Share on Facebook

Main News Page

ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇੱਕ ਕਰਨ ਵਾਲੇ, ਪਹਿਲਾਂ ਆਪਣੀ ਮਰਿਆਦਾ ਤਾਂ ਇੱਕ ਕਰ ਲੈਣ

* ਜਿਨ੍ਹਾਂ ਦੀ ਆਪਣੀ ਮਰਿਆਦਾ ਵਿੱਚ ਭਿੰਨਤਾ ਹੈ, ਉਨ੍ਹਾਂ ਨੂੰ ਕੋਈ ਇਖਲਾਖ਼ੀ ਹੱਕ ਹੀ ਨਹੀਂ ਹੈ ਕਿ ਇਕਸਾਰਤਾ ਲਿਆਉਣ ਦੇ ਨਾਮ ਹੇਠ ਮਿਸ਼ਨਰੀ ਕਾਲਜਾਂ ਨੂੰ ਕੋਈ ਅਗਵਾਈ ਦੇਣ ਦੀ ਗੱਲ ਕਰਨ

ਬੜੀ ਸਿਆਸਤ ਨਾਲ 25 ਫਰਵਰੀ ਨੂੰ ਪ੍ਰੋ: ਸਰਬਜੀਤ ਸਿੰਘ ਧੂੰਦਾ ਨੂੰ ਜਥੇਦਾਰਾਂ ਦੇ ਮਨੋਕਲਪਿਤ ਅਕਾਲ ਤਖ਼ਤ (ਸਕੱਤਰੇਤ) ਚ ਪੇਸ਼ ਕਰਵਾ ਕੇ, ਵੱਡੀ ਚੇਤਾਵਨੀ ਦਾ ਸਾਹਮਣਾ ਕਰ ਰਹੇ ਪੁਜਾਰੀਵਾਦ ਦੀ ਮੁੜ ਸਰਬਉਚਤਾ ਤੇ ਮੋਹਰ ਲਵਾਉਣ ਅਤੇ ਜਾਗਰੂਕ ਸਿੱਖਾਂ ਵਿੱਚ ਵੱਡੀ ਪੱਧਰ ਤੇ ਫੁੱਟ ਪਵਾਉਣ ਵਿੱਚ ਸਫਲ ਹੋਣ ਉਪ੍ਰੰਤ ਤੁਰੰਤ ਹੀ ਸਿਆਸੀ ਆਗੂ-ਡੇਰਾਵਾਦ ਗਠਜੋੜ ਵਲੋਂ ਮਿਸ਼ਨਰੀ ਲਹਿਰ ਤੇ ਇੱਕ ਹੋਰ ਕੁਹਾੜਾ ਚਲਾਉਣ ਲਈ ਕਦਮ ਪੁੱਟਿਆ ਗਿਆ।

ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਪਰਮਜੀਤ ਸਿੰਘ ਖ਼ਾਲਸਾ, ਮੇਜਰ ਸਿੰਘ ਸਕੱਤਰ ਜਨਰਲ, ਜਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਢੋਟ, ਬਲਜੀਤ ਸਿੰਘ ਪ੍ਰੈੱਸ ਸਕੱਤਰ, ਜਗਜੀਤ ਸਿੰਘ ਖਾਲਸਾ ਆਦਿ ਨੇ ਪੰਜੇ ਜਥੇਦਾਰਾਂ ਦੇ ਪੇਸ਼ ਹੋ ਕੇ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਗਈ ਕਿ ਮਿਸ਼ਨਰੀ ਕਾਲਜ ਵੱਖ ਵੱਖ ਸਿਲੇਬਸ ਪੜ੍ਹਾ ਕੇ ਦੁਬਿੱਧਾ ਪੈਦਾ ਕਰ ਰਹੇ ਹਨ ਇਸ ਲਈ ਉਹਨਾਂ ਸਾਰਿਆਂ ਦਾ ਸਿਲੇਬਸ ਇੱਕ ਕੀਤਾ ਜਾਵੇ ਅਤੇ ਇਕਸਾਰਤਾ ਲਿਆਉਣ ਲਈ ਸ਼਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕੀਤੇ ਜਾਣ।

ਕਿਉਂਕਿ ਫੈਸਲਾ ਤਾਂ ਪਹਿਲਾਂ ਹੀ ਹੋ ਚੁੱਕਾ ਸੀ ਇਸ ਲਈ ਰਸਮੀ ਕਾਰਵਾਈ ਕਰਦਿਆਂ ਉਨ੍ਹਾਂ ਸਾਰੇ ਮਿਸ਼ਨਰੀ ਕਾਲਜਾਂ ਦੀ 6 ਮਾਰਚ ਨੂੰ ਅਨੰਦਪੁਰ ਸਾਹਿਬ ਵਿਖੇ ਮੀਟਿੰਗ ਰੱਖ ਲਈ ਹੈ ਅਤੇ ਅਖ਼ਬਾਰੀ ਖ਼ਬਰਾਂ ਅਨੁਸਾਰ ਸਾਰੇ ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨੂੰ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ ਕਿ ਉਹ ਆਪਣੇ ਕਾਲਜਾਂ ਦੇ ਸਿਲੇਬਸ ਅਤੇ ਲਿਟ੍ਰੇਚਰ ਲੈ ਕੇ ਹਾਜ਼ਰ ਹੋਣ। ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਾਲੀ ਤੱਕ ਕੋਈ ਲਿਖਤੀ ਸੱਦਾ ਪੱਤਰ ਨਹੀਂ ਮਿਲਿਆ। ਇਸ ਲੇਖ ਰਾਹੀਂ ਮੈ ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨੂੰ ਆਗਾਹ ਕਰਨਾ ਚਾਹਾਂਗਾ ਕਿ ਪ੍ਰੋ: ਧੂੰਦਾ ਦੇ ਕੇਸ ਵਾਂਗ ਆ ਬੈਲ ਮੁਝੇ ਮਾਰ ਕਹਿਣ ਲਈ ਇੱਕ ਦੂਸਰੇ ਤੋਂ ਕਾਹਲੇ ਨਾ ਪੈ ਜਾਣ। ਇਹ ਤਕਰੀਬਨ ਸਪਸ਼ਟ ਹੋ ਚੁੱਕਾ ਹੈ ਕਿ ਮਿਸ਼ਨਰੀ ਪ੍ਰਚਾਰ ਦੇ ਰਾਹ ਵਿੱਚ ਰੋੜੇ ਅਟਕਾਉਣ ਲਈ ਪ੍ਰੋ: ਧੂੰਦਾ ਦੇ ਪ੍ਰਚਾਰ ਤੇ ਪਾਬੰਦੀ ਲਾਉਣ ਤੋਂ ਇਲਾਵਾ ਉਨ੍ਹਾਂ ਨੂੰ ਬੰਦ ਕਮਰੇ ਵਿੱਚ ਪੇਸ਼ ਹੋਣ ਲਈ ਨਾਲੋ ਨਾਲ ਪ੍ਰਬੰਧ ਕਰ ਲਏ ਗਏ ਸਨ ਪਰ ਇਸ ਦੇ ਬਾਵਯੂਦ ਉਨ੍ਹਾਂ ਦੇ ਮਨ ਚ ਬੜੀ ਘਬਾਹਟ ਸੀ ਕਿ ਜੇ ਜਾਗਰੂਕ ਸਿੱਖਾਂ ਦੀਆਂ ਸਲਾਹਾਂ ਦੇ ਪ੍ਰਭਾਵ ਅਧੀਨ ਪ੍ਰੋ: ਧੂੰਦਾ ਨੇ ਬੰਦ ਕਮਰੇ ਚ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਤਾਂ ਅਖੌਤੀ ਪੰਜ ਸਿੰਘ ਸਾਹਿਬਾਨ ਦੀ ਸਰਬਉਚਤਾ ਅਤੇ ਉਨ੍ਹਾਂ ਵਲੋਂ ਬਣਾਏ ਗਏ ਸਕੱਤਰੇਤਨੁਮਾ ਅਕਾਲ ਤਖ਼ਤ ਦੀਆਂ ਚੁਣੌਤੀਆਂ ਵਿੱਚ ਭਾਰੀ ਵਾਧਾ ਹੋ ਜਾਵੇਗਾ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਿਸ ਸਮੇਂ ਪ੍ਰੋ: ਧੂੰਦਾ ਵਲੋਂ ਮੰਗੀ ਗਈ ਮੁਆਫ਼ੀ ਦੀ ਅਸਲੀਅਤ ਜਾਨਣ ਲਈ ਇੱਕ ਜਥੇਦਾਰ ਨਾਲ ਫ਼ੋਨ ਤੇ ਸੰਪਰਕ ਕੀਤਾ ਗਿਆ।

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪ੍ਰੋ: ਧੂੰਦਾ ਕਹਿ ਰਹੇ ਹਨ ਕਿ ਉਨ੍ਹਾਂ ਨੇ ਕਿਸੇ ਖ਼ਾਸ ਵਿਅਕਤੀ ਤੋਂ ਮੁਆਫੀ ਨਹੀਂ ਮੰਗੀ ਬਲਕਿ ਆਪਣਾ ਲਿਖਤੀ ਸਪਸ਼ਟੀਕਰਣ ਦਿੱਤਾ ਹੈ ਕਿ ਕਥਾ ਦੌਰਾਨ ਉਨ੍ਹਾਂ ਦਾ ਇਸ਼ਾਰਾ ਦਰਬਾਰ ਸਾਹਿਬ ਨਹੀਂ ਬਲਕਿ ਕਾਹਨਾ ਢੇਸੀਆਂ ਅਤੇ ਵਿਆਹਾਂ ਸ਼ਾਦੀਆਂ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪ੍ਰੰਤ ਸ਼ਰਾਬ ਪੀਣ ਤੇ ਭੰਗੜੇ ਪਾਉਣ ਵੱਲ ਸੀ। ਜਿਸ ਤਰ੍ਹਾਂ ਸਟੇਜ ਤੋਂ ਗੁਰਮਤਿ ਵਿਚਾਰਾਂ ਦੀ ਸਮਾਪਤੀ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਕਿਸੇ ਵੀ ਹੋਈ ਭੁੱਲ ਚੁੱਕ ਦੀ ਖਿਮਾ ਜਾਚਨਾ ਕੀਤੀ ਜਾਂਦੀ ਹੈ ਉਸ ਦੀ ਦਾਸ ਵੀ ਪਾਲਣ ਕਰਦਾ ਹੈ। ਫਿਰ ਵੀ ਦਾਸ ਬਾ-ਅਦਬ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮਾਰਫ਼ਤ ਗੁਰੂ ਦੇ ਪੰਥ ਅੱਗੇ ਆਪਣੇ ਸ਼ਬਦਾਂ ਵਿਚ ਅਣਜਾਣੇ ਹੋ ਗਈ ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹੈ। ਪਰ ਦੂਸਰੇ ਪਾਸੇ ਰਾਗੀ ਕਹਿ ਰਹੇ ਹਨ ਕਿ ਧੂੰਦੇ ਨੇ ਦੋਵੇਂ ਹੱਥ ਜੋੜ ਕੇ ਉਨ੍ਹਾਂ ਤੋਂ ਮੁਆਫੀ ਮੰਗੀ ਤੇ ਉਸ ਵੇਲੇ ਉਸ ਦੇ ਹੱਥ ਕੰਬ ਰਹੇ ਸਨ।

ਅਪਣਾ ਨਾਮ ਨਾ ਲਿਖੇ ਜਾਣ ਦੀ ਸੂਰਤ ਵਿੱਚ ਉਸ ਜਥੇਦਾਰ ਨੇ ਦੱਸਿਆ ਕਿ ਰਾਗੀ ਅੰਦਰ ਹੋਈ ਵਾਰਤਾ ਨੂੰ ਗਲਤ ਰੰਗਤ ਦੇ ਰਹੇ ਹਨ। ਰਾਗੀਆਂ ਨੂੰ ਦੱਸ ਦਿੱਤਾ ਗਿਆ ਸੀ ਕਿ ਇਹ ਹੀ ਖੁਸ਼ੀ ਦੀ ਗੱਲ ਹੈ ਕਿ ਪ੍ਰੋ: ਧੂੰਦਾ ਨੇ ਪੇਸ਼ ਹੋ ਕੇ ਆਪਣਾ ਲਿਖਤੀ ਸਪਸ਼ਟੀਕਰਣ ਦੇ ਦਿੱਤਾ ਹੈ ਤੇ ਅਕਾਲ ਤਖ਼ਤ ਨੂੰ ਸਮਰਪਿਤ ਰਹਿਣ ਦਾ ਵਾਅਦਾ ਕੀਤਾ ਹੈ। ਇਸ ਲਈ ਇਸ ਮਸਲੇ ਨੂੰ ਇਥੇ ਹੀ ਠੱਪ ਕਰ ਦਿੱਤਾ ਜਾਵੇ। ਜਦ ਉਨ੍ਹਾਂ ਸਮੁੱਚੇ ਪੰਥ ਤੋਂ ਮੁਆਫ਼ੀ ਮੰਗ ਲਈ ਹੈ ਤਾਂ ਉਸ ਵਿੱਚ ਰਾਗੀ ਵੀ ਵਿਚੇ ਆ ਗਏ ਹਨ। ਇਹ ਵਿਵਾਦ ਸੁਲਝਾਉਣ ਲਈ ਉਨ੍ਹਾਂ ਗਿਆਨੀ ਕੇਵਲ ਸਿੰਘ ਵਲੋਂ ਨਿਭਾਏ ਗਏ ਰੋਲ ਦੀ ਸ਼ਲਾਘਾ ਕਰਦਿਆਂ ਪ੍ਰੋ: ਧੂੰਦਾ ਨੂੰ ਵੀ ਬਹੁਤ ਹੀ ਸਿਆਣਾ ਮੰੁਡਾ ਦੱਸਿਆ।

ਪੁੱਛਿਆ ਗਿਆ ਕਿ ਤੁਸੀਂ ਉਸ ਦੀ ਸਿਆਣਫ ਦਾ ਇਹੋ ਮੁੱਲ ਪਾ ਰਹੇ ਹੋ ਕਿ ਤੁਹਾਡੇ ਸਾਹਮਣੇ ਅਤੇ ਬਾਹਰ ਆ ਕੇ ਪ੍ਰੈੱਸ ਦੇ ਸਾਹਮਣੇ ਰਾਗੀ ਉਸ ਨੂੰ ਬਦਨਾਮ ਕਰ ਰਹੇ ਹਨ। ਉਹ ਸ਼ਰੇਆਮ ਕਹਿ ਰਹੇ ਹਨ ਕਿ ਉਨ੍ਹਾਂ ਸਿੰਘ ਸਾਹਿਬਾਨ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਪਿੱਛੇ ਬੈਠ ਕੇ ਜਿੰਨੇ ਦਿਨ ਕੀਰਤਨ ਸੁਣਨਗੇ ਉਤਨੇ ਦਿਨ ਹੀ ਉਹ ਦਸਮ ਬਾਣੀ ਦਾ ਕੀਰਤਨ ਕਰਨਗੇ। ਜਥੇਦਾਰ ਸਾਹਿਬ ਤੋਂ ਪੁੱਛਿਆ ਗਿਆ ਕਿ ਕਿਹੜੀ ਮਰਿਆਦਾ ਵਿੱਚ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਤੋਂ ਬਿਨਾਂ ਕਿਸੇ ਹੋਰ ਰਚਨਾ ਦਾ ਕੀਰਤਨ ਕੀਤਾ ਜਾ ਸਕਦਾ ਹੈ। ਸ਼ਰੇਆਮ ਤੁਹਾਡੇ ਸਾਹਮਣੇ ਹਿੱਕ ਥਾਪੜ ਕੇ ਰਾਗੀ ਕਹਿ ਰਹੇ ਹਨ ਕਿ ਉਹ ਦਸਮ ਬਾਣੀ ਦਾ ਕੀਰਤਨ ਕਰਨਗੇ ਤੇ ਤੁਸੀਂ ਕੋਲ ਖ਼ਾਮੋਸ਼ ਬੈਠੇ ਹੋ! ਬਾਹਰ ਆ ਕੇ ਉਹ ਇਹ ਦੱਸ ਰਹੇ ਹਨ ਕਿ ਧੂੰਦਾ ਨੂੰ ਉਨ੍ਹਾਂ ਦੇ ਪਿੱਛੇ ਬੈਠ ਕੇ ਘੱਟ ਤੋਂ ਘੱਟ ਪੰਜ ਦਿਨ ਕੀਰਤਨ ਸੁਣਨ ਦੀ ਤਨਖ਼ਾਹ ਲਈ ਜਾਵੇਗੀ ਤੇ ਉਹ ਉਨੇ ਦਿਨ ਹੀ ਦਸਮ ਬਾਣੀ ਦਾ ਕੀਰਤਨ ਕਰਨਗੇ! ਕੀ ਇਹ ਰਾਗੀਆਂ ਵੱਲੋਂ ਪੰਜ ਸਿੰਘ ਸਾਹਿਬਾਨ ਦੇ ਅਧਿਕਾਰ ਖੇਤਰ ਨੂੰ ਆਪਣੇ ਹੱਥ ਵਿੱਚ ਲੈਣ ਦੀ ਅਵੱਗਿਆ ਨਹੀਂ ਹੈ?

ਜਵਾਬ ਚ ਉਨ੍ਹਾਂ ਕਿਹਾ ਰਾਗੀਆਂ ਨੂੰ ਤਾਂ ਕਹਿ ਦਿੱਤਾ ਸੀ ਕਿ ਤੁਸੀਂ ਆਪਣੀ ਗੱਲ ਕਹਿ ਦਿੱਤੀ ਹੈ। ਫੈਸਲਾ ਅਸੀਂ ਖ਼ੁਦ ਕਰਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੋ: ਧੂੰਦਾ ਨੂੰ ਕੋਈ ਤਨਖ਼ਾਹ ਨਹੀਂ ਲਾਈ ਗਈ ਸਗੋਂ ਉਨ੍ਹਾਂ ਦੀ ਆਤਮਾ ਦੀ ਸ਼ੁੱਧੀ ਲਈ ਜਿਸ ਦਿਨ ਉਨ੍ਹਾਂ ਦਾ ਦਿਲ ਕਰੇ ਇੱਕ ਘੰਟਾ ਦਰਬਾਰ ਸਾਹਿਬ ਚ ਆ ਕੇ ਕੀਰਤਨ ਸ੍ਰਵਣ ਕਰਨ ਤੇ ਆਪਣੇ ਘਰ ਇੱਕ ਸਹਿਜ ਪਾਠ ਕਰ ਲੈਣ ਉਪ੍ਰੰਤ ਅਕਾਲ ਤਖ਼ਤ ਸਾਹਿਬ ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਦੇਣ।

ਅਗਲਾ ਸਵਾਲ ਪੁੱਛਿਆ ਗਿਆ ਕਿ ਅਮਿਤਾਬ ਬਚਨ ਜਿਸ ਵਲੋਂ ਸਿੱਖਾਂ ਦੇ ਕਤਲੇਆਮ ਕਰਨ ਲਈ ਭੀੜ ਨੂੰ ਉਕਸਾਉਣ ਦਾ ਦੋਸ਼ ਹੈ ਉਸ ਦਾ ਸਪਸ਼ਟੀਕਰਣ ਇੱਕ ਵਿਅਕਤੀ ਲੈ ਕੇ ਆਇਆ ਤਾਂ ਤੁਸੀਂ ਕਦੀ ਮੰਗ ਨਹੀਂ ਕੀਤੀ ਕਿ ਉਹ ਖ਼ੁਦ ਹਾਜਰ ਹੋ ਕੇ ਆਪਣਾ ਸਪਸ਼ਟੀਕਰਣ ਦੇਵੇ ਪਰ ਇੱਕ ਸਿੱਖ ਪ੍ਰਚਾਰਕ ਜਿਸ ਨੂੰ ਤੁਸੀਂ ਸਿਆਣਾ ਮੁੰਡਾ ਦੱਸ ਰਹੇ ਹੋ ਉਸ ਦਾ ਸਪਸ਼ਟੀਕਰਣ ਇੱਕ ਤਖ਼ਤ ਦਾ ਸਾਬਕਾ ਜਥੇਦਾਰ ਲੈ ਕੇ ਆਉਂਦਾ ਹੈ ਤਾਂ ਤੁਸੀਂ ਮੰਗ ਕਰ ਰਹੇ ਹੋ ਕਿ ਉਹ ਖ਼ੁਦ ਪੰਜਾਂ ਦੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਣ ਦੇਵੇ। ਇਸ ਦੇ ਜਵਾਬ ਚ ਜਥੇਦਾਰ ਜੀ ਨੇ ਕਿਹਾ ਅਮਿਤਾਬ ਬਚਨ ਸਿੱਖ ਹੀ ਨਹੀਂ ਹੈ ਇਸ ਲਈ ਉਸ ਨੂੰ ਅਕਾਲ ਤਖ਼ਤ ਤੇ ਸੱਦਿਆ ਹੀ ਨਹੀਂ ਜਾ ਸਕਦਾ। ਦੂਸਰੀ ਗੱਲ ਹੈ ਕਿ ਉਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਇਸ ਲਈ ਅਕਾਲ ਤਖ਼ਤ ਕੋਈ ਦਖ਼ਲ ਹੀ ਨਹੀਂ ਦੇ ਸਕਦਾ।

ਪੁੱਛਿਆ ਗਿਆ ਕਿ ਜੇ ਦਖ਼ਲ ਹੀ ਨਹੀਂ ਦੇ ਸਕਦੇ ਤਾਂ ਉਸ ਦਾ ਕੇਸ ਵੀਚਾਰਨ ਲਈ ਵਾਰ ਵਾਰ ਤਰੀਖਾਂ ਦੇ ਕੇ ਲਮਕਾਇਆ ਕਿਉਂ ਜਾ ਰਿਹਾ ਹੈ? ਹਸਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਬਹਿਸ ਬਹੁਤ ਕਰਦੇ ਹੋ ਇਸੇ ਲਈ ਡਰਦੇ ਕਈ ਵਾਰ ਤੁਹਾਡਾ ਟੈਲੀਫ਼ੋਨ ਹੀ ਨਹੀਂ ਸੁਣਦੇ। ਉਸੇ ਲਹਿਜੇ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਕਿ ਜੇ ਤੁਸੀਂ ਇੱਕ ਪੱਤਰਕਾਰ ਨਾਲ ਗੱਲ ਕਰਨ ਤੋਂ ਡਰਦੇ ਹੋ, ਆਪਣਾ ਨਾਮ ਲਿਖੇ ਜਾਣ ਤੋਂ ਡਰਦੇ ਹੋ ਤਾਂ ਤੁਸੀ ਕਾਹਦੇ ਸਿੰਘ ਸਾਹਿਬ ਹੋ? ਤੁਹਾਡੀ ਸਿੰਘ ਸਾਹਿਬ ਵਾਲੀ ਗੱਲ ਤਾਂ ਸੀ ਜੇ ਸਾਰੀ ਸੰਗਤ ਦੇ ਸਾਹਮਣੇ ਦੋਵੇਂ ਪੱਖ ਸੁਣਨ ਅਤੇ ਫੈਸਲਾ ਕਰਨ ਦਾ ਹੌਸਲਾ ਕਰਦੇ ਤਾ ਕਿ ਹੁਣ ਵਾਲੀ ਇੱਕ ਦੂਜੇ ਨੂੰ ਝੂਠਾ ਦੱਸਣ ਵਾਲੀ ਸਥਿਤੀ ਪੈਦਾ ਹੀ ਨਾ ਹੁੰਦੀ। ਹੁਣ ਵੀ ਚੰਗਾ ਹੈ ਕਿ ਇੱਕ ਦੂਜੇ ਵਿਰੁਧ ਲਾਈ ਜਾ ਰਹੀ ਇਲਾਜ਼ਾਮਸਾਜੀ ਨੂੰ ਠੱਲ੍ਹ ਪਾਉਣ ਲਈ ਸਾਰੀ ਕਾਰਵਾਈ ਦੀ ਵੀਡੀਓ ਰੀਕਾਰਡਿੰਗ ਰੀਲੀਜ਼ ਕੀਤੀ ਜਾਵੇ। ਇਹ ਮੰਗ ਮੰਨਣ ਤੋਂ ਨਾਂਹ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਦੀ ਬਦਨਾਮੀ ਕਰਨ ਲਈ ਥੋਹੜੀ ਹੈ ਉਹ ਤਾਂ ਸਾਡੇ ਰੀਕਾਰਡ ਲਈ ਹੈ।

ਉਕਤ ਸਾਰੀ ਵਾਰਤਾ ਲਿਖਣ ਤੋਂ ਭਾਵ ਹੈ ਕਿ ਬੰਦ ਕਮਰੇ ਵਿੱਚ ਜਾਣ ਅਤੇ ਆਪਾ ਵਿਰੋਧੀ ਬਿਆਨਾਂ ਸਦਕਾ, ਪ੍ਰੋ: ਧੂੰਦਾ ਦੀ ਸਖ਼ਸ਼ੀਅਤ ਨੂੰ ਭਾਰੀ ਧੱਕਾ ਲੱਗ ਰਿਹਾ ਹੈ, ਤੇ ਲਗਦੇ ਹੱਥ ਇਕਸਾਰਤਾ ਦੇ ਨਾਮ ਹੇਠ ਮਿਸ਼ਨਰੀ ਕਾਲਜਾਂ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਅਧੀਨ ਲਿਆਉਣ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ। ਜੇ ਕਰ ਬਦਕਿਸਮਤੀ ਨਾਲ ਐਸਾ ਹੋ ਗਿਆ ਤਾਂ ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਪ੍ਰਚਾਰ ਦਾ ਇੱਕ ਤਰ੍ਹਾਂ ਭੋਗ ਪੈ ਜਾਵੇਗਾ ਤੇ ਬ੍ਰਾਹਮਣਬਾਦ/ਡੇਰਾਵਾਦ ਦਾ ਪ੍ਰਚਾਰ ਕਰਨ ਲਈ ਹੀ ਮਿਸ਼ਨਰੀਆਂ ਨੂੰ ਮਜ਼ਬੂਰ ਕਰ ਦਿੱਤਾ ਜਾਵੇਗਾ।

ਸੋ, ਇਸ ਚਾਲ ਤੋਂ ਮਿਸ਼ਨਰੀ ਕਾਲਜਾਂ ਨੂੰ ਪੂਰੀ ਤਰ੍ਹਾਂ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸਪੱਸ਼ਟ ਕਰ ਦੇਣ ਕਿ ਸਾਰੇ ਹੀ ਕਾਲਜ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ ਦੇ ਮਹਾਨ ਵਿਦਵਾਨ ਸਵਰਗੀ ਪ੍ਰੋ: ਸਾਹਿਬ ਸਿੰਘ ਦੀ ਖੋਜ ਦੇ ਅਧਾਰਤ ਹੀ ਪ੍ਰਚਾਰ ਕਰ ਰਹੇ ਹਨ ਤੇ ਉਸ ਮੁਤਾਬਕ ਹੀ ਉਨ੍ਹਾਂ ਦੇ ਸਿਲੇਬਸ ਤਿਆਰ ਕੀਤੇ ਹਨ। ਇਸ ਲਈ ਮਿਸ਼ਨਰੀ ਕਾਲਜਾਂ ਦੇ ਪ੍ਰਚਾਰ ਵਿੱਚ ਤਾਂ ਕੋਈ ਭਿੰਨਤਾ ਹੈ ਹੀ ਨਹੀਂ।

ਪਰ ਜਿਸ ਸ਼੍ਰੋਮਣੀ ਕਮੇਟੀ ਅਧੀਨ ਕਾਲਜਾਂ ਨੂੰ ਲਿਆਉਣ ਦੀ ਤਜ਼ਵੀਜ ਕੀਤੀ ਜਾ ਰਹੀ ਹੈ ਉਸ ਦੇ ਤਾਂ ਆਪਣੇ ਹੀ ਸਾਰੇ ਗੁਰਦੁਆਰਿਆਂ ਵਿੱਚ ਮਰਿਆਦਾ ਲਾਗੂ ਨਹੀਂ ਹੈ। ਸ਼੍ਰੋਮਣੀ ਕਮੇਟੀ ਵਿੱਚ ਭਾਈਵਾਲ ਸਾਰੇ ਡੇਰਿਆਂ ਦੀ ਮਰਿਆਦਾ ਭਿੰਨ ਭਿੰਨ ਹੈ। ਪੰਜੇ ਤਖ਼ਤਾਂ ਦੀ ਮਰਿਆਦਾ ਇੱਕ ਨਹੀਂ ਹੈ। ਇਸ ਲਈ ਜਿਨ੍ਹਾਂ ਦੀ ਆਪਣੀ ਮਰਿਆਦਾ ਵਿੱਚ ਭਿੰਨਤਾ ਹੈ, ਉਨ੍ਹਾਂ ਨੂੰ ਕੋਈ ਇਖਲਾਖ਼ੀ ਹੱਕ ਹੀ ਨਹੀਂ ਹੈ, ਕਿ ਇਕਸਾਰਤਾ ਲਿਆਉਣ ਦੇ ਨਾਮ ਹੇਠ ਮਿਸ਼ਨਰੀ ਕਾਲਜਾਂ ਨੂੰ ਕੋਈ ਅਗਵਾਈ ਦੇਣ ਦੀ ਗੱਲ ਕਰਨ।

ਮਿਸ਼ਨਰੀ ਕਾਲਜਾਂ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੈ, ਕਿ ਐਸਾ ਕਦਮ ਚੁੱਕਣ ਤੋਂ ਪਹਿਲਾਂ ਪੰਜੇ ਤਖ਼ਤਾਂ ਤੇ ਸਿੱਖ ਰਹਿਤ ਮਰਿਆਦਾ ਲਾਗੂ ਕੀਤੀ ਜਾਵੇ। ਸਾਰੇ ਡੇਰਿਆਂ ਨੂੰ ਸਿੱਖ ਰਹਿਤ ਮਰਿਆਦਾ ਦੇ ਘੇਰੇ ਚ ਲਿਆਂਦਾ ਜਾਵੇ, ਤਾਂ ਹੀ ਮਿਸ਼ਨਰੀ ਕਾਲਜ ਜਿਹੜੇ ਪਹਿਲਾਂ ਹੀ ਸਿੱਖ ਰਹਿਤ ਮਰਿਆਦਾ ਦੇ ਅੱਖਰ ਅੱਖਰ ਦੀ ਪਾਲਣਾ ਕਰ ਰਹੇ ਹਨ ਦੀ ਮੀਟਿੰਗ ਕਰਨ ਦੇ ਕਿਸੇ ਸੁਝਾਉ ਬਾਰੇ ਸੋਚਿਆ ਜਾ ਸਕਦਾ ਹੈ।

ਕਿਰਪਾਲ ਸਿੰਘ ਬਠਿੰਡਾ
98554-80797, 0164-2210797


ਟਿੱਪਣੀ: ਜੇ ਮਿਸ਼ਨਰੀ ਕਾਲੇਜ ਵਾਲਿਆਂ 'ਚ ਐਨੀਂ ਹੀ ਹਿੰਮਤ ਹੁੰਦੀ ਤਾਂ, ਪ੍ਰੋ. ਧੂੰਦਾ ਦੀ ਬਲੀ ਨਾ ਚੜਾਉਂਦੇ।........... ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top