Share on Facebook

Main News Page

ਪ੍ਰਧਾਨ ‘ਸ਼੍ਰੋਮਣੀ ਕਮੇਟੀ’ ਜੀ ਦੇ ਨਾਮ ਇੱਕ ਪੱਤਰ

ਸਤਿਕਾਰ ਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਆਪ ਜੀ ਦੇ ਉਸ ਬਿਆਨ ਦਾ ਸਵਾਗਤ ਜਿਸ ਵਿਚ ਆਪ ਜੀ ਨੇ ‘ਸਿੱਖ ਰਹਿਤ ਮਰਿਆਦਾ’ ਦੇ ਅੰਗ੍ਰੇਜ਼ੀ ਅਨੁਵਾਦ ਵਿਚ ਜੋੜੀ ਗਈ ਬੇਲੋੜੀ ਅਤੇ ਗ਼ੈਰ ਸਿਧਾਂਤਕ ਇੰਟਰਪਟੇਸ਼ਨ ਨੂੰ ਛੇਤੀ ਵਾਪਸ ਲੈਣ ਦੀ ਗਲ ਕਹੀ। ਪਰ ਨਾਲ ਹੀ ਕੁੱਝ ਵਿਚਾਰਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ।

‘ਸਿੱਖ ਰਹਿਤ ਮਰਿਆਦਾ’ ਗੁਰਦੁਆਰਾ ਸੁਧਾਰ ਅਤੇ ਪੰਥਕ ਯੱਕਜਹਤੀ ਦਾ ਇਕ ਅਨੋਖੀ ਪੰਥਕ ੳਪਲੱਭਧੀ ਹੈ। ਇਸ ਵਿਚ ਸਿੱਖ ਵਿਰਸੇ ਦੀ ਇੱਕ ਗੁਰੂ ਪ੍ਰਤੀ ਪ੍ਰਤੀਬੱਧਤਾ ਅਤੇ ਦਸ਼ਮੇਸ਼ ਜੀ ਦੇ ‘ਇਕ ਪੰਥ’ ਹੋਣ ਦੀ ਖਵਾਹਿਸ਼ ਦਾ ਪ੍ਰਗਟਾਵਾ ਹੈ। ਭਾਵੇਂ ਇਹ ਪੁਰੀ ਤਰਾਂ ਲਾਗੂ ਨਹੀਂ ਹੋਈ, ਜਿਵੇਂ ਕਿ ਕਿਸੇ ਵੀ ਦੇਸ਼ ਦਾ ਕਾਨੂਨ ਵੀ ਪੁਰੀ ਤਰਾਂ ਲਾਗੂ ਨਹੀਂ ਹੋ ਪਾਉਂਦਾ। ਪਰ ਕਾਨੂਨ ਦਾ ਰਾਜ ਵੀ ਇਕ ਰਾਜ ਹੁੰਦਾ ਹੈ, ਜਿਸ ਅਧੀਨ ਪ੍ਰਬੰਧ ਚਲਦੇ ਹਨ। ਕਮਾਲ ਅਤੇ ਬੜੇ ਅਚਰਜ ਦੀ ਗਲ ਹੈ, ਕਿ ਅਨੁਵਾਦਕ ਨੂੰ ਕਿਸੇ ਮੱਦ ਦੀ ਇੰਟਰਪਟੇਸ਼ਨ ਦਾ ਅਧਿਕਾਰ ਕਿਸਨੇ ਦਿੱਤਾ? ਜੇ ਕਰ ਉਹ ਅਨੁਵਾਦਕ ਆਪ ਹੀ ਇਸ ਨੂੰ ਕਰ ਗਿਆ ਤਾਂ ਕਮੇਟੀ ਨੇ ਇਸ ਨੂੰ ਕਿਵੇ ਕਬੂਲ ਕੀਤਾ? ਪੰਜਾਬੀ ਦੇ ਅਤੇ ਹਿੰਦੀ ਰੂਪਾਂਤਰਾਂ ਵਿਚ ਐਸਾ ਨਹੀਂ, ਤਾਂ ਇਹ ਇੰਟਰਪਟੇਸ਼ਨ ਅੰਗ੍ਰੇਜ਼ੀ ਦੇ ਅਨੁਵਾਦ ਵਿੱਚ ਹੁਣ ਤਕ ਕਿਵੇਂ ਅਤੇ ਕਿਸ ਲਈ ਸਾਹ ਲੇ ਰਹੀ ਹੈ?

ਪ੍ਰਧਾਨ ਜੀ ਧਿਆਨ ਦੇਵੋ!ਸਿੱਖਾਂ ਦੇ ਪੱਲੇ ਅਗਰ ਕੁੱਝ ਹੈ ਤਾਂ ‘ਇੱਕ ਗੁਰੂ’ ਅਤੇ ‘ਇੱਕ ਵਿਧਾਨ’ ਹੈ।ਇਹ ਗ਼ੈਰਜ਼ਰੂਰੀ ਇੰਟਰਪਟੇਸ਼ਨ ‘ਇੱਕ ਗੁਰੂ’ ਅਤੇ ‘ਇੱਕ ਵਿਧਾਨ’ ਦੋਹਾਂ ਵਿਚਾਰਾਂ ਤੇ ਸੱਟ ਮਾਰ ਰਹੀ ਹੈ।ਅਤੇ ਅਤਿ ਦੀ ਮੰਦਬਾਗੀ ਗਲ ਹੈ ਕਿ ਇਹ ਸੱਟ ‘ਸਿੱਖ ਰਹਿਤ ਮਰਿਆਦਾ’ ਦੀ ਕਸਟੋਡੀਅਨ ਸੰਸਥਾ ਦੇ ਅਪਣੇ ਹੱਥੋਂ ਵੱਜੀ ਪਈ ਹੈ।ਇਸ ਵਿਚ ਦੋ ਬਜਰ ਨੁਕਸ ਹਨ:

  1. ਇਸ ਵਿਚ ਕੀਤੀ ਇੰਟਰਪਟੇਸ਼ਨ ਅਨੁਵਾਦ ਦੇ ਮੁੱਡਲੇ ਅਸੂਲ ਦੇ ਵਿਰੂਧ ਹੈ ਜਿਸ ਦੇ ਚਲਦੇ ਅਨੁਵਾਦਕ ਮੂਲ ਦਸਤਾਵੇਜ਼ ਦੀ ਕਿਸੇ ਮੱਧ ਬਾਰੇ ਇੰਟਰਪਟੇਸ਼ਨ ਨਹੀਂ ਜੋੜ ਸਕਦਾ ਨਾ ਹੀ ਕਮੇਟੀ ਨੂੰ ਇਸ ਨੂੰ ਸਵੀਕਾਰ ਕਰਨ ਦਾ ਅਧਿਕਾਰ ਸੀ। ਅਨੁਵਾਦਕ ਅਨੁਵਾਦ ਦਾ ਕੰਮ ਸੋਂਪਿਆ ਗਿਆ ਸੀ, ਜਾਂ ਸਰਬਤ ਖ਼ਾਲਸਾ ਕਰਕੇ ਗੁਰਮਤਾ ਪਾਸ ਕਰਨ ਦਾ? ਅਨੁਵਾਦਕ ਦੀ ਕਲਮ ਦੇ ਹੱਥ ਉਸ ਖੇਤਰ ਤਕ ਪਹੁੰਚੇ ਹਨ, ਜੋ ਕਿ ਸਿਰਫ਼ ਗੁਰੂ ਦੇ ਪੰਥ ਲਈ ਰਾਖਵੇਂ ਹਨ। ਕਮੇਟੀ ਵਲੋਂ ਇਸ ਦੀ ਸਵਕ੍ਰਿਤੀ ਅਨਅਧਿਕਾਰਤ ਹੈ। ਇਹ ਸਰਾਸਰ ਨਾ ਕਾਬਿਲੇ ਕਬੂਲ ਹੈ।

  2. ਇਹ ਇੰਟਰਪਟੇਸ਼ਨ ਵਿਸ਼ਵਸਨੀਯ ਅਨੁਵਾਦ (ਫ਼ੇਦਫ਼ੁਲ ਟ੍ਰਾਸਲੇਸ਼ਨ) ਨਹੀਂ ਹੈ, ਜਿਸਦਾ ਦਾਵਾ ਪਰਿਫ਼ੇਸ ਵਿਚ ਕੀਤਾ ਗਿਆ ਹੈ। ਅਨੁਵਾਦਕ ਨੇ ਅਨੁਵਾਦ ਦੀ ਹੱਦ ਟੱਪੀ ਹੈ ਜਿਸ ਨੂੰ ਉਹ ਇਕ ਪਰਿਫ਼ੇਸ ਲਿਖ ਕੇ ਜਸਟੀਫ਼ਾਈ ਕਰਦਾ ਹੈ। ਇਹ ਇੱਕ ਬਿਲਕੁਲ ਗਲਤ ਮਿਸਾਲ ਕਾਯਮ ਕਰਦੀ ਹੈ, ਜਿਸ ਵਿਚ ਉਸ ਵੇਲੇ ਦੀ ਕਮੇਟੀ ਨੇ ਪੰਥਕ ਅਧਿਕਾਰ ਅਤੇ ਪੰਥਕ ਨਿਰਨੇ ਨੂੰ ਇਕ ਅਨੁਵਾਦਕ ਦੇ ਹੱਥ ਸੋਂਪਿਆ ਲੱਗਦਾ ਹੈ। ਬੜੀ ਮੰਦਭਾਗੀ ਗਲ ਹੈ, ਕਿ ਇਕ ਅਤਿ ਮਹੱਤਵ ਪੁਰਨ ਅਤੇ ਸੰਵੇਦਨਸ਼ੀਲ ਪੰਥਕ ਦਸਤਾਵੇਜ਼ ਦੇ ਅਨੁਵਾਦ ਨਾਲ, ਇੰਝ ਦਾ ਵਰਤਾਵ ਕੀਤਾ ਗਿਆ। ਇੰਟਰਪਟੇਸ਼ਨ ਮੂਲ ਦਸਤਾਵੇਜ਼ ਨਾਲ ਛੇੜਖ਼ਾਨੀ ਪ੍ਰਤੀਤ ਹੁੰਦੀ ਹੈ।

ਆਪ ਜੀ ਨੇ ਪੜਤਾਲ ਦੀ ਗਲ ਕੀਤੀ ਹੈ। ਠੀਕ ਹੈ ਪੜਤਾਲ ਕਰਕੇ ਸਬੰਧਤ ਪੱਖਾਂ ਨੂੰ ਤਾੜਨਾ ਕਰੋ, ਪਰ ਸਭ ਤੋਂ ਪਹਿਲਾਂ ਵੈਬ ਸਾਈਟ ਤੋਂ ਛੇਤੀ ਹੀ ਇਸ ਫ਼ਾਲਤੂ ਦੀ ਇੰਟਰਪਟੇਸ਼ਨ ਨੂੰ ਹਟਾਉਣ ਦਾ ਨਿਰਦੇਸ਼ ਦੇਉ। ਇਹ ਜ਼ਖਮ ਕਿਵੇਂ ਲੱਗਾ ਹੈ, ਇਹ ਦੇਖਦੇ ਰਹਿਣਾ ਪਰ ਸਭ ਤੋਂ ਪਹਿਲਾਂ ਦਰਦ ਦੀ ਦਵਾ ਕਰੋ।

ਅਸੀਂ ਜਾਣਦੇ ਹਾਂ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਰਚਨਾਵਾਂ ਦਾ ਕੀਰਤਨ ਹੁੰਦਾ ਹੈ, ਜੋ ਕਿ ਇਸ ਫ਼ਾਲਤੂ ਦੀ ਇੰਟਰਪਟੇਸ਼ਨ ਤੋਂ ਪਹਿਲਾਂ ਵੀ ਹੁੰਦਾ ਸੀ। ਪਰ ਇਸ ਨੂੰ ਇੰਟਰਪਟੇਸ਼ਨ ਰਾਹੀਂ ਉਸ ਨੂੰ ਬਾ-ਕਾਯਦਗੀ ਦੇਂਣਾ ‘ਸਿੱਖ ਰਹਿਤ ਮਰਿਆਦਾ’ ਦਾ ਗਲਾ ਦਬਾਉਂਣਾ ਹੈ। ਆਪ ਜੀ ਜਾਣਦੇ ਹੋ ਕਿ ਕਈ ਐਸੀਆਂ ਰਚਨਾਵਾਂ ਨੂੰ ਕੁੱਝ ਲੋਗ ਦਸ਼ਮੇਸ਼ ਜੀ ਨਾਲ ਜੋੜਦੇ ਹਨ ਜਿਨ੍ਹਾਂ ਦੇ ਗੁਰੂ ਕ੍ਰਿਤ ਨਾ ਹੋਣ ਬਾਰੇ ਕਮੇਟੀ ਨਿਰਨਾ ਲੈ ਚੁੱਕੀ ਹੈ। ਇਸ ਸੂਰਤ ਵਿਚ ਇਹ ਇੰਟਰਪਟੇਸ਼ਨ ਮਨਮਰਜ਼ੀ ਦਾ ਰਸਤਾ ਖੋਲੇਗੀ, ਜੋ ਕਿ ਪੰਥਕ ਭਾਵਨਾ ਲਈ ਘਾਤਕ ਸਿੱਧ ਹੋਵੇਗੀ। ਦਸ਼ਮੇਸ਼ ਜੀ ਦਿਆਂ ਕੁੱਝ ਰਚਨਾਵਾਂ ਬਾਰੇ ਗੰਭੀਰ ਮਤਭੇਦ ਹਨ। ਕੁੱਝ ਸਾਰਿਆਂ ਨੂੰ ਉਨ੍ਹਾਂ ਦਾ ਮੰਨਦੇ ਹਨ ਅਤੇ ਬਹੁਤੇ ਐਸਾ ਨਹੀਂ ਮੰਨਦੇ। ਇਸ ਸੂਰਤ ਵਿਚ ਇਹ ਇੰਟਰਪਟੇਸ਼ਨ ਵਿਵਾਦ ਦੇ ਭਾਂਬੜ ਬਾਲੇਗੀ।

ਇਸ ਲਈ ਬੇਨਤੀ ਹੈ, ਕਿ ਇਕ ਫ਼ੌਰੀ ਆਦੇਸ਼ ਰਾਹੀਂ ਕਮੇਟੀ ਦੀ ਵੈਬ ਸਾਈਟ ਤੋਂ ਇਸ ਇੰਟਰਪਟੇਸ਼ਨ ਨੂੰ ਹਟਵਾਉ ਅਤੇ ਉਸ ਤੋਂ ਬਾਅਦ ਪੜਤਾਲ ਕਰਕੇ ਸ਼੍ਰੀ ਅਕਾਲ ਤਖ਼ਤ ਪਾਸਿਯੋਂ 18 ਸਾਲ ਪਹਿਲਾਂ ਹੋਏ ਇਸ ਕੰਮ ਲਈ ਜਿੰਮੇਵਾਰ ਸੱਜਣਾਂ ਲਈ ਇਕ ਤਾੜਨਾ ਪੱਤਰ ਜਾਰੀ ਕਰਵਾਉ, ਤਾਂ ਕਿ ਭੱਵਿਖ ਵਿਚ ਕੋਈ ‘ਸਿੱਖ ਰਹਿਤ ਮਰਿਆਦਾ’ ਵਰਗੇ ਪੰਥਕ ਦਸਤਾਵੇਜ਼ ਬਾਰੇ ਐਸੀ ਕੋਤਾਹੀ ਨਾ ਵਰਤੇ।

ਹਰਦੇਵ ਸਿੰਘ, ਜੰਮੂ
04.03.2012


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top