Share on Facebook

Main News Page

ਪਸ਼ਚਾਤਾਪ ਦੇ ਆਖ਼ਰੀ ਸਮਾਗਮ ਵਿਚ ਗਿਆਨੀ ਨੰਦਗੜ੍ਹ ਤੇ ਦਾਦੂਵਾਲ ਨੇ ਕੀਤਾ ਮੰਚ ਸਾਂਝਾ

ਬਠਿੰਡਾ, 5 ਮਾਰਚ (ਸੁਖਜਿੰਦਰ ਮਾਨ) : ਲੰਘੀ ਪਿਛਲੀ 29 ਫ਼ਰਵਰੀ ਤੋਂ ਸਿੱਖ ਪੰਥ ਦੀਆਂ ਦੋ ਸ਼ਖ਼ਸੀਅਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ‘ਜਥੇਦਾਰ’ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਵਿਚਕਾਰ ਛਿੜੀ ਸ਼ਬਦੀ ਜੰਗ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਗਿਆਨੀ ਗੁਰਬਚਨ ਸਿੰਘ ਵਲੋਂ ਦੋਹਾਂ ਨੂੰ ਚੁੱਪ ਰਹਿਣ ਦੀਆਂ ਹਿਦਾਇਤਾਂ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ਦੇ ਸਿੱਖਾਂ ਦੀ ਢਾਣੀ ’ਚ ਗੁਰੂ ਗਰੰਥ ਸਾਹਿਬ ਦੇ ਦੋ ਪਾਵਨ ਸਰੂਪ ਰਜਵਾਹੇ ਵਿਚੋਂ ਮਿਲਣ ਤੋਂ ਬਾਅਦ 29 ਫ਼ਰਵਰੀ ਨੂੰ ਰੱਖੇ ਪਸ਼ਚਾਤਾਪ ਦਿਵਸ ਮੌਕੇ ਦੋਹਾਂ ਧਿਰਾਂ ਵਿਚ ਸ਼ੁਰੂ ਹੋਈ ਸ਼ਬਦੀ ਜੰਗ ਅੱਜ ਇਸ ਕਾਂਡ ਨੂੰ ਲੈ ਕੇ ਰਾਜਸਥਾਨ ਦੇ ਪੀਲੀਆਬੰਗਾ ਵਿਖੇ ਰੱਖੇ ਪਸ਼ਚਾਤਾਪ ਦਿਵਸ ਦੌਰਾਨ ਸ਼ਾਂਤੀ ਦੇਖਣ ਨੂੰ ਮਿਲੀ। ਇਸ ਸਮਾਗਮ ਦੌਰਾਨ ਦੋਵੇਂ ਆਗੂ ਪੁੱਜੇ ਹੋਏ ਸਨ। ਦੋਹਾਂ ਨੇ ਨਾ ਸਿਰਫ਼ ਇਕ-ਦੂਜੇ ਨਾਲ ਸਟੇਜ ਸਾਂਝੀ ਕੀਤੀ ਬਲਕਿ ਇਕ ਦੂਜੇ ਵਿਰੁਧ ਬੋਲਣ ਤੋਂ ਵੀ ਗੁਰੇਜ ਕੀਤਾ। ਕੁੱਝ ਹੀ ਫ਼ੁਟ ਦੀ ਦੂਰੀ ’ਤੇ ਬੈਠੇ ਦੋਹਾਂ ਸਿੱਖ ਆਗੂਆਂ ਨੇ ਇਕ-ਦੂਜੇ ਨਾਲ ਫ਼ਤਿਹ ਵੀ ਸਾਂਝੀ ਨਾ ਕੀਤੀ। ਬੇਸ਼ੱਕ ਦੁਨੀਆਂਦਾਰੀ ਵਜੋਂ ਬਾਬਾ ਦਾਦੂਵਾਲ ਨੇ ਅਪਣੇ ਭਾਸ਼ਣ ਦੇ ਸ਼ੁਰੂ ਵਿਚ ਹੋਰਨਾਂ ਸਿੱਖ ਸ਼ਖ਼ਸੀਅਤਾਂ ਨਾਲ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਨਾਮ ਵੀ ਸਤਿਕਾਰ ਸਹਿਤ ਲਿਆ।

ਦੋਹਾਂ ਆਗੂਆਂ ਨੇ ਅਪਣੇ ਭਾਸ਼ਣ ਵਿਚ ਇਕ-ਦੂਜੇ ਵਿਰੁਧ ਕੋਈ ਟੀਕਾ–ਟਿੱਪਣੀ ਨਾ ਕੀਤੀ ਬਲਕਿ ਅਪਣਾ ਸਾਰਾ ਧਿਆਨ ਸਿੱਖ ਪੰਥ ਨੂੰ ਦਰਪੇਸ਼ ਨੂੰ ਹੱਲ ਕਰਨ ਦੇ ਮੁੱਦਿਆਂ ਉਪਰ ਲਗਾਇਆ। ਇਸ ਮੌਕੇ ਜਿਥੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਪਾਵਨ ਸਰੂਪ ਰਜਵਾਹੇ ਵਿਚ ਸੁੱਟਣ ਵਾਲਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ, ਉਥੇ ਦਾਦੂਵਾਲ ਵਲੋਂ ਕਾਨੂੰਨੀ ਕਾਰਵਾਈ ਲਈ 25 ਹਜ਼ਾਰ ਦੀ ਨਕਦ ਰਾਸ਼ੀ ਭੇਟ ਕੀਤੀ ਜਦਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸ਼੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਖਠ ਪਾਠ ਦੇ ਭੋਗ ਪਾਏ ਗਏ।

ਜ਼ਿਕਰਯੋਗ ਹੈ ਕਿ ਪਿਛਲੇ ਫ਼ਰਵਰੀ ਮਹੀਨੇ ਦੇ ਅੱਧ ਵਿਚ ਰਾਜਸਥਾਨ ਦੇ ਪੀਲੀਆ ਬੰਗਾ ਕਸਬੇ ਵਿਚ ਇਕ ਡੇਰੇ ਦੀ ਨਾਜਾਇਜ਼ ਉਸਾਰੀ ਦੀ ਢਹਾਈ ਦੌਰਾਨ ਉੁਥੇ ਪਏ ਸ੍ਰੀ ਗੁਰੂ ਗਰੰਥ ਸਾਹਿਬ ਦੇ ਦੋ ਪਾਵਨ ਸਰੂਪਾਂ ਨੂੰ ਬੋਰੀ ਵਿਚ ਬੰਦ ਕਰ ਕੇ ਇਕ ਰਜਵਾਹੇ ਵਿਚ ਸੁੱਟ ਦਿਤਾ। ਇਹ ਪਾਵਨ ਸਰੂਪ ਹਰਿਆਣਾ ਦੇ ਚੌਟਾਲਾ ਪਿੰਡ ਦੇ ਨਜ਼ਦੀਕੀ ਸਿੱਖਾਂ ਦੀ ਢਾਣੀ ਕੋਲੋਂ ਮਿਲੇ ਸਨ। ਇਸ ਸਬੰਧ ਵਿਚ 29 ਫ਼ਰਵਰੀ ਨੂੰ ਉਕਤ ਸਥਾਨ ’ਤੇ ਪਸ਼ਚਾਤਾਪ ਦਿਵਸ ਰਖਿਆ ਸੀ ਜਿਥੇ ਗਿਆਨੀ ਨੰਦਗੜ੍ਹ ਅਤੇ ਦਾਦੂਵਾਲ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰ’ ਵੀ ਪੁੱਜੇ ਹੋਏ ਸਨ। ਇਸ ਮੌਕੇ ਗਿਆਨੀ ਨੰਦਗੜ੍ਹ ਨੇ ਅਪਣੇ ਪਿੰਡ ਦਾਦੂ ਨੂੰ ਦਾਦੂ ਸਾਹਿਬ ਅਤੇ ਸਿੱਖਾਂ ਦੇ ਤਖ਼ਤ ਦਮਦਮਾ ਸਾਹਿਬ ਨੂੰ ਤਲਵੰਡੀ ਸਾਬੋ ਲਿਖਣ ’ਤੇ ਇਤਰਾਜ਼ ਪ੍ਰਗਟਾਇਆ ਸੀ।

Source: Rozana Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top