Share on Facebook

Main News Page

ਉਹਲੇ ‘ਚ ਰਹਿ ਕੇ ਜਿਹੜਾ ਵੀ ਕੰਮ ਹੁੰਦਾ ਹੈ, ਉਹ ਦੁਬਿਧਾ ਤੇ ਸ਼ੰਕੇ ਖੜਾ ਕਰਦਾ ਹੈ

ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਅਖੌਤੀ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋ ਕੇ ਜਿਹੜਾ ਕੰਮ ਕੀਤਾ ਹੈ, ਉਸ ਨਾਲ ਦੁਬਿਧਾ ਹੋਰ ਵਧੀ ਹੈ। ਅਸੀਂ ਸ਼ੁਰੂ ਤੋਂ ਹੀ ਇਸ ਸਪਸ਼ਟੀਕਰਨ ਦੇ ਲਈ ਨੀਜੀ ਗਲਬਾਤ ਦੌਰਾਨ ਵੀ ਪ੍ਰੋ. ਧੂੰਦਾ ਨੂੰ, ਸ੍ਰੀ ਅਕਾਲ ਤਖਤ ਸਾਹਿਬ ‘ਤੇ ਸੰਗਤਾਂ ਅਤੇ ਮੀਡੀਆ ਸਾਹਮਣੇ ਸਪਸ਼ਟੀਕਰਨ ਦੇਣ ਦੀ ਗੁਜ਼ਾਰਿਸ਼ ਕੀਤੀ। ਅਸੀਂ ਸਪਸ਼ਟੀਕਰਨ ਦੇ ਵਿਰੋਧੀ ਨਹੀਂ ਸੀ, ਪਰ ਜਿਸ ਤਰ੍ਹਾਂ ਸਪਸ਼ਟੀਕਰਨ ਲਿਆ ਜਾਂਦਾ ਹੈ, ਉਸ ਦੁਬਿਧਾ ਵਾਲਾ ਹੈ। ਜੇ ਪ੍ਰੋ. ਧੂੰਦਾ ਸੱਚ ‘ਤੇ ਖੜੇ ਹਨ, ਅਤੇ ਜੇ ਅਖੌਤੀ ਜਥੇਦਾਰ ਕੋਈ ਮਸਲਾ ਹੱਲ ਕਰਨਾ ਚਾਹੁੰਦੇ ਹਨ, ਤਾਂ ਕੀ ਕਾਰਣ ਹੈ ਕਿ ਹਰ ਮਸਲੇ ‘ਚ ਦੁਬਿਧਾ ਹੀ ਵਧਦੀ ਹੈ, ਸੱਚਾਈ ਸਾਹਮਣੇ ਨਹੀਂ ਆਉਂਦੀ?

ਇਸ ਉਹਲੇ ਨੇ ਇਤਿਹਾਸ ‘ਚ ਵੀ ਦੁਬਿਧਾ ਅਤੇ ਸ਼ੰਕੇ ਹੀ ਖੜੇ ਕੀਤੇ ਹਨ, ਜਿਸਦਾ ਸਭ ਤੋਂ ਵੱਡਾ ਸਬੂਤ ਹੈ, ਗੁਰੂ ਗੋਬਿੰਦ ਸਿੰਘ ਜੀ ਵਲੋਂ ਖੰਡੇ ਦੀ ਪਾਹੁਲ ਦਾ ਇਤਿਹਾਸਕਾਰਾਂ ਵਲੋਂ ਇਸ ਘਟਨਾ ਨੂੰ ਪਰਦੇ ਦੇ ਉਹਲੇ ‘ਚ ਪੇਸ਼ ਕੀਤਾ ਗਿਆ, ਜਿਸ ਨਾਲ ਕੋਈ ਇਹ ਕਹਿੰਦਾ ਹੈ ਕਿ ਗੁਰੂ ਸਾਹਿਬ ਨੇ ਪੰਜਾਂ ਦੇ ਸਿਰ ਵੱਢ ਕੇ ਇੱਕ ਦੂਜੇ ਦੇ ਸਿਰਾਂ ‘ਤੇ ਲਾਏ, ਕੋਈ ਕਹਿੰਦਾ ਹੈ ਕਿ ਬਕਰੇ ਵੱਢੇ, ਕੋਈ ਕੁੱਝ ਹੋਰ… ਜਿਨ੍ਹਾਂ ਮਰਜ਼ੀ ਜ਼ੋਰ ਲਾ ਲਉ, ਇਸ ਪਰਦੇ ਦੇ ਪਿੱਛੇ ਕੀ ਹੋਇਆ ਕੋਈ ਵੀ ਤਸਦੀਕ ਸ਼ੁਦਾ ਨਹੀਂ ਦੱਸ ਸਕਿਆ।

ਇਸ ਪਰਦੇ ਨੇ ਬਹੁਤ ਨੁਕਸਾਨ ਕੀਤਾ ਹੈ। ਅਸੀਂ ਮੰਨਦੇ ਹਾਂ ਕਿ ਪ੍ਰੋ. ਧੂੰਦਾ ਸੱਚ ਦਾ ਪ੍ਰਚਾਰ ਕਰਦੇ ਨੇ, ਪਰ ਸੱਚ ਨੂੰ ਉਹਲੇ ਦੀ ਲੋੜ ਨਹੀਂ। ਪਰਦਾ ਹਮੇਸ਼ਾ ਦੁਬਿਧਾ ਖੜੀ ਕਰਦਾ ਹੈ। ਜੇ ਪ੍ਰੋ. ਧੂੰਦਾ ਨੇ ਸਪਸ਼ਟੀਕਰਨ ਦੇਣਾ ਹੀ ਸੀ, ਤਾਂ ਸੰਗਤਾਂ ਅਤੇ ਮੀਡੀਏ ਸਾਹਮਣੇ ਵੀ ਦਿੱਤਾ ਜਾ ਸਕਦਾ ਸੀ। ਹੁਣ ਅੰਦਰ ਕੀ ਹੋਇਆ ਜਾਂ ਤਾਂ ਅਖੌਤੀ ਜਥੇਦਾਰ ਹੀ ਦੱਸ ਸਕਦੇ ਹਨ, ਜਾਂ ਪ੍ਰੋ. ਧੂੰਦਾ ਅਤੇ ਉਨ੍ਹਾਂ ਨਾਲ ਗਏ ਵਿਅਕਤੀ ਹੀ ਦੱਸ ਸਕਦੇ ਹਨ। ਦੋਹਾਂ ‘ਚੋਂ ਕਿਸੇ ਨੇ ਵੀ ਅਸਲੀ ਤੱਥ ਛੁਪਾ ਕੇ ਪੋਚਾ ਪੋਚੀ ਵਾਲੀ ਗੱਲ ਹੀ ਕਰਨੀ ਹੈ। ਅਖੌਤੀ ਜਥੇਦਾਰਾਂ ਦਾ ਕੋਈ ਵਿਸ਼ਵਾਸ ਨਹੀਂ, ਭਾਂਵੇਂ ਉਹ ਤੱਤੀ ਤਵੀ ‘ਤੇ ਵੀ ਬੈਠ ਜਾਣ ਤਾਂ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਰਹਿ ਗਏ ਪ੍ਰੋ. ਧੂੰਦਾ ਅਤੇ ਉਨ੍ਹਾਂ ਨਾਲ ਗਏ ਵਿਅਕਤੀ:

• ਪਹਿਲਾਂ ਗਿਆਨੀ ਕੇਵਲ ਸਿੰਘ – ਜਿਸ ਨੇ ਆਪਣੀ ਨੂੰਹ ਮਾਰਕੇ ਗੁਰਦੁਆਰੇ ਦੇ ਸਰੋਵਾਰ ‘ਚ ਸੁੱਟੀ ਹੋਵੇ, ਜਿਸ ‘ਤੇ ਹੋਰ ਵੀ ਕਈ ਇਲਜ਼ਾਮ ਲਗੇ ਹੋਣ, ਉਸ ਬੰਦੇ (ਦਲਾਲ) ‘ਤੇ ਕਿਸ ਤਰ੍ਹਾਂ ਵਿਸ਼ਵਾਸ ਕੀਤਾ ਜਾ ਸਕਦਾ ਹੈ।
• ਦੂਜਾ ਇੰਦਰਜੀਤ ਸਿੰਘ ਰਾਣਾ, ਉਨ੍ਹਾਂ ਨੇ ਆਪਣੇ ਕਾਲੇਜ ਨੂੰ ਬਚਾਉਣ ਲਈ ਕੁੱਝ ਨਾ ਕੁੱਝ ਤਾਂ ਕਰਨਾ ਹੈ।
• ਤੀਜੇ ਪ੍ਰੋ. ਸੁਖਵਿੰਦਰ ਸਿੰਘ ਦਦੇਹਰ, ਜਿਨ੍ਹਾਂ ਨੇ ਆਪ ਇਹ ਲਿਖਿਆ ਹੋਵੇ “ਹੁਕਮਨਾਮੇ ਜਾਰੀ ਕਰਨ ਵਾਲੇ ਮੂਰਖ ਬੰਦਿਓ! ਤੇ ਬੰਦਿਆਂ ਦੇ ਹੁਕਮ ਲਾਗੂ ਕਰਵਾਉਣ ਵਾਲੇ ਸੇਵਾਦਾਰੋ ! ਜਰਾ ਧਿਆਨ ਦਿਓ, ਜੇਕਰ ਬੰਦੇ ਬੰਦਿਆਂ ਦੀਆਂ ਜੀਅ ਹਜ਼ੂਰੀਆਂ ਕਰਵਾਉਣ ਜਾਂ ਕਰਨ ਤਾਂ ਗੁਰਮਤਿ ਦਾ ਕੀ ਫੈਸਲਾ ਹੈ ਸੁਣੋ ਜੀ: ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥ ਚੂਹਾ ਖਡ ਨ ਮਾਵਈ ਤਿਕਲਿ ਬੰਨੈ ਛਜ ॥ ਦੇਨਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥ (1286)
ਤੇ ਆਪ ਹੁਣ ਉਨ੍ਹਾਂ ਹੀ ਜਥੇਦਾਰਾਂ ਸਾਹਮਣੇ ਪੇਸ਼ ਹੋਣ ਦੀਆਂ ਸਿਫਾਰਸ਼ਾਂ ‘ਚ ਸ਼ਮਿਲ ਹੈ, ਉਸ ਬੰਦੇ ‘ਤੇ ਕਿਸ ਤਰ੍ਹਾਂ ਵਿਸ਼ਵਾਸ ਕਰੀਏ।
• ਰਹਿ ਗਏ ਪ੍ਰੋ. ਧੂੰਦਾ ਜੀ, ਉਹ ਜਿਨ੍ਹਾਂ ਮਰਜ਼ੀ ਜੋਰ ਲਾ ਲੈਣ, ਸਾਡਾ ਉਨ੍ਹਾਂ ਦੀ ਕਹੀ ਗੱਲ ‘ਤੇ ਭਰੋਸਾ ਹੋਵੇ ਵੀ, ਪਰ ਉਹ ਸਾਬਿਤ ਕਿਸ ਤਰ੍ਹਾਂ ਕਰਨਗੇ, ਕਿ ਜੋ ਉਹ ਹੁਣ ਬੋਲ ਰਹੇ ਨੇ, ਉਹ ਵਾਕਿਆ ਹੀ ਸੱਚ ਹੈ। ਜਿਹੜੇ ਆਪਣੇ ਲੈਕਚਰਾਂ ‘ਚ ਇਨ੍ਹਾਂ ਹੀ ਜਥੇਦਾਰਾਂ ਨੂੰ ਭੰਡਦੇ ਸੀ, ਉਨ੍ਹਾਂ ਹੀ ਜਥੇਦਾਰਾਂ ਸਾਹਮਣੇ ਪੇਸ਼ ਹੋਏ। ਨਾ ਪ੍ਰੋ. ਧੂੰਦਾ ਕੋਲ਼ ਕੋਈ ਵੀਡੀਓ ਰਿਕਾਰਡਿੰਗ, ਨਾ ਆਡਿਓ ਰਿਕਾਰਡਿੰਗ (ਜੇ ਹੈ ਤਾਂ ਪੇਸ਼ ਕਰਨ, ਅਸੀਂ ਮੰਨ ਲਵਾਂਗੇ), ਕਿਸ ‘ਤੇ ਭਰੋਸਾ ਕਰੀਏ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰੋ. ਧੂੰਦਾ ਨੇ ਆਪਣੇ ਰਿਸ਼ਤੇਦਾਰ (ਸ਼ਾਇਦ ਰਿਸ਼ਤੇ ‘ਚ ਫੁੱਫੜ) ਗਿਆਨੀ ਜਗਤਾਰ ਸਿੰਘ ਜਾਚਕ ਜੀ ਦੀ ਗੱਲ ਵੀ ਨਹੀਂ ਮੰਨੀ, ਪਰ ਗਿਆਨੀ ਕੇਵਲ ਸਿੰਘ ਦੀ ਦਲਾਲੀ ਕਬੂਲ ਕਰ ਲਈ!!!

ਇਸੇ ਲਈ ਇਹ ਸਲਾਹ ਬਹੁਤੇ ਵੀਰ, ਪੰਥ ਦਰਦੀ ਦੇ ਰਹੇ ਸਨ ਕਿ, ਸਕੱਤਰੇਤ ‘ਚ ਨਾ ਜਾਇਓ, ਇਹ ਕੋਈ ਡਰਾਵਾ ਨਹੀਂ ਸੀ, ਕਿ ਅੰਦਰ ਕੋਈ ਭੂਤ ਹੈ, ਇਹ ਸਾਵਧਾਨ ਕਰਨ ਲਈ ਸੀ ਕਿ, ਜੋ ਕੰਮ ਛੁਪਾ ਕੇ ਕੀਤਾ ਗਇਆ ਹੋਵੇ, ਉਸ ਲਈ ਬਾਰ ਬਾਰ ਸਪਸ਼ਟੀਕਰਨ ਦੇਣਾ ਪਵੇਗਾ।

ਮਿਸਾਲ ਦੇ ਤੌਰ ‘ਤੇ ਪ੍ਰੋ. ਦਰਸ਼ਨ ਸਿੰਘ ਅਕਾਲ ਤਖ਼ਤ ‘ਤੇ ਪੇਸ਼ ਹੋਏ, ਉਥੇ ਬੈਠੇ, ਸਾਰੀ ਸੰਗਤ ਅਤੇ ਮੀਡੀਆ ਨਾਲ ਸੀ, ਸਭ ਨੂੰ ਪਤਾ ਹੈ ਉਥੇ ਕੀ ਹੋਇਆ, ਟੀ.ਵੀ. ‘ਤੇ ਆਇਆ, ਪੇਪਰਾਂ ‘ਚ ਆਇਆ, ਇੰਟਰਨੈਟ ‘ਤੇ ਹੈ, ਉਨ੍ਹਾਂ ਨੂੰ ਬਾਰ ਬਾਰ ਦੱਸਣ ਦੀ ਲੋੜ ਨਹੀਂ, ਕਿਉਂਕਿ ਕੋਈ ਉਹਲਾ ਨਹੀਂ ਸੀ। ਪਰ ਪ੍ਰੋ. ਸਰਬਜੀਤ ਸਿੰਘ ਧੂੰਦਾ ਕੋਲ਼ ਕੋਈ ਸਬੂਤ ਨਹੀਂ, ਅਤੇ ਭਾਂਵੇ ਉਹ ਜੋ ਕਹਿ ਰਹੇ ਨੇ ਉਹ ਸੌ ਫੀਸਦੀ ਸੱਚ ਹੋਵੇ, ਪਰ ਕੋਈ ਸਬੂਤ ਹੈ? ਨਹੀਂ!!!

ਇਹ ਕੋਈ ਸਪਸ਼ਟੀਕਰਨ ਨਹੀਂ, ਭੰਬਲਭੂਸਾ ਪਾਇਆ ਗਿਆ ਹੈ। ਜੋ ਲਹਿਰ ਪੁਜਾਰੀਵਾਦ ਦੇ ਵਿਰੁਧ ਖੜੀ ਹੋ ਗਈ ਸੀ, ਜਿਸ ਵਿੱਚ ਸ੍ਰ. ਭਾਗ ਸਿੰਘ ਅੰਬਾਲਾ, ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਇਨ੍ਹਾਂ ਪੁਜਾਰੀਆਂ ਦੀ ਨੀਂਦ ਹਰਾਮ ਕਰ ਦਿੱਤੀ ਸੀ, ਅਤੇ ਪੁਜਾਰੀਆਂ ਦੀ ਮਿੱਟੀ ਪਲੀਤ ਕਰ ਦਿੱਤੀ ਸੀ, ਪੁਜਾਰੀਆਂ ਨੂੰ ਮੋਇਆਂ ਸਮਾਨ ਕਰ ਦਿੱਤਾ ਸੀ, ਉਨ੍ਹਾਂ ਮਰੇ ਹੋਏ ਪੁਜਾਰੀਆਂ ‘ਚ ਪ੍ਰੋ. ਧੂੰਦਾ ਨੇ ਨਵੀਂ ਰੂਹ ਫੂਕ ਦਿੱਤੀ ਹੈ।

ਸਾਨੂੰ ਪ੍ਰੋ. ਸਰਬਜੀਤ ਸਿੰਘ ਧੂੰਦਾ ਨਾਲ ਕੋਈ ਨਿਜੀ ਕਿੜ੍ਹ ਨਹੀਂ, ਜਿਨ੍ਹਾਂ ਉਨ੍ਹਾਂ ਨੇ ਪਿਛਲੇ ਦੋ ਮਹੀਨਿਆਂ ‘ਚ ਕੈਨੇਡਾ ‘ਚ ਜਾਗਰੂਕਤਾ ਲਿਆਂਦੀ ਹੈ, ਉਹ ਕੋਈ ਛੋਟੀ ਗੱਲ ਨਹੀਂ। ਇਸ ‘ਚ ਕੋਈ ਦੋ ਰਾਏ ਨਹੀਂ ਕਿ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਤੋਂ ਇਲਾਵਾ ਜੇ ਕੋਈ ਸੰਗਤਾਂ ਨੂੰ ਤੱਤ ਗੁਰਮਤਿ ਵੱਲ ਖਿੱਚ ਸਕਿਆ ਹੈ, ਉਹ ਪ੍ਰੋ. ਸਰਬਜੀਤ ਸਿੰਘ ਧੂੰਦਾ ਹੀ ਹਨ, ਜਿਸ ਦਾ ਜ਼ਿਕਰ ਪ੍ਰੋ. ਦਰਸ਼ਨ ਸਿੰਘ ਹੋਰਾਂ ਨੇ ਆਪ ਵੀ ਕੀਤਾ ਹੈ, ਦੇਹਰਾਦੂਨ ਦੇ ਕੀਰਤਨ ਵਿੱਚ। ਅਸੀਂ ਤਾਂ ਇਹ ਚਾਹੁੰਦੇ ਸਾਂ ਕਿ ਜਿਸ ਦ੍ਰਿੜਤਾ ਨਾਲ ਉਹ ਪ੍ਰਚਾਰ ਕਰਦੇ ਹਨ, ਉਸੀ ਦ੍ਰਿੜਤਾ ਨਾਲ ਗੁਰਮਤਿ ਸਿਧਾਂਤ ‘ਤੇ ਪਹਿਰਾ ਵੀ ਦੇਣ। ਪਰ ਅਫਸੋਸ, ਕਥਨੀ ਕਰਨੀ ‘ਚ ਫਰਕ ਪੈ ਗਿਆ, Audio and Video does not match.

ਇੱਕ ਬੀਬੀ ਨਿੰਮੀ ਸਿੰਘ ਨੇ ਫੇਸਬੁਕ 'ਤੇ ਲਿਖਿਆ ਹੈ "Actions speak much louder than words. You can say sorry a thousand times, and say “I love you” as much as you want. But if you're not going to prove that the things you say are true, then it’s not worth saying anything at all. Because if you can't show it, your words don't mean a thing.."

ਇਥੇ ਸ੍ਰ. ਅਮਰਜੀਤ ਸਿੰਘ ਚੰਦੀ ਦੀ ਲਿਖੀ ਗੱਲ Quote ਕਰ ਰਹੇ ਹਾਂ ਜੋ ਉਨ੍ਹਾਂ ਨੇ ਆਪਣੇ ਲੇਖ ‘ਚ ਲਿਖੀ ਸੀ:

“… ਪਰਚਾਰ ਕੀਤਾ ਜਾ ਰਿਹਾ ਹੈ ਕਿ, ਅਕਾਲ ਤਖਤ ਤੇ ਕਾਬਜ਼, ਮੱਸੇ ਰੰਘੜਾਂ ਅੱਗੇ ਪੇਸ਼ ਹੋਣ ਨਾਲ, ਸਾਡੇ ਕੋਲ ਸਟੇਜਾਂ ਵੀ ਬਚੀਆਂ ਰਹਣਗੀਆਂ, ਪਰਚਾਰਕ ਪੈਦਾ ਕਰਨ ਵਾਲਾ ਕਾਲਜ ਵੀ ਬਚਿਆ ਰਹੇਗਾ। ਪਰ ਅਸਲੀਅਤ ਇਹੀ ਹੈ, ਕਿ ਸਾਰਾ ਕੁਝ ਤਾਂ ਬਚਿਆ ਹੀ ਰਹੇਗਾ, ਪਰ ਸਿੱਖੀ ਸਿਧਾਂਤ ਦੇ ਪਰਚਾਰ ਦਾ ਜਜ਼ਬਾ, ਨਹੀਂ ਬਚਿਆ ਰਹੇਗਾ, ਜੋ ਬੜੀ ਲੰਮੀ ਜਦੋ-ਜਹਦ ਮਗਰੋਂ ਪੈਦਾ ਹੋਇਆ ਹੈ, ਵਰਨਾ ਇਸ ਕਾਲਜ ਵਿਚੋਂ ਇਹ ਪਹਿਲਾ ਹੀ ਬੈਚ ਨਹੀਂ ਨਿਕਲਿਆ, ਇਸ ਤੋਂ ਪਹਿਲਾਂ ਵੀ ਪੱਚੀ-ਤੀਹ ਬੈਚ ਨਿਕਲੇ ਹਨ, ਉਨ੍ਹਾਂ ਵਿਚੋਂ ਕਿੰਨੇ ਕੁ ਇਸ ਜਜ਼ਬੇ ਵਾਲੇ ਪਰਚਾਰਕ ਪੈਦਾ ਹੋਏ ਸਨ? ਗੁਰਦਵਾਰਿਆਂ ਦੀਆਂ ਇਨ੍ਹਾਂ ਸਟੇਜਾਂ ਤੋਂ ਹੀ ਅੱਜ-ਤਕ ਸਿੱਖੀ ਵਿਰੋਧੀ ਪਰਚਾਰ ਹੁੰਦਾ ਰਿਹਾ ਹੈ।”

ਇਸ ਸਾਰੇ ਘਟਨਾਕ੍ਰਮ ਨੇ ਆਪਣੇ ਆਪ ਨੂੰ ਜਾਗਰੂਕ ਕਹਾਉਂਦੇ ਸਿੱਖਾਂ ਨੂੰ ਵੀ ਵੰਡ ਦਿੱਤਾ ਹੈ। ਪਹਿਲਾਂ ਤਾਂ ਮੁੱਖ ਤੌਰ ‘ਤੇ ਇੱਕ ਪਾਸੇ ਪਖੰਡੀ ਬਾਬੇ, ਟਕਸਾਲੀ, ਦਸਮ ਗ੍ਰੰਥੀ, ਹੋਰ ਕਰਮਕਾਂਡੀ ਸਨ ਅਤੇ ਦੂਜੇ ਪਾਸੇ ਜਾਗਰੂਕ ਕਹਾਉਣ ਵਾਲੇ, ਕਰਮਕਾਂਡਾਂ, ਅਖੌਤੀ ਬਾਬਿਆਂ ਦੇ ਵਿਰੋਧੀ, ਅਖੌਤੀ ਦਸਮ ਗ੍ਰੰਥ ਦੇ ਵਿਰੋਧੀ। ਪਰ ਹੁਣ ਜਾਗਰੂਕ ਕਹਾਉਣ ਵਾਲਿਆਂ ਦੀ ਵੀ ਵੰਡ ਹੋ ਗਈ ਹੈ। ਪਹਿਲਾਂ ਤਾਂ ਇਹ ਦੋਨੋਂ ਰੱਲ ਕੇ ਪਖੰਡਵਾਦ ਦੇ ਖਿਲਾਫ ਲੜਦੇ ਸੀ, ਹੁਣ ਪੰਖੰਡੀਆਂ ਨਾਲ ਤਾਂ ਲੜਨਗੇ ਹੀ, ਪਰ ਆਪਸ ਵਿੱਚ ਵੀ ਲੜਨਗੇ। ਫਾਇਦਾ ਕਿਸ ਨੂੰ ਹੋਇਆ? ਟਕਸਾਲੀਆਂ, ਦਸਮ ਗ੍ਰੰਥੀਆਂ ਨੂੰ ਜਾਂ ਜਾਗਰੂਕ ਕਹਾਉਣ ਵਾਲਿਆਂ ਨੂੰ। ਆਪਣੀ ਸਕਤੀ ਵਧਾਉਣ ਤੋਂ ਉਲਟ ਆਪਸ ਵਿੱਚ ਹੀ ਉਲਝ ਗਈ ਤਾਣੀ, ਇਹ ਖੱਟਿਆ ਹੈ, ਪ੍ਰੋ. ਧੂੰਦਾ ਨੇ?

ਖਾਲਸਾ ਨਿਊਜ਼ ‘ਚ ਅਸੀਂ ਦੋ ਮਹੀਨੇ ਪਹਿਲਾਂ ਲਿਖਿਆ ਸੀ ਕਿ ਪ੍ਰੋ. ਧੂੰਦਾ ਦੇ ਪੁਜਾਰੀਆਂ ਸਾਹਮਣੇ ਪੇਸ਼ ਹੋਣ ਨਾਲ ਅਖੌਤੀ ਮੱਕੜ ਅਤੇ ਜਥੇਦਾਰਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨੇ ਹੈ, ਇਕ ਤਾਂ ਅਖੌਤੀ ਜਥੇਦਾਰਾਂ ਦੀ ਡਿਗਦੀ ਹੋਈ ਸਾਖ ਬਚਾਉਣੀ, ਸਕੱਤਰੇਤ ਨੂੰ ਮਾਨਤਾ ਦਵਾਉਣੀ, ਦਸਮ ਗ੍ਰੰਥ ਵਿਰੋਧੀ ਅਤੇ ਡੇਰਾਵਾਦ ਵਿਰੁੱਧ ਜਾਗਰੂਕਤਾ ਲਹਿਰ ਨੂੰ ਢਾਹ ਲਾਉਣੀ, ਜੋ ਕਿ ਪ੍ਰੋ. ਦਰਸ਼ਨ ਸਿੰਘ ਦੇ ਘਟਨਾਕ੍ਰਮ ਨਾਲ ਬਹੁਤ ਵੱਧ ਚੁਕੀ ਸੀ, ਅਤੇ ਜਾਗਰੂਕ ਕਹਾਉਣ ਵਾਲਿਆਂ ‘ਚ ਫੁੱਟ ਪਵਾਉਣੀ। ਇਨ੍ਹਾਂ ਸਾਰਿਆਂ ਕੰਮਾ ‘ਚ ਉਹ ਸਫਲ ਹੋਏ, ਪ੍ਰੋ. ਧੂੰਦਾ ਉਸ ਕੁਹਾੜੀ ਦਾ ਦਸਤਾ ਬਣੇ ਹਨ।

ਅੱਜ ਸ਼ੇਰੇ ਪੰਜਾਬ ਰੇਡਿਓ ‘ਚ ਪੁਛੇ ਗਏ ਸਵਾਲ ਜਿਸ ਵਿੱਚ ਪੁਛਿਆ ਗਿਆ ਸੀ ਕਿ ਤੁਸੀਂ ਦਸਮ ਗ੍ਰੰਥ, ਡੇਰਾਵਾਦ, ਸਾਧਾਂ ਦੇ ਖਿਲਾਫ ਹੁਣ ਵੀ ਉਦਾਂ ਹੀ ਬੋਲੋਗੇ, ਜਿਸਦੇ ਜਵਾਬ ‘ਚ ਪ੍ਰੋ. ਧੂੰਦਾ ਨੇ ਕਿਹਾ ਕਿ ਉਹ ਡੇਰਾਵਾਦ, ਸਾਧਾਂ ਦੇ ਖਿਲਾਫ ਉਸ ਤਰ੍ਹਾਂ ਹੀ ਬੋਲਦੇ ਰਹਿਣਗੇ ਜਿਸ ਤਰ੍ਹਾਂ ਪਹਿਲਾਂ ਬੋਲਦੇ ਰਹੇ ਨੇ… ਪੂਰੀ ਵਾਰਤਾ ਪਾਠਕ ਆਪ ਸੁਣ ਸਕਦੇ ਨੇ…

ਇਸ ਉਤਰ ਵਿੱਚ ਪ੍ਰੋ. ਧੂੰਦਾ ਦਸਮ ਗ੍ਰੰਥ ਨੂੰ ਬਿਲਕੁਲ ਛੱਡ ਗਏ, ਜਿਸ ਵਾਰਤਾ ਕਰਕੇ ਇਹ ਸਾਰਾ ਕੁੱਝ ਹੋਇਆ, ਜਿਸ ਵਿੱਚ ਦਸਮ ਗ੍ਰੰਥ ਦਾ ਜ਼ਿਕਰ ਸੀ, ਉਹੀ ਛੱਡ ਗਏ!!! ਕੈਨੇਡਾ ਦੇ ਪੂਰੇ ਦੋ ਮਹੀਨਿਆਂ ਦੌਰਾਨ ਇਕ ਵੀ ਦੀਵਾਨ ‘ਚ ਅਖੌਤੀ ਦਸਮ ਗ੍ਰੰਥ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਿਆ ਗਿਆ… ਕਿਓਂ??? ਦੇਖੋ ਹੁਣ ਕੀ ਕੀ ਛਡਦੇ ਨੇ।

Prof Dhoonda's Interview on Shere Punjab Radio

ਇਹ ਭੁਲੇਖਾ ਵੀ ਕੱਢ ਦਿੱਤਾ ਜਾਵੇ ਕਿ ਇੱਕ ਧੂੰਦਾ ਦੇ ਜਾਣ ਨਾਲ ਸਿੱਖੀ ਨੂੰ ਕੋਈ ਫਰਕ ਪਵੇਗਾ, ਹਾਂ ਥੋੜਾ ਝਟਕਾ ਤਾਂ ਜ਼ਰੂਰ ਲਗਦਾ ਹੈ, ਪਰ ਸਬਕ ਮਿਲਦਾ ਹੈ ਕਿ ਸਿੱਖ ਨੂੰ ਸ਼ਰੀਰਾਂ ਨਾਲ ਨਹੀਂ ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਨਾਲ ਨਾਤਾ ਮਜ਼ਬੂਤ ਰੱਖਣਾ ਚਾਹੀਦਾ ਹੈ, ਸ਼ਰੀਰ ਤਾਂ ਕਦੇ ਵੀ ਧੋਖਾ ਦੇ ਸਕਦੇ ਨੇ।

ਗੁਰੂ ਭਲੀ ਕਰੇ

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top