Share on Facebook

Main News Page

ਹਰਿਮੰਦਰ ਸਾਹਿਬ 'ਚ ਪੱਕਾ ਸ਼ੈੱਡ ਬਣਾਉਣ ਦਾ ਵਿਰੋਧ, ਵਿਦਵਾਨਾਂ ਨੂੰ ਪੁਰਾਤਨ ਦਿੱਖ ਵਿਗੜਨ ਦਾ ਖਦਸ਼ਾ

* ਸਿੰਘ ਸਾਹਿਬਾਨ ਨਾਲ ਸਲਾਹ- ਮਸ਼ਵਰਾ ਕਰਕੇ ਫੈਸਲਾ ਲਿਆ: ਮੱਕੜ

ਅੰਮ੍ਰਿਤਸਰ-29 ਫਰਵਰੀ- ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਆਉਂਦੇ ਸ਼ਰਧਾਲੂਆਂ ਨੂੰ ਗਰਮੀਆਂ ਤੇ ਬਰਸਾਤਾਂ ਦੇ ਮੌਸਮ 'ਚ ਰਾਹਤ ਦੇਣ ਲਈ ਦਰਸ਼ਨੀ ਡਿਉਢੀ ਦੇ ਪੁਲ 'ਤੇ ਇਕ ਆਧੁਨਿਕ ਫੈਬਰਿਕ ਸ਼ੈਡ (ਅਤਿ-ਆਧੁਨਿਕ ਕਿਸਮ ਦਾ ਸ਼ਮਿਆਨਾ) ਸਥਾਪਤ ਕਰਨ ਦੀ ਯੋਜਨਾ ਹੈ ਪਰ ਵਿਰਾਸਤੀ ਥਾਵਾਂ ਦੀ ਸਾਂਭ-ਸੰਭਾਲ ਦੇ ਸਮਰਥਕ ਮਹਿਸੂਸ ਕਰਦੇ ਹਨ ਕਿ ਇਸ ਆਧੁਨਿਕ ਸ਼ਮਿਆਨੇ ਦੀ ਪੱਕੀ ਸਥਾਪਤੀ ਨਾਲ ਇਸ ਰੂਹਾਨੀਅਤ ਦੇ ਕੇਂਦਰ ਦੀ ਪੁਰਾਤਨ ਦਿੱਖ ਵਿਗੜ ਜਾਵੇਗੀ।

ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ੍ਰੀ ਹਰਬੰਸ ਸਿੰਘ ਮੱਲ੍ਹੀ ਨੇ ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫੈਬਰਿਕ ਸ਼ੈੱਡ 200 ਫੁੱਟ ਤੋਂ ਵਧੇਰੇ ਲੰਮਾ ਹੋਵੇਗਾ ਅਤੇ ਸਮੁੱਚੇ ਪੁਲ ਨੂੰ ਢਕੇਗਾ, ਇਸ ਨਾਲ ਸ਼ਰਧਾਲੂਆਂ ਨੂੰ ਗਰਮੀਆਂ ਵਿਚ ਧੁੱਪ ਅਤੇ ਬਰਸਾਤਾਂ ਵਿਚ ਮੀਂਹ ਤੋਂ ਰਾਹਤ ਮਿਲੇਗੀ। ਇਸ ਵਿਚ ਇਨਫਰਾਰੈਡ ਲਾਈਟਾਂ ਦੀ ਸਹੂਲਤ ਵੀ ਹੋਵੇਗੀ, ਜੋ ਸਰਦੀਆਂ ਦੇ ਦਿਨਾਂ ਵਿਚ ਪੁਲ 'ਤੇ ਖੜ੍ਹੇ ਸ਼ਰਧਾਲੂਆਂ ਨੂੰ ਨਿੱਘ ਦਾ ਅਹਿਸਾਸ ਦੇਵੇਗੀ। ਇਹ ਸ਼ਮਿਆਨੇ 'ਤੇ ਲਗਪਗ ਇਕ ਕਰੋੜ ਰੁਪਏ ਤੋਂ ਵਧੇਰੇ ਖਰਚ ਹੋਣਗੇ। ਇਹ ਸ਼ਮਿਆਨਾ ਸਿੱਖ ਸ਼ਰਧਾਲੂ ਵੱਲੋਂ ਭੇਟ ਕੀਤਾ ਜਾ ਰਿਹਾ ਹੈ ਅਤੇ ਇਕ ਮਹੀਨੇ ਤਕ ਇਹ ਸਥਾਪਤ ਹੋ ਜਾਵੇਗਾ। ਫਿਲਹਾਲ ਇਸਨੂੰ ਸਥਾਪਤ ਕਰਨ ਲਈ ਪੁਲ ਦੇ ਦੋਵੇਂ ਪਾਸੇ ਸਰੋਵਰ ਵਿਚ ਸਟੀਲ ਦੀਆਂ ਪਲੇਟਾਂ ਲਾਈਆਂ ਗਈਆਂ ਹਨ, ਜਿਨ੍ਹਾਂ ਦੇ ਉਪਰ ਸ਼ਮਿਆਨਾ ਸਥਾਪਿਤ ਕਰਨ ਲਈ ਪਾਈਪਾਂ ਦਾ ਢਾਂਚਾ ਖੜ੍ਹਾ ਕੀਤਾ ਜਾਵੇਗਾ। ਇਹ ਸ਼ਮਿਆਨਾ ਸਰਦੀਆਂ ਵਿਚ ਇਕੱਠਾ ਹੋ ਜਾਵੇਗਾ ਅਤੇ ਗਰਮੀਆਂ ਤੇ ਬਰਸਾਤਾਂ ਵਿਚ ਪਾਈਪਾਂ ਦੇ ਢਾਂਚੇ 'ਤੇ ਫੈਲਾਅ ਦਿੱਤਾ ਜਾਵੇਗਾ। ਇਸ ਨੂੰ ਇਕੱਠੇ ਕਰਨ ਅਤੇ ਫੈਲਾਉਣ ਲਈ ਇਕ ਮੋਟਰ ਲੱਗੀ ਹੋਵੇਗੀ, ਜੋ ਸਿਰਫ 12 ਮਿੰਟਾਂ 'ਚ ਸਮੁੱਚੀ ਕਾਰਵਾਈ ਕਰੇਗੀ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗਰਮੀਆਂ ਦੇ ਮੌਸਮ ਵਿਚ ਆਰਜ਼ੀ ਤੌਰ 'ਤੇ ਪਾਈਪਾਂ ਲਾ ਕੇ ਇਸ ਦੇ ਉਪਰ ਚਿੱਟੇ ਰੰਗ ਦੇ ਕੱਪੜੇ ਦਾ ਸ਼ਮਿਆਨਾ ਲਾਇਆ ਜਾਂਦਾ ਹੈ, ਜਿਸ ਦੇ ਹੇਠਾਂ ਪੱਖੇ ਲੱਗੇ ਹੁੰਦੇ ਹਨ। ਗਰਮੀਆਂ ਦਾ ਮੌਸਮ ਬੀਤਣ ਤੋਂ ਬਾਅਦ ਇਹ ਸਮੁੱਚਾ ਢਾਂਚਾ ਹਟਾ ਦਿੱਤਾ ਜਾਂਦਾ ਹੈ। ਇਸ ਨਾਲ ਸ੍ਰੀ ਦਰਬਾਰ ਸਾਹਿਬ ਦੀ ਬਾਹਰੀ ਦਿੱਖ ਕਾਇਮ ਰਹਿੰਦੀ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਮੁਖੀ ਅਤੇ ਵਿਰਾਸਤ ਪ੍ਰੇਮੀ ਡਾ. ਬਲਵਿੰਦਰ ਸਿੰਘ, ਜੋ ਕਿ ਸ਼੍ਰੋਮਣੀ ਕਮੇਟੀ ਦੀ ਵਿਰਾਸਤੀ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਇਸ ਫੈਬਰਿਕ ਸ਼ੈੱਡ ਦੀ ਪੱਕੀ ਸਥਾਪਤੀ ਨਾਲ ਰੂਹਾਨੀਅਤ ਦੇ ਕੇਂਦਰ ਦਾ ਪੁਰਾਤਨ ਤੇ ਅਸਲ ਸਰੂਪ ਪ੍ਰਭਾਵਿਤ ਹੋਵੇਗਾ। ਉਨ੍ਹਾਂ ਆਖਿਆ ਕਿ ਇਸਦੀ ਸਥਾਪਨਾ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਵਿਰਾਸਤੀ ਸਲਾਹਕਾਰ ਕਮੇਟੀ ਅਤੇ ਮਾਹਰਾਂ ਦੀ ਮੀਟਿੰਗ ਸੱਦ ਕੇ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਵਿਚ ਏ.ਸੀ. ਸਥਾਪਤ ਕੀਤੇ ਗਏ ਸਨ ਤਾਂ ਉਨ੍ਹਾਂ ਉਸ ਵੇਲੇ ਵੀ ਵਿਰੋਧ ਪ੍ਰਗਟਾਇਆ ਸੀ ਕਿ ਏ.ਸੀ. ਲਾਏ ਜਾਣ ਕਾਰਨ ਸੱਚਖੰਡ ਅੰਦਰ ਹੋਈ ਬਹੁਮੁੱਲੀ ਕੰਧ ਕਲਾ ਪ੍ਰਭਾਵਿਤ ਹੋਵੇਗੀ। ਪਰ ਉਸ ਵੇਲੇ ਵੀ ਉਨ੍ਹਾਂ ਦੇ ਸੁਝਾਅ ਨੂੰ ਅਣਦੇਖਿਆਂ ਕਰ ਦਿੱਤਾ ਗਿਆ ਸੀ। ਉਥੇ ਏ.ਸੀ. ਦੀ ਥਾਂ ਨਮੀ ਨੂੰ ਕੰਟਰੋਲ ਕਰਨ ਵਾਲੇ ਉਪਕਰਨ ਸਥਾਪਿਤ ਕਰਨ ਦੀ ਲੋੜ ਹੈ। ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਰਾਵਲ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦੁਆਰ ਦੀ ਦਿੱਖ ਨੂੰ ਪ੍ਰਭਾਵਿਤ ਕਰੇਗਾ। ਭਾਈ ਅਸ਼ੋਕ ਸਿੰਘ ਬਾਗੜੀਆ ਨੇ ਆਖਿਆ ਕਿ ਇਹ ਸ਼ਮਿਆਨਾ ਸਥਾਪਿਤ ਹੋਣ ਨਾਲ ਦਰਸ਼ਨੀ ਡਿਉਢੀ ਦਾ ਉਦੇਸ਼ ਹੀ ਖ਼ਤਮ ਹੋ ਜਾਵੇਗਾ ਕਿਉਂਕਿ ਦਰਸ਼ਨੀ ਡਿਉਢੀ ਤੋਂ ਸ਼ਮਿਆਨੇ ਦੇ ਕਾਰਨ ਸੱਚਖੰਡ ਦੇ ਦਰਸ਼ਨ ਹੀ ਨਹੀਂ ਹੋ ਸਕਣਗੇ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਦਲਮੇਘ ਸਿੰਘ ਨੇ ਆਖਿਆ ਕਿ ਇਸਦੀ ਸਥਾਪਿਤੀ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਦਿੱਖ ਪ੍ਰਭਾਵਿਤ ਹੋਵੇਗੀ। ਉਹ ਮਹਿਸੂਸ ਕਰਦੇ ਹਨ ਕਿ ਇਥੇ ਕੋਈ ਵੀ ਸਥਾਈ ਢਾਂਚਾ ਸਥਾਪਤ ਨਹੀਂ ਹੋਣਾ ਚਾਹੀਦਾ। ਸ਼ਰਧਾਲੂਆਂ ਨੇ ਵੀ ਇਸ ਨਵੀਂ ਯੋਜਨਾ ਬਾਰੇ ਮਿਲੇ-ਜੁਲੇ ਪ੍ਰਭਾਵ ਦਿੱਤੇ ਹਨ। ਕੁਵੈਤ ਤੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸ਼ਰਧਾਲੂ ਜੋਗਿੰਦਰਪਾਲ ਸਿੰਘ ਨੇ ਆਖਿਆ ਕਿ ਇਸ ਦੀ ਸਥਾਪਨਾ ਨਾਲ ਸ਼ਰਧਾਲੂਆਂ ਨੂੰ ਸਖ਼ਤ ਗਰਮੀ ਤੇ ਬਰਸਾਤ ਵਿਚ ਰਾਹਤ ਮਹਿਸੂਸ ਹੋਵੇਗੀ। ਦਿੱਲੀ ਤੋਂ ਆਏ ਸ਼ਰਧਾਲੂ ਅਮਰਜੀਤ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਅਸਥਾਨ ਦੀ ਪੁਰਾਤਨਤਾ ਨੂੰ ਹਰ ਹੀਲੇ ਬਹਾਲ ਰੱਖਣਾ ਚਾਹੀਦਾ ਹੈ। ਸਥਾਨਕ ਬੈਂਕ ਅਧਿਕਾਰੀ ਕੁਲਦੀਪ ਸਿੰਘ ਅਰੋੜਾ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਇਸ ਅਸਥਾਨ ਦੀ ਪੁਰਾਤਨਤਾ ਨੂੰ ਬਰਕਰਾਰ ਰੱਖੇ। ਇਕ ਹੋਰ ਸ਼ਰਧਾਲੂ ਇੰਦਰਪਾਲ ਸਿੰਘ ਨੇ ਦਲੀਲ ਦਿੱਤੀ ਹੈ ਕਿ ਸ਼ਰਧਾਲੂ ਦੂਰ-ਦੁਰਾਡੇ ਤੋਂ ਕਈ ਕਠਿਨਾਈਆਂ ਝੱਲ ਕੇ ਸ਼ਰਧਾਵੱਸ ਮੱਥਾ ਟੇਕਣ ਲਈ ਆਉਂਦੇ ਹਨ, ਇਸ ਲਈ ਗੁਰੂ ਕਾਲ 'ਚ ਬਣੇ ਇਸ ਧਾਰਮਿਕ ਅਸਥਾਨ ਦੀ ਪੁਰਾਤਨਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਦਿੱਖ ਪ੍ਰਭਾਵਿਤ ਨਹੀਂ ਹੋਣ ਦੇਣੀ ਚਾਹੀਦੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਕਿ ਇਹ ਉਪਰਾਲਾ ਸੰਗਤਾਂ ਦੀ ਸੁਖ-ਸਹੂਲਤ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾ ਰਿਹਾ ਹੈ। ਇਥੇ ਪਹਿਲਾਂ ਵੀ ਸ਼ਮਿਆਨਾ ਲਾਇਆ ਜਾਂਦਾ ਸੀ, ਜਿਸ ਵਿਚ ਹਮੇਸ਼ਾਂ ਹੀ ਬਿਜਲੀ ਦਾ ਸ਼ਾਰਟ ਸਰਕਟ ਹੋਣ ਦਾ ਡਰ ਬਣਿਆ ਰਹਿੰਦਾ ਸੀ ਪਰ ਇਸ ਆਧੁਨਿਕ ਕਿਸਮ ਦੇ ਸ਼ਮਿਆਨੇ ਦਾ ਕੱਪੜਾ ਵਾਟਰ ਤੇ ਫਾਇਰ ਪਰੂਫ ਹੋਵੇਗਾ। ਇਸ ਉਪਰ ਪਾਣੀ ਅਤੇ ਅੱਗ ਦਾ ਕੋਈ ਅਸਰ ਨਹੀਂ ਹੋਵੇਗਾ। ਸਰਦੀਆਂ ਵਿਚ ਇਸਨੂੰ ਇਕੱਠਾ ਕਰ ਲਿਆ ਜਾਵੇਗਾ। ਪਰ ਉਨ੍ਹਾਂ ਇਕ ਗੱਲ ਮੰਨੀ ਹੈ ਕਿ ਇਸਦੀ ਸਥਾਪਨਾ ਨਾਲ ਸਥਾਈ ਤੌਰ 'ਤੇ ਪਾਈਪਾਂ ਆਦਿ ਦਾ ਢਾਂਚਾ ਖੜ੍ਹਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸਿੰਘ ਸਾਹਿਬਾਨ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top