Share on Facebook

Main News Page

ਅਕਾਲੀ ਸਰਕਾਰ ਦਾ ਸਿੱਖਾਂ ਨੂੰ ਤੋਹਫਾ - ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਦਿੱਤੀ ਜਾਵੇਗੀ ਫਾਂਸੀ

ਪਟਿਆਲਾ, 13 ਮਾਰਚ (ਹਰਪ੍ਰੀਤ ਸਿੰਘ ਧਾਲੀਵਾਲ) : ਬੇਅੰਤ ਸਿੰਘ ਕਤਲ ਕਾਂਡ ਮਾਮਲੇ ’ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੇਂਦਰੀ ਜੇਲ ਪਟਿਆਲਾ ਵਿਚ ਨਜ਼ਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਸਵੇਰੇ 9 ਵਜੇ ਫਾਂਸੀ ਦੇ ਦਿਤੀ ਜਾਵੇਗੀ। ਫਾਂਸੀ ਦੀ ਕਾਰਵਾਈ ਪੂਰੀ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਕੇਂਦਰੀ ਜੇਲ ਪਟਿਆਲਾ ਦੇ ਪ੍ਰਸ਼ਾਸਨ ਨੂੰ ਇਸ ਸਬੰਧੀ ਜਾਣਕਾਰੀ ਭੇਜਣ ਦੀ ਵੀ ਖ਼ਬਰ ਹੈ। ਇਸ ਸਬੰਧ ਵਿਚ ਕੇਂਦਰੀ ਜੇਲ ਪਟਿਆਲਾ ’ਚ ਸੁਰੱਖਿਆ ਦੇ ਪ੍ਰਬੰਧ ਵੀ ਕਾਫ਼ੀ ਸਖ਼ਤ ਕਰ ਦਿਤੇ ਗਏ ਹਨ। ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਵੀ ਅਜਿਹੀ ਸੂਚਨਾ ਮਿਲਣ ਦੀ ਪੁਸ਼ਟੀ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ 31 ਅਗੱਸਤ 1995 ਨੂੰ ਚੰਡੀਗੜ੍ਹ ਦੇ ਸਕੱਤਰੇਤ ਨੇੜੇ ਹੋਏ ਇਕ ਸ਼ਕਤੀਸ਼ਾਲੀ ਬੰਬ ਧਮਾਕੇ ’ਚ 17 ਹੋਰ ਵਿਅਕਤੀਆਂ ਸਮੇਤ ਉਡਾ ਦਿਤਾ ਗਿਆ ਸੀ।

ਇਸ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਦੀ ਇਕ ਵਿਸ਼ੇਸ਼ ਅਦਾਲਤ ’ਚ ਚਲਦੀ ਰਹੀ ਅਤੇ 31 ਜੁਲਾਈ 2007 ਨੂੰ ਇਸ ਮਾਮਲੇ ਵਿਚ ਬਲਵੰਤ ਸਿੰਘ ਰਾਜੋਆਣਾ ਅਤੇ ਜਗਤਾਰ ਸਿੰਘ ਹਵਾਰਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਦਕਿ ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਮਾਮਲੇ ਵਿਚ ਕੁਲ 15 ਦੋਸ਼ੀ ਨਾਮਜ਼ਦ ਕੀਤੇ ਗਏ ਸਨ ਅਤੇ ਉਨ੍ਹਾਂ ਵਿਰੁਧ ਫ਼ਰਦ ਜੁਰਮ ਦਾਇਰ ਕੀਤਾ ਗਿਆ ਸੀ। ਕਤਲ ਕਾਂਡ ਵਿਚ ਮਨੁੱਖੀ ਬੰਬ ਬਣੇ ਪੁਲਿਸ ਮੁਲਾਜ਼ਮ ਦਿਲਾਵਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਸ ਪਿੱਛੋਂ ਬਲਵੰਤ ਸਿੰਘ ਰਾਜੋਆਣਾ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮਾਂ ਨੇ ਵਧੀਕ ਸੈਸ਼ਨ ਜੱਜ ਰਵੀ ਕੁਮਾਰ ਸੋਂਧੀ ਦੇ ਫ਼ੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਨੌਤੀ ਦੇ ਦਿਤੀ ਸੀ। ਹਾਈ ਕੋਰਟ ਨੇ 12 ਅਕਤੂਬਰ 2010 ਨੂੰ ਜਗਤਾਰ ਸਿੰਘ ਹਵਾਰਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿਤੀ ਸੀ ਜਦਕਿ ਬਾਕੀਆਂ ਦੀ ਸਜ਼ਾ ਉਵੇਂ ਹੀ ਬਹਾਲ ਰੱਖੀ।

ਹਾਈ ਕੋਰਟ ਦੇ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਜਸਟਿਸ ਅਰਵਿੰਦਰ ਕੁਮਾਰ ਦੇ ਬੈਂਚ ਨੇ ਫ਼ੈਸਲਾ ਸੁਣਾਇਆ ਕਿ ਬਲਵੰਤ ਸਿੰਘ ਰਾਜੋਆਣਾ ਕਿਉਂਕਿ ਕਤਲ ਕਾਂਡ ਵਿਚ ਸ਼ਾਮਲ ਹੋਣ ਸਬੰਧੀ ਤਿੰਨ ਵਾਰ ਇਕਬਾਲੀਆ ਬਿਆਨ ਦੇ ਚੁਕੇ ਹਨ ਅਤੇ ਉੁਨ੍ਹਾਂ ਨੇ ਮੌਤ ਦੀ ਸਜ਼ਾ ਨੂੰ ਚੁਨੌਤੀ ਵੀ ਨਹੀਂ ਦਿਤੀ, ਇਸ ਲਈ ਉਨ੍ਹਾਂ ਦੀ ਮੌਤ ਦੀ ਸਜ਼ਾ ਬਹਾਲ ਰਖੀ ਗਈ ਹੈ। ਇਸ ਮਾਮਲੇ ਵਿਚ 19 ਫ਼ਰਵਰੀ 1996 ਨੂੰ ਅਦਾਲਤ ਨੇ ਐਲਾਨ ਕੀਤਾ ਕਿ ਮਹਿਲ ਸਿੰਘ ਬੱਬਰ, ਵਧਾਵਾ ਸਿੰਘ ਬੱਬਰ ਅਤੇ ਜਗਰੂਪ ਸਿੰਘ ਭਗੌੜੇ ਹਨ ਜਦਕਿ ਤਿੰਨ ਪ੍ਰਵਾਸੀ ਭਾਰਤੀ ਮਨਜਿੰਦਰ ਸਿੰਘ ਗਰੇਵਾਲ (ਇੰਗਲੈਂਡ), ਰੇਸ਼ਮ ਸਿੰਘ (ਜਰਮਨ) ਅਤੇ ਹਰਜੀਤ ਸਿੰਘ (ਅਮਰੀਕਾ) ਭਗੌੜੇ ਕਰਾਰ ਦਿਤੇ ਗਏ ਹਨ।

ਅੱਜ ਭਾਈ ਰਾਜੋਆਣਾ ਦੀ ਪਟਿਆਲਾ ਦੀ ਇਕ ਅਦਾਲਤ ਵਿਚ ਧਮਾਕਾਖੇਜ਼ ਸਮੱਗਰੀ ਦੇ ਮਾਮਲੇ ਵਿਚ ਪੇਸ਼ੀ ਸੀ ਜਿਥੇ ਉਸ ਦੇ ਪਰਵਾਰਕ ਮੈਂਬਰ ਇੰਤਜ਼ਾਰ ਕਰਦੇ ਰਹੇ ਪਰ ਅਦਾਲਤ ਵਲੋਂ ਭਾਈ ਰਾਜੋਆਣਾ ਦੀ ਪੇਸ਼ੀ ਵੀਡੀਉ ਕਾਨਫ਼ਰੰਸ ਰਾਹੀਂ ਕਰਾਉਣ ਉਪਰੰਤ ਹਰ ਤਰੀਕ ’ਤੇ ਅਪਣੇ ਭਰਾ ਰਾਜੋਆਣਾ ਨੂੰ ਮਿਲਣ ਆਉਂਦੀ ਉਨ੍ਹਾਂ ਦੀ ਭੈਣ ਕਮਲਜੀਤ ਕੌਰ ਨੂੰ ਕੁੱਝ ਸ਼ੱਕ ਪੈ ਗਿਆ ਜਿਸ ਦੀ ਬਾਅਦ ਵਿਚ ਪੁਸ਼ਟੀ ਹੋ ਗਈ। ਉਧਰ ਜਾਣਕਾਰ ਸੂਤਰਾਂ ਅਨੁਸਾਰ ਹਾਈ ਕੋਰਟ ਨੇ 5 ਮਾਰਚ ਨੂੰ ਭਾਈ ਰਾਜੋਆਣਾ ਦੀ ਫਾਂਸੀ ਸਬੰਧੀ ਜੇਲ ਪ੍ਰਸ਼ਾਸਨ ਨੂੰ ਡਾਕ ਰਾਹੀਂ ਆਰਡਰ ਭੇਜੇ ਸਨ ਜੋ ਕਲ ਜੇਲ ਪ੍ਰਸ਼ਾਸਨ ਨੂੰ ਮਿਲੇ ਜਿਸ ਵਿਚ ਭਾਈ ਰਾਜੋਆਣਾ ਨੂੰ 31 ਮਾਰਚ 2012 ਨੂੰ ਸਵੇਰੇ 9 ਵਜੇ ਫਾਂਸੀ ਦਿਤੇ ਜਾਣ ਦੇ ਹੁਕਮ ਦਿਤੇ ਜਾਣ ਦੀ ਖ਼ਬਰ ਹੈ। ਸੂਤਰਾਂ ਅਨੁਸਾਰ ਜੇਲ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਉਪਰੰਤ ਜੇਲ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਮਿਲੇ ਹੁਕਮਾਂ ਸਬੰਧੀ ਅਗਲੀ ਜਾਣਕਾਰੀ ਵੀ ਭੇਜ ਦਿਤੀ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਅਤੇ ਭਣਵਈਏ ਬਲਜੀਤ ਸਿੰਘ ਹਰ ਤਰੀਕ ’ਤੇ ਪਟਿਆਲਾ ਦੀ ਜੇਲ ਵਿਚ ਉਨ੍ਹਾਂ ਨੂੰ ਮਿਲ ਕੇ ਆਉਂਦੇ ਸਨ ਅਤੇ ਇਨ੍ਹਾਂ ਦੋਹਾਂ ਦੇ ਦੱਸਣ ਮੁਤਾਬਕ ਭਾਈ ਰਾਜੋਆਣਾ ਹਮੇਸ਼ਾ ਚੜ੍ਹਦੀਕਲਾ ਵਿਚ ਰਹਿੰਦੇ ਸਨ ਅਤੇ ਉਨ੍ਹਾਂ ਨੇ ਪਿੱਛੇ ਜਿਹੇ ਹੀ ਜੇਲ ਵਿਚ ਹੀ ਅੰਮ੍ਰਿਤਪਾਨ ਕੀਤਾ ਸੀ। ਭਾਈ ਰਾਜੋਆਣਾ ਨੇ ਅਪਣੀ ਅੰਤਮ ਇੱਛਾ ਵਿਚ ਅਪਣੇ ਸਰੀਰ ਦੇ ਵੱਖ-ਵੱਖ ਅਹਿਮ ਅੰਗ ਦਾਨ ਕਰਨ ਦਾ ਐਲਾਨ ਵੀ ਕੀਤਾ ਹੋਇਆ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top