Share on Facebook

Main News Page

ਪੰਥਕ ਮੁੱਦੇ ਵਿਸਾਰ ਕੇ ਪ੍ਰਾਪਤ ਕੀਤੀ ਸਿਆਸੀ ਜਿੱਤ ਨੂੰ, ਸਿੱਖ ਰਾਜ ਦੇ ਮੋਢੀ ਬਾਬਾ ਬੰਦਾ ਸਿਘ ਬਹਾਦਰ ਦੀ ਜਿੱਤ ਨਾਲ ਜੋੜ ਕੇ ਪ੍ਰਚਾਰਨਾ ਇਤਰਾਜ਼ ਯੋਗ ਤੇ ਗੁੰਮਰਾਹਕੁਨ: ਗਿਆਨੀ ਜਾਚਕ

* ਚੱਪੜ ਚਿੜੀ ਦੇ ਮੈਦਾਨ ਪਹੁੰਚਣ ਵਾਲੇ ਸਿੱਖ ਪ੍ਰਵਾਰਾਂ ਨਾਲ ਸਬੰਧਤ ਅਕਾਲੀ ਕਾਰਕੁੰਨਾ ਨੂੰ, ਉਥੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਵਲੋਂ ਉਠਾਏ ਜਾ ਰਹੇ ਸੁਆਲਾਂ ਦਾ ਮੁਲੰਕਣ ਜ਼ਰੂਰ ਕਰਨਾ ਚਾਹੀਦਾ ਹੈ
* ਸਿੱਖਾਂ ਨੂੰ ਹਿੰਦੂ ਮੰਨਣ ਵਾਲੇ ਭਾਰਤੀ ਸੰਵਿਧਾਨ ਦੀ ਸੌਂਹ ਖਾਣ ਵੇਲੇ ਬਾਬਾ ਬੰਦਾ ਸਿੰਘ ਜੀ ਨਾਲ ਇਹ ਵਾਅਦਾ ਵੀ ਕਰਨ ਕਿ ਉਹ ਖ਼ਾਲਸਾ ਜੀ ਕੇ ਬੋਲ ਬਾਲੇ ਵਾਲੀ ਸੋਚ ਦੇ ਧਾਰਨੀ ਹੋ ਕੇ ਰਾਜ ਪ੍ਰਬੰਧ ਚਲਾਉਣਗੇ

ਬਠਿੰਡਾ, 13 ਮਾਰਚ (ਕਿਰਪਾਲ ਸਿੰਘ): ਪੰਜਾਬ ਵਿੱਚ ਸੰਨ 1962 ਤੋਂ ਪਿਛੋਂ ਅਕਾਲੀ ਭਾਜਪਾ ਗਠਜੋੜ ਲਈ ਇਹ ਪਹਿਲਾ ਮੌਕਾ ਹੈ, ਜਦੋਂ ਉਹ ਆਪਣੀ ਸਰਕਾਰ ਦਾ ਦੁਰਹਾ ਕਰਵਾ ਕੇ ਰਾਜਸੀ ਇਤਿਹਾਸ ਸਿਰਜਨਗੇ। ਇਸ ਲਈ ਬਾਦਲ ਦਲ ਆਪਣੀ ਸਿਆਸੀ ਜਿੱਤ ਨੂੰ ਇਤਿਹਾਸਕ ਬਨਾਉਣਾ ਚਹੁੰਦਾ ਹੈ, ਸਾਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ। ਪਰ, ਉਨ੍ਹਾਂ ਵਲੋਂ ਬਣਾਈ ਜਾ ਰਹੀ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਲਈ, ਸਿੱਖ ਰਾਜ ਦੀ ਪਹਿਲੀ ਜਿੱਤ ਨਾਲ ਜੁੜੇ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਦੀ ਵਰਤੋਂ ਕਰਨ ਉੱਤੇ ਮਿੱਠਾ ਜਿਹਾ ਇਤਰਾਜ਼ ਜ਼ਰੂਰ ਹੈ। ਕਿਉਂਕਿ, ਅਕਾਲੀ ਦਲ ਅੰਦਰਲੀ ਸਿੱਖੀ ਸਪਿਰਟ ਨੂੰ ਖ਼ਤਮ ਕਰਕੇ ਤੇ ਪੰਥਕ ਮੁੱਦੇ ਵਿਸਾਰ ਕੇ ਪ੍ਰਾਪਤ ਕੀਤੀ ਸਿਆਸੀ ਜਿੱਤ ਨੂੰ, ਸਿੱਖ ਰਾਜ ਦੇ ਮੋਢੀ ਜਰਨੈਲ ਬਾਬਾ ਬੰਦਾ ਸਿਘ ਬਹਾਦਰ ਦੀ ਜਿੱਤ ਨਾਲ ਜੋੜ ਕੇ ਪ੍ਰਚਾਰਨਾ ਕਿਸੇ ਪੱਖੋਂ ਵੀ ਯੋਗ ਨਹੀਂ ਹੈ । ਇਹ ਤਾਂ ਸਿੱਖ ਸਿੱਖ ਜਜ਼ਬਾਤਾਂ ਦਾ ਰਾਜਨੀਤਕ ਲਾਹਾ ਲੈਣ ਵਾਲੀ ਹੀ ਇੱਕ ਖੇਡ ਹੈ।

ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ ਮੈਲਬੌਰਨ ਦੇ ਡਾਇਰੈਕਟਰ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਦੋਂ ਕਹੇ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਭਾਜਪਾ ਦੀ ਬਣਨ ਵਾਲੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਇਸ ਵਾਰ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਵਿੱਚ ਕੀਤਾ ਜਾ ਰਿਹਾ ਹੈ, ਇਸ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ।

ਉਨ੍ਹਾਂ ਕਿਹਾ ਕਿ ਚੱਪੜ ਚਿੜੀ ਦੇ ਮੈਦਾਨ ਪਹੁੰਚਣ ਵਾਲੇ ਸਿੱਖ ਪ੍ਰਵਾਰਾਂ ਨਾਲ ਸਬੰਧਤ ਅਕਾਲੀ ਕਾਰਕੁੰਨਾ ਨੂੰ, ਉਥੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਵਲੋਂ ਉਠਾਏ ਜਾ ਰਹੇ ਸੁਆਲਾਂ ਦਾ ਮੁਲੰਕਣ ਜ਼ਰੂਰ ਕਰਨਾ ਚਾਹੀਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਚੱਪੜ-ਚਿੜੀ ਦੀ ਜਿੱਤ ਪਿਛੋਂ ਸਰਹਿੰਦ ਦੇ ਕਿਲੇ ਉਤੇ ਖ਼ਾਲਸੇ ਦਾ ਨੀਲਾ ਨਿਸ਼ਾਨ ਝੁਲਾ ਕੇ, ਪੰਜਾਬ ਵਿੱਚ ਪਹਿਲੀ ਵਾਰ ਸਿੱਖ ਰਾਜ ਕਾਇਮ ਕੀਤਾ ਸੀ। ਪਰ, ਕੀ ‘ਰਾਜ ਕਰੇਗਾ ਖ਼ਾਲਸਾ’ ਦੇ ਸੁਪਨੇ ਲੈਣ ਵਾਲੀ ਸੋਚ ਹੈ, ਬਾਦਲ ਜੀ ਦੀ ਅਗਵਾਈ ਵਿੱਚ ਬਣਨ ਵਾਲੀ ਪੰਜਾਬ ਸਰਕਾਰ ਦੀ ? ਗਿਆਨੀ ਜਾਚਕ ਨੇ ਕਿਹਾ ਵੀਰੋ ! ਤੁਸੀਂ ਇਹ ਵੀ ਜਾਣਦੇ ਹੋ ਭਾਜਪਾ ਆਗੂ ਤਾਂ ਬਾਬਾ ਬੰਦਾ ਸਿੰਘ ਨੂੰ, ਸਿੰਘ ਤੇ ਬਹਾਦਰ ਕਹਿਣ ਦੀ ਥਾਂ ਬੈਰਾਗੀ ਕਹਿ ਕੇ, ਉਨ੍ਹਾਂ ਦਾ ਸਿੱਖੀ ਨਾਲੋਂ ਨਾਤਾ ਤੋੜਣ ਤੇ ਤੁੱਲੇ ਹੋਏ ਹਨ, ਤੇ ਸਟੇਜਾਂ ਤੇ ਐਸਾ ਕਹਿ ਕੇ ਉਹ ਸਾਡਾ ਮੂੰਹ ਚੜਾਉਂਦੇ ਹਨ, ਕੀ ਐਸੇ ਲੋਕਾਂ ਨੂੰ ਹੱਕ ਹੈ ਸ਼ਹੀਦਾਂ ਦੀ ਧਰਤੀ ’ਤੇ ਸ਼ਾਹੀ ਸਨਮਾਨ ਲੈਣ ਦਾ?

ਕੀ ਇਹ ਸਰਕਾਰ ਖ਼ਾਲਸਾ ਰਾਜ ਦੇ ਮੋਢੀ ਬਾਬਾ ਜੀ ਵਾਂਗ ਗ਼ਰੀਬਾਂ, ਮਜ਼ਲੂਮਾਂ ਤੇ ਦੁਖੀਆਂ ਦੀ ਬਾਂਹ ਫੜੇਗੀ ? ਕੀ ਇਹ ਸਰਕਾਰ ਪੰਜਾਬ ਵਿਚੋਂ ਮਾਫ਼ੀਏ ਦੇ ਕਬਜ਼ੇ ਨੂੰ ਤੋੜੇਗੀ ? ਕੀ ਇਹ ਸਰਕਾਰ ਨਸ਼ਿਆਂ ਦੇ ਸੁਦਾਗਰਾਂ ਨੂੰ ਨੱਥ ਪਾਏਗੀ ? ਕੀ ਇਹ ਸਰਕਾਰ ਧੱਕੇਸ਼ਾਹੀ ਤੇ ਅਨਿਆ ਦਾ ਵਿਰੋਧ ਕਰੇਗੀ ? ਕੀ ਇਸ ਸਰਕਾਰ ਦੇ ਮੁਖੀਏ ਆਪਣੀ ਪ੍ਰਵਾਰਿਕ ਸੋਚ ਤੋਂ ਉਚਾ ਹੋ ਕੇ ਪੰਜਾਬ ਸਮੇਤ ਸਰਬਤ ਦੇ ਭਲੇ ਬਾਰੇ ਸੋਚਣਗੇ? ਇੱਕ ਪੰਥ-ਦਰਦੀ ਵੀਰ ਨੇ ਸਪਸਟ ਲਿਖਿਆ ਹੈ ਕਿ ਜੇਕਰ ਬਾਦਲ ਸਰਕਾਰ ਨੇ ਗ਼ਰੀਬਾਂ ਦੀ ਸਾਰ ਨਾ ਲਈ ਅਤੇ ਖ਼ਾਲਸਾ ਜੀ ਕੇ ਬੋਲ-ਬਾਲੇ ਲਈ ਕੁਝ ਨਾ ਕਰ ਸਕੀ ਤਾਂ ਇਹ ਚਾਪੜਚਿੜੀ ਦੇ ਮਹਾਨ ਜਰਨੈਲ ਤੇ ਉਨ੍ਹਾਂ ਦੇ ਸਾਥੀ ਸ਼ਹੀਦਾਂ ਨਾਲ ਇੱਕ ਗਦਾਰੀ ਹੀ ਮੰਨੀ ਜਾਏਗੀ।

ਅਖੀਰ ਵਿੱਚ ਜਾਚਕ ਜੀ ਨੇ ਆਖਿਆ ਕਿ ਜੇ ਬਾਦਲ ਜੀ ਨੂੰ ਕੁਦਰਤ ਨੇ ਪੰਜਵੀ ਵਾਰ ਮੁੱਖ ਮੰਤਰੀ ਬਣਨ ਦਾ ਇਤਿਹਾਸਕ ਮੌਕਾ ਦਿੱਤਾ ਹੈ ਤਾਂ ਉਹ ਸਿੱਖਾਂ ਨੂੰ ਹਿੰਦੂ ਮੰਨਣ ਵਾਲੇ ਭਾਰਤੀ ਸੰਵਿਧਾਨ ਦੀ ਸੌਂਹ ਖਾਣ ਵੇਲੇ ਬਾਬਾ ਜੀ ਨਾਲ ਵੀ ਵਾਅਦਾ ਕਰਨ ਕਿ ਉਹ ਖ਼ਾਲਸਾ ਜੀ ਕੇ ਬੋਲ ਬਾਲੇ ਵਾਲੀ ਸੋਚ ਦੇ ਧਾਰਨੀ ਹੋ ਕੇ ਪੰਜਾਬ ਵਿੱਚ ਬੇਰੁਜ਼ਗਾਰੀ, ਧੱਕੇਸ਼ਾਹੀ ਤੇ ਨਸ਼ਿਆ ਦੇ ਵਿਰੁਧ ਲਹਿਰ ਚਲਾਉਣਗੇ, ਅਤੇ ਜੇਕਰ ਐਸਾ ਨਾ ਕਰ ਸਕੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਬਦਲ ਕੇ ‘ਬਾਦਲ ਦਲ ਪੰਜਾਬ’ ਰੱਖ ਲੈਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top