Share on Facebook

Main News Page

ਜਥੇਦਾਰ ਅਕਾਲ ਤਖ਼ਤ ਸਪਸ਼ਟ ਕਰੇ ਕਿ ਉਸ ਨੇ ਸੰਤ ਸਮਾਜ ਨਾਲ ਚਲਣਾ ਹੈ ਜਾਂ ਪੰਥ ਨਾਲ: ਜਥੇਦਾਰ ਨੰਦਗੜ੍ਹ

* ਅਕਾਲ ਤਖ਼ਤ ਤੋਂ ਇੱਕ ਪਾਸੜ ਫੈਸਲੇ ਹੁੰਦੇ ਹਨ
* ਦਾਦੂਵਾਲੇ ਦੇ ਬਾਦਲ ਨਾਲ ਹੋਏ ਸਮਝੌਤੇ ਦੀ ਕੀਤੀ ਪੁਸ਼ਟੀ
* ਜੇ ਅਕਾਲ ਤਖ਼ਤ ਤੇ ਇਸੇ ਤਰ੍ਹਾਂ ਇੱਕ ਪਾਸੜ ਫੈਸਲੇ ਹੁੰਦੇ ਰਹੇ ਤਾਂ ਗਿਆਨੀ ਨੰਦਗੜ੍ਹ ਦੇ ਸਕਦੇ ਹਨ ਆਪਣੇ ਅਹੁਦੇ ਤੋਂ ਅਸਤੀਫਾ

ਬਠਿੰਡਾ, 2 ਮਾਰਚ (ਕਿਰਪਾਲ ਸਿੰਘ): ਜਾਗਰੂਕ ਸਿੱਖਾਂ ਵਲੋਂ ਬਹੁਤ ਪਹਿਲਾਂ ਤੋਂ ਹੀ ਲਾਏ ਜਾ ਰਹੇ ਇਸ ਦੋਸ਼ ਦੀ ਤਖ਼ਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਉਸ ਸਮੇਂ ਪੁਸ਼ਟੀ ਕਰ ਦਿੱਤੀ, ਜਦੋਂ ਸਥਨਕ ਗੁਰਦੁਆਰਾ ਹਾਜੀ ਰਤਨ ਵਿਖੇ ਉਨ੍ਹਾਂ ਵਲੋਂ ਸੱਦੀ ਗਈ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨਿਧੜਕ ਹੋ ਕੇ ਕਿਹਾ, ਕਿ ਸੰਤ ਸਮਾਜ ਦੇ ਪ੍ਰਭਾਵ ਅਧੀਨ ਅਕਾਲ ਤਖ਼ਤ ਤੋਂ ਇੱਕ ਪਾਸੜ ਫੈਸਲੇ ਹੁੰਦੇ ਹਨ।

ਡੱਬਵਾਲੀ ਦੇ ਨਜ਼ਦੀਕ ਢਾਣੀ ਸਿੱਖਾਂ ਵਾਲੀ ਵਿਖੇ ਬੀਤੇ ਸ਼ੁਕਰਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਹੋਈ ਬੇਅਦਬੀ ਦੇ ਮਾਮਲੇ ਸਬੰਧੀ ਕਰਵਾਏ ਗਏ ਪਸ਼ਚਾਤਾਪ ਸਮਾਗਮ ਦੌਰਾਨ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਹਾਜ਼ਰੀ ਵਿੱਚ ਬਾਬਾ ਦਾਦੂਵਾਲਾ ਅਤੇ ਜਥੇਦਾਰ ਨੰਦਗੜ੍ਹ ਦਰਮਿਆਨ ਪੈਦਾ ਹੋਏ ਵਿਵਾਦ ਦੀਆਂ ਘਟਨਾਵਾਂ ਤੋਂ ਜਾਣੂ ਕਰਵਾਉਣ ਲਈ ਸੱਦੀ ਗਈ ਇਸ ਪ੍ਰੈੱਸ ਕਾਨਫਰੰਸ ਦੌਰਾਨ, ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ, ਕਿ ਸਿੱਖ ਰਵਾਇਤਾਂ ਅਨੁਸਾਰ ਸਿਰਫ ਉਨ੍ਹਾਂ ਅਸਥਾਨਾਂ ਨਾਲ ਹੀ ਸਾਹਿਬ ਸ਼ਬਦ ਦੀ ਵਰਤੋਂ ਹੋ ਸਕਦੀ ਹੈ, ਜਿਨ੍ਹਾਂ ਨੂੰ ਸਿੱਖ ਗੁਰੂ ਸਾਹਿਬਾਨ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ, ਪਰ ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਡੇਰੇਦਾਰ ਹਰ ਉਸ ਪਿੰਡ, ਜਿਥੇ ਉਨ੍ਹਾਂ ਦੇ ਡੇਰੇ ਸਥਾਪਤ ਹਨ ਨੂੰ ਸਾਹਿਬ ਸ਼ਬਦ ਨਾਲ ਸੰਬੋਧਨ ਕਰਕੇ, ਆਪਣੀ ਤੁਲਨਾ ਗੁਰੂ ਸਾਹਿਬ ਨਾਲ ਕਰਨ ਦਾ ਅਪਰਾਧ ਕਰਕੇ ਰਹੇ ਹਨ।

ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਦਾਦੂਵਾਲੇ ਵਲੋਂ ਛਪਵਾਇਆ ਇਸ਼ਤਿਹਾਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵਿਖਾ ਕੇ, ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਦਾਦੂਵਾਲੇ ਨੇ ਆਪਣੇ ਡੇਰੇ ਵਾਲੇ ਪਿੰਡ ਨੂੰ ਤਾਂ ਦਾਦੂ ਸਾਹਿਬ ਲਿਖਿਆ ਹੈ, ਪਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਜਿਥੇ ਦੋ ਗੁਰੂ ਸਾਹਿਬਾਨ ਨੇ ਚਰਨ ਪਾਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋਈ, ਉਸ ਨੂੰ ਮਹਿਜ ਤਲਵੰਡੀ ਸਾਬੋ ਲਿਖ ਕੇ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਵੀ ਵੱਡਾ ਦਰਸਾਉਣ ਦਾ ਕੋਝਾ ਯਤਨ ਕੀਤਾ ਹੈ। ਮੀਡੀਏ ਵਿੱਚ ਛਪੀ ਫੋਟੋ ਵਿਖਾਉਂਦੇ ਹੋਏ, ਉਨ੍ਹਾਂ ਕਿਹਾ ਗਿਆਨੀ ਗੁਰਬਚਨ ਸਿੰਘ ਤਾਂ ਚੁੱਪ ਰਹੇ ਪਰ ਦਾਦੂਵਾਲਾ ਕਿਸ ਤਰ੍ਹਾਂ ਹੰਕਾਰੀ ਲਹਿਜੇ ਵਿੱਚ ਉਨ੍ਹਾਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਵੱਲ ਸੰਬੋਧਨ ਹੁੰਦਾ ਹੋਇਆ ਝੂਠ ਬੋਲ ਰਿਹਾ ਹੈ, ਕਿ ਉਸ ਨੇ ਆਪਣੇ ਨਾਂ ਨਾਲ ਸਾਹਿਬ ਨਹੀਂ ਲਿਖਿਆ, ਬਲਕਿ ਪਿੰਡ ਦਾਦੂ ਵਿਖੇ ਸਸ਼ੋਭਿਤ ਗੁਰਦੁਆਰੇ ਨਾਲ ਸਾਹਿਬ ਲਿਖਿਆ ਹੈ।

ਗਿਆਨੀ ਨੰਦਗੜ੍ਹ ਨੇ ਇਸ਼ਤਿਹਾਰ ਦੀ ਫੋਟੋ ਕਾਪੀ ਵਿਖਾਉਂਦੇ ਹੋਏ ਕਿਹਾ ਕਿ ਗੁਰਦੁਆਰੇ ਦਾ ਨਾਮ ਤਾਂ ਗੁਰਦੁਆਰਾ ਸ਼੍ਰੀ ਗ੍ਰੰਥਸਰ ਲਿਖਿਆ ਹੈ ਜਦੋਂ ਕਿ ਪਿੰਡ ਦਾ ਨਾਮ ਦਾਦੂ ਸਾਹਿਬ ਅਤੇ ਆਪਣੀ ਫੋਟੋ ਹੇਠ ਸੰਤ ਬਾਬਾ ਬਲਜੀਤ ਸਿੰਘ ਜੀ ਖ਼ਾਲਸਾ ਦਾਦੂ ਸਾਹਿਬ ਵਾਲੇ ਲਿਖਿਆ ਹੈ, ਜਿਸ ਤੋਂ ਸਪਸ਼ਟ ਹੈ ਕਿ ਇਹ ਗੁਰਦੁਆਰੇ ਨੂੰ ਨਹੀਂ ਬਲਕਿ ਆਪਣੇ ਡੇਰੇ ਵਾਲੇ ਪਿੰਡ ਨੂੰ ਸਾਹਿਬ ਲਿਖ ਕੇ ਗੁਰੂ ਸਾਹਿਬ ਨਾਲ ਬਰਾਬਰੀ ਕਰ ਰਿਹਾ ਹੈ। ਇਸ ਲਈ ਅਜਿਹੇ ਡੇਰੇਦਾਰਾਂ ਨੂੰ ਅਕਾਲ ਤਖ਼ਤ ਤੇ ਸੱਦ ਕੇ ਇਨ੍ਹਾਂ ਨੂੰ ਤਨਖ਼ਾਹ ਲਾੲ ਜਾਵੇ। ਜਥੇਦਾਰ ਨੰਦਗੜ੍ਹ ਨੇ ਕਿਹਾ ਪ੍ਰੋ: ਸਰਬਜੀਤ ਸਿੰਘ ਧੂੰਦੇ ਦੀ ਸੀਡੀ ਸੁਣ ਕੇ ਉਸ ਦੇ ਪ੍ਰਚਾਰ ਤੇ ਪਾਬੰਦੀ ਲਾਉਣ ਵਾਲੇ ਗਿਆਨੀ ਗੁਰਬਚਨ ਸਿੰਘ ਆਪਣੇ ਸਾਹਮਣੇ ਹੋਈ ਕਾਰਵਾਈ ਤੇ ਚੁੱਪ ਕਿਉਂ ਹਨ? ਉਨ੍ਹਾਂ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਸਪਸ਼ਟ ਕਰੇ ਕਿ ਉਸ ਨੇ ਸੰਤ ਸਮਾਜ ਨਾਲ ਚਲਣਾ ਹੈ ਜਾਂ ਪੰਥ ਨਾਲ।

ਜਥੇਦਾਰ ਗਿਆਨੀ ਨੰਦਗੜ੍ਹ ਨੇ ਐਲਾਣ ਕੀਤਾ ਕਿ ਜੇ ਅਕਾਲ ਤਖ਼ਤ ਤੇ ਇਸੇ ਤਰ੍ਹਾਂ ਇੱਕ ਪਾਸੜ ਫੈਸਲੇ ਹੁੰਦੇ ਰਹੇ ਤਾਂ ਉਹ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਸਕਦੇ ਹਨ। ਦਾਦੂਵਾਲੇ ਤੇ ਬਾਦਲ ਨਾਲ ਰਲੇ ਹੋਣ ਦਾ ਦੋਸ਼ ਲਾਉਂਦੇ ਹੋਏ, ਉਨ੍ਹਾਂ ਕਿਹਾ ਅੱਗੇ ਪਿੱਛੇ ਬਾਦਲ ਦੀ ਵਿਰੋਧਤਾ ਵਾਲੇ ਬਿਆਨ ਦੇ ਕੇ ਬਾਦਲ ਵਿਰੋਧੀਆਂ ਤੋਂ ਵਾਹ ਵਾਹ ਖੱਟਦਾ ਰਹਿੰਦਾ ਹੈ, ਪਰ ਚੋਣਾਂ ਮੌਕੇ ਹੋਏ ਸਮਝੌਤੇ ਤਹਿਤ ਵਿਦੇਸ਼ ਦੌੜ ਜਾਂਦਾ ਹੈ। ਗਿਆਨੀ ਨੰਦਗੜ੍ਹ ਨੇ ਕਿਹਾ ਕਿ ਦਾਦੂਵਾਲੇ ਵਲੋਂ ਮੇਰੇ ਤੇ ਇਹ ਦੋਸ਼ ਲਾਉਣੇ ਕਿ ਮੈਨੂੰ (ਨੰਦਗੜ੍ਹ ਨੂੰ) ਇਹ ਚਿੰਤਾ ਹੈ, ਕਿ ਮੈਨੂੰ ਜਥੇਦਾਰੀ ਤੋਂ ਹਟਾ ਕਿ ਕਦੇ ਉਸ (ਦਾਦੂਵਾਲਾ) ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦਾ ਜਥੇਦਾਰ ਲਾ ਦਿੱਤਾ ਜਾਵੇ, ਜਿਸ ਕਾਰਣ ਬੇਵਜ਼ਾ ਉਸ ਦੀ ਬਦਨਾਮੀ ਕੀਤੀ ਜਾ ਰਹੀ। ਉਨ੍ਹਾਂ ਕਿਹਾ ਦਾਦੂਵਾਲਾ ਦਾ ਇਹ ਗੈਰਜਿੰਮੇਵਾਰ ਬਿਆਨ ਹੀ ਪੁਸ਼ਟੀ ਕਰਦਾ ਹੈ, ਕਿ ਉਸ ਦਾ ਬਾਦਲ ਨਾਲ ਸਮਝੌਤਾ ਹੋ ਚੁੱਕਾ ਹੈ।

ਦੂਸਰੀ ਪੁਸ਼ਟੀ ਉਨ੍ਹਾਂ ਉਸ ਵੇਲੇ ਕੀਤੀ ਜਦੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਹਰਨੇਕ ਸਿੰਘ ਰਾਏ ਕੇ ਕਲਾਂ ਅਤੇ ਉਸ ਨਾਲ ਪਿੰਡ ਦੇ ਆਏ ਮੋਹਤਬਰਾਂ ਨੇ ਦੋਸ਼ ਲਾਇਆ ਕਿ ਸਾਰੇ ਪਿੰਡ ਵਾਸੀਆਂ ਦੀ ਵਿਰੋਧਤਾ ਦੇ ਬਾਵਯੂਦ ਪਿੰਡ ਰਾਏ ਕੇ ਕਲਾਂ ਦੇ ਗੁਰਦੁਆਰਾ ਜਿਸ ਦੇ ਨਾਮ 22-23 ਕਿਲੇ ਜ਼ਮੀਨ ਹੈ, ਬਾਦਲ ਪੱਖੀ ਪੰਚਾਇਤ ਅਤੇ ਪਿੰਡ ਦੇ ਗੁਰਦੁਆਰਾ ਕਮੇਟੀ ਮੈਂਬਰਾਂ ਨੇ ਕਈ ਮੈਂਬਰਾਂ ਤੋਂ ਧੋਖੇ ਨਾਲ ਦਸਤਖ਼ਤ ਕਰਵਾ ਕੇ ਉਸ ਤੇ ਦਾਦੂਵਾਲਾ ਦਾ ਕਬਜ਼ਾ ਕਰਵਾ ਦਿੱਤਾ ਹੈ। ਹਰਨੇਕ ਸਿੰਘ ਨੇ ਦੱਸਿਆ ਕਿ ਕਈ ਮੈਂਬਰਾਂ ਨੂੰ ਇਹ ਕਹਿ ਕਿ ਮਤੇ ਤੇ ਧੋਖੇ ਨਾਲ ਦਸਤਖ਼ਤ ਕਰਵਾਏ ਕਿ ਗੁਰਦੁਆਰੇ ਦਾ ਨਵਾਂ ਗ੍ਰੰਥੀ ਰੱਖਣਾ ਹੈ ਪਰ ਉਨ੍ਹਾਂ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਦਾਦੂਵਾਲਾ ਦੇ ਬਦੂੰਕਧਾਰੀਆਂ ਨੇ ਗੁਰਦੁਆਰੇ ਤੇ ਕਬਜ਼ਾ ਕਰ ਲਿਆ।

ਉਨ੍ਹਾਂ ਕਿਹਾ ਜੇ ਕਿਸੇ ਨੇ ਬਾਹਰ ਦੇ ਗ੍ਰੰਥੀ ਤੋਂ ਪਾਠ ਕਰਵਾਉਣਾ ਹੋਵੇ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਦਿੰਦੇ ਤੇ ਜੇ ਇਨ੍ਹਾਂ ਤੋਂ ਕਰਵਾਉਣਾ ਹੋਵੇ ਤਾਂ ਬਦੂੰਕਧਾਰੀ ਨਾਲ ਜਾਂਦੇ ਹਨ ਜਿਸ ਕਾਰਣ ਪਿੰਡ ਵਿੱਚ ਇਨ੍ਹਾਂ ਦੀ ਪੂਰੀ ਦਹਿਸ਼ਤ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਗਈ ਪਿੰਡ ਵਾਲਿਆਂ ਨੇ ਇੱਕ ਹਫਤੇ ਵਿੱਚ ਹੀ ਦਾਦੂਵਾਲੇ ਦਾ ਨਜ਼ਾਇਜ਼ ਕਬਜ਼ਾ ਖਤਮ ਕਰਵਾ ਦੇਣਾ ਹੈ। ਇਸ ਸਮੇਂ ਗਿਆਨੀ ਨੰਦਗੜ੍ਹ ਨੇ ਵਿੱਚੋਂ ਬੋਲਦਿਆਂ ਕਿਹਾ ਕਿ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਦਾ ਇਹ ਬਿਆਨ ਹੀ ਸਪਸ਼ਟ ਕਰਦਾ ਹੈ ਕਿ ਦਾਦੂਵਾਲ ਅੰਦਰੂਨੀ ਤੌਰ ਤੇ ਬਾਦਲ ਨਾਲ ਮਿਲਿਆ ਹੋਇਆ ਹੈ। ਗਿਆਨੀ ਨੰਦਗੜ੍ਹ ਨੇ ਹੋਰ ਦੱਸਿਆ ਕਿ, ਮੈਂ ਜਥੇਦਾਰ ਹੁੰਦਿਆਂ ਵੀ ਆਪਣੇ ਲਈ ਇੱਕ ਲਾਇਸੰਸ ਨਹੀਂ ਬਣਾ ਸਕਿਆ ਜਦ ਕਿ ਦਾਦੂਵਾਲਾ ਨੂੰ ਬਾਦਲ ਸਰਕਾਰ ਦੌਰਾਨ ਉਸ ਸਮੇਂ ਕਿਤਨੇ ਹੀ ਹਥਿਆਰਾਂ ਲਈ ਲਾਇਸੰਸ ਦਿੱਤੇ ਗਏ ਜਿਸ ਸਮੇਂ ਨਵੇਂ ਲਾਇਸੰਸ ਬਣਾਉਣ ਤੇ ਪਾਬੰਦੀ ਲੱਗੀ ਹੋਈ ਸੀ।

ਇਸ ਸਮੇਂ ਗਿਆਨੀ ਨੰਦਗੜ੍ਹ ਨਾਲ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਨੇਕ ਸਿੰਘ ਰਾਏ ਕੇ ਕਲਾਂ ਅਤੇ ਏਕਨੂਰ ਖ਼ਾਲਸਾ ਫੌਜ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਲਜੀਤ ਸਿੰਘ ਗੰਗਾ ਤੋਂ ਇਲਾਵਾ ਏਕਨੂਰ ਖ਼ਾਲਸਾ ਫੌਜ ਦੇ ਹੋਰ ਆਗੂ ਤੇ ਪਿੰਡ ਰਾਏ ਕੇ ਕਲਾਂ ਦੇ ਮੋਹਤਵਰ ਵਿਅਕਤੀ ਹਾਜ਼ਰ ਸਨ।


ਟਿੱਪਣੀ: ਗਿਆਨੀ ਨੰਦਗੜ੍ਹ ਦਾ ਕੋਈ ਆਪਣਾ ਸਟੈਂਡ ਤਾਂ ਹੈ ਨਹੀਂ, ਉਨ੍ਹਾਂ ਹੀ ਅਖੌਤੀ ਜਥੇਦਾਰਾਂ ਨਾਲ ਬੈਠ ਕੇ, ਸੱਚ 'ਤੇ ਚੱਲਣ ਵਾਲੇ ਗੁਰਸਿੱਖਾਂ ਨੂੰ ਛੇਕਦੇ ਵੀ ਹਨ, ਤੇ ਬਾਹਰ ਆਕੇ ਲੋਕਾਂ ਨੂੰ ਭੜਕਾਉਂਦੇ ਵੀ ਹਨ। ਜੇ ਇਨ੍ਹਾਂ ਹੀ ਸਿੱਖੀ ਨਾਲ ਪਿਆਰ ਹੈ ਤਾਂ ਕਿਉਂ ਨਹੀਂ, ਆਪਣੇ ਜੋੜੀਦਾਰਾਂ ਤੋਂ ਖਹਿੜਾ ਛੁੜਾਉਂਦੇ। ਅੰਦਰ ਕੁੱਝ ਹੋਰ, ਬਾਹਰ ਕੁੱਝ ਹੋਰ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top