Share on Facebook

Main News Page

ਪੰਜਾਬ ਚੋਣਾਂ ਦੇ ਨਤੀਜਿਆਂ ਦੇ ਕੁੱਝ ਚੰਗੇ ਪੱਖ ਵੀ ਸਾਹਮਣੇ ਆਏ ਹਨ

* ਇਨ੍ਹਾਂ ਨਤੀਜਿਆਂ ਨੇ ਸੌਦਾ ਡੇਰਾ ਅਤੇ ਮੀਡੀਏ ਵਲੋਂ ਫੈਲਾਏ ਇਸ ਭ੍ਰਮਜਾਲ ਦਾ ਪ੍ਰਦਾ ਫ਼ਾਸ਼ ਕਰ ਦਿੱਤਾ ਹੈ ਕਿ ਖਾਸਕਰ ਮਾਲਵਾ ਖ਼ੇਤਰ ਵਿੱਚ ਸਿਆਸੀ ਚੋਣ ਨਤੀਜਿਆਂ ਦਾ ਤਵਾਜ਼ਨ ਸੌਦਾ ਪ੍ਰੇਮੀਆਂ ਦੇ ਹੱਥ ਵਿੱਚ ਹੈ
* ਚੋਣ ਗਣਿਤ ਅਕਾਲੀ ਦਲ ਦੇ ਉਨ੍ਹਾਂ ਸਾਰੇ ਦਾਅਵਿਆਂ ਦੀ ਫੂਕ ਕੱਢ ਦਿੰਦਾ ਹੈ ਕਿ ਉਸ ਨੇ ਵਿਕਾਸ ਦੇ ਨਾਮ ਤੇ ਲੋਕਾਂ ਦਾ ਦਿਲ ਜਿੱਤ ਕੇ ਮੁੜ ਸਤਾ ਹਾਸਲ ਕਰਕੇ ਇਤਿਹਾਸ ਬਦਲ ਦਿੱਤਾ ਹੈ
* ਬਦਕਿਸਮਤੀ ਇਹ ਹੈ ਕਿ ਮੀਡੀਆ ਅਸਲ ਕਾਰਣਾਂ ਨੂੰ ਨਜ਼ਰ ਅੰਦਾਜ਼ ਕਰਕੇ ਬਾਦਲ ਦਲ ਦੀ ਜਿੱਤ ਦਾ ਸਿਹਰਾ ਇਸ ਵਲੋਂ ਪੰਥਕ ਏਜੰਡੇ ਅਤੇ ਪੰਜਾਬ ਦੀਆਂ ਭਖਦੀਆਂ ਮੰਗਾਂ ਦਾ ਤਿਆਗ ਕਰਕੇ ਨਿਰੋਲ ਵਿਕਾਸ ਦੇ ਨਾਮ ਤੇ ਵੋਟਾਂ ਮੰਗਣ ਨੂੰ ਦੇ ਰਿਹਾ ਹੈ। ਇਹ ਸਿਰਫ ਪੰਥ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਹੈ
* ਬੈਂਸ ਭਰਾਵਾਂ ਨੇ ਬਾਦਲ ਦਲ ਦੀ ਟਿਕਟ ਵਾਪਸ ਕਰਕੇ ਵਿਕਾਸ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਅਜ਼ਾਦ ਉਮੀਦਵਾਰਾਂ ਦੇ ਤੌਰ ਤੇ ਚੋਣ ਲੜੀ ਤੇ ਸ਼ਾਨਦਾਰ ਜਿੱਤਾਂ ਪ੍ਰਪਾਤ ਕਰਕੇ ਬਾਦਲਾਂ ਦੇ ਝੂਠੇ ਦਾਅਵਿਆਂ ਦੇ ਮੂੰਹ ਤੇ ਥੱਪੜ ਮਾਰਿਆ ਹੈ

ਪੰਜਾਬ ਵਿਧਾਨ ਸਭਾ ਦੀਆਂ 2012 ਵਿੱਚ ਹੋਈਆਂ ਚੋਣਾਂ ਵਿੱਚ ਪੰਜਾਬ ਅਤੇ ਇਸ ਦੇ ਅਸਲੀ ਵਾਰਸ ਸਮੂਹ ਪੰਜਾਬੀ ਤੇ ਖਾਸ ਕਰਕੇ ਪੰਥ ਅਤੇ ਕਿਸਾਨ ਤਾਂ ਚੋਣਾਂ ਤੋਂ ਪਹਿਲਾਂ ਹੀ ਹਾਰ ਚੁੱਕੇ ਸਨ ਕਿਉਂਕਿ ਚੋਣਾਂ ਲੜ ਰਹੀਆਂ ਤਿੰਨ ਮੁੱਖ ਧਿਰਾਂ ਸ਼੍ਰੋਮਣੀ ਅਕਾਲੀ ਦਲ (ਬਾਦਲ), ਕਾਂਗਰਸ ਅਤੇ ਪੀਪੀਪੀ ਵਲੋਂ ਜਾਰੀ ਕੀਤੇ ਗਏ ਵੱਖ ਵੱਖ ਚੋਣ ਮਨੋਰਥ ਪੱਤਰਾਂ ਵਿੱਚ ਦਰਿਆਈ ਪਾਣੀਆਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਖੇਤਰ ਆਦਿ ਪੰਜਾਬ ਦੀਆਂ ਮੁੱਖ ਮੰਗਾਂ ਅਤੇ ਪੰਥਕ ਮੁੱਦੇ ਪੂਰੀ ਤਰ੍ਹਾਂ ਵਿਸਾਰ ਦਿੱਤੇ ਗਏ ਸਨ ਜਿਨ੍ਹਾਂ ਦਾ ਪੂਰਾ ਵਿਸ਼ਲੇਸ਼ਣ ਮੇਰੇ ਵਲੋਂ ਪਹਿਲਾਂ ਹੀ 20 ਜਨਵਰੀ ਨੂੰ ਲੜਾਈ ਅਕਾਲੀ-ਕਾਂਗਰਸ ਦੀ ਨਹੀਂ, ਮੁੱਖ ਮੰਤਰੀ ਦਾ ਅਹੁਦਾ ਪ੍ਰਪਤੀ ਦੀ ਹੈ ਸਿਰਲੇਖ ਹੇਠ ਲਿਖੇ ਇੱਕ ਲੇਖ ਵਿੱਚ ਕੀਤਾ ਗਿਆ ਸੀ ਜਿਹੜਾ ਕਿ ਰੋਜ਼ਾਨਾ ਅਖ਼ਬਾਰ ਸੱਚ ਦੀ ਪਟਾਰੀ ਤੋਂ ਇਲਾਵਾ ਖ਼ਾਲਸਾ ਨਿਊਜ਼ ਦੇ ਲਿੰਕ

http://www.khalsanews.org/newspics/2012/01Jan2012/21%20Jan%2012/21%20Jan%2012%20Akali%20vs%20Congress%20-%20KS%20Bathinda.htm

ਤੇ ਛਪ ਚੁੱਕਿਆ ਹੈ। ਪਰ ਇਸ ਦੇ ਬਾਵਯੂਦ ਇਨ੍ਹਾਂ ਚੋਣ ਨਤੀਜਿਆਂ ਨੇ ਕੁਝ ਚੰਗੇ ਪੱਖ ਵੀ ਸਾਹਮਣੇ ਲਿਆਂਦੇ ਹਨ।

ਸਭ ਤੋਂ ਅਹਿਮ ਪੱਖ ਇਹ ਹੈ ਕਿ ਇਨ੍ਹਾਂ ਨਤੀਜਿਆਂ ਨੇ ਸੌਦਾ ਡੇਰਾ ਅਤੇ ਮੀਡੀਏ ਵਲੋਂ ਫੈਲਾਏ ਇਸ ਭ੍ਰਮਜਾਲ ਦਾ ਪਰਦਾ ਫ਼ਾਸ਼ ਕਰ ਦਿੱਤਾ ਹੈ ਕਿ ਖਾਸਕਰ ਮਾਲਵਾ ਖ਼ੇਤਰ ਵਿੱਚ ਸਿਆਸੀ ਚੋਣ ਨਤੀਜਿਆਂ ਦਾ ਤਵਾਜ਼ਨ ਸੌਦਾ ਪ੍ਰੇਮੀਆਂ ਦੇ ਹੱਥ ਵਿੱਚ ਹੈ। ਇਸ ਭ੍ਰਮਜਾਲ ਦਾ ਸਿਆਸੀ ਪਾਰਟੀਆਂ ਵੀ ਸ਼ਿਕਾਰ ਹੋਣ ਕਰਕੇ ਡੇਰਾਵਾਦ ਨੂੰ ਲੋੜ ਤੋਂ ਵੱਧ ਮਹੱਤਤਾ ਦੇ ਰਹੀਆਂ ਸਨ ਤੇ ਹਰ ਪਾਰਟੀ ਦੇ ਵੱਡੇ ਵੱਡੇ ਆਗੂ ਇਸ ਦੇ ਤਲਬੇ ਚੱਟਣ ਲਈ ਇਸ ਦੇ ਡੇਰੇ ਤੇ ਚੱਕਰ ਕੱਟਦੇ ਰਹਿੰਦੇ ਸਨ। ਇਸ ਦਾ ਅਸਰ ਆਮ ਲੋਕਾਂ ਤੇ ਇਹ ਹੋ ਰਿਹਾ ਸੀ ਕਿ ਡੇਰੇ ਦੇ ਸ਼੍ਰਧਾਲੂਆਂ ਦੀ ਗਿਣਤੀ ਵਿੱਚ ਦਿਨੋ ਦਿਨ ਬੜਾ ਵੱਡਾ ਵਾਧਾ ਹੋ ਰਿਹਾ ਸੀ ਜਿਸ ਦਾ ਉਲਟਾ ਮਾੜਾ ਅਸਰ ਇਹ ਹੋ ਰਿਹਾ ਸੀ ਕਿ ਕੋਈ ਵੀ ਸਿਆਸੀ ਪਾਰਟੀ ਕਤਲਾਂ ਤੇ ਬਲਾਤਕਾਰਾਂ ਵਰਗੇ ਸੰਗੀਨ ਦੋਸ਼ਾਂ ਵਿੱਚ ਘਿਰੇ ਇਸ ਸਾਧ ਵਿਰੁਧ ਕਾਨੂੰਨੀ ਕਾਰਵਾਈ ਕਰਨ ਤੋਂ ਪੂਰੀ ਤਰ੍ਹਾਂ ਸਿਰਫ ਪ੍ਰਹੇਜ਼ ਹੀ ਨਹੀਂ ਸਨ ਕਰਦੇ ਸਗੋਂ ਉਸ ਨੂੰ ਵੀਵੀਆਈਪੀ ਸਲੂਕ ਦਿੰਦਿਆਂ ਜ਼ੈੱਡ ਸਕਿਉਰਟੀ ਵੀ ਦਿੱਤੀ ਜਾ ਰਹੀ ਹੈ। ਇਹ ਸਲੂਕ ਇਸ ਸਾਧ ਵਲੋਂ ਪੀੜਤ ਵਿਅਕਤੀਆਂ ਨੂੰ ਇਨਸਾਫ਼ ਮਿਲਣ ਵਿੱਚ ਵੱਡਾ ਰੋੜਾ ਬਣ ਰਿਹਾ ਹੈ। ਪੰਜਾਬ ਵਿੱਚ ਭਾਈਚਾਰਕ ਸਾਂਝ ਖਤਮ ਕਰਕੇ ਬਦਅਮਨੀ ਫੈਲਾਉਣ ਵਾਲਾ ਡੇਰਾ ਪ੍ਰੇਮੀ-ਸਿੱਖ ਵਿਵਾਦ ਵੀ ਇਸ ਸਾਧ ਨੂੰ ਦਿੱਤੇ ਜਾ ਰਹੇ ਇਸ ਵੀਆਈਪੀ ਸਲੂਕ ਦਾ ਹੀ ਸਿੱਟਾ ਹੈ।

ਪਰ ਇਨ੍ਹਾਂ ਵਿਧਾਨ ਸਭਾ ਚੋਣ ਨਤੀਜਿਆਂ ਨੇ ਸੌਦੇ ਡੇਰੇ ਦੇ ਵੋਟ ਬੈਂਕ ਦੀ ਮਿੱਥ (ਝੂਠ) ਨੂੰ ਚੰਗੀ ਤਰ੍ਹਾਂ ਭੰਨਿਆ ਹੈ। ਸੌਦਾ ਪ੍ਰੇਮੀਆਂ ਦੀ ਹਮਾਇਤ ਪ੍ਰਾਪਤ ਕਰਨ ਲਈ ਇਸ ਦੇ ਡੇਰੇ ਤੇ ਚੱਕਰ ਕੱਟਣ ਵਾਲੇ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਜਿਨ੍ਹਾਂ ਵਿੱਚ ਯੁਵਰਾਜ ਰਣਇੰਦਰ ਸਿੰਘ (ਪੁੱਤਰ ਕੈਪਟਨ ਅਮਰਿੰਦਰ ਸਿੰਘ ਤੇ ਰਾਣੀ ਪ੍ਰਨੀਤ ਕੌਰ), ਅਵਤਾਰ ਸਿੰਘ ਬਰਾੜ, ਜਗਮੀਤ ਸਿੰਘ ਬਰਾੜ ਦਾ ਭਰਾ ਰਿਪਜੀਤ ਸਿੰਘ ਬਰਾੜ, ਗੁਰਦੇਵ ਬਾਦਲ ਤੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਆਦਿ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ।

ਸੌਦਾ ਪ੍ਰੇਮੀਆਂ ਦੀ ਵੋਟਾਂ ਦੇ ਆਸਰੇ ਬਣਨ ਵਾਲੀ ਸਰਕਾਰ ਦੀ ਚਾਬੀ ਆਪਣੇ ਹੱਥ ਵਿੱਚ ਆਉਣ ਦੀ ਉਮੀਦ ਲਾਈ ਬੈਠੇ ਮਨਪ੍ਰੀਤ ਸਿੰਘ ਬਾਦਲ ਜਿਸ ਨੂੰ ਸੌਦਾ ਸਾਧ ਦੀ ਅਸ਼ੀਰਵਾਦ ਮਿਲਣ ਦੀਆਂ ਖ਼ਬਰਾਂ ਵੀ ਛਪ ਚੁੱਕੀਆਂ ਸਨ, ਤਾਂ ਦੋਵੇਂ ਸੀਟਾਂ ਤੇ ਤੀਜੇ ਸਥਾਨ ਤੇ ਰਹੇ ਤੇ ਬੜੀ ਮੁਸ਼ਕਲ ਨਾਲ ਆਪਣੀ ਜਮਾਨਤ ਜ਼ਬਤ ਹੋਣ ਤੋਂ ਬਚਾ ਸਕੇ। ਗੇੜੇ ਕੱਟਣ ਵਾਲੇ ਕਈ ਉਮੀਦਵਾਰ ਤਾਂ ਹਾਰੇ ਹੀ ਹਾਰੇ ਹਨ, ਹੋਰ ਤਾਂ ਹੋਰ ਸੌਦਾ ਸਾਧ ਦਾ ਕੁੜਮ, ਬਠਿੰਡਾ ਸ਼ਹਿਰੀ ਸੀਟ ਤੋਂ ਖੜ੍ਹਾ ਕਾਂਗਰਸੀ ਹਰਮਿੰਦਰ ਜੱਸੀ ਵੀ ਇੱਕ ਹਿੰਦੂ-ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਤੋਂ ਲਗਭਗ 6600 ਵੋਟਾਂ ਦੇ ਫ਼ਰਕ ਨਾਲ ਹਾਰਿਆ ਹੈ ਜਦੋਂ ਕਿ ਇਹੀ ਸਿੰਗਲਾ 2007 ਵਿੱਚ ਇਸੇ ਜੱਸੀ ਤੋਂ 15000 ਤੋਂ ਵੱਧ ਵੋਟਾਂ ਤੇ ਹਾਰਿਆ ਸੀ ਤੇ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਜੇਤੂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਕਾਂਗਰਸੀ ਉਮੀਦਵਾਰ ਰਣਇੰਦਰ ਸਿੰਘ ਤੋਂ 16000 ਤੋਂ ਵੱਧ ਵੋਟਾਂ ਨਾਲ ਪਛੜ ਗਈ ਸੀ।

ਪਰ ਦੂਸਰੇ ਪਾਸੇ ਡੇਰੇਦਾਰਾਂ ਦੀਆਂ ਅੱਖਾਂ ਵਿੱਚ ਰੜਕਣ ਵਾਲਾ ਜੀਤਮਹਿੰਦਰ ਸਿੰਘ ਸਿੱਧੂ ਲਗਾਤਰ ਤੀਜੀ ਵਾਰ ਤਲਵੰਡੀ ਸਾਬੋ ਹਲਕੇ ਤੋਂ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਹੈ। ਕਿਸੇ ਵੀ ਹਾਲਤ ਵਿੱਚ ਡੇਰੇ ਦੇ ਚੱਕਰ ਨਾ ਕੱਟਣ ਦਾ ਦ੍ਰਿੜ ਸਟੈਂਡ ਲੈਣ ਵਾਲੇ ਜਥੇਦਾਰ ਤੋਤਾ ਸਿੰਘ ਨੇ ਜਿੱਥੇ ਸਿੱਖ ਸੰਗਤਾਂ ਦੀ ਵਾਹ-ਵਾਹ ਖੱਟੀ ਉਥੇ ਸ਼ਾਨਦਾਰ ਜਿੱਤ ਵੀ ਹਾਸਲ ਕੀਤੀ ਜਦੋਂ ਕਿ ਆਪਣੇ ਆਪ ਨੂੰ ਅਸੂਲਪ੍ਰਸਤ ਅਖਵਾਉਣ ਵਾਲੇ ਕਮਿਊਨਿਸਟਾਂ ਨੂੰ ਡੇਰੇ ਦੇ ਚੱਕਰ ਕੱਟਣ ਦੇ ਬਾਵਯੂਦ ਹਾਰ ਨਸੀਬ ਹੋਈ। ਇਨ੍ਹਾਂ ਚੋਣ ਨਤੀਜਿਆਂ ਨੇ ਦੋ ਅਹਿਮ ਪੱਖ ਉਜਾਗਰ ਕੀਤੇ ਹਨ ਕਿ ਜਾਂ ਤਾਂ (1) ਸੌਦੇ ਸਾਧ ਦਾ ਵੋਟ ਬੈਂਕ ਉਤਨਾ ਨਹੀਂ ਜਿੰਨੀਆਂ ਡੀਗਾਂ ਮਾਰੀਆਂ ਜਾ ਰਹੀਆਂ ਹਨ ਜਾਂ ਫਿਰ (2) ਸੱਚਾ ਸੌਦਾ ਕਰਨ ਦੇ ਉਪਦੇਸ਼ ਦੇਣ ਵਾਲੇ ਸਾਧ ਅਤੇ ਅਕਾਲ ਤਖ਼ਤ ਦੇ ਹੁਕਨਾਮੇ ਨੂੰ ਸਰਬ ਉਚ ਪ੍ਰਚਾਰਣ ਵਾਲੇ ਬਾਦਲ ਦਲ ਨੇ ਅੰਦਰਖਾਤੇ ਗੈਰਇਖ਼ਲਾਖ਼ੀ ਸਮਝੌਤਾ ਕਰਕੇ ਕੇ ਸਮੂਹ ਪੰਜਾਬੀਆਂ ਨੂੰ ਧੋਖਾ ਦਿੱਤਾ ਹੈ। ਜੇ ਕਰ ਸੌਦਾ ਪ੍ਰੇਮੀਆਂ ਦਾ ਵੱਡਾ ਵੋਟ ਬੈਂਕ ਹੋਣ ਦਾ ਦਾਅਵਾ ਸੱਚਾ ਹੈ ਤਾਂ ਇਨ੍ਹਾਂ ਵਲੋਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਉਕਤ ਸੰਭਾਵਨਾਂ ਨੰਬਰ (2) 100% ਸੱਚੀ ਹੈ। ਇਸ ਸੰਭਾਵਨਾ ਦੇ ਸੱਚੀ ਹੋਣ ਦਾ ਇਹ ਵੀ ਇੱਕ ਵੱਡਾ ਪ੍ਰਮਾਣ ਹੈ ਕਿ ਚੀਫ਼ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਦੇ ਪ੍ਰਧਾਨ ਅਤੇ ਅਕਾਲੀ ਆਗੂ ਰਜਿੰਦਰ ਸਿੰਘ ਸਿੱਧੂ ਵਲੋਂ ਸਿੱਖ ਕੌਮ ਵਲੋਂ ਸੌਦਾ ਸਾਧ ਵਿਰੁਧ ਥਾਣਾ ਕੌਤਵਾਲੀ ਬਠਿੰਡਾ ਵਿਖੇ ਧਾਰਾ 295ਏ/153ਏ/298 ਆਈਪੀਸੀ ਅਧੀਨ ਐੱਫਆਈਆਰ ਨੰ: 262 ਮਿਤੀ 20-5-2007 ਰਾਹੀਂ ਦਰਜ਼ ਕਰਵਾਇਆ ਗਿਆ ਕੇਸ, ਚੋਣਾਂ ਤੋਂ ਐਨ ਤਿੰਨ ਦਿਨ ਪਹਿਲਾਂ 27 ਜਨਵਰੀ ਨੂੰ ਵਾਪਸ ਲੈਣ ਲਈ ਹਲਫੀਆ ਬਿਆਨ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਭਰੋਸੇਯੋਗ ਖ਼ਬਰਾਂ ਇਹ ਸਨ ਕਿ 20 ਜਨਵਰੀ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਹੋਈ ਮੀਟਿੰਗ ਵਿੱਚ ਇਹ ਨਾਪਾਕ ਸਮਝੌਤਾ ਹੋਇਆ ਸੀ ਕਿ ਸੌਦਾ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਦੇ ਇਵਜ਼ ਵਜੋਂ ਉਕਤ ਕੇਸ ਵਾਪਸ ਲੈ ਲਿਆ ਜਾਵੇਗਾ ਤੇ ਇਸ ਦੀ ਜਿੰਮੇਵਾਰੀ ਬਠਿੰਡਾ ਸ਼ਹਿਰੀ ਹਲਕੇ ਦੇ ਅਕਾਲੀ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਸੌਂਪੀ ਗਈ ਸੀ। ਇਸ ਸਮਝੌਤੇ ਨੂੰ ਸਿਰੇ ਚਾੜ੍ਹਨ ਲਈ 21 ਜਨਵਰੀ ਨੂੰ ਸ਼੍ਰੀ ਸਿੰਗਲੇ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਰਜਿੰਦਰ ਸਿੰਘ ਸਿੱਧੂ ਦੇ ਨਾਮ ਦਾ ਜ਼ਾਲ੍ਹੀ ਹਲਫੀਆ ਬਿਆਨ ਤਿਆਰ ਅਤੇ ਤਸਦੀਕ ਕਰਵਾ ਕੇ ਪੁਲਿਸ ਨੂੰ ਦਿੱਤਾ ਜਿਸ ਦੇ ਅਧਾਰ ਤੇ 27 ਜਨਵਰੀ ਨੂੰ ਪੁਲਿਸ ਵਲੋਂ ਕੇਸ ਵਾਪਸ ਲੈਣ ਦੀ ਰੀਪੋਰਟ ਪੇਸ਼ ਕਰ ਦਿੱਤੀ। ਜੇ ਸੌਦਾ ਸਾਧ ਦਾ ਵੋਟ ਬੈਂਕ ਮੰਨ ਲਿਆ ਜਾਵੇ ਤਾਂ ਇਹੋ ਮੁਖ ਕਾਰਣ ਹੋ ਸਕਦਾ ਹੈ ਕਿ ਵਿਸ਼ੇਸ਼ ਤੌਰ ਤੇ ਕਾਂਗਰਸੀ ਹਲਕੇ ਦੇ ਤੌਰ ਤੇ ਜਾਣਿਆਂ ਜਾਂਦਾ ਬਠਿੰਡਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਸ਼੍ਰੀ ਸਿੰਗਲਾ, ਸੌਦਾ ਸਾਧ ਦੇ ਕੁੜਮ ਸ਼੍ਰੀ ਜੱਸੀ ਨੂੰ ਚਿੱਤ ਕਰਨ ਵਿੱਚ ਸਫਲ ਹੋ ਗਿਆ। ਇਸ ਭੇਦ ਨੂੰ ਸੌਦਾ ਸਾਧ ਅਤੇ ਬਾਦਲ ਦਲ ਦੋਹਾਂ ਲਈ ਸਪਸ਼ਟ ਕਰਨਾ ਜਰੂਰੀ ਹੈ ਨਹੀਂ ਤਾਂ ਦੋਵਾਂ ਦੀ ਭਰੋਸੇਯੋਗਤਾ ਤੇ ਸਵਾਲੀਆ ਚਿੰਨ੍ਹ ਲੱਗਣਾ ਵਾਜ਼ਬ ਹੋਵੇਗਾ।

ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਟੱਬਰ ਸਮੇਤ ਬਾਰ-ਬਾਰ ਸੌਦੇ ਸਾਧ ਦੀ ਸ਼ਰਨ ਵਿਚ ਜਾਣਾ ਅਤੇ ਹਿੱਕ ਥਾਪੜ ਕੇ ਕਹਿਣਾ ਕਿ ਬਾਬਾ ਜੀ ਦੇ ਖਿਲਾਫ਼ ਸਿਆਸਤ ਤੋਂ ਪ੍ਰੇਰਿਤ ਝੂਠੇ ਕੇਸ ਬਣਾਏ ਗਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਸਰਕਾਰ ਅਉਣ ਤੇ ਵਾਪਸ ਲੈ ਲਿਆ ਜਾਵੇਗਾ। ਬਾਬਾ ਜੀ ਦਾ ਅਸ਼ੀਰਵਾਦ ਸਦਾ ਮੇਰੇ ਨਾਲ ਹੈ। ਪਰ ਦੂਸਰੇ ਪਾਸੇ ਜੋੜ ਤੋੜ ਦੇ ਮਹਾਂਰਥੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਧੋਬੀ ਪਟਕਾ ਲਾਉਣ ਲਈ, ਅਕਾਲ ਤਖ਼ਤ ਦੇ ਹੁਕਮਨਾਮੇ ਅਤੇ ਪੰਥਕ ਭਾਵਨਾਂਵਾ ਦੀ ਪਿੱਠ ਵਿੱਚ ਛੁਰਾ ਮਾਰਦਿਆਂ, ਸੌਦਾ ਸਾਧ ਨਾਲ ਅੰਦਰਖਾਤੇ ਗੈਰ ਸਿਧਾਂਤਕ ਸਮਝੌਤਾ ਕਰਕੇ, ਉਸ ਵਿਰੁਧ ਕੇਸ ਵਾਪਸ ਲੈਣ ਲਈ ਚੁੱਪ ਚਪੀਤੇ ਹਲਫੀਆ ਬਿਆਨ ਦਾਖ਼ਲ ਕਰਵਾ ਦਿੱਤਾ, ਜਿਸ ਦੀ ਵੋਟਾਂ ਪੈਣ ਤੱਕ ਕਿਸੇ ਨੂੰ ਭਿਣਕ ਨਾ ਪੈਣ ਦਿੱਤੀ। ਦੂਸਰੇ ਪਾਸੇ ਡੇਰੇ ਵਲੋਂ ਇਹ ਅਫਵਾਹ ਫੈਲਾਈ ਗਈ ਕਿ ਬਾਦਲ ਦਲ ਦੇ ਉਚ ਨੇਤਾ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਪਰਮਿੰਦਰ ਸਿੰਘ ਢੀਂਡਸਾ ਅਤੇ ਸਾਂਝੇ ਮੋਰਚੇ ਦੇ ਮਨਪ੍ਰੀਤ ਸਿੰਘ ਬਾਦਲ ਤੇ ਭਗਵੰਤ ਮਾਨ ਦੀਆਂ ਸੀਟਾਂ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਸੀਟਾਂ ਤੇ ਕਾਂਗਰਸ ਉਮੀਦਵਾਰਾਂ ਦੀ ਮੱਦਦ ਕੀਤੀ ਜਾਵੇਗੀ। ਇਸ ਪਹੁੰਚ ਕਰ ਕੇ ਪੰਥਕ ਵਰਗ ਨੇ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਤੋਂ ਆਪਣੀ ਦੂਰੀ ਬਣਾਈ ਰੱਖੀ ਅਤੇ ਬਾਦਲਦਲੀਆਂ ਦੇ ਹੱਕ ਚ ਭੁਗਤੇ। ਇਹੋ ਕਾਰਣ ਹੈ ਕਿ ਸਾਰੇ ਸਿਆਸੀ ਪੰਡਤਾਂ ਅਤੇ ਚੋਣ ਸਰਵੇ ਰੀਪੋਰਟਾਂ ਨੂੰ ਝੁਠਲਾਉਂਦਿਆਂ ਬਾਦਲ ਨਵਾਂ ਚੋਣ ਇਤਿਹਾਸ ਸਿਰਜਦਿਆਂ ਦੂਸਰੀ ਵਾਰ ਆਪਣੀ ਸਰਕਾਰ ਬਣਾਉਣ ਵਿੱਚ ਸਫ਼ਲ ਹੋ ਗਿਆ।

ਦੂਸਰਾ ਚੰਗਾ ਪੱਖ ਇਹ ਹੈ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਵਲੋਂ ਇੱਕ ਦੂਜੇ ਦੀਆਂ ਨਾਕਾਮੀਆਂ ਤੋਂ ਲਾਭ ਲੈਂਦੇ ਹੋਏ ਬਿਨਾਂ ਕਿਸੇ ਖਾਸ ਕੰਮ ਕੀਤਿਆਂ ਹੀ ਵਾਰੋ ਵਾਰੀ ਰਾਜ ਕਰਨ ਵਿੱਚ ਸਫਲਤਾ ਕਰਨ ਪਿੱਛੋਂ ਚਾਰ ਸਾਲ ਇਹੀ ਰੌਲ਼ਾ ਪਾਉਂਦਿਆਂ ਲੰਘਾ ਦਿੱਤੇ ਜਾਂਦੇ ਸਨ ਕਿ ਉਨ੍ਹਾਂ ਨੂੰ ਪਹਿਲਾਂ ਵਾਲੀ ਸਰਕਾਰ ਤੋਂ ਖ਼ਜ਼ਾਨਾ ਖਾਲੀ ਮਿਲਿਆ ਸੀ ਇਸ ਲਈ ਚਾਹੁੰਦੇ ਹੋਏ ਵੀ ਕੋਈ ਵਿਕਾਸ ਦਾ ਕੰਮ ਜਾਂ ਬੇਰੋਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਲੀਆਂ ਸਕੀਮਾਂ ਲਾਗੂ ਕਰਵਾਉਣ ਤੋਂ ਸਰਕਾਰ ਅਸਮਰਥ ਹੈ। ਅਤੇ ਅਖੀਰਲੇ ਸਾਲ ਵਿਕਾਸ ਦੇ ਨਾਮ ਤੇ ਸਰਕਾਰੀ ਫੰਡਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਜਾਂਦੀ ਸੀ। ਮਿਸਾਲ ਦੇ ਤੌਰ ਤੇ ਜਨਵਰੀ-ਫਰਵਰੀ ਚ ਚੋਣਾਂ ਨੂੰ ਮੁੱਖ ਰੱਖ ਕੇ ਦਸੰਬਰ ਦੀ ਅਤਿ ਦੀ ਠੰਡ ਵਿੱਚ ਸੜਕਾਂ ਤੇ ਥੋਕ ਵਿੱਚ ਪ੍ਰੀਮਿਕਸ ਪਾਈ ਗਈ ਪਰ ਪੂਰਾ ਤਾਪਮਾਨ ਨਾ ਮਿਲਣ ਅਤੇ ਕਾਹਲੀ ਵਿੱਚ ਪੂਰਾ ਸਮੇਂ ਲਈ ਰੋਡ ਰੋਲਰ ਨਾ ਫੇਰਨ ਕਰਕੇ ਕੁਝ ਹੀ ਦਿਨਾਂ ਵਿਚ ਸਾਰੀ ਹੀ ਪਾਈ ਗਈ ਪ੍ਰੀਮਿਕਸ ਉਖੜ ਗਈ ਤੇ ਹੁਣ ਉਨ੍ਹਾਂ ਸੜਕਾਂ ਦਾ ਹਾਲ ਪਹਿਲਾਂ ਨਾਲੋਂ ਵੀ ਭੈੜਾ ਹੋ ਗਿਆ ਹੈ। ਬਹੁਤੀ ਉਮੀਦ ਤਾਂ ਹੁਣ ਵੀ ਨਹੀ ਪਰ ਜੇ ਸਰਕਾਰ ਬਦਲ ਜਾਂਦੀ ਤਾਂ ਉਸ ਨੇ ਚਾਰ ਸਾਲ ਪੁਰਣੀ ਸਰਕਾਰ ਨੂੰ ਕੋਸਦੇ ਹੀ ਲੰਘਾ ਦੇਣੇ ਸਨ। ਅਵਲ ਤਾਂ ਹੋਣੀ ਨਹੀਂ ਸੀ ਪਰ ਜੇ ਬੇਮੌਸਮੀ ਤੇ ਸਬਸਟੰਡਰਡ ਕੰਮ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੂੰਨਾ ਲਾਉਣ ਵਾਲਿਆਂ ਵਿਰੁੱਧ ਨਵੀਂ ਸਰਕਾਰ ਵਲੋਂ ਕੋਈ ਕਾਰਵਾਈ ਕੀਤੀ ਜਾਂਦੀ ਤਾਂ ਵਿਰੋਧੀ ਪਾਰਟੀ ਨੇ ਸਿਆਸੀ ਬਦਲਾਖ਼ੋਰੀ ਦਾ ਦੋਸ਼ ਲਾ ਕੇ ਲੋਕਾਂ ਦੀ ਹਮਦਰਦੀ ਹਾਸਲ ਕਰਕੇ ਅਗਲੀਵਾਰ ਫਿਰ ਸਰਕਾਰ ਬਣਾਉਣ ਵਿੱਚ ਕਾਮਯਾਬੀ ਹਾਸਲ ਕਰ ਲੈਣੀ ਸੀ। ਇਹ ਵਾਰੀ ਟੁੱਟਣ ਨਾਲ ਹੁਣ ਸਰਕਾਰੀ ਬੈਂਚ ਖ਼ਜ਼ਾਨਾ ਖਾਲੀ ਮਿਲਣ ਦਾ ਦੋਸ਼ ਲਾ ਕੇ ਸੁਰਖੁਰੂ ਨਹੀ ਹੋ ਸਕਦਾ ਤੇ ਉਸ ਨੂੰ ਕੁਝ ਕੰਮ ਕਰ ਕੇ ਵਿਖਾਉਣਾ ਹੀ ਪਏਗਾ। ਤੇ ਵਿਰੋਧੀ ਦਲ ਪੰਜ ਸਾਲਾਂ ਬਾਅਦ ਵਾਰੀ ਮਿਲਣ ਦੀ ਉਮੀਦ ਵਿੱਚ ਹੱਥ ਤੇ ਹੱਥ ਧਰ ਕੇ ਨਹੀਂ ਬੈਠ ਸਕਦੀ ਤੇ ਉਸ ਨੂੰ ਕੁਝ ਲੋਕ ਮੁੱਦੇ ਉਠਾਉਣ ਤੇ ਲੋਕਾਂ ਵਿੱਚ ਵਿਚਰਣ ਲਈ ਮਜਬੂਰ ਹੋਣਾ ਪਏਗਾ।

ਤੀਸਰਾ ਅਹਿਮ ਪੱਖ ਇਹ ਹੈ ਕਿ ਕਾਂਗਰਸ ਪਾਰਟੀ ਨੇ ਜੇ ਆਪਣੀ ਹੋਂਦ ਬਚਾਉਣੀ ਹੈ ਤਾਂ ਉਸ ਨੂੰ ਪਾਰਟੀ ਪੱਧਰ ਅਤੇ ਦੇਸ਼ ਦੇ ਸੰਵਿਧਾਨਕ ਪੱਧਰ ਤੇ ਅਧਿਕਾਰਾਂ ਦਾ ਵਿਕੇਂਦਰੀਕਰਣ ਕਰਨਾ ਪਾਏਗਾ ਭਾਵ ਕੁਝ ਤਾਕਤਾਂ ਆਪਣੀਆਂ ਪ੍ਰਦੇਸ਼ਿਕ ਇਕਾਈਆਂ ਅਤੇ ਸੂਬਾ ਸਰਕਾਰਾਂ ਨੂੰ ਦੇਣੀਆਂ ਪੈਣਗੀਆਂ। ਪਾਰਟੀ ਵਿੱਚ ਕਾਇਮ ਹੋਏ ਪ੍ਰਵਾਰਵਾਦ ਅਤੇ ਭਾਈ ਭਤੀਜਾਵਾਦ ਤੋਂ ਛੁਟਕਾਰਾ ਪਾਉਣਾ ਹੀ ਪਏਗਾ। ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਹਾਰ ਦਾ ਮੁਖ ਕਾਰਣ ਇਹ ਵੀ ਹੈ ਕਿ ਇਸ ਵਲੋਂ ਉਮੀਦਵਾਰ ਲੋਕਾਂ ਜਾਂ ਪ੍ਰਦੇਸ਼ਕ ਪਾਰਟੀ ਦੀ ਪਸੰਦ ਨਹੀਂ ਬਲਕਿ ਹਾਈ ਕਮਾਂਡ ਵਲੋਂ ਠੋਸੇ ਜਾਂਦੇ ਹਨ ਤੇ ਫੈਸਲਾ ਕਰਨ ਵਿੱਚ ਇਤਨੀ ਦੇਰ ਕਰ ਦਿੱਤੀ ਜਾਂਦੀ ਹੈ ਕਿ ਉਹ ਚੋਣ ਪ੍ਰਚਾਰ ਕਰਨ ਵਿੱਚ 2-3 ਮਹੀਨੇ ਪਹਿਲਾਂ ਤੋਂ ਚੋਣ ਮੁਹਿੰਮ ਵਿੱਚ ਜੁਟੇ ਬਾਦਲ ਦਲੀਆਂ ਤੋਂ ਬਹੁਤ ਪਛੜ ਜਾਂਦੇ ਹਨ। ਟਿਕਟਾਂ ਗਾਂਧੀ ਪ੍ਰਵਾਰ ਦੀ ਨਿਜੀ ਚੋਣ ਅਤੇ ਪ੍ਰਦੇਸ਼ਕ ਕਾਂਗਰਸ ਪਾਰਟੀ ਦੇ ਉਚ ਆਗੂਆਂ ਦੇ ਪ੍ਰਵਾਰਕ ਮੈਂਬਰਾਂ ਨੂੰ ਦੇ ਕੇ ਸਾਰੇ ਮੁੱਖ ਆਗੂਆਂ ਨੂੰ ਖੁਸ਼ ਕਰਨ ਦੀ ਨੀਤੀ ਅਧੀਨ ਆਮ ਵਰਕਰਾਂ ਨੂੰ ਨਾਰਾਜ਼ ਕਰ ਲਿਆ ਜਾਂਦਾ ਹੈ। ਇਹੋ ਕਾਰਣ ਹੈ ਕਿ ਇਸ ਵਾਰ ਲਗਪਗ ਡੇੜ ਦਰਜਨ ਸੀਟਾਂ ਤੇ ਬਾਗੀ ਉਮੀਦਵਾਰ ਮੈਦਾਨ ਵਿੱਚ ਡਟ ਗਏ ਜਿਸ ਦਾ ਸਿੱਧਾ ਲਾਭ ਅਕਾਲੀ ਦਲ ਨੂੰ ਮਿਲਿਆ।

ਚੌਥਾ ਪੱਖ ਇਹ ਹੈ ਕਿ ਕਾਂਗਰਸ ਪਾਰਟੀ ਨੇ ਆਪਣੀ ਜਿੱਤ ਦਾ ਇੰਨਾ ਗਲਤ ਅੰਦਾਜ਼ਾ ਲਾ ਲਿਆ ਕਿ ਇਸ ਨੇ ਚੋਣਾਂ ਜਿੱਤਣ ਲਈ ਕਿਸੇ ਵੀ ਪਾਰਟੀ ਨਾਲ ਚੋਣ ਸਮਝੌਤਾ ਕਰਨਾ ਵਾਜ਼ਬ ਨਾ ਸਮਝਿਆ। ਇਹੋ ਕਾਰਣ ਹੈ ਕਿ ਕੇਵਲ 1.77% ਵੋਟਾਂ ਦੇ ਫਰਕ ਕਾਰਣ ਕਾਂਗਰਸ ਨੂੰ 22 ਸੀਟਾਂ ਦਾ ਘਾਟਾ ਪਿਆ।

- ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਵਿਧਾਨ ਸਭਾ ਚੋਣਾਂ ਦੌਰਾਨ 41.88 ਫੀਸਦੀ ਵੋਟਾਂ ਮਿਲੀਆਂ। ਗਠਜੋੜ ਨੇ 68 ਸੀਟਾਂ ਹਾਸਲ ਕੀਤੀਆਂ ਹਨ।

- ਕਾਂਗਰਸ ਪਾਰਟੀ ਨੂੰ 40.11 ਫੀਸਦੀ ਵੋਟ ਮਿਲੇ ਪਰ ਇਸ ਪਾਰਟੀ ਨੂੰ ਕੇਵਲ 46 ਸੀਟਾਂ ਮਿਲੀਆਂ ਹਨ। ਮਹਿਜ਼ 1.77 ਫੀਸਦੀ ਵੋਟਾਂ ਦੇ ਫਰਕ ਨਾਲ ਹੀ ਅਕਾਲੀ ਭਾਜਪਾ ਗਠਜੋੜ ਸੂਬੇ ਦੀ ਸੱਤਾ ਤੇ ਕਾਬਜ਼ ਹੋ ਗਿਆ।

- ਸ਼੍ਰੋਮਣੀ ਅਕਾਲੀ ਦਲ ਨੂੰ 48,28,603 ਵੋਟਾਂ ਮਿਲੀਆਂ, ਜੋ ਕਿ 34.75 ਫੀਸਦੀ ਬਣਦੀਆਂ ਹਨ।

- ਭਾਜਪਾ ਨੂੰ 9,91,098 ਵੋਟਾਂ ਮਿਲੀਆਂ ਜਿਨ੍ਹਾਂ ਦਾ ਪ੍ਰਤੀਸ਼ਤ 7.13 ਬਣਦਾ ਹੈ।

- ਕਾਂਗਰਸ ਨੂੰ ਕੁੱਲ 55,72,724 ਵੋਟਾਂ ਮਿਲੀਆਂ, ਜੋ ਕਿ 40.11 ਫੀਸਦੀ ਬਣਦੀਆਂ ਹਨ। ਇਸ ਤਰ੍ਹਾਂ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੋਟਾਂ ਤਾਂ ਵੱਧ ਮਿਲੀਆਂ ਪਰ ਸੀਟਾਂ ਘੱਟ ਮਿਲੀਆਂ।

- ਪੀਪਲਜ਼ ਪਾਰਟੀ ਆਫ਼ ਪੰਜਾਬ, ਜੋ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੀ ਸੀ, ਦੇ ਉਮੀਦਵਾਰਾਂ ਨੂੰ 7,17,702 ਵੋਟ ਮਿਲੇ, ਜੋ ਕੁੱਲ ਭੁਗਤੀਆਂ ਵੋਟਾਂ ਦਾ 5.17 ਫੀਸਦੀ ਬਣਦੀਆਂ ਹਨ।

- ਬਹੁਜਨ ਸਮਾਜ ਪਾਰਟੀ ਨੂੰ ਇਨ੍ਹਾਂ ਚੋਣਾਂ ਦੌਰਾਨ 5,97,026 ਵੋਟਾਂ ਮਿਲੀਆਂ, ਜੋ ਕਿ 4.30 ਫੀਸਦੀ ਬਣਦੀਆਂ ਹਨ। ਪਰ ਸੀਟਾਂ ਦੇ ਮਾਮਲੇ ਵਿੱਚ ਇਹ ਦੋਵੇਂ ਪਾਰਟੀਆਂ ਖਾਤਾ ਵੀ ਨਹੀਂ ਖੋਲ੍ਹ ਸਕੀਆਂ।

ਮਹੱਤਵਪੂਰਨ ਤੱਥ ਇਹ ਹੈ ਕਿ ਸਾਲ 2007 ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 46,89,018 ਵੋਟਾਂ ਮਿਲੀਆਂ ਸਨ ਜਿਨ੍ਹਾਂ ਦੀ ਪ੍ਰਤੀਸ਼ਤਤਾ 37.09 ਬਣਦੀ ਸੀ। ਅਕਾਲੀ ਦਲ ਨੇ ਇਸ ਵਾਰੀ ਆਪਣਾ ਵੋਟ ਬੈਂਕ ਤਾਂ 2.34% ਘਟਾ ਲਿਆ ਪਰ ਸੀਟਾਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਦੂਸਰੇ ਪਾਸੇ ਕਾਂਗਰਸ ਨੂੰ ਸਾਲ 2007 ਦੀਆਂ ਚੋਣਾਂ ਦੌਰਾਨ 51,70,055 ਵੋਟਾਂ ਮਿਲੀਆਂ ਸਨ ਜਿਨ੍ਹਾਂ ਦੀ ਪ੍ਰਤੀਸ਼ਤਤਾ 38.81 ਫੀਸਦੀ ਬਣਦੀ ਸੀ। ਇਸ ਤਰ੍ਹਾਂ 2007 ਦੇ ਮੁਕਾਬਲੇ 1.30% ਵੋਟਾਂ ਵਧਾ ਕੇ ਸਿਰਫ ਦੋ ਸੀਟਾਂ ਹੀ ਵੱਧ ਮਿਲੀਆਂ।

ਚੋਣ ਨਤੀਜਿਆਂ ਦਾ ਅਧਿਐਨ ਕਰਨ ਤੋਂ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ 1800 ਵੋਟਾਂ ਤੋਂ ਘੱਟ ਦੇ ਅੰਤਰ ਨਾਲ ਜਿੱਤ-ਹਾਰ ਦਾ ਫੈਸਲਾ ਕਰਨ ਵਾਲੇ ਵਿਧਾਨ ਸਭਾ ਹਲਕਿਆਂ ਦੀ ਗਿਣਤੀ 18 ਹੈ। ਇਨ੍ਹਾਂ ਚੋਂ 15 ਤੇ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਫਿਲੌਰ ਤੋਂ ਅਵਿਨਾਸ਼ ਚੰਦਰ (31), ਪੱਟੀ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ (59), ਫਿਰੋਜ਼ਪੁਰ ਦਿਹਾਤੀ ਤੋਂ ਜੋਗਿੰਦਰ ਪਾਲ ਸਿੰਘ ਜਿੰਦੂ (109), ਜਗਰਾਉਂ ਤੋਂ ਐਸ.ਆਰ. ਕਲੇਰ (206), ਨਿਹਾਲ ਸਿੰਘ ਵਾਲਾ ਤੋਂ ਰਾਜਵਿੰਦਰ ਕੌਰ (591), ਪਾਇਲ ਤੋਂ ਚਰਨਜੀਤ ਸਿੰਘ ਅਟਵਾਲ (630), ਸ਼ੁਤਰਾਣਾ ਤੋਂ ਵਨਿੰਦਰ ਕੌਰ ਲੂੰਬਾ (772), ਕਰਤਾਰਪੁਰ ਤੋਂ ਸਰਵਨ ਸਿੰਘ ਫਿਲੌਰ (823), ਜਲੰਧਰ ਕੇਂਦਰੀ ਤੋਂ ਮਨੋਰੰਜਨ ਕਾਲੀਆ (1065), ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ (1235), ਮੌੜ ਤੋਂ ਜਨਮੇਜਾ ਸਿੰਘ ਸੇਖੋਂ (1387), ਮਾਨਸਾ ਤੋਂ ਪ੍ਰੇਮ ਕੁਮਾਰ ਮਿੱਤਲ (1305), ਫਾਜ਼ਿਲਕਾ ਤੋਂ ਸੁਰਜੀਤ ਕੁਮਾਰ ਜਿਆਣੀ (1692), ਜਲੰਧਰ ਉਤਰੀ ਤੋਂ ਕੇ.ਡੀ. ਭੰਡਾਰੀ (1703) ਅਤੇ ਘਨੌਰ ਤੋਂ ਹਰਪ੍ਰੀਤ ਕੌਰ ਮੁਖਮੈਲਪੁਰ (1778) ਸ਼ਾਮਲ ਹਨ।  ਦੂਜੇ ਪਾਸੇ ਕਾਂਗਰਸ ਦੇ ਤਿੰਨ ਉਮੀਦਵਾਰ, ਫ਼ਤਹਿਗੜ੍ਹ ਚੂੜੀਆਂ ਤੋਂ ਤ੍ਰਿਪਤਰਜਿੰਦਰ ਸਿੰਘ ਬਾਜਵਾ (639), ਰਾਜਾਸਾਂਸੀ ਤੋਂ ਸੁਖਬਿੰਦਰ ਸਿੰਘ ਸੁਖ ਸਰਕਾਰੀਆ (1084) ਅਤੇ ਭੁੱਚੋ ਮੰਡੀ ਤੋਂ ਅਜਾਇਬ ਸਿੰਘ ਭੱਟੀ (1288) ਘੱਟ ਵੋਟਾਂ ਦੇ ਫਰਕ ਨਾਲ ਜਿੱਤਣ ਵਾਲੇ ਉਮੀਦਵਾਰਾਂ ਵਿੱਚ ਸ਼ੁਮਾਰ ਰਹੇ। ਜੇ ਕਦੀ ਕਾਂਗਰਸ ਪਾਰਟੀ ਮਨਪ੍ਰੀਤ ਸਿੰਘ ਬਾਦਲ ਜਾਂ ਬੀਐੱਸਪੀ ਨਾਲ ਚੋਣ ਸਮਝੌਤਾ ਕਰ ਲੈਂਦੀ ਤਾਂ ਨਤੀਜੇ ਬਿਲਕੁਲ ਉਲਟ ਹੋਣੇ ਸਨ ਤੇ ਅਕਾਲੀ ਦਲ ਦੀ ਵਿਕਾਸ ਦੇ ਨਾਮ ਤੇ ਜਿੱਤ ਹਾਸਲ ਕਰਨ ਦੇ ਦਾਅਵਿਆਂ ਦੀ ਫੂਕ ਨਿਕਲ ਜਾਣੀ ਸੀ।

ਜਿਸ ਤਰ੍ਹਾਂ ਡੇਰਾ ਸਿਰਸਾ ਦੇ ਵੋਟ ਬੈਂਕ ਦਾ ਝੂਠਾ ਪ੍ਰਚਾਰ ਕਰਕੇ 2007 ਵਿੱਚ ਅਕਾਲੀ ਦਲ ਮਾਲਵੇ ਚ ਆਪਣੀ ਹਾਰ ਨੂੰ ਛੁਪਾਉਣ ਦਾ ਯਤਨ ਕਰਦਾ ਰਿਹਾ ਉਸੇ ਤਰ੍ਹਾਂ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਸੌਦਾ ਸਾਧ ਦੀ ਅਸ਼ੀਰਵਾਦ ਲੈਣ ਦੇ ਚੱਕਰ ਵਿੱਚ ਸਿੱਖਾਂ ਨਾਲ ਬਣੀ ਨੇੜਤਾ ਨੂੰ ਖ਼ਤਮ ਕਰਕੇ ਹਾਰ ਪੱਲੇ ਪਵਾ ਬੈਠਾ। ਸੋ ਉਕਤ ਚੋਣ ਗਣਿਤ ਅਕਾਲੀ ਦਲ ਦੇ ਉਨ੍ਹਾਂ ਸਾਰੇ ਦਾਅਵਿਆਂ ਦੀ ਫੂਕ ਕੱਢ ਦਿੰਦਾ ਹੈ ਕਿ ਉਸ ਨੇ ਵਿਕਾਸ ਅਤੇ ਅਮਨ ਸ਼ਾਂਤੀ ਦੇ ਨਾਮ ਤੇ ਲੋਕਾਂ ਦਾ ਦਿਲ ਜਿੱਤ ਕੇ ਮੁੜ ਸਤਾ ਹਾਸਲ ਕਰਕੇ ਇਤਿਹਾਸ ਬਦਲ ਦਿੱਤਾ ਹੈ। ਅਸਲ ਵਿੱਚ ਅਕਾਲੀ-ਭਾਜਪਾ ਦੀ ਜਿੱਤ ਅਤੇ ਕਾਂਗਰਸ ਦੀ ਹਾਰ ਦਾ ਮੁੱਖ ਕਾਰਣ ਕੈਪਟਨ ਅਮਰਿੰਦਰ ਸਿੰਘ ਦੀ ਗਲਤ ਫ਼ਹਿਮੀ, ਹਾਈ ਕਮਾਂਡ ਵਲੋਂ ਟਿਕਟਾਂ ਦੀ ਗਲਤ ਵੰਡ ਕਾਰਣ ਖੜ੍ਹੇ ਹੋਏ ਬਾਗੀ ਕਾਂਗਰਸੀ ਉਮੀਦਵਾਰ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਚੰਗੇ ਚੋਣ ਪ੍ਰਬੰਧਕ ਵਜੋਂ ਜਿੱਤਣ ਲਈ ਜੋੜ ਤੋੜ ਕਰਨ ਦੀ ਪ੍ਰਵੀਨਤਾ ਹੈ। ਪਰ ਬਦਕਿਸਮਤੀ ਇਹ ਹੈ ਕਿ ਮੀਡੀਆ ਵੀ ਇਸ ਪੱਖ ਨੂੰ ਨਜ਼ਰ ਅੰਦਾਜ਼ ਕਰਕੇ ਬਾਦਲ ਦਲ ਦੀ ਜਿੱਤ ਦਾ ਸਿਹਰਾ ਇਸ ਵਲੋਂ ਪੰਥਕ ਏਜੰਡੇ ਅਤੇ ਪੰਜਾਬ ਦੀਆਂ ਭਖਦੀਆਂ ਮੰਗਾਂ ਦਾ ਤਿਆਗ ਕਰਕੇ ਨਿਰੋਲ ਵਿਕਾਸ ਦੇ ਨਾਮ ਤੇ ਵੋਟਾਂ ਮੰਗਣ ਨੂੰ ਦੇ ਰਿਹਾ ਹੈ। ਇਹ ਸਿਰਫ ਪੰਥ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਹੈ। ਬਾਦਲ ਦਲ ਅਤੇ ਮੀਡੀਏ ਦੇ ਇਸ ਝੂਠੇ ਪ੍ਰਚਾਰ ਨੂੰ ਜਿੱਥੇ ਉਕਤ ਚੋਣ ਗਣਿਤ ਝੂਠਾ ਸਾਬਤ ਕਰਦਾ ਹੈ ਉਥੇ ਲੁਧਿਆਣਾ ਦੱਖਣੀ ਤੋਂ ਬਾਦਲ ਦਲ ਦੇ ਬਾਗੀ ਉਮੀਦਵਾਰ ਬਲਵਿੰਦਰਰ ਸਿੰਘ ਬੈਂਸ ਦਾ 32233 ਵੋਟਾਂ ਅਤੇ ਉਸ ਦੇ ਭਰਾ ਸਿਮਰਜੀਤ ਸਿੰਘ ਬੈਂਸ ਦਾ ਆਤਮ ਨਗਰ ਤੋਂ 28503 ਵੋਟਾਂ ਦੇ ਵੱਡੇ ਫਰਕ ਨਾਲ ਆਪਣੇ ਨਿਕਟਵਰਤੀ ਅਕਾਲੀ ਦਲ ਦੇ ਕਰਮਵਾਰ ਉਮੀਦਵਾਰਾਂ- ਲੁਧਿਆਣਾ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਹਾਕਮ ਸਿੰਘ ਗਿਆਸਪੁਰਾ ਅਤੇ ਕੈਬਿਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਨੂੰ ਹਰਾ ਕੇ ਜਿੱਤ ਜਾਣਾ ਸਾਬਤ ਕਰਦਾ ਹੈ ਕਿ ਵਿਕਾਸ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸਾਸ਼ਨ ਦੇਣ ਦੇ ਅਕਾਲੀ ਦਲ ਦੇ ਵਾਅਦੇ ਝੂਠ ਦੇ ਪੁਲੰਦੇ ਹਨ।

ਚੇਤੇ ਰਹੇ ਕਿ ਬਲਵਿੰਦਰ ਸਿੰਘ ਬੈਂਸ ਨੇ ਬਾਦਲ ਦਲ ਦੀ ਟਿਕਟ ਵਾਪਸ ਕਰਕੇ ਵਿਕਾਸ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਦੋਵੇਂ ਭਰਾਵਾਂ ਨੇ ਅਜ਼ਾਦ ਉਮੀਦਵਾਰਾਂ ਦੇ ਤੌਰ ਤੇ ਚੋਣ ਲੜੀ ਤੇ ਸ਼ਾਨਦਾਰ ਜਿੱਤਾਂ ਪ੍ਰਪਾਤ ਕਰਕੇ ਬਾਦਲਾਂ ਦੇ ਝੂਠੇ ਦਾਅਵਿਆਂ ਦੇ ਮੂੰਹ ਤੇ ਥੱਪੜ ਮਾਰਿਆ ਹੈ। ਉਨ੍ਹਾਂ ਦੀ ਜਿੱਤ ਨੇ ਬਾਦਲ ਦਲ ਅਤੇ ਮੀਡੀਏ ਦੇ ਇਸ ਪ੍ਰਚਾਰ ਨੂੰ ਵੀ ਝੂਠਾ ਸਿੱਧ ਕਰ ਦਿੱਤਾ ਹੈ ਕਿ ਜਿਸ ਨੇ ਵੀ ਬਾਦਲ ਦਲ ਨੂੰ ਛੱਡ ਜਾਣ ਦੀ ਗਲਤੀ ਕੀਤੀ ਪੰਜਾਬ ਦੇ ਲੋਕਾਂ ਨੇ ਉਸ ਨੂੰ ਮੂੰਹ ਨਹੀਂ ਲਾਇਆ। ਮੈਂ ਬੈਂਸ ਭਰਾਵਾਂ ਨੂੰ ਸਲਾਹ ਦੇਣੀ ਚਾਹਾਂਗਾ ਕਿ ਕਿਸੇ ਲਾਲਚ ਅਧੀਨ ਆ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੇ ਨਾਮ ਅਧੀਨ ਬਾਦਲ ਦੀ ਦਲਦਲ ਵਿੱਚ ਮੁੜ ਨਾ ਫਸ ਜਾਣਾ ਨਹੀਂ ਤਾਂ ਉਨ੍ਹਾਂ ਦਾ ਹਾਲ ਵੀ ਪ੍ਰੇਮ ਸਿੰਘ ਚੰਦੂਮਾਜਰਾ, ਕੁਲਦੀਪ ਸਿੰਘ ਵਡਾਲਾ ਅਤੇ ਬਲਵੰਤ ਸਿੰਘ ਰਾਮੂੰਵਾਲੀਆ ਵਰਗਾ ਹੋਵੇਗਾ। ਸਤਾ ਦੇ ਕਾਰਣ ਵੱਖ ਹੋਏ ਤੇ ਸਤਾ ਕਾਰਣ ਬਾਦਲ ਦਲ ਵਿੱਚ ਸ਼ਾਮਲ ਹੋਣ ਪਿੱਛੋਂ ਵੀ ਲੱਖ ਯਤਨਾਂ ਦੇ ਬਾਵਯੂਦ ਵੀ ਇਹ ਜਿੱਤ ਦਾ ਸਵਾਦ ਨਹੀਂ ਚੱਖ ਸਕੇ।

ਮੈਂ ਇਨ੍ਹਾਂ ਬੈਂਸ ਭਰਾਵਾਂ ਨੂੰ ਸਲਾਹ ਦੇਣੀ ਚਾਹਾਂਗਾ ਕਿ ਬਾਦਲ ਦਲ ਵਲੋਂ ਪੰਥਕ ਅਤੇ ਪੰਜਾਬ ਮੁੱਦਿਆਂ ਨੂੰ ਤਲਾਂਜਲੀ ਦੇਣ ਅਤੇ ਬਾਦਲ ਵਿਰੋਧੀਆਂ ਦੀ ਕਮਜੋਰੀਆਂ ਕਾਰਣ ਪੰਜਾਬ ਦੀ ਮੁੱਦੇ ਅਧਾਰਤ ਸਿਆਸਤ ਵਿੱਚ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਹੈ। ਇਸ ਖੱਪੇ ਨੂੰ ਪੂਰਣ ਲਈ ਬੈਂਸ ਭਰਾਵਾਂ ਕੋਲ ਇੱਕ ਸੁਨਹਿਰੀ ਮੌਕਾ ਹੈ ਕਿ ਉਹ ਸ: ਬਾਦਲ ਨੂੰ ਇਹ ਚੁਣੌਤੀ ਦੇਣ ਕਿ ਜੇ ਉਹ (1) 2007 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਪੰਜਾਬ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਐਕਟ 2004 ਦੀ ਧਾਰਾ 5 ਨੂੰ ਰੱਦ ਕਰਨ ਲਈ, (2) ਅਨੰਦ ਮੈਰਿਜ ਐਕਟ ਲਾਗੂ ਕਰਵਾਉਣ ਲਈ ਅਤੇ (3) ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਮਤੇ ਲੈ ਕੇ ਆਉਂਦਾ ਹੈ ਤਾਂ ਉਹ ਬਿਨਾਂ ਸ਼ਰਤ ਇਨ੍ਹਾਂ ਮਤਿਆਂ ਦੀ ਹਮਾਇਤ ਕਰਨਗੇ। ਇਸ ਤਰ੍ਹਾਂ ਕਰਨ ਨਾਲ ਹੋ ਸਕਦਾ ਹੈ ਕਿ ਪੰਜਾਬ ਨਾਲ ਗਦਾਰੀ ਕਰ ਰਹੇ ਬਾਦਲ ਦੀ ਮਜ਼ਬੂਰੀ ਬਣ ਜਾਵੇ ਕਿ ਉਸ ਨੂੰ ਭਾਜਪਾ ਦੇ ਦਬਾਉ ਹੇਠੋਂ ਨਿਕਲ ਕੇ ਆਪਣੀ ਜਿੰਮੇਵਾਰੀ ਪੂਰੀ ਕਰਨੀ ਪਵੇ। ਬਾਦਲ ਆਪਣੀ ਜਿੰਮੇਵਾਰੀ ਪੂਰੀ ਕਰੇ ਜਾਂ ਨਾਂ ਕਰੇ ਦੋਵਾਂ ਹੀ ਹਾਲਤਾਂ ਵਿੱਚ ਤੁਸੀਂ ਇੱਕ ਹਲਕੇ ਤੋਂ ਬਾਹਰ ਨਿਕਲ ਕੇ ਪੰਜਾਬ ਪੱਧਰ ਦੇ ਆਗੂ ਵਜੋਂ ਸਥਾਪਤ ਹੋ ਸਕਦੇ ਹੋ ਤੇ ਚੋਣਾਂ ਵਾਲੀ ਇਹ ਜਿੱਤ ਹਮੇਸ਼ਾਂ ਲਈ ਤੁਹਾਡੇ ਪੈਰ ਚੁੰਮਦੀ ਰਹੇਗੀ।

ਕਿਰਪਾਲ ਸਿੰਘ ਬਠਿੰਡਾ
ਫ਼ੋਨ (ਘਰ) 0164-2210797
(ਮੋਬ:) +91-98554-80797


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top