Share on Facebook

Main News Page

ਜ਼ਿੰਦਗੀ ਕਰਵਟ ਬਦਲ ਕਰ ਰਹਿ ਗਈ ...

ਪੰਜਾਬੀ ਸੱਭਿਆਚਾਰ ਵਿੱਚ ਚੰਦਰਾ ਗੁਆਂਢ ਨਾ ਹੋਵੇ ਲਾਈਲੱਗ ਨਾ ਹੋਵੇ ਘਰ ਵਾਲਾ ਦੀ ਦੁਆ ਮੰਗੀ ਜਾਂਦੀ ਹੈ ਉਥੇ ਜੋ ਸਿੱਖ ਸੱਭਿਆਚਾਰ ਵਿੱਚ ਇੱਕ ਹੋਰ ਕਹਾਵਤ ਜੋੜ ਲੈਣੀ ਚਾਹੀਦੀ ਹੈ ਉਹ ਇਹ ਹੈ ਕਿ ਵਿਦਵਾਨ ਹੰਕਾਰੀ ਨਾ ਹੋਵੇ ਤੇ ਪਾਠਕ ਲਾਈਲੱਗ ਨਾ ਹੋਵੇ । ਆਮ ਤੌਰ ਤੇ ਸਿੱਖੀ ਸਿਧਾਂਤਾਂ ਵਿੱਚ ਨਿਘਾਰ ਅਉਣ ਦਾ ਭਾਂਡਾ ਅਨਪੜ੍ਹ ਲੋਕਾਂ ਸਿਰ ਭੰਨਿਆਂ ਜਾਂਦਾ ਹੈ ਪਰ ਸੱਚਾਈ ਇਹ ਹੈ ਕਿ ਹੰਕਾਰੀ ਪੜ੍ਹੇ ਲਿਖੇ ਵੀ ਇਸ ਵਿੱਚ ਬਰਾਬਰ ਦੇ ਭਾਈਵਾਲ ਹਨ । ਇੱਕ ਲਤੀਫਾ ਮਸ਼ਹੂਰ ਹੈ ਅਜਿਹਾ ਇੱਕ ਵਿਦਵਾਨ ਫੜ੍ਹ ਮਾਰਦਾ ਆਪਣੇ ਸਾਥੀਆਂ ਨੂੰ ਦੱਸ ਰਿਹਾ ਸੀ ਕਿ ਮੇਰੇ ਘਰ ਵਿੱਚ ਛੋਟੇ ਛੋਟੇ ਫੈਸਲੇ ਮੇਰੀ ਘਰ ਵਾਲੀ ਕਰਦੀ ਹੈ ਤੇ ਸਾਰੇ ਵੱਡੇ ਵੱਡੇ ਫੈਸਲੇ ਮੇਰੇ ਹੱਥ ਹੁੰਦੇ ਨੇ ਉਦਾਹਰਣ ਦੇ ਤੌਰ ਤੇ ਮੈਨੂੰ ਖਰਚਣ ਵਾਸਤੇ ਕਿੰਨੇ ਪੈਸੇ ਮਿਲਣੇ ਨੇ , ਘਰ ਕਿਹੜਾ ਟੀ ਵੀ ਲੈਣਾ ਹੈ ਅਜਿਹੇ ਫੈਸਲੇ ਘਰਵਾਲੀ ਕਰਦੀ ਹੈ ਤੇ ਅਮਰੀਕਾ ਨੂੰ ਅਫਗਾਨਿਸਤਾਨ ਤੇ ਹਮਲਾ ਕਰਨਾ ਚਾਹੀਦਾ ਹੈ ਕਿ ਨਹੀਂ , ਭਾਰਤ ਨੂੰ ਪ੍ਰਮਾਣੂ ਸਮਝੌਤਾ ਕਰਨ ਚਾਹੀਦਾ ਹੈ ਕਿ ਨਹੀਂ ਇਹੋ ਜਿਹੇ ਵੱਡੇ ਫੈਸਲੇ ਮੈਂ ਕਰਦਾ ਹਾਂ।

ਕਿਸੇ ਵਿਦਵਾਨ ਦੀ ਬੜੀ ਮਹੱਤਵਪੂਰਨ ਗੱਲ ਹੈ ਕਿ ਜਿਵੇਂ ਥੋੜਾ ਜਿਹਾ ਪਾਣੀ ਕਿਸੇ ਥਾਂ ਜੇ ਚਿੱਕੜ ਪੈਦਾ ਕਰਦਾ ਹੈ ਤਾਂ ਉਸ ਨੂੰ ਜਿਆਦਾ ਪਾਣੀ ਨਾਲ਼ ਧੋ ਕੇ ਸਾਫ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਥੋੜੀ ਗਿਆਨ ਮਨ ਵਿੱਚ ਹੰਕਾਰ ਚਿੱਕੜ ਪੈਦਾ ਕਰਦਾ ਹੈ ਕਰ ਸੰਪੂਰਨ ਤੇ ਸਹੀਂ ਗਿਆਨ ਮਨ ਦੀ ਗੰਦਗੀ ਨੂੰ ਦੂਰ ਕਰ ਸਕਦਾ ਹੈ ਪਰ ਜੇ ਸੰਪੂਰਨ ਸਹੀ ਗਿਆਵਾਨ ਵੀ ਹੰਕਾਰੀ ਹੋ ਜਾਵੇ ਫਿਰ ? ਸੋਕੇ ਦੀ ਮਾਰੀ ਨੂੰ ਪਾਣੀ ਨਾਲ ਬਚਾਇਆ ਜਾ ਸਕਦਾ ਹੈ ਤੇ ਜੇ ਪਾਣੀ ਹੀ ਹੂੰਝਾ ਫੇਰ ਜਾਏ ਫਿਰ ? ਸੌ ਸਿਆਣਿਆਂ ਇੱਕੋ ਮੱਤ ਦੀ ਕਹਾਵਤ ਹੁਣ ਝੂਠੀ ਪੈਦੀ ਜਾ ਰਹੀ ਹੈ ਇੱਕ ਸਿਆਣਾ ਵੀ ਇੱਕ ਪੱਖ ਉੱਤੇ ਸੌ ਥਾਈ ਵੱਖ ਵੱਖ ਵਿਚਾਰ ਲਿਖ ਰਿਹਾ ਹੈ । ਸਮਰੱਥ ਗੁਰੂ ਦੇ ਇਹ ਕਹਿਣ ਦੇ ਬਾਵਜੂਦ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਇ ਇਹ ਸੌ ਸਿਆਣੇ ਤਾਂ ਮੈਂ ਹੀ ਚੰਗਾ ਤੂੰ ਬੁਰਾ ਦੀ ਨਿੱਜੀ ਕਾਢ ਤੇ ਸਿਧਾਂਤਕ ਪਹਿਰਾ ਦੇਣ ਦਾ ਦਾਅਵਾ ਕਰੀ ਜਾ ਰਹੇ ਨੇ।

ਸੌ ਸਿਆਣਿਆਂ ਚੋਂ ਹਰ ਸਿਆਣੇ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਕੁਝ ਅਜਿਹਾ ਅਲੌਕਿਕ ਲਿਖੇ ਜੋ ਨੜਿੰਨਵੇਂ ਸਿਆਣਿਆਂ ਨੇ ਨਾ ਲਿਖਿਆ ਹੋਵੇ ਜਿਸ ਕਰਕੇ ਉਸ ਦੀ ਲਿਖਤ ਵੱਧ ਤੋਂ ਵੱਧ ਚਰਚਾ ਵਿੱਚ ਆਵੇ ਭਾਵੇਂ ਇਸ ਲਈ ਉਸ ਨੂੰ ਇਤਿਹਾਸ ਦੀਆਂ ਕੀਮਤੀ ਘਟਨਾਵਾਂ ਜਾਂ ਤਰੀਕਾਂ ਨਾਲ਼ ਛੇੜਖਾਂਨੀ ਹੀ ਕਿਉ ਨਾ ਕਰਨੀ ਪਵੇ । ਸੌ ਸਫੇ ਦੀ ਕਿਤਾਬ ਵਿੱਚ ਲਿਖਿਆ ਇੱਕ ਪਹਿਰਾ ਕਈ ਵਾਰ ਕੌਮ ਦਾ ਅਜਿਹਾ ਨੁਕਸਾਨ ਕਰ ਜਾਂਦਾ ਹੈ ਜਿੰਨ੍ਹਾਂ ਇੱਕ ਅਨਪੜ੍ਹ ਨੇ ਸੌ ਸਾਲ ਵਿੱਚ ਨਹੀਂ ਕੀਤਾ ਹੁੰਦਾ ਤੇ ਲਾਈ ਲੱਗ ਪਾਠਕ ਸਾਰੀ ਕਿਤਾਬ ਦੇ ਵਹਿਣ ਵਿੱਚ ਰੁੜਿਆ ਉਸ ਪਹਿਰੇ ਤੇ ਵੀ ਠੀਕਾ ਮਾਰਕੇ ਆਪਣੇ ਸਕੇ ਭੈਣ ਭਰਾਵਾਂ ਨੂੰ ਫਾਹੇ ਟੰਗਣ ਤੱਕ ਜਾਂਦਾ ਹੈ ਜੋ ਉਹਨਾਂ ਅੱਖਰਾਂ ਨਾਲ਼ ਸਹਿਮਤ ਨਹੀਂ ਹੁੰਦੇ । ਕਿਤਾਬਾਂ ਜਾਂ ਲੇਖਾਂ ਵਿੱਚ ਵਿਸ਼ਵਵਿਦਿਆਲਾ ਪੱਧਰ ਦੇ ਸ਼ਬਦ ਵਰਤਣ ਵਾਲੇ ਮਹਾਅਧਿਆਪਕ ਦੀ ਅਗੰਮੀ-ਕਲਮ ਵਿੱਚੋਂ ਕਿਸੇ ਸਵਾਲ ਦਾ ਜਬਾਬ ਦੇਣ ਵੇਲੇ ਗੰਧਰਵ-ਗਾਹਲਾਂ ਦੀ ਵਰਖਾ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਪਗੜੀਧਾਂਰੀ ਸਰਦਾਰ ਲੁਧਿਆਣੇ ਦੇ ਚੌੜੇ ਬਜ਼ਾਰ ਵਿੱਚ ਆਪਣੇ ਮੁੰਡੇ ਨਾਲ ਹਿੰਦੀ ਵਿੱਚ ਗੱਲਾਂ ਕਰਦਾ , ਰਿਕਸ਼ੇ ਵਾਲੇ ਦੇ ਅਠਿਆਨੀ ਵੱਧ ਮੰਗਣ ਤੇ ਠੇਠ ਪੰਜਾਬੀ ਤੇ ਉੱਤਰ ਅਉਂਦਾ ਹੈ।

ਸਿੱਖ ਕੌਮ ਦਾ ਇੱਕ ਹੋਰ ਦੁਖਾਂਤ ਇਹ ਹੈ ਕਿ ਕੁਝ ਲੋਕ ਅੰਧ ਵਿਸ਼ਵਾਸ਼ ਦੇ ਘੁੱਪ ਹਨੇਰੇ ਵਿੱਚੋਂ ਨਿੱਕਲ਼ਣਾ ਹੀ ਨਹੀਂ ਚਹੁੰਦੇ ਤੇ ਕੁਝ ਲੋਕ ਜੋ ਆਪਣਾ ਆਪ ਨੂੰ ਜਾਗਿਆ ਹੋਇਆ ਕਹਿਣ ਦਾ ਮਾਣ ਹਾਸਲ ਕਰਨਾ ਚਹੁੰਦੇ ਨੇ ਉਹ ਵੱਖਰੇ ਕਾਰਨਾਵੇਂ ਕਰ ਕਰ ਦੂਜਿਆਂ ਦੀਆਂ ਅੱਖਾਂ ਚੁੰਧਿਆਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਤਾਂ ਜੋ ਸਭ ਕੁਝ ਦਿਸਣਾ ਹੀ ਬੰਦ ਹੋ ਜਾਵੇ ਭਾਵ ਕਿ ਜਾਂ ਤਾਂ ਸਾਰੀਆਂ ਝੂਠੀਆਂ ਸੱਚੀਆਂ ਮਾਨਤਾਵਾਂ ਨਾਲ਼ ਜੁੜੇ ਰਹਿਣ ਦੀ ਕੋਸ਼ਿਸ਼ ਤੇ ਜਾਂ ਸਿੱਖੀ ਦੀਆਂ ਮਾਣਮੱਤੀਆਂ ਪ੍ਰੰਪਰਾਵਾਂ ਨੂੰ ਜੜੋਂ ਉਖੇੜਣ ਦੀ ਚਾਲ । ਜਾਂ ਤਾਂ ਭੇਖੀ ਸਾਧਾਂ ਦੀਆਂ ਜੁੱਤੀਆਂ ਨੂੰ ਮੱਥੇ ਟੇਕਣੇ ਤੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਣਾ ਵੀ ਮਨਮਤ , ਇਸ ਰਾਹੇ ਤੁਰ ਪਿਆ ਹੈ ਸਿੱਖ ਪੰਥ ਅੱਜ । ਇੱਥੇ ਜਾਂ ਤਾਂ ਭੋਰਿਆਂ ਵਿੱਚ ਵੜ ਕੇ ਤਿਲ ਤਿਲ ਮਰਨਾ ਸਿਖਾਇਆ ਜਾ ਰਿਹਾ ਹੈ ਤੇ ਜਾਂ ਫਿਰ ਚੌਬਾਰੇ ਚੜ੍ਹਾ ਧੱਕਾ ਦੇ ਖੁਦਕੁਸ਼ੀ ਦੀ ਤਤਕਾਲੀ ਸਹੂਲਤ ਹੈ। ਕੋਈ ਧਰਤੀ ਨਾਲ਼ ਜੁੜ ਕੇ ਜਿਉਣਾ ਕਿਉਂ ਨਹੀਂ ਚਹੁੰਦਾ ? ਸ਼ਾਇਦ ਇਸ ਲਈ ਕਿ ਧਰਤੀ ਨਾਲ਼ ਜੁੜ ਕੇ ਆਪਣੀ ਔਕਾਤ ਸਾਹਮਣੇ ਆ ਜਾਵੇਗੀ ਤੇ ਇਹ ਅਸੀਂ ਚਹੁੰਦੇ ਨਹੀਂ । ਡਰਾਇੰਗ ਰੂਮ ਵਿੱਚ ਕਾਜੂ ਬਦਾਮ ਖਾ ਕੇ ਫੇਸਬੁੱਕ ਤੇ ਫੋਟੋ ਪਉਣ ਵਾਲਿਆਂ ਨੂੰ ਫਾਹਾ ਲੈ ਕੇ ਮਰੇ ਕਿਸਾਨ ਦੇ ਭੁੱਖ ਨਾਲ਼ ਵਿਲਕਦੇ ਜੁਆਕ ਦੀ ਹਾਲਤ ਕਿਵੇਂ ਮਹਿਸੂਸ ਹੋ ਸਕਦੀ ਹੈ ਤੇ ਧੀਆਂ ਨੂੰ ਵਿਆਹਾਂ ਤੇ ਵੀਹ ਲੱਖ ਦੀ ਕਾਰ ਦੇਣ ਵਾਲੇ ਕੀ ਜਾਨਣ ਦਾਜ ਵਿੱਚ ਮੋਟਰ ਸਾਈਕਲ ਨਾ ਲਿਉਣ ਬਦਲੇ ਜਿਉਂਦੀ ਸੜ ਰਹੀ ਧੀ ਦੀ ਚੀਕ ਵਿਚਲਾ ਦਰਦ । ਇਹਨਾਂ ਨੇ ਤਾਂ ਕੰਨਾਂ ਵਿੱਚ ਮਸ਼ਹੂਰੀ ਦੇ ਬੁੱਜੇ ਦਿੱਤੇ ਹਨ ਜੋ ਕਿਸੇ ਦਾ ਦੁੱਖ ਸੁਣਾਈ ਹੀ ਨਾ ਦੇ ਸਕੇ। ਇਹ ਤਾਂ ਪੰਥ ਦੇ ਵੱਡੇ ਵੱਡੇ ਫੈਸਲੇ ਆਪਣੇ ਨਾਂ ਥੱਲੇ ਛਪਦੇ ਦੇਖਣਾ ਚਹੁੰਦੇ ਨੇ ਉਦਾਹਰਨ ਦੇ ਤੌਰ ਤੇ ਕਿਸੇ ਘਟਨਾ ਦੇ ਘਟਣ ਤੋਂ ਮਹੀਨਾ ਪਹਿਲਾਂ ਹੀ ਇਹਨਾਂ ਨੇ ਹਜ਼ਰਤਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ , ਅੰਤਰ-ਬਾਹਰਜਾਮੀ ਭੋਰਿਆਂ ਚ ਹੋਈਆਂ ਖਿਆਲੀ ਇੰਟਰਵਿਉ ਛਾਪ ਛਾਪ ਅਖਬਾਰ ਵਿੱਚ ਫੋਟੋ ਛਪਵਾਉਣ ਲਈ ਚੁੰਝਾ ਸਵਾਰਨੀਆਂ ਸ਼ੁਰੂ ਕਰ ਦਿੰਦੇ ਨੇ । ਪਰ ਅਫਸੋਸ ਸਾਰੀ ਜਦੋਂ ਸਕੀਮ ਧਰੀ ਧਰਾਈ ਰਹਿ ਜਾਂਦੀ ਹੈ ਤਾਂ ਕੁਸਕਦੇ ਵੀ ਨਹੀਂ । ਮੇਰੀ ਬੇਨਤੀ ਹੈ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਹੋਰ ਬਹੁਤ ਸਾਰੇ ਨਿਧੜਕ ਪਰਚਾਰਕ ਉੱਠਣਗੇ ਉਹਨਾਂ ਵਿੱਚੋਂ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਸੱਧਰਾਂ ਪੂਰੀਆਂ ਕਰ ਲੈਣੀਆਂ।

ਮੁਆਫੀ ਸਹਿਤ ........ਜਸਵਿੰਦਰ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top