Share on Facebook

Main News Page

ਜ਼ਰਾ ਪੜ੍ਹੋ ਜਵਾਬ ਸਿੱਖਾਂ ਦੇ ਅਖਵਾਏ ਜਾਂਦੇ ਪੋਪ ਦੇ..
ਸਿੱਖਾਂ ਦੀ ਘੱਟ ਰਹੀ ਗਿਣਤੀ ਲਈ ਫੈਮਲੀ ਪਲੈਨਿੰਗ ਜਿੰਮੇਵਾਰ: ਗੁਰਬਚਨ ਸਿੰਘ

ਅਨੰਦਪੁਰ ਸਾਹਿਬ, 9 ਮਾਰਚ (ਸੁਰਿੰਦਰ ਸਿੰਘ ਸੋਨੀ): ਸ੍ਰੀ ਅਕਾਲ ਤਖਤ ਸਾਹਿਬ ਦੇ ‘ਜਥੇਦਾਰ' ਗਿ: ਗੁਰਬਚਨ ਸਿੰਘ ਮੁਤਾਬਕ ਸਿੱਖਾਂ ਦੀ ਘਟ ਰਹੀ ਗਿਣਤੀ ਲਈ ਫੈਮਲੀ ਪਲੈਨਿੰਗ ਯੋਜਨਾ ਜਿੰਮੇਵਾਰ ਹੈ।ਇਸ ਗੱਲ ਦਾ ਖੁਲਾਸਾ ਗਿ:ਗੁਰਬਚਨ ਸਿੰਘ ਨੇ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੱਤਰਕਾਰ ਸੰਮੇਲਨ ਦੋਰਾਨ ਪੁਛੇ ਸੁਆਲ ਦਾ ਜੁਆਬ ਦਿੰਦਿਆਂ ਕੀਤਾ।ਜਦੋ ਉਨ੍ਹਾਂ ਤੋ ਪੁਛਿਆ ਗਿਆ ਕਿ ਸਿੱਖਾਂ ਦੀ ਘੱਟ ਰਹੀ ਗਿਣਤੀ ਲਈ ਕੋਣ ਜਿੰਮੇਵਾਰ ਹੈ, ਤਾਂ ਉਨ੍ਹਾਂ ਕਿਹਾ ਕਿ ਸਿੱਖਾਂ ਨੇ ਜਿਆਦਾ ਹੀ ਫੈਮਲੀ ਪਲੈਨਿੰਗ ਅਪਣਾਅ ਲਈ ਹੈ, ਜਿਸ ਕਰਕੇ ਸਾਡੀ ਗਿਣਤੀ ਘੱਟ ਰਹੀ ਹੈ। ਧਰਮ ਪ੍ਰਚਾਰ ਦੀ ਘਾਟ ਬਾਰੇ ਪੁਛਣ 'ਤੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤਾਂ ਬਹੁਤ ਪਰਚਾਰ ਕਰ ਰਹੀ ਹੈ ਪਰ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪ ਜਿੰਮੇਵਾਰੀ ਸੰਭਾਲ ਕੇ ਧਰਮ ਪਰਚਾਰ ਵਿਚ ਯੋਗਦਾਨ ਪਾਉਣ।

ਵੱਧ ਰਹੇ ਡੇਰੇਵਾਦ ਬਾਰੇ ਪੁਛਣ 'ਤੇ ਉਨ੍ਹਾਂ ਕਿਹਾ ਕਿ 84 ਤੋ ਪਹਿਲਾਂ ਕੋਈ ਡੇਰੇ ਨਹੀ ਸਨ ਪਰ ਹੁਣ ਵੱਧ ਰਿਹਾ ਡੇਰਾਵਾਦ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਕ ਸਾਧ ਮਰ ਜਾਂਦਾ ਹੈ, ਤਾਂ ਉਸਦੇ ਦੋ ਚੇਲੇ ਆਪਣੇ ਦੋ ਡੇਰੇ ਬਣਾ ਲੈਂਦੇ ਹਨ, ਜਿਸ ਕਰਕੇ ਡੇਰਾਵਾਦ ਵਧੀ ਜਾ ਰਿਹਾ ਹੈ। ਦਿੱਲੀ ਗੁਰਦੁਆਰਾ ਕਮੇਟੀ ਸਮੇਤ ਹੋਰ ਕਈ ਸਿੱਖ ਸੰਸਥਾਵਾਂ ਵਲੋ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਨਾ ਦੇਣ ਬਾਰੇ ਪੁਛਣ ਤੇ ਉਨ੍ਹਾਂ ਕਿਹਾ, ਕਿ ਨਾਨਕਸ਼ਾਹੀ ਕੈਲੰਡਰ ਬਾਰੇ ਮੁੜ ਵਿਚਾਰ ਹੋ ਸਕਦੀ ਹੈ। ਸਾਨੂੰ ਲਿਖਤੀ ਰੂਪ ਵਿਚ ਦੱਸਿਆ ਜਾਵੇ।

ਅੱਜਕਲ ਆਮ ਲੋਕਾਂ ਨੂੰ ਸਨਮਾਨਿਤ ਕਰਨ ਸਮੇ ਸਿਰੋਪਾਉ ਤੇ ਕਿਰਪਾਨ ਦਿਤੇ ਜਾਣ ਦੇ ਵੱਧ ਰਹੇ ਰੁਝਾਨ ਬਾਰੇ ਪੁਛਣ 'ਤੇ ਉਨ੍ਹਾਂ ਕਿਹਾ, ਕਿ ਇਸ ਨੂੰ ਰੋਕਣ ਲਈ ‘ਪੰਜਾਂ ਜਥੇਦਾਰਾਂ'ਦੀ ਮੀਟਿੰਗ ਵਿਚ ਵਿਚਾਰ ਕੀਤੀ ਜਾਵੇਗੀ। ਤਖਤਾਂ ਅਤੇ ਹੋਰ ਗੁਰਦੁਆਰਿਆਂ ਵਿਚ ਪੈਸੇ ਦੇ ਕੇ ਜਣੇ ਖਣੇ ਨੂੰ ਸਿਰੋਪਾਉ ਦੇਣ ਬਾਰੇ ਪੁਛਣ 'ਤੇ ਉਨ੍ਹਾਂ ਕਿਹਾ ਕਿ ਪਹਿਲਾਂ ਬੀਬੀ ਜਗੀਰ ਕੌਰ ਵੇਲੇ ਇਹ ਸਿਸਟਮ ਬੰਦ ਹੋ ਗਿਆ ਸੀ, ਪਰ ਸੰਗਤਾਂ ਵਲੋਂ ਕੀਤੇ ਇਤਰਾਜ ਕਰਕੇ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਤਖਤ ਸ਼੍ਰੀ ਕੇਸਗੜ ਸਾਹਿਬ ਦੇ ‘ਜਥੇਦਾਰ' ਗਿ:ਤਰਲੋਚਨ ਸਿੰਘ, ਹੈਡ ਗ੍ਰੰਥੀ ਗਿ: ਸਵਿੰਦਰ ਸਿੰਘ, ਹੈਡ ਗ੍ਰੰਥੀ ਗਿ: ਸੁਖਵਿੰਦਰ ਸਿੰਘ, ਜਥੇ: ਰਾਮ ਸਿੰਘ, ਹਰਦੇਵ ਸਿੰਘ, ਸਰਬਜੀਤ ਸਿੰਘ, ਫੂਲਾ ਸਿੰਘ, ਅਵਤਾਰ ਸਿੰਘ, ਹਰਜੀਤ ਸਿੰਘ, ਕੁਲਵੰਤ ਸਿੰਘ ਆਦਿ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top