Share on Facebook

Main News Page

ਸੁਮੇਧ ਸੈਣੀ ਦੀ ਨਿਯੁਕਤੀ ਨੈਤਿਕ ਤੇ ਕਾਨੂੰਨੀ ਪੱਖੋਂ ਗਲਤ

ਲੁਧਿਆਣਾ, 15 ਮਾਰਚ (ਸਿੱਖ ਸਿਆਸਤ)- ਪੰਜਾਬ ਸਕਕਾਰ ਵਲੋਂ ਸਿੱਖਾਂ ਦੀ ਨਸਲਕੁਸ਼ੀ ਲਈ ਜਿੰਮੇਵਾਰ ਤੇ ਕਤਲ ਕੇਸਾਂ ਦੇ ਇਕ ਦੋਸ਼ੀ ਵਿਵਾਦਗ੍ਰਸਤ ਪੁਲਸ ਅਫਸਰ ਸੁਮੇਧ ਸੈਣੀ ਨੂੰ ਪੰਜਾਬ ਪੁਲਸ ਦਾ ਡਾਇਰੈੱਕਟਰ ਜਨਰਲ ਲਗਾਉਂਣਾ ਜਿੱਥੇ ਅਤਿ ਮੰਦਭਾਗਾ ਤੇ ਨਿੰਦਣਯੋਗ ਹੈ ਉੱਥੇ ਨੈਤਿਕ ਤੇ ਕਾਨੂੰਨੀ ਪੱਖੋਂ ਗਲਤ ਵੀ ਹੈ। ਇਹਨਾਂ ਵਿਚਾਰਾਂ ਦਾ ਇਜ਼ਹਾਰ ਅਕਾਲੀ ਦਲ ਪੰਚ ਪਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕੀਤਾ।

ਆਗੂਆਂ ਨੇ ਕਿਹਾ ਕਿ ਸੁਮੇਧ ਸੈਣੀ ਵਰਗੇ ਤਾਨਾਸ਼ਾਹ ਅਫਸਰ ਨੂੰ ਪੰਜਾਬ ਦਾ ਡੀ.ਜੀ.ਪੀ ਲਗਾ ਕੇ ਪੰਜਾਬ ਨੂੰ ਪੂਰੀ ਤਰ੍ਹਾਂ ਪੁਲਿਸ ਰਾਜ ਬਣਨ ਵੱਲ ਧੱਕ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਥਕ ਹੋਣ ਦਾ ਦਾਅਵਾ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਇਕ ਪਾਸੇ ਤਾਂ ਜੁਲਮ ਖਿਲਾਫ ਲੜ੍ਹਣ ਨੂੰ ਆਪਣੇ ਏਜੰਡੇ ਵਿਚ ਸ਼ਾਮਲ ਦੱਸਦਾ ਹੈ ਅਤੇ ਦੂਸਰੇ ਪਾਸੇ ਸਿੱਖ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਉਪਰ ਅਣਮਨੁੱਖੀ ਤਸ਼ੱਦਦ ਕਰਕੇ ਮਾਰਨ ਵਾਲੇ ਅਜਿਹੇ ਜਾਲਮ ਅਫਸਰ ਦੇ ਹੱਥਾਂ ਵਿਚ ਪੰਜਾਬ ਨੂੰ ਸੌਂਪਿਆਂ ਜਾ ਰਿਹਾ ਹੈ ਜੋ ਭਰੀਆਂ ਸਭਾਵਾਂ ਵਿਚ ਹਿੱਕ ਠੋਕ ਕੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਦਾ ਮਾਣ ਭਰਿਆ ਇਕਬਾਲ ਕਰਦਾ ਹੈ। ਅਜਿਹੇ ਅਫਸਰ ਦੀ ਨਿਯੁਕਤੀ ਪੰਥਕ ਹੋਣ ਦਾ ਦਾਅਵਾ ਕਰਦੀ ਸਰਕਾਰ ਸਾਹਮਣੇ ਕਈ ਸਵਾਲ ਖੜ੍ਹੇ ਕਰਦੀ ਹੈ।

ਉਹਨਾਂ ਦੱਸਿਆ ਕਿ ਸੁਮੇਧ ਸੈਣੀ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜਾ ਪਰਾਪਤ ਸਿੱਖ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ, ਮਾਸੜ ਤੇ ਇਕ ਦੋਸਤ ਨੂੰ ਕਤਲ ਕਰਨ ਅਤੇ ਨਕਲੀ ਨਿਹੰਗ ਅਜੀਤ ਪੂਹਲੇ ਦੀਆਂ ਵਹਿਸ਼ੀਆਨਾ ਕਾਰਵਾਈਆਂ ਨੂੰ ਸਰਪ੍ਰਸਤੀ ਦੇਣ ਦਾ ਦੋਸ਼ੀ ਹੈ ਅਤੇ ਸੁਮੇਧ ਸੈਣੀ ਖਿਲਾਫ ਦਿੱਲੀ ਦੀ ਇਕ ਕੋਰਟ ਵਿਚ ਲੁਧਿਆਣਾ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਕਤਲ ਕਰਨ ਦਾ ਮੁਕੱਦਮਾ ਵੀ ਵਿਚਾਰ-ਅਧੀਨ ਹੈ।

ਆਗੂਆਂ ਨੇ ਅੰਤ ਵਿਚ ਕਿਹਾ ਸੁਮੇਧ ਸੈਣੀ ਦੀ ਪੰਜਾਬ ਪੁਲਿਸ ਦੇ ਡੀ.ਜੀ.ਪੀ ਵਜੋਂ ਨਿਯੁਕਤੀ ਅਤੇ ਇਜ਼ਹਾਰ ਆਲਮ ਜਿਹੇ ਜਾਲਮ ਪੁਲਿਸ ਅਫਸਰ ਦੀ ਪਤਨੀ ਦਾ ਅਕਾਲੀ ਦਲ ਦੀ ਉਮੀਦਵਾਰ ਵਜੋਂ ਵਿਧਾਇਕ ਬਣਨਾ ਸਿੱਖ ਇਤਿਹਾਸ ਨੂੰ ਕਲੰਕਤ ਕਰਨ ਵਾਲਾ ਹੈ ਕਿਉਂਕਿ ਅੱਜ ਤੱਕ ਇਤਿਹਾਸ ਵਿਚ ਕਦੇ ਨਹੀਂ ਹੋਇਆ ਕਿ ਸਿੱਖਾਂ ਨੇ ਆਪਣੇ ਕਾਤਲਾਂ ਨੂੰ ਹੀ ਨਿਵਾਜ਼ਿਆ ਹੋਵੇ।

ਜਾਰੀ ਕਰਤਾ:
ਜਸਪਾਲ ਸਿੰਘ ਮੰਝਪੁਰ
ਮੈਂਬਰ ਮੀਡੀਆ ਕਮੇਟੀ
ਅਕਾਲੀ ਦਲ ਪੰਚ ਪ੍ਰਧਾਨੀ
98554-01843


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top