Share on Facebook

Main News Page

ਪੁਰਾਤਨ ਹੱਥ ਲਿਖਤੀ ਬੀੜਾਂ ਦੇ ਵਪਾਰਕ ਦਰਸ਼ਨ ਅਤੇ ਜਲੂਸਾਂ ’ਤੇ ਪਾਬੰਦੀ ਲਗਣੀ ਚਾਹੀਦੀ ਹੈ: ਗਿਆਨੀ ਜਾਚਕ

ਲੁਧਿਆਣਾ 26 ਫਰਵਰੀ (ਆਰ.ਪੀ.ਸਿੰਘ) ਗੁਰਸਿੱਖ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੰਦਰਲੀ ਗੁਰਬਾਣੀ ਦਾ ਉਪਾਸ਼ਕ ਹੈ, ਉਸ ਦੇ ਅਕਾਰ ਦਾ ਨਹੀਂ। ਇਸ ਲਈ ਉਹਦੀ ਦਿਸ਼੍ਰਟੀ ਅੰਦਰ ਹੱਥ ਲਿਖਤੀ ਬੀੜ ਤੇ ਛਾਪੇ ਦੀ ਬੀੜ ਵਿੱਚ, ਪੁਰਾਤਨ ਬੀੜ ਤੇ ਨਵੀਨ ਬੀੜ ਵਿੱਚ, 1430 ਪੰਨੇ ਦੀ ਬੀੜ ਤੇ 1600 ਪੰਨਿਆਂ ਦੀ ਬੀੜ ਵਿੱਚ ਜਾਂ ਦੋ ਇੰਚੀ ਬੀੜ ਤੇ ਦੋ ਫੁੱਟੀ ਬੀੜ ਵਿੱਚ ਕੋਈ ਫਰਕ ਨਹੀਂ। ਪਰ, ਦੁੱਖ ਦੀ ਗੱਲ ਹੈ ਸਾਡੇ ਧਾਰਮਿਕ ਤੇ ਰਾਜਨੀਤਕ ਠੱਗਵਾੜੇ ਆਗੂਆਂ ਦੀ ਮਿਲੀਭੁਗਤ ਨਾਲ ਗੁਰਦੁਆਰਾ ਕਮੇਟੀਆਂ ਦੇ ਕੁਝ ਸੁਆਰਥੀ ਮੈਂਬਰ ਪੁਰਾਤਨ ਬੀੜਾਂ ਦੇ ਦਰਸ਼ਨਾਂ ਦੇ ਨਾਂ ਹੇਠ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਕੇ ਗੋਲਕਾਂ ਰਾਹੀਂ ਆਪਣੀਆਂ ਜੇਬਾਂ ਵੀ ਭਰ ਰਹੇ ਹਨ । ਅਸਲ ਵਿੱਚ ਪੁਰਾਤਨ ਬੀੜਾਂ ਦੀ ਚੋਰੀ ਤੇ ਵਿਕਰੀ ਪਿਛੇ ਵੀ ਇਹੀ ਲਾਲਚ ਛੁਪਿਆ ਹੋਇਆ ਹੈ । ਇਹ ਗੁਰੂ ਨਾਲ ਅਤੇ ਸ਼ਰਧਾਲੂ ਸਿੱਖ ਸੰਗਤਾਂ ਨਾਲ ਧੋਖਾ ਤੇ ਧ੍ਰੋਹ ਹੈ । ਇਸ ਪ੍ਰਕਾਰ ਦੇ ਵਪਾਰਕ ਦਰਸ਼ਨ ਅਤੇ ਜਲੂਸਾਂ ’ਤੇ ਪਾਬੰਦੀ ਲਗਣੀ ਚਾਹੀਦੀ ਹੈ । ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਦੋਂ ਕਹੇ, ਜਦੋਂ ਉਨਾਂ ਦਾ ਧਿਆਨ ਆਗਰੇ ਦੇ ਗੁਰਦੁਆਰਾ ਮਾਈਥਾਨ ਦੇ ਪ੍ਰਬੰਧਕਾਂ ਵੱਲੋਂ ਲੁਧਿਆਣੇ ਲਿਆਦੀਆਂ ਪੁਰਾਤਨ ਬੀੜਾਂ ਵੱਲ ਦਿਵਾਇਆਂ, ਜਿਨ੍ਹਾਂ ਨੂੰ ਇਥੋਂ ਦੇ ਵਖ ਵਖ ਗੁਰਦੁਆਰਿਆਂ ਵਿੱਚ ਜਲੂਸ ਦੀ ਸ਼ਕਲ ਵਿੱਚ ਦਰਸ਼ਨਾਂ ਲਈ ਰਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਸਿੱਖੀ ਦੇ ਸਚਿਆਰ ਜੀਵਨ ਲਈ ਗੁਰਬਾਣੀ ਨੂੰ ਸ਼ਰਧਾ ਸਹਿਤ ਵਿਚਾਰਪੂਰਵਕ ਪੜ੍ਹਣਾ ਤੇ ਗਉਣਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹਨ । ਪੁਰਾਤਨ ਬੀੜਾਂ ਗੁਰਦੁਆਰਿਆਂ ਦੀ ਥਾਂ, ਸਿੱਖ ਰੈਫਰੈਂਸ ਲਾਇਬ੍ਰੇਰੀਆਂ ਤੇ ਯੂਨੀਵਰਸਿਟੀਆਂ ਦੇ ਖੋਜ ਕੇਂਦਰ ਵਿੱਚ ਰਖਣ ਦੀ ਲੋੜ ਹੈ, ਜਿਥੇ ਬੈਠੇ ਖੋਜੀ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰਲੀ ਤਰਤੀਬ, ਮੰਗਲਾਚਰਨ ਦੇ ਸਥਾਨ ਅਤੇ ਗੁਰਬਾਣੀ ਦੇ ਪਾਠ-ਭੇਦਾਂ ਬਾਰੇ ਸਹੀ ਜਾਣਕਾਰੀ ਇਕੱਤਰ ਕਰਨ । ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਇਕਸਾਰਤਾ ਤੇ ਪ੍ਰਮਾਣੀਕਤਾ ਦਾ ਰੌਲਾ ਸਦਾ ਲਈ ਖ਼ਤਮ ਕੀਤਾ ਜਾ ਸਕੇ । ਇਸ ਪੱਖੋਂ ਸ਼੍ਰੋਮਣੀ ਕਮੇਟੀ 5000 ਦੇ ਨੇੜੇ ਅਤੇ ਟਕਸਾਲ ਭਿੰਡਰਾਂ 2000 ਦੇ ਲਗਭਗ ਪਾਠ-ਭੇਦਾਂ ਦੀ ਸੂਚੀ ਬਣਾਈ ਬੈਠੀ ਹੈ ।

7 ਜੁਲਾਈ 2011 ਨੂੰ ਸ੍ਰੀ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਭਾਈ ਗੁਰਬਚਨ ਸਿੰਘ ਜੀ ਨੇ ਵਿਵਾਦਤ ਸੁਨਹਿਰੀ ਬੀੜਾਂ ਦੇ ਛਪਾਈ ਵਾਲੇ ਮਾਮਲੇ ਵਿੱਚ ਦਿੱਤੇ ਅਖ਼ਬਾਰੀ ਬਿਆਨ ਵਿੱਚ ਮੰਨਿਆ ਹੈ ਕਿ “ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਅਤੇ ਛਾਪੇ ਦੇ ਸਰੂਪਾਂ ਵਿੱਚਾਲੇ ਗੁਰਬਾਣੀ ਪਾਠਾਂ ਵਿੱਚ ਭੇਦ ਹੈ । ਅਸੀਂ ਕਈ ਵਾਰ ਯਤਨ ਕੀਤਾ ਹੈ ਕਿ ਘਟੋ-ਘੱਟ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅਜਿਹਾ ਸਰੂਪ ਤਿਆਰ ਕਰ ਲਿਆ ਜਾਵੇ, ਜਿਸ ਵਿੱਚ ਪੁਰਾਤਨ ਸਰੂਪਾਂ ਤੇ ਛਾਪੇ ਦੇ ਸਰੂਪਾਂ ਵਿੱਚਲਾ ਭੇਦ ਖ਼ਤਮ ਹੋ ਜਾਵੇ” ।

ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅਜਿਹੇ ਬਿਆਨਾਂ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਇਸ ਮਹਤਵ ਪੂਰਨ ਪੱਖ ਵਲ ਕੋਈ ਧਿਆਨ ਨਹੀਂ ਦੇ ਰਹੀ । ਪਰ, ਜਦੋਂ ਵੀ ਕਿਸੇ ਪੰਥ ਦਰਦੀ ਵਿਦਵਾਨ ਜਾਂ ਸੰਸਥਾ ਨੇ ਇਸ ਕਾਰਜ ਲਈ ਹੰਭਲਾ ਮਾਰਿਆ ਤਾਂ ਉਪਰੋਕਤ ਬਿਆਨ ਦੇਣ ਵਾਲੇ ਜਥੇਦਾਰਾਂ ਨੇ ਉਸ ਨੂੰ ਸ਼ਾਬਾਸ਼ੇ ਦੇਣ ਦੀ ਥਾਂ, ਪੰਥ ਛੇਕੂ ਕੁਹਾੜਾ ਚਲਾ ਦੇਣਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top