Share on Facebook

Main News Page

ਅਨਮੱਤ ਦੀ "ਹੋਲੀ" ਦਾ ਸਿੱਖਾਂ ਦੇ "ਹੋਲਾ ਮਹੱਲਾ" ਨਾਲ ਕੋਈ ਸੰਬੰਧ ਨਹੀ ਹੈ

ਅੱਜ ਅਨਮੱਤ ਦਾ ਤਿਉਹਾਰ ਹੋਲੀ ਮਣਾਈ ਗਈ। ਇਸ ਤਿਉਹਾਰ ਬਾਰੇ ਹਿੰਦੂ ਧਰਮ ਵਿੱਚ ਇਹ ਮਿਥਿਹਾਸ ਪ੍ਰਚਲਿਤ ਹੈ ਕਿ ਅਜ ਦੇ ਦਿਨ ਭਗਤ ਪ੍ਰਹਿਲਾਦ ਦੀ ਭੂਆ ਜਿਸ ਦਾ ਨਾਮ ਹੋਲਿਕਾ ਸੀ ਉਸ ਨੇ ਪ੍ਰਹਲਾਦ ਨੂੰ ਮਾਰਣ ਲਈ ਅਪਣੀ ਕੁੱਛੜ ਵਿਚ ਪਾਕੇ ਅਗ ਲਾ ਲਈ , ਕਿਉ ਕਿ ਹੋਲਿਕਾ ਨੂੰ ਅੱਗ ਵਿੱਚ ਨਾਂ ਸੜਨ ਦਾ ਕੋਈ ਵਰ ਪ੍ਰਾਪਤ ਸੀ ਅਤੇ ਉਸ ਦੇ ਪਿਤਾ ਹਰਣਾਕਸ਼ ਨੇ ਇਹ ਚਾਲ ਖੇਡੀ ਕਿ ਹੋਲਿਕਾ ਤੇ ਸੜੇਗੀ ਨਹੀ, ਤੇ ਪ੍ਰਹਿਲਾਦ ਸੱੜ ਕੇ ਮਰ ਜਾਵੇਗਾ, ਵਗੈਰ੍ਹਾ। ਇਨਾਂ ਗਲਾਂ ਨਾਲ ਸਾਡਾ ਕੁਝ ਲੈਂਣਾਂ ਦੇਣਾਂ ਨਹੀ ਹੈ। ਇਸ ਬਾਰੇ ਮੈਂ ਇਕ ਛੋਟਾ ਜਿਹਾ ਲੇਖ ਅੱਜ ਫੇਸਬੁਕ ਤੇ ਪਾਇਆ ਤੇ ਮੇਰੇ ਇਕ ਪ੍ਰਚਾਰਕ ਮਿੱਤਰ ਦਾ ਇਹ ਮੇਸੇਜ ਆਇਆ ਕੇ ਵੀਰ ਜੀ ਤੁਸੀ ਕਿਸ ਅਧਾਰ ਤੇ ਹੋਲਾ ਮੱਹਲਾ ਨੂੰ, ਅੱਜ ਦੇ ਦਿਨ ਨਾਲ ਨਹੀ ਜੋੜਦੇ ? ਮੈਨੂੰ ਅਪਣੀ ਗਲਤੀ ਦਾ ਇਹਸਾਸ ਹੋਇਆ ਕਿ ਮੈਨੂੰ ਇਸ ਬਾਰੇ ਇਕ ਲੇਖ ਪਹਿਲਾਂ ਹੀ ਲਿੱਖ ਦੇਣਾਂ ਚਾਹੀਦਾ ਸੀ ਕਿਉ ਕਿ ਮੈਂ ਇਸ ਬਾਰੇ ਬਹੁਤ ਲੇਟ ਹੋ ਗਇਆ ਸੀ ਅਤੇ ਹੋਲੀ ਵੀ ਆ ਗਈ । ਅੱਜ ਫੇਸ ਬੁੱਕ ਅਤੇ ਹੋਰ ਵੇਬਸਾਈਟਾਂ ਤੇ ਮੈਂ ਕੁਝ ਤਸਵੀਰਾਂ ਵੀ ਦੇਖੀਆਂ ਜਿਸ ਵਿੱਚ ਕੁਝ ਸਿੱਖ ਇਕ ਦੂਜੇ ਨੂੰ ਰੰਗ ਅਤੇ ਗੁਲਾਲ ਲਾ ਕੇ ਲਾਲ, ਪੀਲੇ ਹੋਏ ਦਿੱਖ ਰਹੇ ਸਨ ਅਤੇ ਹੋਲਾ ਮਹੱਲਾ ਦੀ ਵਧਾਈ ਵੀ ਇਕ ਦੂਜੇ ਨੂੰ ਦੇ ਰਹੇ ਸਨ।

ਖਾਲਸਾ ਜੀ! ਹਿੰਦੂਆਂ ਦੇ ਇਸ ਤਿਉਹਾਰ ਨਾਲ ਸਿੱਖਾਂ ਦਾ ਕੁਝ ਲੈਣਾਂ ਦੇਣਾਂ ਨਹੀ ਹੈ। ਇਸ ਨੂੰ "ਹੋਲਾ ਮੱਹਲਾ" ਕਹਿ ਕਿ ਅਸੀ ਨਾਂ ਕੇਵਲ ਸਿੱਖ ਸਿਧਾਂਤਾਂ ਦਾ ਮਜਾਕ ਉਡਾ ਰਹੇ ਹਾਂ ਬਲਕਿ ਸਿੱਖ ਇਤਿਹਾਸ ਨੂੰ ਵੀ ਵਿਕ੍ਰਤ ਕਰ ਰਹੇ ਹਾਂ। ਇਹ ਸਾਡੀ ਕਮਜੋਰੀ ਰਹੀ ਹੈ ਕਿ ਅਸੀ ਅਨਮੱਤ ਦੇ ਤਿਉਹਾਰਾਂ ਨੂੰ ਬਹੁਤ ਪਹਿਲਾਂ ਤੋਂ ਮਨਾਉਣਾਂ ਸ਼ੁਰੂ ਕਰ ਦਿਤਾ ਸੀ ਜਦੋਂ ਸਿੰਘ ਸਭਾ ਲਹਿਰ ਦੀ ਤੇਜੀ , ਮੱਧਿਮ ਪੈ ਗਈ ਅਤੇ ਅਸੀ ਉਸ ਬ੍ਰਾਹਮਣੀ ਸੋੱਚ ਦੇ ਮੁੜ ਕਰੀਬ ਆਉਣ ਲਗ ਪਏ ਤਾਂ ਅਨਮੱਤ ਦੇ ਦਿਨ ਦਿਹਾੜੇ ਸਾਡੇ ਤੇ ਦਿਨ ਬ ਦਿਨ ਹਾਵੀ ਹੂੰਦੇ ਚਲੇ ਗਏ । ਦੀਵਾਲੀ ਦਾ ਤਿਉਹਾਰ ਤੇ ਸਾਡੀ ਕੌਮ ਨੇ ਇਸ ਤੋਂ ਵੀ ਬਹੁਤ ਪਹਿਲਾਂ ਮਨਾਉਣਾਂ ਸ਼ੁਰੂ ਕਰ ਦਿਤਾ ਸੀ । ਇਸ ਦੀਵਾਲੀ ਦੀ ਵਜਹਿ ਨਾਲ ਹੀ ਜੱਸਾ ਸਿੰਘ ਆਲਹੂਵਾਲੀਆਂ ਦਾ ਸਥਾਪਿਤ ਕੀਤਾ ਖਾਲਸਾ ਰਾਜ ਵੀ ਸਾਡੇ ਕੋਲੋਂ ਹਮੇਸ਼ਾਂ ਲਈ ਖੁੱਸ ਗਇਆ। ਜਿਸ ਵੇਲੇ ਖਾਲਸਾ ਰਾਜ ਦੇ ਸੰਸ਼ਥਾਪਕ ਜੱਸਾ ਸਿੰਘ ਆਲਹੂਵਾਲੀਆ ਅਤੇ ਜਰਨੈਲ ਬਘੈਲ ਸਿੰਘ ਅਪਣੀਆਂ ਤੀਹ ਹਜਾਰ ਫੌਜਾਂ ਲੈ ਕੇ ਦਿੱਲੀ ਤੇ ਚੜ੍ਹਾਈ ਕੀਤੀ ਤੇ ਖਾਲਸਾ ਫੌਜਾਂ ਨੇ ਦਿੱਲੀ ਫਤਿਹ ਕਰਕੇ ਲਾਲ ਕਿਲੇ ਤੇ ਖਾਲਸਈ ਨਿਸ਼ਾਨ ਫਹਿਰਾ ਕੇ ਖਾਲਸਾ ਰਾਜ ਦਾ ਨਿਸ਼ਾਨ ਫਹਿਰਾ ਦਿਤਾ । ( ਅੱਜ ਦਿੱਲੀ ਵਿੱਚ ਤੀਸ ਹਜਾਰੀ ਕੋਰਟ ਵਾਲੀ ਥਾਂ ਦਾ ਨਾਮ ਵੀ ਉਸ ਤੀਹ ਹਜਾਰ ਦੀ ਗਿਣਤੀ ਵਾਲੀ ਖਾਲਸਈ ਫੌਜ ਦੇ ਉਥੇ ਪੜਾਂ ਬਣਾਉਣ ਕਰਕੇ ਹੀ ਪ੍ਰਚਲਿਤ ਹੈਇਆ। ) ਖਾਲਸਾ ਰਾਜ ਦੀ ਸਥਾਪਨਾਂ ਦੇ ਫੌਰਨ ਬਾਦ ਖਾਲਸਾ ਨੇ ਅਪਣੇ ਇਤਿਹਾਸਿਕ ਗੁਰੂ ਧਾਮਾਂ ਦੀਆਂ ਰਿਆਸਤਾਂ ਅਤੇ ਜਾਗੀਰਾਂ ਤੇ ਦੋਬਾਰਾ ਕਬਜਾ ਕਰਕੇ ਗੁਰੂ ਧਾਂਮਾਂ ਅਤੇ ਅਪਣੇ ਧਾਰਮਿਕ ਅਦਾਰਿਆ ਨੂੰ ਮੁੜ ਆਜਾਦ ਕਰਵਾਉਣ ਦਾ ਕੰਮ ਬਹੁਤ ਤੇਜੀ ਨਾਲ ਸ਼ੁਰੂ ਕਰ ਦਿਤਾ। ਖਾਲਸਾਈ ਰਾਜ ਦਾ ਨੀਸ਼ਾਨ ਹਰ ਪਾਸੇ ਲਹਿਰਾ ਰਿਹਾ ਸੀ ।

ਇਸ ਵਿੱਚ ਹੀ ਦੀਵਾਲੀ ਦਾ ਇਹ "ਨਾਮੁਰਾਦ ਤਿਉਹਾਰ " ਆ ਗਇਆ ਜਿਸ ਨਾਲ ਸਿੱਖਾਂ ਦਾ ਦੂਰ ਦੂਰ ਤਕ ਕੁਝ ਵੀ ਲੈਣਾਂ ਦੇਣਾਂ ਨਹੀ ਸੀ । ਜੇ ਰਾਮ ਚੰਦਰ ਬਨਵਾਸ ਕੱਟ ਕੇ ਅਯੋਧਿਆ ਵਾਪਿਸ ਆਇਆ ਵਾਪਸ ਆਇਆ ਸੀ ਤੇ ਸਾਨੂੰ ਉਸ ਵਿੱਚ ਖੁਸ਼ ਹੋਣ ਦੀ ਕੀ ਲੋੜ ਸੀ ? ਅੰਮ੍ਰਿਤਸਰ ਦੀ ਦੀਵਾਲੀ ਬਹੁਤ ਵੱਢੇ ਉਤਸਾਹ ਨਾਲ ਮਣਾਈ ਜਾਂਦੀ ਸੀ। ਖਾਲਸਾ ਫੌਜ ਦੇ ਕੁਝ ਜਰਨੈਲ ਤੇ ਅਨਮੱਤ ਦੇ ਕੁਝ ਫੌਜੀ ਦੀਵਾਲੀ ਦੀ ਛੁੱਟੀ ਤੇ ਅੰਮ੍ਰਿਤਸਰ ਜਾਣ ਲਈ ਜਿੱਦ ਤੇ ਅੱੜ ਗਏ। ਕਹਿਆ ਜਾਂਦਾ ਹੈ ਕੇ ਬਘੈਲ ਸਿੰਘ ਵੀ ਉਨਾਂ ਵਿੱਚ ਹੀ ਸ਼ਾਮਿਲ ਸਨ। ਜਥੇਦਾਰ ਜੱਸਾ ਸਿੰਘ ਆਲਹੂਵਾਲੀਆਂ ਦੇ ਲੱਖ ਮਣਾਂ ਕਰਨ ਦੇ ਬਾਵਜੂਦ ਇਨਾਂ ਨੇ ਉਸ ਦੂਰ ਦਰਸ਼ੀ ਜਰਨੈਲ ਦੀ ਇਕ ਨਹੀ ਮੱਨੀ ਤੇ ਸਾਰੀ ਫੌਜ ਨੇ ਅੰਮ੍ਰਿਤਸਰ ਵਲ ਕੂਚ ਕਰ ਦਿਤਾ। ਜਾਂਦੇ ਜਾਂਦੇ ਲਾਲ ਕਿਲੇ ਦਾ ਤਖਤੇ ਤਾਊਸ ਵੀ ਉਹ ਪੁਟ ਕੇ ਅੰਮ੍ਰਿਤਸਰ ਲੈ ਗਏ, ਲੇਕਿਨ ਉਨਾਂ ਦੇ ਅੰਮ੍ਰਿਤਸਰ ਆਉਦੇ ਹੀ ਦਿਲੀ ਤੇ ਫੇਰ ਦੁਸ਼ਮਨਾਂ ਦਾ ਕਬਜਾ ਹੋ ਗਇਆ ਅਤੇ ਮੁੜ ਖਾਲਸਾ ਰਾਜ ਸਿੱਖਾਂ ਦੇ ਹੱਥ ਨਾਂ ਆ ਸਕਿਆ। ਇਹ ਇਕ ਬਹੁਤ ਵੱਡਾ ਇਤਿਹਾਸਕ ਵਿਸ਼ਾ ਹੈ, ਲੇਕਿਨ ਇਸ ਦੀਵਾਲੀ ਦਾ ਜਿਕਰ ਵੀ ਹੋਲੀ ਨਾਲ ਕਰਨਾਂ ਬਹੁਤ ਜਰੂਰੀ ਸੀ।

ਖਾਲਸਾ ਰਾਜ ਤੇ ਸਿੱਖਾਂ ਦੇ ਹਥੌਂ ਚਲਾ ਗਇਆ ਪਰ ਇਹ ਨਾਮੁਰਾਦ ਦੀਵਾਲੀ ਅੱਜ ਵੀ ਸਾਡੇ ਨਾਲ ਚੰਬੜੀ ਹੋਈ ਹੈ, ਅਤੇ ਸਾਡੇ ਵੱਡੇ ਧਾਰਮਿਕ ਅਦਾਰੇ ਇਸ ਨੂੰ ਕਰੋੜਾਂ ਰੁਪਏ ਦੀ ਆਤਿਸ਼ਬਾਜੀ ਸਾੜ ਕੇ ਮਣਾਂਉਦੇ ਹਨ। ਸੁਚੇਤ ਸਿੱਖਾ ਨੇ ਇਸ ਬਾਰੇ ਸਵਾਲ ਖੜੇ ਕੀਤੇ ਤੇ ਇਨਾਂ ਨੇ ਇਸ ਦੀਵਾਲੀ ਨੂੰ "ਬੰਦੀ ਛੌੜ ਦਿਵਸ" ਕਹਿ ਕੇ ਮਣਾਉਨਾਂ ਸ਼ੁਰੂ ਕਰ ਦਿਤਾ ਲੇਕਿਨ ਇਸ ਨੂੰ ਮਨਾਉਣ ਤੋਂ ਬਾਜ ਨਹੀ ਆਏ। ਜਦੋਂ ਕੇ ਬਹੁਤ ਸਾਰੇ ਇਤਿਹਾਸ ਕਾਰਾਂ ਨੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਦੇ ਗਵਾਲਿਅਰ ਦੇ ਕਿਲੇ ਤੋਂ ਅੰਮ੍ਰਿਤਸਰ ਪੁਜਣ ਦਾ ਮਹੀਨਾਂ ਢਗਣ (ਲਗਭਗ ਫਰਵਰੀ ) ਦਸਿਆ ਹੈ। ਅਸੀ ਗਲਤੀਆ ਕਰਦੇ ਹਾਂ ਅਤੇ ਉਸ ਨੂੰ ਪਰਦੇ ਪਾਉਣ ਲਈ ਦੂਜੀ ਗਲਤੀ ਕਰਦੇ ਹਾਂ । ਜਦੋਂ ਇਨਾਂ ਗਲਤੀਆਂ ਨੂੰ ਕਰਦਿਆਂ ਕਰਦਿਆਂ ਬਹੁਤ ਸਮਾਂ ਗੁਜਰ ਜਾਂਦਾ ਹੈ ਤੇ ਅਸੀ ਇਸ ਨੂੰ "ਪੁਰਾਤਨ ਪਰੰਪਰਾ" ਜਾਂ ਪੁਰਾਤਨ ਮਰਿਯਾਦਾ ਕਹਿ ਕੇ ਟਾਲ ਦੇਂਦੇ ਹਾਂ।

ਆਉ ਵੀਰੋ, ਹੁਣ ਹਿੰਦੂਆਂ ਦੇ ਤਿਉਹਾਰ ਹੋਲੀ ਦਾ ਵੀ ਜਿਕਰ ਕਰ ਲਈਏ। ਇਨਾਂ ਦੀ ਹੋਲੀ ਅਤੇ ਇਸ ਫਗੱਣ ਦੇ ਮਹੀਨੇ ਦਾ ਸਿੱਖਾਂ ਨਾਲ ਕੋਈ ਲੈਣਾਂ ਦੇਣਾਂ ਨਹੀ ਹੈ ਜਿਸ ਨੂੰ ਅਸੀ ਮਣਾਉਦੇ ਚਲੇ ਆ ਰਹੇ ਹਾਂ। ਸੁਚੇਤ ਸਿੱਖਾਂ ਨੇ ਜਦੋਂ ਦੀਵਾਲੀ ਵਾਂਗ ਸਵਾਲ ਖੜੇ ਕੀਤੇ ਤੇ ਸਾਡੇ ਆਗੂਆਂ ਨੇ ਇਹ ਕਹਿ ਕੇ ਇਸ ਨੂੰ ਜਾਰੀ ਰਖਿਆ ਕਿ ਅਸੀ 'ਹੋਲੀ' ਨਹੀ " ਹੋਲਾ ਮਹੱਲਾ' ਮਣਾਂਉਦੇ ਹਾਂ। ਹੁਣ ਆਉ ਹੋਲਾ ਮਹੱਲਾ' ਬਾਰੇ ਵੀ ਕੁਝ ਵੀਚਾਰ ਸਾਂਝੇ ਕਰ ਲਇਏ-

ਹੋਲਾ ਦਾ ਮਤਲਬ ਹੈ "ਹੱਲਾ", ਯੁੱਧ ਦਾ ਸ਼ੋਰ, ਕੋਲਾਹਲ , ਭਗਦੜ, ਹਲਚਲ, ਯੂਧ ਦਾ ਸ਼ੋਰ । ਅਤੇ " ਮਹੱਲਾ" ਦਾ ਮਤਲਬ ਹੇ ਸਥਾਨ ,ਖੇਤਰ , ਥਾਂ ਜਾਂ ਟੇਰੇਟਰੀ (Tartary) । ਜੇ ਇਨਾਂ ਦੋਹਾ ਅਖਰਾਂ ਨੂੰ ਜੋੜ ਦਿਤਾ ਜਾਵੇ ਤੇ ਇਸ ਦਾ ਮਤਲਬ ਹੈ ਉਹ ਖੇਤਰ ਜਿਥੇ ਯੁੱਧ ਕੀਤਾ ਜਾਂਦਾ ਹੈ ਜਾਂ "ਯੁੱਧ ਦਾ ਮੈਦਾਨ" ਅਰਥਾਤ ਹੋਲਾ ਮਹੱਲਾ

ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੇ ਸੰਵਤ 1723 ਵਿੱਚ ਸਤਦ੍ਰਵ (ਸਤਲੁਜ) ਨਦੀ ਦੇ ਕੰਡੇ ਤੇ ਨੈਨਾ ਦੇਵੀ ਪਹਾੜ ਦੀ ਤਲਹੱਟੀ ਵਿੱਚ ਸਾਖੋਵਾਲ ਪਿੰਡ ਦੀ ਧਰਤੀ ਤੇ ਇਕ ਸ਼ਹਿਰ ਵਸਾਇਆ ਜਿਸਨੂੰ "ਖਾਲਸੇ ਦੀ ਵਾਸੀ" ਦਾ ਨਾਮ ਦਿਤਾ ਗਇਆ ਇਹ ਸ਼ਹਿਰ ਹੁਣ ਆਨੰਦਪੁਰ ਸਾਹਿਬ ਦੇ ਨਾਮ ਤੇ ਹੁਸ਼ਿਆਰਪੁਰ ਦੀ ਉਨਾਂ ਤਹਸੀਲ ਵਿੱਚ ਹੈ। "ਖ਼ਾਲਸੇ ਦੀ ਵਾਸੀ" ਦਾ ਮਤਲਬ ਹੂੰਦਾ ਸੀ "ਗੁਰੂ ਦਾ ਘਰ" ਜੋ ਅਗੇ ਜਾ ਕੇ "ਖਾਲਸੇ ਦਾ ਜਨਮ ਸਥਾਨ" ਵੀ ਕਹਿਲਾਇਆ। ਸੰਵਤ 1746 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਨਗਰ ਦੀ ਰਾਖੀ ਅਤੇ ਸੁਰਖਿਆ ਦੇ ਬਹੁਤ ਪੁਖਤਾ ਇੰਤਜਾਮ ਕੀਤੇ ਅਤੇ ਪੰਜ ਕਿਲੇ ਬਣਵਾਏ । ਇਨਾਂ ਕਿਲਿਆ ਦੇ ਲੜੀ ਵਾਰ ਨਾਮ ਇਸ ਪ੍ਰਕਾਰ ਹਨ 1- ਆਨੰਦ ਗੜ੍ਹ (ਜਿਸਤੋਂ "ਗੁਰੂ ਕੀ ਵਾਸੀ" ਦਾ ਨਾਮ ਆਨੰਦਪੁਰ ਸਾਹਿਬ" ਪ੍ਰਚਲਿਤ ਹੋਇਆ ) 2- ਲੋਹ ਗੜ੍ਹ (ਇਸ ਵਿੱਚ ਪੰਥਿਕ ਹਥਿਆਰਾਂ ਅਤੇ ਫੋਜ ਦਾ ਜਖਿਰਾ ਰਹਿੰਦਾ ਸੀ) 3- ਫਤੇਹ ਗੜ (ਸੁਰਖਿਆ ਕੇੰਦਰ) ਸੀ 4- ਕੇਸ਼ਗੜ੍ਹ ਜਿਥੇ ਸੰਵਤ 1756 (1699 ਈਸਵੀ) ਦੀ ਵੈਸਾਖੀ ਨੂੰ ਇਕ ਬਹੁਤ ਵਡੇ ਇਕੱਠ ਵਿਚ ਖਾਲਸਾ ਪੰਥ ਦੀ ਸਿਰਜਨਾਂ ਕੀਤੀ ਗਈ 5- ਕਿਲਾ ਹੋਲ ਗੜ੍ਹ (ਇਹ ਹੀ ਉਹ ਕਿਲਾ ਜਾਂ ਸਥਾਨ ਹੈ ਜਿਸ ਨਾਲ "ਹੋਲਾ ਮਹੱਲਾ" ਦਾ ਸੰਬੰਧ ਹੈ। ਹੋਲ ਸ਼ਬਦ ਤੋਂ ਹੋਲਾ ਅਤੇ ਗੜ੍ਹ ਸ਼ਬਦ ਤੋਂ ਮਹੱਲਾ ਬਣਿਆ ਹੈ।

ਆਉ, ਬਹੁਤ ਵਿਸਤਾਰ ਨਾਲ ਨਾਂ ਜਾਂਦੇ ਹੋਏ ਇਸ ਹੋਲ+ ਗੜ੍ਹ ਵਾਲੇ ਸਥਾਨ ਅਤੇ ਹੋਲਾ ਮਹੱਲਾ ਬਾਰੇ ਚਰਚਾ ਕਰਦੇ ਹਾਂ। ਆਨੰਦ ਪੁਰ ਦੇ ਇਸ ਕਿਲੇ ਹੋਲਗੜ੍ਹ ਵਿੱਚ ਹੀ ਗੁਰੂ ਸਾਹਿਬ ਦੀਵਾਨ ਲਗਾਇਆ ਕਰਦੇ ਸੀ ।ਅਤੇ ਫੋਜਾਂ ਨੂੰ ਯੁੱਧ ਵਿਦਿਆ ਅਤੇ ਰੱਣ ਕੌਸ਼ਲ ਸਿਖਾਏ ਜਾਂਦੇ ਸਨ ਅਤੇ ਸ਼ਸ਼ਤਰਾਂ ਦੀ ਵਰਤੋਂ ਅਤੇ ਗੁਰ ਵੀ ਸਿਖਾਏ ਜਾਂਦੇ ਸਨ ਅਤੇ ਕ੍ਰਤਿਮ ਯੁੱਧ (ਬਣਾਵਟੀ ਯੁੱਧ) ਕਰਕੇ ਫੋਜਾਂ ਨੂੰ ਪ੍ਰੇਕਟਿਸ ਕਰਵਾਈ ਜਾਂਦੀ ਸੀ ਤੇ ਉਨਾਂ ਨੂੰ ਯੁੱਧ ਵਿਦਿਆ ਵਿੱਚ ਹਮੇਸ਼ਾ ਸੁਚੇਤ ਅਤੇ ਪ੍ਰਵੀਣ ਰਹਿਣ ਦੀ ਟ੍ਰੇਨਿੰਗ ਦਿਤੀ ਜਾਂਦੀ ਸੀ। ਗੁਰੂ ਸਾਹਿਬ ਨੇ ਇਸ ਯੁੱਧ ਵਿਦਿਆ ਨੂੰ ਇਕ "ਕਾਂਨਸਰਟ" (ਖੇਡਾਂ ਦੀ ਪ੍ਰਤਿਯੋਗਿਤਾ) ਦੇ ਰੂਪ ਵਿੱਚ 1 ਬਦੀ ਚੇਤਰ , ਸੰਵਤ 1757 ਵਿੱਚ "ਹੋਲਾ ਮਹੱਲਾ" ਦੇ ਨਾਮ ਹੇਠ ਸ਼ੁਰੂ ਕੀਤਾ। ਇਸ ਵਿੱਚ ਫੌਜ ਦੇ ਦੋ ਧੱੜੇ ਬਣਾਂ ਦਿੋਤੇ ਜਾਂਦੇ ਸਨ ਅਤੇ ਉਨਾਂ ਦੇ ਜਰਨੈਲ (ਆਗੂ) ਵੀ ਥਾਪ ਦਿਤੇ ਜਾਂਦੇ ਸਨ , ਜਿਵੇ ਅੱਜ ਕਲ ਸਕੂਲਾਂ ਵਿੱਚ "ਏਨੁਅਲ ਕਾਂਨਸਰਟ" ਅਤੇ ਵੱਖ ਵੱਖ ਹਾਉਸ ਬਣਾਂ ਕੇ ਖੇਡਾਂ ਦੀ ਪ੍ਰਤਿਯੋਗਿਤਾ ਕਰਵਾਈ ਜਾਂਦੀ ਹੈ ਤੇ ਈਨਾਮ ਦੇ ਕੇ ਸੰਨਮਾਨਿਤ ਕੀਤਾ ਜਾਂਦਾ ਹੈ। ਗੁਰੂ ਸਾਹਿਬ ਆਪ ਇਸ "ਹੋਲਾ ਮਹੱਲਾ" ਦੇ ਕਾਂਨਸਰਟ ਵਿੱਚ ਭਾਗ ਲੈਦੇ ਜਾਂ ਮੌਜੂਦ ਰਹਿ ਕੇ ਫੋਜਾਂ ਦੀ ਹੱਲਾ ਸ਼ੇਰੀ ਕਰਦੇ ਸਨ ਅਤੇ ਫੋਹਜੀਆ ਦੇ ਕਰਬ ਵੇਖਦੇ ਸਨ। ਜੋ ਹਾਉਸ (ਗ੍ਰੁਪ) ਕਾਮਯਾਬ ਹੂੰਦਾ ਸੀ , ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖਸ਼ ਕੇ ਸੰਨਮਾਨਿਤ ਕੀਤਾ ਜਾਂਦਾ ਸੀ। ਇਹ ਹੈ ਸਿੱਖਾਂ ਦਾ "ਹੋਲਾ ਮਹੱਲਾ"।

ਅਨਮਤ ਦੀ ਹੋਲੀ ਵਾਲੇ ਤਿਉਹਾਰ ਨੂੰ ਕਿਸੇ ਵੀ ਪੱਖੋ "ਹੋਲਾ ਮੱਹਲਾ" ਕਹਿ ਕੇ ਇਸ ਨੂੰ ਮਨਾਉਣਾਂ, ਰੰਗ ਆਦਿਕ ਇਕ ਦੂਜੇ ਨੂੰ ਲਾਉਣੇ ਬਿਲਕੁਲ ਹੀ ਮਨਮਤ ਹੈ ਕਿਉਕੇ ਹਿੰਦੂਆਂ ਦਾ ਇਹ ਤਿਉਹਾਰ ਸਾਲ ਦੇ ਫਗਣ ਮਹੀਨੇ ਵਿੱਚ ਮਣਾਇਆ ਜਾਂਦਾ ਹੈ ਤੇ ਹੋਲਾ ਮਹੱਲਾ ਸੰਵਤ 1757 ਵਿੱਚ ਚੇਤਰ ਦੇ ਮਹੀਨੇ ਵਿੱਚ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਸੀ । ਜੇ ਅਸੀ ਇਸ ਹੋਲੀ ਦੇ ਤਿਉਹਾਰ ਨੂੰ "ਹੋਲਾ ਮਹੱਲਾ" ਕਰਕੇ ਵੀ ਮਣਾਂਉਦੇ ਹੋਈਏ ਤਾਂ ਵੀ ਗਲਤ ਹੈ ਕਿਉਕਿ "ਹੋਲਾ ਮਹੱਲਾ" ਤੇ ਚੇਤਰ ਦੇ ਮਹੀਨੇ ਵਿੱਚ ਹੀ ਮਨਾਉਣਾਂ ਚਾਹੀਦਾ ਹੈ ,ਜੋ ਉਸ ਦੀ ਅਸਲ ਤਾਰੀਖ ਹੈ ਨਾਂ ਕੇ ਫਗਣ ਵਿੱਚ। ਦੂਜਾ ਇਨਾਂ ਦੀ ਹੋਲੀ ਪ੍ਰਹਿਲਾਦ ਦੀ ਭੂਆ "ਹੋਲੀਕਾ" ਦੇ ਨਾਮ ਤੇ ਹੈ। ਸਾਡਾ ਹੋਲਾ ਮਹੱਲਾ ਗੁਰੂ ਦੇ ਸਿਰਜੇ "ਹੋਲ ਗੜ੍ਹ" ਕਿਲੇ ਦੇ ਨਾਮ ਤੇ ਅਧਾਰਿਤ ਹੈ।

ਇਸ ਲਈ ਵੀਰੋ, ਇਸ ਮੱਕੜ ਜਾਲ ਵਿਚੋਂ ਬਾਹਰ ਆਉ ਤੇ ਇਸ ਅਨਮੱਤ ਦੇ ਤਿਉਹਾਰ ਨੂੰ "ਹੋਲਾ ਮਹੱਲਾ" ਕਹਿ ਕੇ ਮਨਾਉਣ ਤੋਂ ਗੁਰੇਜ ਕਰੋ। ਜੇ "ਹੋਲਾ ਮਹੱਲਾ" ਮਣਾਂਉਣਾਂ ਹੀ ਹੈ ਤੇ ਗੁਰੂ ਦੇ ਹੁਕਮ ਅਨੁਸਾਰ 1 ਬਦੀ ਚੇਤਰ ਨੂੰ ਹੀ ਮਣਾਉ। ਸਾਡੇ ਵਿੱਕੇ ਹੋਏ ਧਰਮ ਆਗੂ ਤੇ ਪੱਕੇ ਬ੍ਰਾਹਮਣ ਬਣ ਚੁਕੇ ਹਨ ਅਤੇ ਇਨਾਂ ਨੂੰ ਗੁਰਮਤਿੁ ਦਾ ਕੋਈ ਗਿਆਨ ਨਹੀ। ਤੁਸੀ ਅਪਣਾਂ ਆਪ ਸੰਭਾਲੋ ਬ੍ਰਾਹਮਣਵਾਦੀ ਸਾਜਿਸ਼ਾ ਤੇ ਸਾਨੂੰ , ਅਪਣੇ ਧਰਮ ਵਿੱਚ ਜਜਬ ਕਰ ਲੈਣ ਦੀਆ ਨੇ ਲੇਕਿਨ ਸਾਨੂੰ ਆਪ ਸੁਚੇਤ ਹੋਣਾਂ ਪਵੇਗਾ ।ਕਿਉਕੇ ਇਨਾਂ ਦੇ ਫਾਗ (ਫਗੱਣ/ ਹੋਲੀ) ਦਾ ਖੰਡਨ ਤੇ ਆਪ ਗੁਰੂ ਸਾਹਿਬ ਕਰ ਰਹੇ ਨੇ-

ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥ ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥੨॥ ਅੰਗ 1180

ਭਾਵ : ਮੇਰਾ ਤੇ ਫਾਗ (ਫਗਣ) ਤਾਂ ਉਹ ਦਿਨ ਹੈ ਜਦੋਂ ਮੈ ਅਪਣੇ ਪ੍ਰਭੂ ਨਾਲ ਮਿਲ ਕੇ ਉਸ ਦੇ ਰੰਗ ਵਿੱਚ ਖੇਡਣ ਲਗੀ ਹਾਂ ( ਭਾਵ ਉਸ ਦੀ ਸੋਝੀ ਪੈ ਗਈ ਹੈ)। ਮੈਂ ਤੇ ਸਾਧ ਸੰਗਤ ਦੀ ਸੇਵਾ ਨੂੰ ਹੀ ਅਪਣੀ ਹੋਲੀ (ਸਮਝਦੀ ) ਹਾਂ । ਉਸ ਪ੍ਰਭੂ ਨਾਲ ਮਿਲ ਕੇ ਮੈਂ ਉਸ ਲਾਲ ਰੰਗ (ਭਾਗਾਂ ਵਾਲੇ ਰੰਗ) ਵਿੱਚ ਰੰਗੀ ਗਈ ਹਾਂ।

ਵੀਰੋ ! ਭੁਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ । ਆਸ ਕਰਦਾ ਹਾਂ ਕੇ ਮੇਰੇ ਸਾਰੇ ਵੀਰ ਅਗਲੇ ਵਰ੍ਹੇ ਇਸ ਹੋਲੀ ਨੂੰ ਹੋਲਾ ਮਹੱਲਾ ਦਾ ਨਾਮ ਦੇ ਕੇ ਇਕ ਦੂਜੇ ਦਾ ਮੂੰਹ ਕਾਲਾ , ਨੀਲਾ ਨਹੀ ਕਰਣਗੇ ਅਤੇ ਗੁਰੂ ਸਿਧਾਂਤਾਂ ਤੇ ਪਹਿਰਾ ਦੇ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਣਗੇ ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top