾਲ ਨਿਵਾਜ਼ ਰਹੀ ਹੈ ਤਾਂ ਕੀ ਬਾਦਲ ਸਰਕਾਰ ਨੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਵੱਡੇ ਅਹੁੱਦੇ ਨਾਲ ਨਹੀਂ ਨਿਵਾਜ਼ਿਆ; ਇਜ਼ਹਾਰ ਆਲਮ ਦੀ ਪਤਨੀ ਨੂੰ ਅਕਾਲੀ ਟਿਕਟ ਤੇ ਨਹੀਂ ਜਿਤਾਇਆ? ਦੱਸੋ ਕਾਂਗਰਸ ਸਰਕਾਰ ਤੇ ਬਾਦਲ ਸਰਕਾਰ ਵਿੱਚ ਕੋਈ ਅੰਤਰ ਹੈ? ਜਿਹੜੀ ਬਾਦਲ ਸਰਕਾਰ ਮਾਨਸਕ ਰੋਗ ਤੋਂ ਪੀੜਤ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਅਰਜ਼ੀ ਵੀ ਉਸ ਨੂੰ ਖਤਰਨਾਕ ਅਪਰਾਧੀ ਦੱਸ ਕੇ ਨਾ-ਮਨਜੂਰ ਕਰਦੀ ਹੈ ਕੀ ਉਸ ਤੋਂ ਕੋਈ ਆਸ ਰੱਖੀ ਜਾ ਸਕਦੀ ਹੈ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਵਾਉਣ ਲਈ ਕੋਈ ਕਦਮ ਉਠਾ ਸਕੇ।

ਭਾਈ ਰਾਜੋਆਣਾ ਤੇ ਅਕਾਲ ਪੁਰਖ ਅਤੇ ਗੁਰੂ ਦੀ ਬਖ਼ਸ਼ਿਸ਼ ਹੀ ਸਮਝੋ ਕਿ ਪਦਾਰਥਵਾਦ ਦੇ ਮੌਜੂਦਾ ਦੌਰ ਵਿੱਚ ਜਦੋਂ ਕਿ ਸਿੱਖ ਚਿੰਤਕ ਇਹ ਲਿਖਣ ਲਈ ਮਜ਼ਬੂਰ ਹੋ ਰਹੇ ਹਨ ਕਿ ਸਿੱਖੀ ਸਿਧਾਂਤ ਤੇ ਕੌਮੀ ਸੋਚ ਪੂਰੀ ਤਰ੍ਹਾਂ ਖਤਮ ਹੁੰਦੀ ਜਾ ਰਹੀ ਹੈ ਉਸ ਸਮੇਂ ਭਾਈ ਰਾਜੋਆਣਾ ਆਪਣੀ ਜਾਨ ਬਖਸ਼ੀ ਲਈ ਹਰ ਤਰ੍ਹਾਂ ਦੀ ਅਪੀਲ ਦਲੀਲ ਤੇ ਕਾਨੂੰਨੀ ਸਹਾਇਤਾ ਨੂੰ ਮੁੱਢੋਂ ਠੁਕਰਾ ਕੇ ਆਪਣੇ ਆਪ ਨੂੰ ਸੰਭਾਵੀ ਸ਼ਹੀਦੀ ਲਈ ਪੇਸ਼ ਕਰਕੇ ਉਸ ਪੁਰਾਤਨ ਸਿੱਖ ਇਤਿਹਾਸ ਨੂੰ ਤਰੋਤਾਜਾ ਕਰ ਰਿਹਾ ਹੈ ਜਿਸ ਵਿੱਚ ਇਹ ਲਿਖਿਆ ਅਤਿਕਥਨੀ ਜਾਪਦਾ ਸੀ ਕਿ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਸਮੇਂ ਇੱਕ ਨਬਾਲਕ ਸਿੱਖ ਬੱਚੇ ਨੇ ਮੁਗਲ ਬਾਦਸ਼ਾਹ ਤੋਂ ਰਿਹਾਈ ਦਾ ਹੁਕਮ ਲੈ ਕੇ ਆਈ ਆਪਣੀ ਮਾਂ ਨੂੰ ਮਾਂ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਇਹ ਝੂਠ ਬੋਲਦੀ ਕਿ ਮੈਂ ਸਿੱਖ ਨਹੀਂ ਹਾਂ। ਉਨ੍ਹਾਂ ਜੋਰ ਦੇ ਕੇ ਕਿਹਾ ਸੀ ਮੈਂ ਗੁਰੂ ਦਾ ਪੱਕਾ ਸਿੱਖ ਹਾਂ, ਮੈਨੂੰ ਜਲਦੀ ਸ਼ਹੀਦ ਕਰਕੇ ਆਪਣੇ ਸ਼ਹੀਦ ਹੋਏ ਵੀਰਾਂ ਕੋਲ ਪਹੁੰਚਾਓ।

ਪਰ ਅਫਸੋਸ ਹੈ ਕਿ ਸਾਡੀ ਮੌਜੂਦਾ ਲੀਡਰਸ਼ਿਪ ਭਾਈ ਰਾਜੋਆਣਾ ਤੋਂ ਪ੍ਰੇਰਣਾ ਤੇ ਸੇਧ ਲੈਣ ਦੀ ਥਾਂ ਉਨ੍ਹਾਂ ਦੀ ਸਜਾ ਮੁਆਫੀ ਲਈ ਉਹ ਵਿਖਾਵੇ ਦੇ ਕੰਮ ਕਰਕੇ ਬੁੱਤਾ ਸਾਰਣਾ ਚਾਹੁੰਦੇ ਹਨ ਜਿਨ੍ਹਾਂ ਤੋਂ ਭਾਈ ਰਾਜੋਆਣਾ ਸਪਸ਼ਟ ਤੌਰ ਤੇ ਨਾਂਹ ਕਰ ਰਹੇ ਹਨ। ਹੋ ਸਕਦਾ ਹੈ ਕਿ ਮੌਜੂਦਾ ਦੌਰ ਵਿੱਚ ਭਾਈ ਰਾਜੋਆਣਾ ਦੀ ਸੰਭਾਵੀ ਸ਼ਹੀਦੀ ਦਾ ਸਾਡੇ ਖ਼ੁਦਗਰਜ਼ ਆਗੂਆਂ ਕਾਰਣ ਕੋਈ ਤਤਕਾਲੀ ਅਸਰ ਨਾ ਪਵੇ ਪਰ ਕੇਂਦਰ ਸਰਕਾਰ ਅਤੇ ਅਦਾਲਤਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਸ਼ਹੀਦ ਦਾ ਖੂਨ ਕਦੇ ਵੀ ਅਜਾਂਈ ਨਹੀਂ ਜਾਂਦਾ ਤੇ ਇਹ ਕਿਸੇ ਵੀ ਸਮੇਂ ਇੱਕ ਕ੍ਰਾਂਤੀ ਨੂੰ ਜਨਮ ਦੇ ਸਕਦਾ ਹੈ।

ਕਿਰਪਾਲ ਸਿੰਘ ਬਠਿੰਡਾ
98554-80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top