Share on Facebook

Main News Page

ਪ੍ਰੋ. ਧੂੰਦਾ ਪੁਜਾਰੀਆਂ ਅੱਗੇ ਹੋਏ ਪੇਸ਼
21ਵੀਂ ਸਦੀ ਦੀ ਜਾਗਰੂਕ ਕਹਾਉਂਦੀ ਮਿਸ਼ਨਰੀ ਲਹਿਰ ਨੇ ਲਾਇਆ ਜਾਗਰੂਕਤਾ ਨੂੰ ਝਟਕਾ: ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ : ਬੀਤੇ ਲੰਮੇ ਸਮੇਂ ਤੋਂ ਕਥਾ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋ. ਸਰਬਜੀਤ ਸਿੰਘ ਧੂੰਦਾ ਵੱਲੋਂ ਸ੍ਰੀ ਦਰਬਾਰ ਸਾਹਿਬ ਸਬੰਧੀ ਕੀਤੀ ਗਈ ਵਿਵਾਦਤ ਟਿੱਪਣੀ ਦੇ ਮੁੱਦੇ ਤੇ ਅੱਜ ਪ੍ਰੋ. ਧੂੰਦਾ ਸਕੱਤਰੇਤ ਵਿਖੇ ਪੰਜ ਅਖੌਤੀ ਜਥੇਦਾਰਾਂ ਅੱਗੇ ਹੋ ਕੇ ਆਪਣਾ ਸਪੱਸ਼ਟੀਕਰਨ ਦੇ ਗਏ । ਇਸ ਮੌਕੇ ਉਹਨਾਂ ਨਾਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਸਮੁੱਚੀ ਪ੍ਰਬੰਧਕ ਕਮੇਟੀ, ਪੁਰਾਤਨ ਅਤੇ ਕੁੱਝ ਮੌਜੂਦਾ ਵਿਦਿਆਰਥੀ, ਚੱਲ ਰਹੇ ਗੁਰਮਤਿ ਪ੍ਰਚਾਰ ਕੇਂਦਰਾਂ ਦੇ ਮੁੱਖੀ ਹਾਜ਼ਰ ਹੋਏ । ਜਥੇਦਾਰਾਂ ਦੇ ਕਮਰੇ ਵਿੱਚ ਪ੍ਰੋ. ਧੂੰਦਾ ਸਮੇਤ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸੁਖਵਿੰਦਰ ਸਿੰਘ ਦਦੇਹਰ ਅਤੇ ਰਾਣਾ ਆਦਿਕ ਹੀ ਗਏ।

2 ਤੋਂ 3 ਘੰਟੇ ਤੱਕ ਹੋਈ ਲੰਬੀ ਬੈਠਕ ਤੋਂ ਬਾਅਦ ਬਾਹਰ ਆ ਕੇ ਮੀਡੀਏ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਬਜਾਇ ਪ੍ਰੋ. ਧੂੰਦਾ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੇਵਲ ਇਤਨਾ ਹੀ ਕਿਹਾ ਗਿਆ ਕਿ, ‘ਮੈਂ ਸੱਪਸ਼ਟੀਕਰਨ ਦੇਣ ਆਇਆ ਸੀ, ਸੋ ਸਿੰਘ ਸਾਹਿਬਾਨਾਂ ਨੂੰ ਦੇ ਦਿੱਤਾ ਗਿਆ ਹੈ, ਜੋ ਵੀ ਫੈਸਲਾ ਕਰਨਗੇ ਉਹ ਸਿੰਘ ਸਾਹਿਬ ਹੀ ਕਰਨਗੇ, ਤੇ ਮੈਨੂੰ ਇਸ ਫੈਸਲੇ ਤੇ ਤਸੱਲੀ ਹੋਵੇਗੀ।” ਜਿਕਰਯੋਗ ਹੈ ਕਿ ਜਦ 5 ਦਸੰਬਰ 2009 ਨੂੰ ਪ੍ਰੋ. ਦਰਸ਼ਨ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸੱਦਿਆ ਗਿਆ ਸੀ ਤਾਂ ਉਹ ਮਿੱਥੇ ਸਮੇਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਗਏ ਸਨ ਅਤੇ ਪੁਜਾਰੀਆਂ ਦੇ ਬੰਦ ਕਮਰੇ ਵਿੱਚ ਜਾਣਾ ਕਬੂਲ ਨਹੀਂ ਕੀਤਾ ਸੀ, ਅਤੇ ਆਪਣਾ ਸਪੱਸ਼ਟੀਕਰਨ ਉੱਥੇ ਹਾਜ਼ਰ ਸੰਗਤ (ਗੁਰੂ ਪੰਥ) ਅਤੇ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ ਗਿਆ ਸੀ ਤਾਂ ਉਸ ਸਮੇਂ ਪ੍ਰੋ. ਸਰਬਜੀਤ ਸਿੰਘ ਧੂੰਦਾ ਵੀ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਦੇ ਸਮਰਥਨ ਵਜੋ ਪ੍ਰੋ. ਸਾਹਿਬ ਦੇ ਨਾਲ ਹੀ ਜੁੜ ਕੇ ਬੈਠੇ ਸਨ। ਪ੍ਰੋ. ਧੂੰਦਾ ਅਤੇ ਕਾਲਜ ਦਾ ਦਾਅਵਾ ਹੈ, ਕਿ ਉਹ ਪੂਰੀ ਤਰ੍ਹਾਂ ਗੁਰਬਾਣੀ ਨੂੰ ਸਪਰਪਤ ਹਨ, ਪਰ ਅਫਸੋਸ ਕਿ ਅੱਜ ਧਰਮ ਦੇ ਪੁਜਾਰੀਆਂ ਵੱਲੋਂ ਦਿੱਤੇ ਗਏ ਨਾਦਰਸ਼ਾਹੀ ਫੁਰਮਾਣ ਨੂੰ ਮੰਨਦਿਆਂ, ਪ੍ਰੋ. ਧੂੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਸੱਦੇ ਹੋਣ ਦੇ ਬਾਵਜੂਦ ਪੁਜਾਰੀਆਂ ਦੇ ਨਿੱਜੀ ਕਮਰੇ ਵਿੱਚ ਜਾ ਵੜੇ ਅਤੇ ਮਾਫੀ ਮੰਗ ਆਏ।

ਇਸ ਬਾਰੇ ਟਿੱਪਣੀ ਕਰਦਿਆਂ ਉੱਥੇ ਹਾਜ਼ਰ ਮਿਸ਼ਨਰੀ ਲਹਿਰ ਨਾਲ ਜੁੜੇ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਕਿ 21ਵੀਂ ਸਦੀ ਦੀ ਜਾਗਰੂਕ ਕਹਾਉਂਦੀ ਮਿਸ਼ਨਰੀ ਲਹਿਰ ਨੂੰ ਅੱਜ ਜਾਗਰੂਕ ਪ੍ਰਚਾਰਕਾਂ ਵੱਲੋਂ ਵੱਡਾ ਧੱਕਾ ਲੱਗਾ ਹੈ, ਜਦ ਸਿਧਾਂਤ ਦੀ ਗੱਲ ਕਰਨ ਵਾਲੇ, ਦੇਹਧਾਰੀਆਂ ਨਾਲੋਂ ਲੋਕਾਂ ਨੂੰ ਟੁੱਟਣ ਦਾ ਸੱਦਾ ਦੇਣ ਵਾਲੇ ਆਪ ਹੀ ਦੇਹਧਾਰੀਆਂ ਦੇ ਬੰਦ ਕਮਰੇ ਵਿੱਚ ਜਾ ਵੜੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਦਿਖਾ ਕੇ ਸਕੱਤਰੇਤ ਵਿੱਚ ਜਾ ਵੜੇ । ਜਿਸ ਪੁਜਾਰੀ ਸ਼੍ਰੇਣੀ ਦੇ ਵਿੱਰੁੱਧ ਬਾਬੇ ਨਾਨਕ ਦੇ ਆਵਾਜ਼ ਉਠਾਈ ਸੀ ਉਸੇ ਪੁਜਾਰੀ ਸ਼੍ਰੇਣੀ ਨੂੰ ਅੱਜ ਬਾਬੇ ਨਾਨਕ ਦੇ ਸਿਖਾਂ ਨੇ ਮਾਨਤਾ ਦੇ ਦਿੱਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top